
ਪਰ ਉੱਚ-ਜਾਤੀ ਦੇ 'ਪੇਸ਼ਵਾਵਾਂ' ਵਿਰੁਧ ਦਲਿਤ ਮੋਰਚਾ ਵੀ ਗੁਜਰਾਤ ਵਾਂਗ ਸਰਗਰਮ ਰਹੇਗਾ
ਰਜਨੀਕਾਂਤ ਦੇ ਫ਼ੈਸਲੇ ਅਤੇ ਲਫ਼ਜ਼ਾਂ ਨੂੰ ਸੁਰਖ਼ੀਆਂ ਵਿਚ ਥਾਂ ਮਿਲ ਸਕਦੀ ਹੈ ਪਰ ਕਿਸੇ ਵੱਡੀ ਤਬਦੀਲੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ, ਜਿਗਨੇਸ਼ ਮੇਵਾਨੀ (ਗੁਜਰਾਤ ਦੇ ਵਿਧਾਇਕ ਅਤੇ ਦਲਿਤ ਆਵਾਜ਼), ਸੋਨੀ ਸ਼ੌਰੀ (ਛੱਤੀਸਗੜ੍ਹ), ਉਮਰ ਖ਼ਾਲਿਦ (ਨਹਿਰੂ 'ਵਰਸਟੀ), ਮੌਲਾਨਾ ਹਾਮਿਦ ਅੰਸਾਰੀ (ਏ.ਆਈ.ਐਮ.ਪੀ.ਐਲ.ਬੀ.), ਪ੍ਰਕਾਸ਼ ਅੰਬੇਦਕਰ (ਅੰਬੇਦਕਰ ਦਾ ਪੋਤਰਾ) ਅਤੇ ਹੋਰਨਾਂ ਨੇ 1818 ਵਿਚ 2000 ਉੱਚ ਜਾਤੀ 'ਪੇਸ਼ਵਾ' ਮਰਾਠਿਆਂ ਨਾਲ 800 ਦਲਿਤਾਂ ਦੀ ਹਥਿਆਰਬੰਦ ਲੜਾਈ ਵਿਚ ਹੋਈ ਪਹਿਲੀ ਜਿੱਤ ਦੀ 200ਵੀਂ ਵਰ੍ਹੇਗੰਢ ਮੌਕੇ ਅੱਜ ਦੇ ਨਵੇਂ ਉੱਚ ਜਾਤੀ 'ਪੇਸ਼ਵਾਵਾਂ' (ਆਰ.ਐਸ.ਐਸ. ਅਤੇ ਬਾਕੀ ਕੱਟੜ ਹਿੰਦੂਵਾਦੀਆਂ) ਵਿਰੁਧ ਪਹਿਲੀ ਜਨਵਰੀ 2018 ਨੂੰ ਹੀ ਮੋਰਚਾ ਖੋਲ੍ਹ ਲਿਆ ਹੈ।
2018 ਵਿਚ ਭਾਰਤ ਦੇ ਅੱਠ ਸੂਬਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਤੋਂ ਬਾਅਦ ਸਾਰਾ ਭਾਰਤ ਲੋਕ ਸਭਾ ਚੋਣਾਂ ਦਾ ਸਾਹਮਣਾ ਕਰੇਗਾ। 'ਸਾਹਮਣਾ' ਇਸ ਕਰ ਕੇ ਕਿਉਂਕਿ ਜਿਸ ਤਰ੍ਹਾਂ ਗੁਜਰਾਤ ਚੋਣਾਂ ਵਿਚ ਸੱਭ ਦੇ ਅਸਲੀ ਚਿਹਰੇ ਸਾਹਮਣੇ ਆ ਗਏ ਸਨ, ਆਉਣ ਵਾਲੀਆਂ ਵਿਧਾਨ ਸਭਾਈ ਚੋਣਾਂ ਵਿਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕਰਨਾਟਕ ਵਿਚ ਵੀ ਤਿੱਖੀ ਟੱਕਰ ਹੋਣ ਵਾਲੀ ਹੈ ਅਤੇ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੋਣਾ ਤੈਅ ਹੈ। ਰਜਨੀਕਾਂਤ ਨੇ ਅਪਣੀ ਫ਼ਿਲਮੀ ਹਰਮਨ-ਪਿਆਰਤਾ ਦੇ ਦਮ ਤੇ ਸਿਆਸਤ ਵਿਚ ਕਦਮ ਰਖਿਆ ਹੈ ਅਤੇ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਵੀ ਪਤਾ ਹੈ ਕਿ ਲੋਕ ਇਨ੍ਹਾਂ ਦੋਹਾਂ ਤੋਂ ਇਲਾਵਾ ਕੋਈ ਤੀਜਾ ਬਦਲ ਲੱਭਣ ਵਿਚ ਕਾਮਯਾਬ ਨਹੀਂ ਹੋ ਰਹੇ।