
ਜਦ ਇਸ ਵਾਰ ਮਹਾਂਮਾਰੀ ਆਈ, ਸਾਰੀਆਂ ਸਰਕਾਰਾਂ ਨੇ ਤਾਲਾਬੰਦੀ ਕਰ ਕੇ ਪਿਛਲੀ ਗ਼ਲਤੀ ਤੋਂ ਸਿਖਣ ਦਾ ਯਤਨ ਕੀਤਾ ਤੇ ਇਸ ਦਾ ਅਸਰ ਅਸੀ ਖ਼ਾਸ ਕਰ ਕੇ ਭਾਰਤ ਵਿਚ ਵੇਖਿਆ।
ਇਸ ਸਮੇਂ ਦੇਸ਼ ਇਕ ਵੱਡੀ ਜੰਗ ਲੜ ਰਿਹਾ ਹੈ ਪਰ ਜਿਸ ਤਰ੍ਹਾਂ ਇਹ ਜੰਗ ਲੜੀ ਜਾ ਰਹੀ ਹੈ, ਸਾਫ਼ ਹੈ ਕਿ ਜਿੱਤ ਦੇ ਆਉਣ ਤੋਂ ਪਹਿਲਾਂ ਬਹੁਤ ਵੱਡੀ ਹਾਰ ਦਾ ਸਾਹਮਣਾ ਵੀ ਕਰਨਾ ਹੀ ਪਵੇਗਾ। ਇਹ ਜੰਗ ਮਹਾਂਮਾਰੀ ਨਾਲ ਹੈ ਤੇ ਭਾਰਤ ਅੱਜ ਇਕ ਵੱਡੀ ਹਾਰ ਦਾ ਸਾਹਮਣਾ ਕਰ ਰਿਹਾ ਹੈ। ਇਸ ਤਰ੍ਹਾਂ ਦੀ ਮਹਾਂਮਾਰੀ 1918 ਵਿਚ ਸਪੇਨਿਸ਼ ਫ਼ਲੂ ਦੇ ਨਾਮ ਨਾਲ ਆਈ ਸੀ ਪਰ ਜਦ ਸਪੇਨਿਸ਼ ਫ਼ਲੂ ਦਾ ਪਹਿਲਾ ਕਹਿਰ ਮਾਰਚ 1918 ਵਿਚ ਆਇਆ ਸੀ, ਉਹ ਉਸ ਦੇ ਅਗੱਸਤ 1918 ਦੇ ਦੂਜੇ ਕਹਿਰ ਨਾਲੋਂ ਘੱਟ ਘਾਤਕ ਸੀ।
Corona case
ਕਾਰਨ ਅੱਜ ਦੇ ਕੋਵਿਡ 19 ਵਰਗੇ ਹੀ ਸਨ। ਪਹਿਲੀ ਲਹਿਰ ਵਿਚ ਸਪੇਨਿਸ਼ ਫ਼ਲੂ ਰੁਕ ਗਿਆ ਸੀ ਪਰ ਜਦ ਕਿਸੇ ਨੇ ਪ੍ਰਵਾਹ ਨਾ ਕੀਤੀ ਤੇ ਆਵਾਜਾਈ ਚਲਦੀ ਰਹੀ ਤਾਂ ਫਿਰ ਸਪੇਨਿਸ਼ ਫ਼ਲੂ ਅਗੱਸਤ 1918 ਵਿਚ ਅਪਣੇ ਨਵੇਂ ਰੂਪ ਵਿਚ ਆ ਗਿਆ ਤਾਂ ਅਮਰੀਕਾ ਵੀ ਡਰ ਕੇ ਕੰਬਣ ਲੱਗ ਪਿਆ ਸੀ।
Spanish flu
ਜਦ ਇਸ ਵਾਰ ਮਹਾਂਮਾਰੀ ਆਈ, ਸਾਰੀਆਂ ਸਰਕਾਰਾਂ ਨੇ ਤਾਲਾਬੰਦੀ ਕਰ ਕੇ ਪਿਛਲੀ ਗ਼ਲਤੀ ਤੋਂ ਸਿਖਣ ਦਾ ਯਤਨ ਕੀਤਾ ਤੇ ਇਸ ਦਾ ਅਸਰ ਅਸੀ ਖ਼ਾਸ ਕਰ ਕੇ ਭਾਰਤ ਵਿਚ ਵੇਖਿਆ। ਅਮਰੀਕਾ ਬੁਰੀ ਤਰ੍ਹਾਂ ਹਾਰਿਆ ਕਿਉਂਕਿ ਉਥੋਂ ਦੇ ਲੋਕਾਂ ਨੇ ਘਰੋਂ ਬਾਹਰ ਨਿਕਲਣ ਦੀ ਜ਼ਿੱਦ ਫੜ ਲਈ ਤੇ ਭਾਰਤ ਅਪਣੀ ਇਮਊਨਿਟੀ ਤੇ ਫ਼ਖ਼ਰ ਕਰਦਾ ਰਿਹਾ ਤੇ ਸਾਰਾ ਕੁੱਝ ਗੁਆ ਬੈਠਾ। ਹੁਣ ਖੋਜ ਸਾਹਮਣੇ ਆਈ ਹੈ ਕਿ ਨਵੇਂ ਵਾਇਰਸ ਹੇਠ ਭਾਰਤ ਇਸ ਸਮੇਂ ਰੋਜ਼ਾਨਾ ਦੇ ਤਿੰਨ ਲੱਖ ਕੇਸਾਂ ਤੇ ਪਹੁੰਚਣ ਵਾਲਾ ਹੈ ਤੇ ਉਹ ਸਮਾਂ ਦੂਰ ਨਹੀਂ ਜਦ ਇਹੀ ਅੰਕੜਾ ਦੁਗਣਾ ਹੋ ਜਾਵੇਗਾ।
Coronavirus cases
ਇਥੇ ਇਤਿਹਾਸ ਦੇ ਪੰਨਿਆਂ ਵਿਚੋਂ ਸਪੇਨਿਸ਼ ਫ਼ਲੂ ਦਾ ਇਕ ਹੋਰ ਕਿੱਸਾ ਕੰਮ ਆਉਣਾ ਚਾਹੀਦਾ ਸੀ ਜਦ ਫ਼ਿਲੇਡਲੀਫ਼ਆ ਵਿਚ ਗਵਰਨਰ ਨੇ ਫ਼ੌਜੀਆਂ ਦੇ ਸਮਰਥਨ ਵਿਚ ਇਕ ਰੈਲੀ ਨੂੰ ਮੰਜ਼ੂਰੀ ਦੇ ਦਿਤੀ। ਫ਼ਿਲੇਡਲੀਫ਼ਆ, ਸਪੇਨਿਸ਼ ਫ਼ਲੂ ਦੀ ਦੂਜੀ ਲਹਿਰ ਦੇ ਸੱਭ ਤੋਂ ਵੱਡੇ ਕਹਿਰ ਦਾ ਕੇਂਦਰ ਬਣਿਆ ਸੀ। ਅਗੱਸਤ 1918 ਵਿਚ ਇਸ ਸੂਬੇ ਵਿਚ ਲਾਸ਼ਾਂ ਦਫ਼ਨਾਉਣ ਵਾਸਤੇ ਕਫ਼ਨ ਨਹੀਂ ਸਨ ਮਿਲ ਰਹੇ। ਇਸ ਸਮੇਂ ਹਰ ਰੋਜ਼ 1000 ਮੌਤਾਂ ਦੇ ਭਾਰ ਹੇਠ ਫ਼ਿਲੇਡਲਫ਼ੀਆ ਕੰਬ ਰਿਹਾ ਸੀ। ਅੱਜ ਭਾਰਤ ਦੁਨੀਆਂ ਦਾ ਫ਼ਿਲੇਡਲਫ਼ੀਆ ਬਣ ਗਿਆ ਹੈ।
Covid Vaccine
