ਮਹਾਰਾਸ਼ਟਰ ਦੇ ਗ਼ਰੀਬ ਕਿਸਾਨਾਂ ਨੇ ਅੰਦੋਲਨ ਵਿਚ ਜਿੱਤ ਪ੍ਰਾਪਤ ਕਰਨ ਦਾ ਸਹੀ ਢੰਗ ਦਸਿਆ
Published : Mar 14, 2018, 1:29 am IST
Updated : Mar 20, 2018, 12:49 pm IST
SHARE ARTICLE
Maharashtra Farmers Protest
Maharashtra Farmers Protest

ਮਹਾਰਾਸ਼ਟਰ ਦੇ ਗ਼ਰੀਬ ਕਿਸਾਨਾਂ ਨੇ ਅੰਦੋਲਨ ਵਿਚ ਜਿੱਤ ਪ੍ਰਾਪਤ ਕਰਨ ਦਾ ਸਹੀ ਢੰਗ ਦਸਿਆ ਜੋ ਸਾਰੇ ਭਾਰਤ ਨੂੰ ਅਪਣਾਅ ਲੈਣਾ ਚਾਹੀਦਾ ਹੈ

ਮਹਾਰਾਸ਼ਟਰ ਸਰਕਾਰ ਨੇ ਅਪਣੇ ਆਪ ਬਾਰੇ ਕਿਸਾਨਪੱਖੀ ਸਰਕਾਰ ਹੋਣ ਦਾ ਦਾਅਵਾ ਕੀਤਾ ਹੈ ਅਤੇ ਅਪਣੇ ਬਜਟ ਨੂੰ ਕਿਸਾਨ ਬਜਟ ਆਖਿਆ ਹੈ ਪਰ ਜਦੋਂ ਤਕ ਇਹ ਕਿਸਾਨ ਸੜਕਾਂ ਤੇ ਨਾ ਉਤਰਿਆ, ਅਪਣੇ ਵਾਅਦੇ ਪੂਰੇ ਕਰਨ ਵਲ ਸੂਬਾ ਸਰਕਾਰ ਨੇ ਕੋਈ ਕਦਮ ਨਾ ਚੁਕਿਆ। ਮਹਾਰਾਸ਼ਟਰ ਸਰਕਾਰ ਨੇ ਸਗੋਂ ਅਰਬ ਸਾਗਰ 'ਚ ਮਰਾਠਾ ਰਾਜੇ ਸ਼ਿਵਾਜੀ ਦਾ ਬੁੱਤ ਬਣਾਉਣ ਵਾਸਤੇ 2500 ਕਰੋੜ ਰੁਪਏ ਰੱਖੇ ਹਨ। ਸਿਆਸਤਦਾਨ ਅਪਣੇ ਵਾਅਦੇ ਨੂੰ ਜੁਮਲੇ ਸਮਝ ਕੇ ਭੁਲਾ ਦੇਂਦਾ ਹੈ ਪਰ ਕਿਸਾਨ ਵਲ ਵੇਖੋ, ਉਹ ਅਪਣੀ ਜ਼ਿੰਮੇਵਾਰੀ ਕਰਜ਼ੇ ਹੇਠ ਦਬਿਆ ਜਾ ਕੇ ਵੀ ਨਹੀਂ ਭੁਲਦਾ।