ਪਰ ਕੀ ਰਜਨੀਕਾਂਤ ਵਰਗੀ ਫ਼ਿਲਮੀ ਹਸਤੀ ਭਾਰਤ ਦੀ ਸਿਆਸੀ ਦਲਦਲ ਦਾ ਕੋਈ ਹੱਲ ਪੇਸ਼ ਕਰ ਸਕਦੀ ਹੈ? ਰਜਨੀਕਾਂਤ ਨੇ ਆਖਿਆ ਹੈ ਕਿ ਅੱਜ ਤਕ ਹਰ ਸਿਆਸੀ ਪਾਰਟੀ ਦੇਸ਼ ਨੂੰ ਲੁਟਦੀ ਆਈ ਹੈ। ਉਹ ਅਜੇ ਸਿਆਸਤ ਦੇ ਦਾਗ਼ੀ ਰੰਗ ਰੂਪ ਅਤੇ ਲੋਕਤੰਤਰ ਦੀਆਂ ਕਮਜ਼ੋਰੀਆਂ ਵਲ ਉਂਗਲ ਕਰ ਕੇ ਸਿਆਸਤ ਵਿਚ ਪੈਰ ਰੱਖਣ ਲਗੇ ਹਨ। ਉਨ੍ਹਾਂ ਦੇ ਸ਼ਬਦਾਂ ਤੋਂ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਆਮ ਆਦਮੀ ਪਾਰਟੀ ਵਾਲੇ ਨਾਹਰਿਆਂ ਦੀ ਯਾਦ ਆਉਂਦੀ ਹੈ। ਉਹ ਵੀ ਭ੍ਰਿਸ਼ਟਾਚਾਰ ਵਿਰੁਧ ਇਕ ਮੋਰਚਾ ਖੋਲ੍ਹ ਕੇ ਆਏ ਸਨ ਪਰ ਨਿਜੀ ਲਾਲਸਾਵਾਂ ਦੇ ਛੱਪੜ ਵਿਚ ਵਿਚ ਸੱਭ ਕੁੱਝ ਰੋੜ੍ਹ ਬੈਠੇ। ਅਜ ਉਨ੍ਹਾਂ ਨੂੰ 'ਚਪੜਾਸੀ' ਵਾਂਗ ਕੇਂਦਰ ਅਤੇ ਉਪ ਰਾਜਪਾਲ ਵਿਚਕਾਰ ਭਜਾਇਆ ਜਾ ਰਿਹਾ ਹੈ ਪਰ ਜਨਤਾ ਵਲੋਂ ਉਫ਼ ਤਕ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਜਨਤਾ ਦੇ ਭਰੋਸੇ ਦਾ ਮਾਣ ਨਹੀਂ ਰਖਿਆ ਤੇ ਜਨਤਾ ਚੁੱਪ ਕਰ ਕੇ ਇਕ ਪਾਸੇ ਹੋ ਕੇ ਬੈਠ ਗਈ ਹੈ।ਰਜਨੀਕਾਂਤ ਅਜੇ ਸਿਰਫ਼ ਤਾਮਿਲਨਾਡੂ ਦੀ ਰਾਜਨੀਤੀ ਵਿਚ ਸਾਫ਼ ਸਫ਼ਾਈ ਲਿਆਉਣ ਬਾਰੇ ਗੱਲ ਕਰ ਰਹੇ ਹਨ। ਪਰ ਉਹ ਇਕ ਅਦਾਕਾਰ ਹੋਣ ਕਰ ਕੇ, ਅਪਣੀ ਫ਼ਿਲਮੀ ਪ੍ਰਸਿੱਧੀ ਦਾ ਖਟਿਆ ਖਾਣ ਲਈ ਹੀ ਸਿਆਸਤ ਵਿਚ ਕਦਮ ਰੱਖ ਰਹੇ ਹਨ। ਇਹ ਤਾਂ ਉਹੀ ਪ੍ਰਥਾ ਹੈ ਜਿਸ ਤੇ ਟੇਕ ਰੱਖ ਕੇ ਐਮ.ਜੀ.ਆਰ. ਅਤੇ ਜੈਲਲਿਤਾ ਨੇ ਸਿਆਸਤ ਵਿਚ ਪੈਰ ਰਖਿਆ ਸੀ। ਉਨ੍ਹਾਂ ਨੇ ਅਪਣੇ ਜੀਵਨਕਾਲ ਵਿਚ ਕੋਈ ਅਜਿਹਾ ਸਮਾਜਕ ਕੰਮ ਨਹੀਂ ਕੀਤਾ ਜਿਸ ਨਾਲ ਉਨ੍ਹਾਂ ਦੇ ਨਵੇਂ ਉਪਰਾਲੇ ਤੋਂ ਕੋਈ ਨਵੀਂ ਉਮੀਦ ਦਿਸ ਆਉਂਦੀ ਹੋਵੇ। ਹਾਂ, ਉਨ੍ਹਾਂ ਦੇ ਵਿਰੋਧੀਆਂ ਨੂੰ ਖ਼ਤਰਾ ਜ਼ਰੂਰ ਹੋ ਸਕਦਾ ਹੈ ਕਿਉਂਕਿ ਤਾਮਿਲਨਾਡੂ ਵਿਚ ਫ਼ਿਲਮੀ ਅਦਾਕਾਰਾਂ ਨੂੰ ਰੱਬ ਦਾ ਦਰਜਾ ਹੀ ਦਿਤਾ ਜਾਂਦਾ ਹੈ।
ਰਜਨੀਕਾਂਤ ਦੇ ਫ਼ੈਸਲੇ ਅਤੇ ਲਫ਼ਜ਼ਾਂ ਨੂੰ ਸੁਰਖ਼ੀਆਂ ਵਿਚ ਥਾਂ ਮਿਲ ਸਕਦੀ ਹੈ ਪਰ ਕਿਸੇ ਵੱਡੀ ਤਬਦੀਲੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ, ਜਿਗਨੇਸ਼ ਮੇਵਾਨੀ (ਗੁਜਰਾਤ ਦੇ ਵਿਧਾਇਕ ਅਤੇ ਦਲਿਤ ਆਵਾਜ਼), ਸੋਨੀ ਸ਼ੌਰੀ (ਛੱਤੀਸਗੜ੍ਹ), ਉਮਰ ਖ਼ਾਲਿਦ (ਨਹਿਰੂ 'ਵਰਸਟੀ), ਮੌਲਾਨਾ ਹਾਮਿਦ ਅੰਸਾਰੀ (ਏ.ਆਈ.ਐਮ.ਪੀ.ਐਲ.ਬੀ.), ਪ੍ਰਕਾਸ਼ ਅੰਬੇਦਕਰ (ਅੰਬੇਦਕਰ ਦਾ ਪੋਤਰਾ) ਅਤੇ ਹੋਰਨਾਂ ਨੇ 1818 ਵਿਚ 2000 ਉੱਚ ਜਾਤੀ 'ਪੇਸ਼ਵਾ' ਮਰਾਠਿਆਂ ਨਾਲ 800 ਦਲਿਤਾਂ ਦੀ ਹਥਿਆਰਬੰਦ ਲੜਾਈ ਵਿਚ ਹੋਈ ਪਹਿਲੀ ਜਿੱਤ ਦੀ 200ਵੀਂ ਵਰ੍ਹੇਗੰਢ ਮੌਕੇ ਅੱਜ ਦੇ ਨਵੇਂ ਉੱਚ ਜਾਤੀ 'ਪੇਸ਼ਵਾਵਾਂ' (ਆਰ.ਐਸ.ਐਸ. ਅਤੇ ਬਾਕੀ ਕੱਟੜ ਹਿੰਦੂਵਾਦੀਆਂ) ਵਿਰੁਧ ਪਹਿਲੀ ਜਨਵਰੀ 2018 ਨੂੰ ਹੀ ਮੋਰਚਾ ਖੋਲ੍ਹ ਲਿਆ ਹੈ। ਮੋਰਚਾ ਇਕ ਕਾਨਫ਼ਰੰਸ ਰਾਹੀਂ ਪੂਨੇ ਵਿਚ ਖੋਲ੍ਹਿਆ ਗਿਆ ਹੈ ਜਿਥੇ ਸ਼ੁਰੂਆਤ ਵਿਚਾਰ ਵਟਾਂਦਰੇ ਨਾਲ ਹੋਵੇਗੀ।
ਹਾਲਾਂਕਿ ਇਨ੍ਹਾਂ ਸਾਰਿਆਂ ਦੇ ਆਪਸ ਵਿਚ ਕਈ ਮੁੱਦਿਆਂ ਉਤੇ ਮਤਭੇਦ ਹੋ ਸਕਦੇ ਹਨ ਪਰ ਹੁਣ ਇਹ ਸਾਰੇ ਸਮਾਜ ਵਿਚ ਚਲ ਰਹੀ ਨਫ਼ਰਤ ਵਿਰੁਧ ਇਕੱਠੇ ਹੋ ਰਹੇ ਹਨ।