ਕਾਂਗਰਸੀ ਲੋਕਤੰਤਰ ਦੀ ਅਸਲੀਅਤ ਉਹ ਨਹੀਂ ਜੋ ਵਿਖਾਈ ਜਾ ਰਹੀ ਹੈ!
Published : Oct 20, 2022, 7:15 am IST
Updated : Oct 20, 2022, 7:47 am IST
SHARE ARTICLE
Congress
Congress

ਇਹ ਚੋਣਾਂ ਲੋਕਤੰਤਰ ਦੀ ਨਹੀਂ ਬਲਕਿ ਕਾਂਗਰਸੀਆਂ ਦੇ ਲੋਕਤੰਤਰ ਤੋਂ ਦੂਰ ਜਾਣ ਦੀ ਨਿਸ਼ਾਨੀ ਹੈ।

 

ਕਾਂਗਰਸ ਦੀਆਂ ਅੰਦਰੂਨੀ ਚੋਣਾਂ ਵਿਚ 96 ਫ਼ੀ ਸਦੀ ਕਾਂਗਰਸੀ ਡੈਲੀਗੇਟਾਂ ਨੇ ਵੋਟ ਪਾਈ ਤੇ ਕਾਂਗਰਸ ਦਾ ਦਾਅਵਾ ਹੈ ਕਿ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇਸ਼ ਵਿਚ ਤੇ ਪਾਰਟੀ ਅੰਦਰ ਵੀ ਲੋਕਤੰਤਰ ਦੀ ਝੰਡਾ-ਬਰਦਾਰ ਹੈ। ਪਰ ਕੀ ਕਾਂਗਰਸ ਜਨਤਾ ਨੂੰ ਜਾਂ ਅਪਣੇ ਆਪ ਨੂੰ ਲੋਰੀਆਂ ਦੇ ਕੇ ਸਵਾਉਣ ਦਾ ਯਤਨ ਕਰ ਰਹੀ ਹੈ? ਕੀ ਸਾਡੇ ਸਿਆਸਤਦਾਨ ਇਸ ਨੂੰ ਲੋਕਤੰਤਰ ਮੰਨਦੇ ਹਨ? ਕੀ ਕਾਂਗਰਸ ਦੇ ਵਰਕਰਾਂ ਕੋਲ ਕੋਈ ਦੂਜਾ ਰਾਹ ਵੀ ਖੁਲ੍ਹਾ ਰਹਿਣ ਦਿਤਾ ਗਿਆ ਸੀ? ਇਕ ਗੱਲ ਤਾਂ ਸਪੱਸ਼ਟ ਹੈ ਕਿ ਕਾਂਗਰਸੀ ਡੈਲੀਗੇਟ, ਪਾਰਟੀ ਦੇ ਨਹੀਂ ਬਲਕਿ ਗਾਂਧੀ ਪ੍ਰਵਾਰ ਦੇ ਵਫ਼ਾਦਾਰ ਹਨ। ਕਾਂਗਰਸ ਵਿਚ ਬੈਠਾ ਹਰ ਵਰਕਰ ਅੱਜ ਕਾਂਗਰਸ ਦਾ ਵਫ਼ਾਦਾਰ ਘੱਟ ਤੇ ਗਾਂਧੀ ਪ੍ਰਵਾਰ ਦਾ ਵਫ਼ਾਦਾਰ ਜ਼ਿਆਦਾ ਹੈ ਕਿਉਂਕਿ ਉਹ ਗਾਂਧੀ ਪ੍ਰਵਾਰ ਨੂੰ ਬਚਾਉਣ ਵਾਸਤੇ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਨੂੰ ਵੀ ਕੁਰਬਾਨ ਕਰਨ ਨੂੰ ਤਿਆਰ ਹੈ।