ਮੁੰਬਈ ਦੇ ਕਿਸਾਨਾਂ ਨੇ ਮੁੰਬਈ ਨੂੰ ਤਾਂ ਲਾਲ ਕੀਤਾ ਹੀ, ਉਨ੍ਹਾਂ ਦੇ ਅਨੁਸ਼ਾਸਨ ਨੂੰ ਵੇਖ ਕੇ ਸਾਡੇ ਦੇਸ਼ ਦੇ ਗਰਮ ਖ਼ੂਨ ਨੂੰ ਵੀ ਸ਼ਰਮ ਨਾਲ ਲਾਲ ਹੋਣ ਦੀ ਜ਼ਰੂਰਤ ਪੈ ਗਈ ਹੈ। ਇਹ ਕਿਸਾਨ ਅਪਣੀ ਜ਼ਮੀਨ ਤੇ ਹੱਲ ਵਾਹੁੰਦੇ ਹੋਏ ਇਹ ਵੀ ਨਹੀਂ ਜਾਣਦੇ ਕਿ ਉਹ ਫ਼ਸਲ ਦਾ ਆਨੰਦ ਮਾਣ ਸਕਣਗੇ ਜਾਂ ਨਹੀਂ ਕਿਉਂਕਿ ਆਦਿਵਾਸੀ ਕਿਸਾਨ ਜਿਸ ਜ਼ਮੀਨ ਉਤੇ ਖੇਤੀ ਕਰਦੇ ਹਨ, ਉਸ ਜ਼ਮੀਨ ਨੂੰ ਉਨ੍ਹਾਂ ਦੇ ਨਾਮ ਤੇ ਨਾ ਕਰ ਕੇ ਸਰਕਾਰ ਨੇ ਅਪਣੇ ਕੋਲ ਰੱਖੀ ਹੋਈ ਹੈ। ਜਦੋਂ ਸਰਕਾਰ ਦੀ ਮਰਜ਼ੀ ਹੋਵੇ, ਉਹ ਉਸ ਜ਼ਮੀਨ ਨੂੰ ਅਪਣੇ ਕਿਸੇ ਵੀ ਮਕਸਦ ਵਾਸਤੇ ਇਸਤੇਮਾਲ ਕਰ ਸਕਦੇ ਹਨ ਅਤੇ ਕਰਦੇ ਹਨ। ਫਿਰ ਵੀ ਕਿਸਾਨ ਕੋਲ ਖੇਤੀ ਦਾ ਕੋਈ ਬਦਲ ਨਹੀਂ। ਫ਼ਸਲ ਬੀਜਣ ਉਤੇ ਜਿੰਨਾ ਖ਼ਰਚਾ ਆਉਂਦਾ ਹੈ, ਉਹ ਵੀ ਵਸੂਲ ਨਹੀਂ ਹੁੰਦਾ ਜਿਸ ਕਰ ਕੇ ਇਨ੍ਹਾਂ ਕਿਸਾਨਾਂ ਨੂੰ ਜੀਵਨ ਦੀ ਕੋਈ ਸੁੱਖ ਸਹੂਲਤ ਪ੍ਰਾਪਤ ਨਹੀਂ। ਅਪਣੇ ਬੱਚਿਆਂ ਦੇ ਵਿਆਹਾਂ ਅਤੇ ਪੜ੍ਹਾਈ ਵਾਸਤੇ ਕਰਜ਼ੇ ਹੇਠ ਦੱਬੇ ਹੋਏ ਕਿਸਾਨ, ਸਰਕਾਰ ਨੂੰ ਉਸ ਦੇ ਵਾਅਦੇ ਯਾਦ ਕਰਵਾਉਣ ਮੁੰਬਈ ਆਏ ਸਨ। ਮਹਾਰਾਸ਼ਟਰ ਸਰਕਾਰ ਦਾ ਕਰਜ਼ਾ ਵੀ ਫ਼ੜਨਵੀਸ ਸਰਕਾਰ ਦੇ ਪਿਛਲੇ 4 ਸਾਲ ਦੇ ਰਾਜ ਹੇਠ 2.94 ਲੱਖ ਕਰੋੜ (2014) ਤੋਂ ਵੱਧ ਕੇ 461 ਕਰੋੜ ਤੇ ਪੁੱਜ ਗਿਆ ਹੈ ਪਰ ਇਸ ਨਾਲ ਨਾ ਆਮਦਨ ਵਧੀ ਹੈ ਅਤੇ ਨਾ ਸਹੂਲਤਾਂ ਵਧੀਆਂ ਹਨ। ਮਹਾਰਾਸ਼ਟਰ ਸਰਕਾਰ ਦੀ ਮਦਦ ਵਾਸਤੇ ਕੇਂਦਰ ਸਰਕਾਰ ਨੇ ਪੈਸੇ ਬਚਾਉਣ ਲਈ ਫ਼ੌਜ ਨੂੰ ਹੀ ਇਕ ਪੁਲ ਬਣਾਉਣ ਦਾ ਕੰਮ ਸੌਂਪ ਦਿਤਾ ਸੀ। ਮਹਾਰਾਸ਼ਟਰ ਸਰਕਾਰ ਨੇ ਅਪਣੇ ਆਪ ਬਾਰੇ ਕਿਸਾਨਪੱਖੀ ਸਰਕਾਰ ਹੋਣ ਦਾ ਦਾਅਵਾ ਕੀਤਾ ਹੈ ਅਤੇ ਅਪਣੇ ਬਜਟ ਨੂੰ ਕਿਸਾਨ ਬਜਟ ਆਖਿਆ ਹੈ ਪਰ ਜਦੋਂ ਤਕ ਇਹ ਕਿਸਾਨ ਸੜਕਾਂ ਤੇ ਨਾ ਉਤਰਿਆ ਅਪਣੇ ਵਾਅਦੇ ਪੂਰੇ ਕਰਨ ਵਲ ਸੂਬਾ ਸਰਕਾਰ ਨੇ ਕੋਈ ਕਦਮ ਨਾ ਚੁਕਿਆ। ਮਹਾਰਾਸ਼ਟਰ ਸਰਕਾਰ ਨੇ ਸਗੋਂ ਅਰਬ ਸਾਗਰ 'ਚ ਮਰਾਠਾ ਰਾਜੇ ਸ਼ਿਵਾਜੀ ਦਾ ਬੁੱਤ ਬਣਾਉਣ ਵਾਸਤੇ 2500 ਕਰੋੜ ਰੁਪਏ ਰੱਖੇ ਹਨ। ਸਿਆਸਤਦਾਨ ਅਪਣੇ ਵਾਅਦੇ ਨੂੰ ਜੁਮਲੇ ਸਮਝ ਕੇ ਭੁਲਾ ਦੇਂਦਾ ਹੈ ਪਰ ਇਕ ਕਿਸਾਨ ਵਲ ਵੇਖੋ, ਉਹ ਅਪਣੀ ਜ਼ਿੰਮੇਵਾਰੀ ਕਰਜ਼ੇ ਹੇਠ ਦਬਿਆ ਜਾ ਕੇ ਵੀ ਨਹੀਂ ਭੁਲਦਾ।ਇਹ ਕਿਸਾਨ ਮਹਾਰਾਸ਼ਟਰ ਦੀ ਸਖ਼ਤ ਗਰਮੀ ਵਿਚ ਬਿਨਾਂ ਜੁੱਤੀਆਂ ਤੋਂ ਨੰਗੇ ਪੈਰੀਂ 140 ਘੰਟੇ ਤੁਰਦੇ, ਸ਼ਾਂਤੀ ਨਾਲ ਅਪਣੀ ਹਾਲਤ ਬਿਆਨ ਕਰਨ ਆਏ। ਇਨ੍ਹਾਂ ਕਿਸਾਨਾਂ ਨੂੰ ਅਪਣੇ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਤੇ ਗੁੱਸਾ ਤੇ ਰੋਸ ਵਿਖਾਉਣ ਦਾ ਹੱਕ ਪ੍ਰਾਪਤ ਸੀ।

 ਇਹ ਚਾਹੁੰਦੇ ਤਾਂ ਮੁੰਬਈ ਨੂੰ ਤਹਿਸ-ਨਹਿਸ ਕਰ ਦੇਂਦੇ। ਅਸੀ ਕਿੰਨੀ ਵਾਰੀ ਵੇਖਿਆ ਹੈ ਕਿ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਆ ਕੇ ਕਿਸੇ ਵੀ ਜਾਤ ਦੇ ਲੋਕ ਤਬਾਹੀ ਮਚਾ ਦੇਂਦੇ ਹਨ, ਗੁੱਸੇ ਵਿਚ ਮਾਸੂਮਾਂ ਦਾ ਕਤਲ ਅਤੇ ਔਰਤਾਂ ਦਾ ਬਲਾਤਕਾਰ ਵੀ ਕਰ ਦੇਂਦੇ ਹਨ। ਸਾਡੇ ਸਮਾਜ ਵਿਚ ਤਾਂ ਅਪਣੇ ਨਿਜੀ ਹੱਕਾਂ ਵਾਸਤੇ ਲੜਨ ਵਾਲੇ ਇਥੋਂ ਤਕ ਚਲੇ ਜਾਂਦੇ ਹਨ ਕਿ ਸੜਕ 'ਤੇ ਜੇਕਰ ਕੋਈ ਗੱਡੀ ਨੂੰ ਝਰੀਟ ਤਕ ਵੀ ਮਾਰ ਦੇਂਦਾ ਹੈ ਤਾਂ ਉਸ ਨੂੰ ਕਤਲ ਕਰ ਦੇਂਦੇ ਹਨ। ਭਾਰਤ ਵਿਚ ਸੜਕਾਂ ਤੇ ਇਸ ਤਰ੍ਹਾਂ ਦੀਆਂ ਲੜਾਈਆਂ ਨਾਲ ਰੋਜ਼ ਕਈ ਲੋਕ ਮਰ ਰਹੇ ਹਨ। ਮੁਫ਼ਤਖ਼ੋਰ, ਰਿਆਇਤਾਂ ਲੈਣ ਵਾਸਤੇ ਕਾਤਲ ਬਣ ਜਾਂਦੇ ਹਨ। ਪਰ ਇਹ ਹਜ਼ਾਰਾਂ ਦੀ ਫ਼ੌਜ ਜਿਸ ਨਾਲ ਸੱਭ ਤੋਂ ਵੱਡਾ ਧੋਖਾ ਹੋ ਰਿਹਾ ਹੈ, ਸ਼ਾਂਤ ਤਾਂ ਰਹੀ ਹੀ ਸਗੋਂ ਉਨ੍ਹਾਂ ਨੇ ਇਹ ਵੀ ਧਿਆਨ ਰਖਿਆ ਕਿ 12 ਤਰੀਕ ਨੂੰ ਮੁੰਬਈ ਦੇ ਬੱਚਿਆਂ ਦੇ ਇਮਤਿਹਾਨ ਸਨ। ਉਨ੍ਹਾਂ ਸੋਚਿਆ ਕਿ ਜੇ ਉਹ ਸਵੇਰ ਨੂੰ ਮੁੰਬਈ ਦੀਆਂ ਸੜਕਾਂ ਤੇ ਉਤਰੇ ਤਾਂ ਬੱਚਿਆਂ ਲਈ ਮੁਸ਼ਕਲ ਬਣ ਜਾਵੇਗੀ, ਸੋ ਉਨ੍ਹਾਂ ਆਖ਼ਰੀ ਰਾਤ ਨਾ ਸੌਣ ਦਾ ਫ਼ੈਸਲਾ ਕੀਤਾ ਅਤੇ ਸਾਰੀ ਰਾਤ ਚੱਲ ਕੇ ਅਪਣਾ ਆਖ਼ਰੀ ਪੜਾਅ ਪੂਰਾ ਕੀਤਾ। ਮੁੰਬਈ ਜਦ ਸਵੇਰੇ ਉੱਠੀ ਤਾਂ ਇਕ ਵੀ ਕਿਸਾਨ ਸੜਕ ਤੇ ਨਹੀਂ ਸੀ ਅਤੇ ਸਾਰੇ ਬੱਚੇ ਕਿਸੇ ਦੇਰੀ ਤੋਂ ਬਗ਼ੈਰ, ਇਮਤਿਹਾਨ ਦੇ ਸਕੇ। ਮੁੱਖ ਮੰਤਰੀ ਨੇ ਆਖ਼ਰੀ ਪੜਾਅ ਵਾਸਤੇ ਬਸਾਂ ਵੀ ਭੇਜੀਆਂ, ਪਰ ਇਕ ਵੀ ਕਿਸਾਨ ਬਸ ਤੇ ਨਾ ਚੜ੍ਹਿਆ। ਅਪਣੇ ਸਾਥੀਆਂ ਨਾਲ ਕਿਸੇ ਨੇ ਧੋਖਾ ਨਾ ਕੀਤਾ। ਨਾ ਕਿਸੇ ਨੇ ਸਿਆਸਤ ਕਰਨ ਦੇ ਚੱਕਰ ਵਿਚ ਕੋਈ ਬਿਆਨਬਾਜ਼ੀ ਹੀ ਕੀਤੀ।