ਪਰ ਅੱਜ ਤੇ 1919 ਵਿਚ ਅੰਤਰ ਇਹ ਹੈ ਕਿ ਇਸ ਮਹਾਂਮਾਰੀ ਦੇ ਸਮੇਂ ਵਿਚ ਪੁਰਾਣੇ ਸਬਕਾਂ ਤੋਂ ਸਖਕ ਮਿਲ ਜਾਣ ਦੇ ਇਲਾਵਾ ਵੈਕਸੀਨ ਵੀ ਆ ਚੁੱਕੀ ਹੈ ਪਰ ਫਿਰ ਵੀ ਭਾਰਤ ਦਾ ਹਾਲ ਏਨਾ ਤਰਸਯੋਗ ਹੋ ਗਿਆ ਹੈ। ਗੁਜਰਾਤ ਵਿਚੋਂ ਰੀਪੋਰਟ ਆ ਰਹੀ ਹੈ ਕਿ ਮੌਤ ਦੇ ਅੰਕੜੇ ਛੁਪਾਏ ਜਾ ਰਹੇ ਹਨ। ਕਈ ਸੂਬਿਆਂ ਵਿਚ ਸ਼ਮਸ਼ਾਨ ਘਾਟਾਂ ਉਪਰ ਟੀਨ ਦੀਆਂ ਛੱਤਾਂ ਲਗਾ ਦਿਤੀਆਂ ਗਈਆਂ ਹਨ ਤਾਕਿ ਉਪਰੋਂ ਡ੍ਰੋਨ ਰਾਹੀਂ ਕੋਈ ਮ੍ਰਿਤਕਾਂ ਦੀਆਂ ਕਤਾਰਾਂ ਅਤੇ ਬਲਦੀਆਂ ਲਾਸ਼ਾਂ ਨਾ ਵੇਖ ਸਕੇ। ਕੁੰਭ ਮੇਲਾ ਹੁਣ ਸਮੇਟ ਦਿਤਾ ਗਿਆ ਹੈ ਪਰ ਜੇ ਦੂਰ ਅੰਦੇਸ਼ੀ ਵਾਲੀ ਸੋਚ ਹੁੰਦੀ ਤਾਂ ਪਹਿਲਾਂ ਹੀ ਰੋਕ ਦੇਂਦੇ ਤੇ ਜਮਾਵੜਾ ਹੋਣ ਹੀ ਨਾ ਦੇਂਦੇ।
Rally
ਪਰ ਰੋਕਦੇ ਕਿਵੇਂ ਜਦ ਪੰਜ ਸੂਬਿਆਂ ਵਿਚ ਰੈਲੀਆਂ ਚਲ ਰਹੀਆਂ ਸਨ? ਕੇਵਲ ਧਾਰਮਕ ਸਮਾਗਮ ਕਿਵੇਂ ਰੋਕੇ ਜਾ ਸਕਦੇ ਸਨ? ਪਰ ਸਿਆਸਤਦਾਨ ਤਾਂ ਸੱਤਾ ਦੀ ਭੁੱਖ ਦੇ ਸ਼ਿਕਾਰ ਸਨ, ਵਿਆਹ ਸਮਾਗਮਾਂ ਵਿਚ ਵੀ ਇਕ ਹਜ਼ਾਰ ਪ੍ਰਤੀ ਵਿਆਹ ਦੇ ਕਰੀਬ ਵਿਅਕਤੀ ਸ਼ਾਮਲ ਹੋਏ ਤੇ ਹਰ ਵਿਆਹ ਤੋਂ ਸੈਂਕੜੇ ਲੋਕ ਕੋਵਿਡ ਲੈ ਕੇ ਨਿਕਲੇ ਤੇ ਅੱਜ ਇਸ ਤਿੰਨ ਲੱਖ ਦੇ ਅੰਕੜੇ ਤੇ ਪਹੁੰਚਣ ਲਈ ਸਾਰੇ ਇਕੋ ਜਿੰਨੇ ਜ਼ਿੰਮੇਵਾਰ ਹਨ।
Coronavirus
ਅੱਜ ਪੰਜਾਬ ਵਾਲੇ, ਦਿੱਲੀ, ਮਹਾਰਾਸ਼ਟਰ, ਯੂ.ਪੀ. ਬਿਹਾਰ ਤੋਂ ਕਿਤੇ ਅੱਗੇ ਚਲ ਰਹੇ ਹਨ। ਇਸ ਵਿਚ ਪੰਜਾਬ ਦੇ ਲੋਕਾਂ ਦੀ ਅਸਲ ਤਾਕਤ ਅਰਥਾਤ ਵਾਧੂ ਪੇਂਡੂ ਆਬਾਦੀ ਇਕ ਵੱਡਾ ਕਾਰਨ ਹੈ। ਪਰ ਜਿਸ ਤਰ੍ਹਾਂ ਕੋਰੋਨਾ ਦੇ ਅੰਕੜੇ ਵੱਧ ਰਹੇ ਹਨ, ਪੰਜਾਬ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਸਾਡੇ ਕਿਸਾਨ ਵਾਪਸ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਦੀ ਲੜਾਈ ਵਖਰੀ ਹੈ ਤੇ ਰੱਬ ਦੀ ਮਿਹਰ ਉਨ੍ਹਾਂ ਉਤੇ ਬਣੀ ਰਹੇ ਪਰ ਪੰਜਾਬ ਕੁੱਝ ਸਮੇਂ ਵਾਸਤੇ ਮਾਸਕ ਪਾ ਕੇ ਅਤੇ ਵੱਡੇ ਸਿਆਸੀ ਇਕੱਠਾਂ, ਵਿਖਾਵੇ ਵਾਲੇ ਵਿਆਹਾਂ ਤੋਂ ਪਿਛੇ ਹੱਟ ਕੇ ਅਪਣਾ ਵਿਸ਼ੇਸ਼ ਯੋਗਦਾਨ ਵੀ ਪਾ ਸਕਦਾ ਹੈ।
Mask
ਕੋਰੋਨਾ ਦਾ ਨਵਾਂ ਦੇਸੀ ਰੂਪ ਲਾਸ਼ਾਂ ਦਾ ਢੇਰ ਲਗਾ ਰਿਹਾ ਹੈ ਤੇ ਇਹ ਸ਼ਾਤਰ ਵਾਇਰਸ ਪੰਜਾਬ ਵਿਚ ਵੀ ਫੈਲ ਸਕਦਾ ਹੈ। ਅੱਜ ਸਿਰਫ਼ ਇਕ ਮਾਸਕ ਪਾਉਣ ਨਾਲ ਜੇ ਇਹ ਵਾਇਰਸ ਰੋਕਿਆ ਜਾ ਸਕਦਾ ਹੈ ਤਾਂ ਬਹਾਨੇਬਾਜ਼ੀ ਕਿਉਂ? ਇਸ ਨਾਲ ਜਾਨ ਹੀ ਨਹੀਂ ਬੱਚ ਸਕਦੀ ਬਲਕਿ ਸੂਬੇ ਦੀ ਆਰਥਕ ਹਾਲਤ ਨੂੰ ਹੋਰ ਹੇਠਾਂ ਡਿਗਣੋਂ ਵੀ ਬਚਾਇਆ ਜਾ ਸਕਦਾ ਹੈ ਜਿਸ ਦਾ ਫ਼ਾਇਦਾ ਕਿਸੇ ਇਕ ਨੂੰ ਨਹੀਂ, ਸਾਰਿਆਂ ਨੂੰ ਹੋਵੇਗਾ। -ਨਿਮਰਤ ਕੌਰ