ਰਾਹੁਲ ਗਾਂਧੀ ਦਿਲ ਦੇ ਬੜੇ ਚੰਗੇ ਤੇ ਲੋਕਾਂ ਦੇ ਹਿਤ ਵਿਚ ਸੋਚਣ ਵਾਲੇ ਨੇਤਾ ਹਨ। ਨਫ਼ਰਤ ਵਿਰੁਧ ਲੜਨ ਵਾਲੇ ਵੀ ਹਨ ਪਰ ਉਹ ਇਕ ਚਤੁਰ ਆਗੂ ਨਹੀਂ ਹਨ ਤੇ ਇਹ ਵੀ ਜਾਣਦੇ ਹਨ ਕਿ ਉਹ ਅਜਿਹੇ ਕੰਮ ਨਹੀਂ ਕਰ ਸਕਦੇ ਜੋ ਸੋਨੀਆ ਗਾਂਧੀ ਜਾਂ ਕਿਸੇ ਵੀ ਹੋਰ ਪਾਰਟੀ ਪ੍ਰਧਾਨ ਨੂੰ ਕਰਨਾ ਪੈਂਦਾ ਹੈ। ਉਹ ਪਿੱਛੇ ਹਟ ਗਏ ਪਰ ਪ੍ਰਧਾਨਗੀ ਚੋਣ ਵਿਚ ਵੀ ਕਾਂਗਰਸੀ ਵਰਕਰਾਂ ਨੇ ਸੋਨੀਆ ਗਾਂਧੀ ਨੂੰ ਜਿਤਾ ਦਿਤਾ ਕਿਉਂਕਿ ਖੜਗੇ ਉਨ੍ਹਾਂ ਦਾ ਹੀ ਪ੍ਰਤੀਬਿੰਬ ਜਾਂ ਪਰਛਾਵਾਂ ਮਾਤਰ ਹਨ।  ਅੱਜ ਜੇ ਅਸਲ ਵਿਚ ਕਾਂਗਰਸੀ ਵਰਕਰਾਂ ਨੂੰ ਅਪਣੀ ਪਾਰਟੀ ਨੂੰ ਨਵਾਂ ਰੰਗ ਰੂਪ ਦੇਣ ਵਾਲਾ ਆਗੂ ਚੁਣਨ ਦੀ ਇੱਛਾ ਹੁੰਦੀ ਤਾਂ ਉਹ ਸ਼ਸ਼ੀ ਥਰੂਰ ਨੂੰ ਵੋਟ ਦੇਂਦੇ। ਸ਼ਸ਼ੀ ਥਰੂਰ ਚਾਹੇ ਪਾਰਟੀ ਦੇ ਹਰ ਵਰਕਰ ਨੂੰ ਨਹੀਂ ਜਾਣਦੇ ਪਰ ਉਸ ਕੋਲ ਅੱਗੇ ਆ ਕੇ ਡੁਬਦੀ ਪਾਰਟੀ ਨੂੰ ਬਚਾਉਣ ਦੀ ਹਿੰਮਤ ਤਾਂ ਹੈ।

ਅੱਜ ਕਾਂਗਰਸੀ ਵਰਕਰ, ਵਫ਼ਾਦਾਰੀ ਨਿਭਾਉਂਦਾ ਨਿਭਾਉਂਦਾ ਇਹ ਭੁਲ ਗਿਆ ਹੈ ਕਿ ਉਹ ਆਜ਼ਾਦੀ ਦਿਵਾਉਣ ਵਾਲੀ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਵਚਨਬੱਧ ਹੈ ਕਿ ਉਹ ਲੋਕਤੰਤਰ ਤੇ ਸੰਵਿਧਾਨ ਦਾ ਵਫ਼ਾਦਾਰ ਰਹੇ। ਉਹ ਭੁਲ ਗਿਆ ਹੈ ਕਿ ਉਹ ਇਕ ਪਾਲਤੂ ਜਾਨਵਰ ਵਾਂਗ ਵਫ਼ਾਦਾਰੀ ਨਿਭਾਉਣ ਵਾਲਾ ਕਿਰਦਾਰ ਨਹੀਂ ਜਿਸ ਨੂੰ ਇਹ ਵੀ ਪਤਾ ਨਹੀਂ ਕਿ ਮੇਰਾ ਹੁਕਮਰਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦੈ। ਬੱਸ ਜਿਸ ਦੇ ਹੱਥ ਵਿਚ ਰੱਸੀ, ਉਹੀ ਮਾਲਕ। ਕਾਂਗਰਸ ਵਰਕਰਾਂ/ਡੈਲੀਗੇਟਾਂ ਵਿਚ ਅੱਜ ਜਾਨ ਹੁੰਦੀ ਤਾਂ ਸਿਰਫ਼ ਸ਼ਸ਼ੀ ਥਰੂਰ ਹੀ ਨਹੀਂ, ਹੋਰ ਲੋਕ ਵੀ ਅੱਗੇ ਆ ਕੇ ਜ਼ਿੰਮੇਵਾਰੀ ਲੈਣ ਦੀ ਸੋਚਦੇ ਤੇ ਅਪਣਾ ਨਾਮ ਚੋਣ ਵਿਚ ਉਤਾਰਦੇ।