ਇਹ ਕਿਸਾਨ ਭਾਰਤ ਦੀ ਮਿੱਟੀ ਦੇ ਅਸਲ ਵਾਰਸ ਅਤੇ ਅਸਲ ਰਖਵਾਲੇ ਹਨ ਜਿਨ੍ਹਾਂ ਨੇ ਮਿਹਨਤ ਨਾਲ ਕਮਾਈ ਕੀਤੀ ਅਤੇ ਅਪਣੇ ਦੇਸ਼ਵਾਸੀਆਂ ਦੀ ਥਾਲੀ ਭਰੀ ਰੱਖਣ ਵਾਸਤੇ, ਅਪਣਾ ਖ਼ੂਨ ਪਸੀਨਾ ਇਕ ਕਰ ਦਿਤਾ। ਇਸੇ ਨੈਤਿਕ ਕਿਰਦਾਰ ਦੇ ਮਾਲਕ ਹੋਣ ਕਾਰਨ, ਉਨ੍ਹਾਂ ਅਪਣੇ ਹੱਕ ਮੰਗਣ ਲਗਿਆਂ ਵੀ, ਕਿਸੇ ਹੋਰ ਨੂੰ ਤਕਲੀਫ਼ ਨਾ ਪੁੱਜਣ ਦਿਤੀ।ਇਸ ਫ਼ਿਕਰਮੰਦੀ ਨੂੰ ਮੁੰਬਈ ਨੇ ਵੀ ਪੂਰੇ ਦਿਲ ਨਾਲ ਸਰਾਹਿਆ। ਮੁੰਬਈ ਨਿਵਾਸੀ, ਕਿਸਾਨਾਂ ਵਾਸਤੇ ਖਾਣਾ, ਦਵਾਈਆਂ, ਜੁੱਤੀਆਂ ਤਕ ਲੈ ਕੇ ਆਜ਼ਾਦ ਮੈਦਾਨ 'ਚ ਪੁੱਜੇ। ਆਜ਼ਾਦ ਮੈਦਾਨ ਵਿਚ ਆਮ ਭਾਰਤੀ ਨੇ ਇਕ-ਦੂਜੇ ਨਾਲ ਮੇਲ-ਜੋਲ ਤੇ ਹਮਦਰਦੀ ਵਾਲਾ, ਭਾਰਤ ਦੇ ਅਸਲ ਸਭਿਆਚਾਰ ਦਾ ਨਮੂਨਾ ਪੇਸ਼ ਕੀਤਾ। ਸਾਡਾ ਕਿਰਦਾਰ, ਸਾਡਾ ਦੇਸ਼ ਪ੍ਰੇਮ ਅਸਲ ਵਿਚ ਇਸ ਤਰ੍ਹਾਂ ਦਾ ਹੈ ਜਿਥੇ ਇਕ-ਦੂਜੇ ਦੇ ਹੱਕਾਂ, ਜ਼ਰੂਰਤਾਂ ਵਾਸਤੇ ਬਿਨਾਂ ਧਰਮ, ਜਾਤ-ਪਾਤ ਸੱਭ ਮਦਦ ਲਈ ਉਤਰ ਆਉਂਦੇ ਹਨ। ਪਰ ਇਸ ਭ੍ਰਿਸ਼ਟ ਅਤੇ ਭੁੱਖੀ ਸਿਆਸਤ ਨੇ ਸਾਨੂੰ ਸਾਡਾ ਕਿਰਦਾਰ ਹੀ ਭੁਲਾ ਦਿਤਾ ਹੈ। ਇਨ੍ਹਾਂ ਕਿਸਾਨਾਂ ਤੋਂ ਅੱਜ ਅਪਣਾ ਗੁਆਚਿਆ ਕਿਰਦਾਰ ਮੁੜ ਤੋਂ ਸਿਖਣ ਦੀ ਜ਼ਰੂਰਤ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement