
Editorial: ਸਾਡੇ ਅਮੀਰ, ਸਾਡੇ ਤਾਕਤਵਰ ਲੋਕ ਜਦੋਂ ਇਕ ਵੱਡੇ ਜਾਂ ਉੱਚੇ ਮੁਕਾਮ ’ਤੇ ਪਹੁੰਚ ਜਾਂਦੇ ਨੇ ਤਾਂ ਉਨ੍ਹਾਂ ਵਾਸਤੇ ਵਿਖਾਵਾ ਕਰਨਾ ਕਿਉਂ ਜ਼ਰੂਰੀ ਹੋ ਜਾਂਦਾ ਹੈ?
A Rich man's hunger to show off his wealth and a multi-billion Wedding in Mumbai Editorial : ਭਾਰਤ ਦੇ ਸੱਭ ਤੋਂ ਅਮੀਰ ਪ੍ਰਵਾਰ ਦੇ ਘਰ ਵਿਚ ਵਿਆਹ ਸੀ ਤੇ ਬਾਕੀ ਅਮੀਰਾਂ ਨੂੰ ਵੀ ਬੁਲਾਇਆ ਗਿਆ ਸੀ। ਭਾਰਤ ਦੀ ਆਬਾਦੀ ਭਾਵੇਂ 140 ਕਰੋੜ ਤਕ ਪਹੁੰਚਣ ਵਾਲੀ ਹੋਵੇ, ਉਹੀਉ ਸੌ ਪ੍ਰਵਾਰ ਨੇ ਜਿਹੜੇ ਹਰ ਵਿਆਹ ਵਿਚ ਘਰ ਵਾਲਿਆਂ ਨਾਲ ਨਚਦੇ ਨੇ ਪਰ ਇਸ ਵਾਰ ਸੋਸ਼ਲ ਮੀਡੀਆ ਰਾਹੀਂ ਹਰ ਭਾਰਤੀ ਨੂੰ ਇਸ ਵਿਆਹ ਵਿਚ ਘਰ ਬੈਠੇ ਹੀ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਸੀ। ਉਸ ਵਿਆਹ ਦੇ ਕਾਰਡਾਂ ਤੋਂ ਲੈ ਕੇ ਵਿਦਾਈ ਤਕ ਹਰ ਭਾਰਤੀ ਇਸ ਨੂੰ ਦੇਖਦਾ ਰਿਹਾ। ਇਹ ਵਿਆਹ ਛੇ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਤੇ ਅਜੇ ਲਗਦਾ ਨਹੀਂ ਇਹ ਖ਼ਤਮ ਹੋਣ ਵਾਲਾ ਹੈ ਕਿਉਂਕਿ ਹੁਣ ਵਿਆਹ ਤੋਂ ਬਾਅਦ ਦੀਆਂ ਤਿਆਰੀਆਂ ਲੰਡਨ ਵਿਚ ਸ਼ੁਰੂ ਹੋ ਗਈਆਂ ਹਨ। ਇਸ ਵਿਆਹ ਨੂੰ ਵੇਖ ਕੇ ਅੱਜ ਕੁੱਝ ਸਵਾਲ ਇਕ ਵਾਰ ਫਿਰ ਉਠਦੇ ਨੇ ਜੋ ਪਹਿਲਾਂ ਵੀ ਕਈ ਵਾਰ ਉਠਾਏ ਜਾ ਚੁੱਕੇ ਹਨ ਕਿਉਂਕਿ ਜਿਸ ਤਰ੍ਹਾਂ ਦੌਲਤ ਦਾ ਵਿਖਾਵਾ ਕੀਤਾ ਗਿਆ ਹੈ, ਭਾਰਤ ਦੀ ਅਮੀਰ ਆਬਾਦੀ ਵਲੋਂ ਗ਼ਰੀਬ ਲਈ ਹਮਦਰਦੀ ਦਾ ਕਦੇ ਇਸ ਤਰ੍ਹਾਂ ਵਿਖਾਵਾ ਨਹੀਂ ਕੀਤਾ ਗਿਆ।
ਜੇ ਦੁਨੀਆਂ ਭਰ ਦੇ ਕੁਝ ਅਮੀਰਾਂ ਦੀ ਗਿਣਤੀ ਕਰੀਏ ਤਾਂ ਉਨ੍ਹਾਂ ਵਿਚ ਅਜ਼ੀਜ਼ ਪ੍ਰੇਮ ਜੀ ਜਾਂ ਰਤਨ ਟਾਟਾ ਵਰਗੇ ਵੀ ਆਉਂਦੇ ਨੇ ਜਿਨ੍ਹਾਂ ਵਲੋਂ ਦੌਲਤ ਕਮਾਈ ਗਈ ਹੈ ਪਰ ਉਸ ਦੀ ਵਰਤੋਂ ਸਮਾਜ ਨੂੰ ਉੱਚਾ ਚੁਕਣ ਲਈ ਵੀ ਕੀਤੀ ਗਈ ਹੈ। ਇਹ ਦੌਲਤ ਉਨ੍ਹਾਂ ਦੀ ਅਪਣੀ ਕਮਾਈ ਹੋਈ, ਅਪਣੀ ਨਿੱਜੀ ਦੌਲਤ ਹੈ ਪਰ ਇਹ ਸੱਚ ਹੈ ਕਿ ਇਹ ਦੌਲਤ ਉਨ੍ਹਾਂ ਵਲੋਂ ਭਾਰਤੀ ਸਮਾਜ ਵਿਚੋਂ ਕਮਾਈ ਗਈ ਹੈ।
ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਬਹੁਤ ਘੱਟ ਸਮਾਂ ਹੋਇਆ ਹੈ। ਸਾਡੇ ਸਮਾਜ ਵਿਚੋਂ ਉਹ ਗ਼ਰੀਬੀ ਤੇ ਉਹ ਭੁੱਖ ਅਜੇ ਗਈ ਹੀ ਨਹੀਂ ਜੋ ਅਸੀ ਅਪਣੇ ਅਮੀਰਾਂ ਵਿਚ ਵੇਖਦੇ ਹਾਂ ਅਰਥਾਤ ਵਿਖਾਵੇ ਦੀ ਭੁੱਖ ਤੇ ਇਹ ਦੱਸਣ ਦੀ ਕਾਹਲ ਕਿ ਅਸੀ ਗ਼ਰੀਬੀ ’ਚੋਂ ਉਠ ਕੇ ਅਮੀਰ ਬਣ ਗਏ ਹਾਂ। ਨਵੀਂ ਪ੍ਰਾਪਤ ਕੀਤੀ ਅਮੀਰੀ ਦਾ ਵਿਖਾਵਾ ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਦਾ ਵਿਖਾਵਾ ਉਸ ਆਈਏਐਸ ਅਫ਼ਸਰ ਦੇ ਕਿਰਦਾਰ ’ਚੋਂ ਵੀ ਪਿਛਲੇ ਦਿਨੀਂ ਵੇਖਣ ਨੂੰ ਮਿਲਿਆ ਜਿਸ ਨੇ ਕੁੱਝ ਨਕਲੀ ਕਾਗ਼ਜ਼ ਵਿਖਾ ਕੇ, ਅਪਣਾ ਰੁਤਬਾ ਵਿਖਾਉਣ ਲਈ ਗੱਡੀਆਂ ਉਤੇ ਲਾਲ ਬੱਤੀਆਂ ਲਗਾ ਕੇ ਅਪਣਾ ਰੋਹਬ ਜਮਾਉਣ ਦੀ ਕੋਸ਼ਿਸ਼ ਕੀਤੀ।
ਸਾਡੇ ਅਮੀਰ, ਸਾਡੇ ਤਾਕਤਵਰ ਲੋਕ ਜਦੋਂ ਇਕ ਵੱਡੇ ਜਾਂ ਉੱਚੇ ਮੁਕਾਮ ’ਤੇ ਪਹੁੰਚ ਜਾਂਦੇ ਨੇ ਤਾਂ ਉਨ੍ਹਾਂ ਵਾਸਤੇ ਵਿਖਾਵਾ ਕਰਨਾ ਕਿਉਂ ਜ਼ਰੂਰੀ ਹੋ ਜਾਂਦਾ ਹੈ? ਉਨ੍ਹਾਂ ਵਾਸਤੇ ਸਮਾਜ ਵਿਚ ਅਪਣੀਆਂ ਦਿਲ ਦੀਆਂ ਗਹਿਰਾਈਆਂ ਵਿਚ ਵਸਦੀ ਹਮਦਰਦੀ ਵਿਖਾਉਣ ਦੀ ਸੋਚ ਕਿਉਂ ਨਹੀਂ ਉਗਮਦੀ? ਇਸ ਬਾਰੇ ਚਰਚਾ ਕਰਨੀ ਜ਼ਰੂਰੀ ਹੈ ਕਿਉਂਕਿ ਜਦ ਤਕ ਇਹ ਹਮਦਰਦੀ ਉਨ੍ਹਾਂ ਦੇ ਦਿਲ ’ਚੋਂ, ਉਨ੍ਹਾਂ ਦੇ ਪੈਸੇ ਰਾਹੀਂ, ਉਨ੍ਹਾਂ ਦੇ ਖ਼ਰਚੇ ਵਿਚ ਨਜ਼ਰ ਨਹੀਂ ਆਏਗੀ, ਭਾਰਤ ਦਾ ਸਹੀ ਵਿਕਾਸ ਮੁਮਕਿਨ ਨਹੀਂ ਹੋਵੇਗਾ।
ਇਕ ਪੂੰਜੀਵਾਦੀ ਸਮਾਜ ਵਿਚ ਜਿਹੜੀਆਂ ਸਹੂਲਤਾਂ ਇਕ ਉਦਯੋਗਪਤੀ ਨੂੰ ਮਿਲਦੀਆਂ ਨੇ, ਉਸ ਨਾਲ ਉਸ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅਪਣੇ ਮੁਨਾਫ਼ੇ ਦੇ ਇਕ ਹਿੱਸੇ ਨੂੰ ਮੁੜ ਤੋਂ ਸਮਾਜ ਵਿਚ ਪਾਵੇ ਤਾਕਿ ਉਹ ਸਮਾਜ ਕਮਾਊ ਬਣਿਆ ਰਹੇ। ਅਸੀ ਇਹ ਨਹੀਂ ਕਹਾਂਗੇ ਕਿ ਉਨ੍ਹਾਂ ਵਲੋਂ ਸਮਾਜ ਸੇਵਾ ਕੀਤੀ ਜਾਵੇ ਜਾਂ ਅਪਣਾ ਪੈਸਾ ਦਾਨ ਕੀਤਾ ਜਾਵੇ। ਪੂੰਜੀਵਾਦੀ ਸਮਾਜ ਨੂੰ ਉਪਰ ਚੁਕਣ ਵਾਲੀ ਬੁਨਿਆਦੀ ਸੋਚ ਵਿਚ ਇਨ੍ਹਾਂ ਦਾ ਯੋਗਦਾਨ, ਸਮਾਜ ’ਚ ਅਪਣਾ ਪੈਸਾ ਵਾਪਸ ਲਗਾ ਦੇਣਾ ਹੀ ਹੁੰਦਾ ਹੈ ਜਿਸ ਨਾਲ ਹੋਰ ਰੁਜ਼ਗਾਰ ਪੈਦਾ ਕਰਨ ਤੇ ਵੱਧ ਪੈਸਾ, ਵੱਧ ਲੋਕਾਂ ਦੇ ਹੱਥਾਂ ਵਿਚ ਜਾਣ ਦਾ ਪ੍ਰਬੰਧ ਹੋਵੇ, ਸਮੇਤ ਉਦਯੋਗਪਤੀ ਦੇ, ਤਾਕਿ ਸਮਾਜ ਦਾ ਪਹੀਆ ਚਲਦਾ ਰਹੇ।
ਸਾਡਾ ਜਿਹੜਾ ਅਮੀਰ ਵਰਗ ਹੈ, ਉਸ ਨੂੰ ਅਜੇ ਪ੍ਰਦਰਸ਼ਨ ਦਾ ਨੰਗਾ ਨਾਚ ਵਿਖਾ ਕੇ ਜੋ ਸਕੂਨ ਮਿਲ ਰਿਹਾ ਹੈ, ਉੁਹ ਪੂੰਜੀਵਾਦ ਦੀ ਸਹੀ ਪ੍ਰੀਭਾਸ਼ਾ ਨਹੀਂ ਹੈ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਉਦਯੋਗਪਤੀਆਂ ਦੇ ਮਨਾਂ ਵਿਚ ਧੁਰ ਅੰਦਰ ਦੀ ਲਾਲਸਾ ਤੇ ਲਾਲਚ ਸ਼ਾਂਤ ਹੋ ਜਾਣਗੇ ਤੇ ਉਹ ਅਪਣੇ ਉਤੇ ਪਈਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਕਾਬਲੀਅਤ ਅਪਣੇ ਅੰਦਰੋਂ ਹੀ ਜੁਟਾ ਸਕਣ ਯੋਗ ਹੋ ਜਾਣਗੇ। - ਨਿਮਰਤ ਕੌਰ