ਰਾਧਿਕਾ ਵੇਮੁਲਾ ਹਿੰਦੂ ਸਮਾਜ ਤੋਂ ਏਨੀ ਨਿਰਾਸ਼ ਹੋ ਗਈ ਸੀ ਕਿ ਉਸ ਨੇ ਅਪਣੇ ਦੂਜੇ ਪੁੱਤਰ ਨਾਲ ਡਾ. ਅੰਬੇਦਕਰ ਵਾਂਗ ਬੁੱਧ ਧਰਮ ਨੂੰ ਅਪਣਾ ਲਿਆ। ਜਿਗਨੇਸ਼ ਜੋ ਅਪਣੇ ਦਲਿਤ ਹੋਣ ਤੇ ਮਾਣ ਕਰਦੇ ਹਨ, ਅਪਣੀ ਲੜਾਈ ਦਲਿਤ ਸਮਾਜ ਵਿਚੋਂ ਹੀ ਲੜਨਗੇ। ਮੁਸਲਮਾਨਾਂ ਨਾਲ ਜੁੜੇ ਹਨ ਕਿਉਂਕਿ ਨਾ ਸਿਰਫ਼ ਉਨ੍ਹਾਂ ਦੇ ਖਾਣ-ਪੀਣ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਸਗੋਂ ਹੁਣ ਤਿੰਨ ਤਲਾਕ ਨੂੰ ਇਕ ਜੁਰਮ ਬਣਾ ਕੇ ਤਿੰਨ ਸਾਲ ਦੀ ਸਖ਼ਤ ਸਜ਼ਾ ਨਾਲ ਉਨ੍ਹਾਂ ਦੇ ਵਿਆਹਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਲਹਿਰ ਵਿਚ ਜੋ ਮੁੱਦਿਆਂ ਦੇ ਜ਼ਖ਼ਮ ਹਨ, ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਵਿਚ ਇਸ ਕਦਰ ਕੁਰੇਦਿਆ ਗਿਆ ਹੈ ਕਿ ਹੁਣ ਦੁਖੀ ਦਲਿਤਾਂ ਦੀ ਇਕ ਫ਼ੌਜ ਤਿਆਰ ਹੋ ਰਹੀ ਹੈ।
ਆਰਥਕ ਮੁੱਦਿਆਂ ਤੇ ਨੌਕਰੀ ਦੇ ਮੁੱਦਿਆਂ ਨੂੰ ਲੈ ਕੇ ਹੁਣ ਭਾਜਪਾ ਕੋਲ ਅੱਛੇ ਦਿਨ ਵਿਖਾਉਣ ਵਾਲਾ ਕੋਈ ਸੁਪਨਾ ਨਹੀਂ ਰਹਿ ਗਿਆ ਕਿਉਂਕਿ ਉਹ ਨੀਤੀਆਂ ਲਾਗੂ ਕਰਨ ਤੇ ਆ ਕੇ ਬੁਰੀ ਤਰ੍ਹਾਂ ਮਾਰ ਖਾ ਜਾਂਦੇ ਹਨ। ਭਾਰਤ ਦੀ ਆਰਥਕ ਹਾਲਤ ਤਾਂ 2009 ਦੀ ਆਲਮੀ ਮੰਦੀ ਸਮੇਂ ਵੀ ਅੱਜ ਜਿੰਨੀ ਮਾੜੀ ਨਹੀਂ ਸੀ। ਸਮਾਜਕ ਨਫ਼ਰਤ ਵਿਰੁਧ ਜਿਹੜੀ ਜੰਗ ਸ਼ੁਰੂ ਕੀਤੀ ਗਈ ਹੈ, ਫ਼ੈਸਲਾ ਉਹ ਕਰੇਗੀ ਕਿ 2019 ਵਿਚ ਨਤੀਜੇ ਕੀ ਹੋਣਗੇ। ਪਰ 2018 ਦੀ ਮੁਕਾਬਲੇਬਾਜ਼ੀ ਅਤੇ ਇਲਜ਼ਾਮਬਾਜ਼ੀ ਵਿਚ ਹੋਰ ਜ਼ਿਆਦਾ ਗਿਰਾਵਟ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ ਤੇ ਹੋਰ ਨਫ਼ਰਤ ਦੀ ਵੀ ਅਤੇ ਇਸ ਆਮ ਸੈਨਾ ਦੇ ਦਮ ਖ਼ਮ ਭਾਜਪਾ ਨੇ ਗੁਜਰਾਤ ਵਿਚ ਵੇਖ ਹੀ ਲਏ ਹਨ। ਇਹ ਸੈਨਾ ਹੀ ਭਾਰਤ ਵਿਚ ਜਾਤ-ਪਾਤ ਦੀ ਸੋਚ ਨੂੰ ਮਿਟਾਉਣ ਦਾ ਕੰਮ ਕਰ ਸਕਦੀ ਹੈ। -ਨਿਮਰਤ ਕੌਰ