ਕਾਂਗਰਸ ਵਿਚ ਜੀ-40 ਜਾਂ ਹੋਰ ਨਰਾਜ਼ ਲੋਕਾਂ ਦੀ ਸੂਚੀ ਤਾਂ ਹੁਣ ਹੋਰ ਵੀ ਵੱਡੀ ਹੋ ਗਈ ਹੈ ਜੋ ਆਏ ਦਿਨ ਭਾਜਪਾ ਵਿਚ ਸ਼ਾਮਲ ਹੋ ਜਾਂਦੇ ਹਨ ਪਰ ਕਿਸੇ ਵਿਚ ਏਨੀ ਹਿੰਮਤ ਨਹੀਂ ਕਿ ਉਹ ਪ੍ਰਧਾਨਗੀ ਚੋਣ ਨੂੰ ਪਾਰਟੀ ਬਚਾਉਣ ਦਾ ਮੌਕਾ ਸਮਝਦੇ। ਅਪਣੀਆਂ ਕੁਰਸੀਆਂ ’ਤੇ ਬੈਠ ਕੇ ਟਿਪਣੀ ਕਰਨੀ ਬੜੀ ਸੌਖੀ ਹੈ ਤੇ ਜ਼ਿਆਦਾਤਰ ਕਾਂਗਰਸੀ ਸੌਖਾ ਜੀਵਨ ਜਿਉਣ ਦੇ ਆਦੀ ਹੋ ਚੁੱਕੇ ਹਨ। ਉਨ੍ਹਾਂ ਅੰਦਰ ਇਕ ਦੂਜੇ ਦੀ ਨਿੰਦਾ ਕਰਨ ਦੀ ਖ਼ਸਲਤ ਤਾਂ ਬੜੀ ਪ੍ਰਚੰਡ ਅਵੱਸਥਾ ਵਿਚ ਹੈ ਪਰ ਅਪਣੀ ਪਾਰਟੀ ਨੂੰ ਬਚਾਉਣ ਵਾਸਤੇ ਦੋ ਕਦਮ ਅੱਗੇ ਵਲ ਪੁੱਟਣ ਦੀ ਹਿੰਮਤ ਨਹੀਂ ਰਹੀ। 

ਸੋਨੀਆ ਗਾਂਧੀ ਸਿਰ ਦੋਸ਼ ਮੜਿ੍ਹਆ ਜਾ ਸਕਦਾ ਹੈ ਕਿ ਉਹ ਕਿਸੇ ਹੋਰ ਨੂੰ ਅਪਣੇ ਪੁੱਤਰ ਦੇ ਮੁਕਾਬਲੇ ਉਤਰਨ ਹੀ ਨਹੀਂ ਦੇਂਦੇ ਜਾਂ ਉਹ ਸਮਝ ਗਏ ਹਨ ਕਿ ਜ਼ਿੰਮੇਵਾਰੀ ਲੈਣ ਦੀ ਕਾਬਲੀਅਤ ਅਜੇ ਕਾਂਗਰਸੀਆਂ ਅੰਦਰ ਪੈਦਾ ਹੀ ਨਹੀਂ ਹੋ ਸਕੀ। ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਕਾਂਗਰਸੀ ਇਹ ਜ਼ਰੂਰ ਸੋਚਣਗੇ ਕਿ ਇਸ ਵਿਚ ਮੇਰਾ ਕੀ ਫ਼ਾਇਦਾ ਹੈ। ਜੇ ਨਿਜੀ ਫ਼ਾਇਦਾ ਨਹੀਂ ਤਾਂ ਉਹ ਕੋਈ ਕੰਮ ਨਹੀਂ ਕਰਨਗੇ। ਇਹ ਚੋਣਾਂ ਲੋਕਤੰਤਰ ਦੀ ਨਹੀਂ ਬਲਕਿ ਕਾਂਗਰਸੀਆਂ ਦੇ ਲੋਕਤੰਤਰ ਤੋਂ ਦੂਰ ਜਾਣ ਦੀ ਨਿਸ਼ਾਨੀ ਹੈ। ਇਸ ਪਾਰਟੀ ਵਿਚ ਜਿਸ ਨੂੰ ਮਜ਼ਾਕ ਵਿਚ ਸ਼ਹਿਜ਼ਾਦਾ ਆਖਿਆ ਜਾਂਦਾ ਹੈ, ਉਹ ਤਾਂ ਫਿਰ ਵੀ ਕੰਮ ਕਰ ਲੈਂਦਾ ਹੈ ਪਰ ਬਾਕੀ ਸਾਰੇ ਤਾਂ ਸ਼ਹਿਨਸ਼ਾਹ ਦੇ ਸਿਰ ਤੇ ਹੀ ਚਲੀ ਜਾਂਦੇ ਹਨ। 
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement