
ਗਾਜ਼ਾ ਪੱਟੀ ਵਿਚ ਜੰਗਬੰਦੀ ਸ਼ੁਰੂ ਹੋਣ ਨਾਲ ਜਿੱਥੇ 15 ਮਹੀਨਿਆਂ ਤੋਂ ਅਥਾਹ ਮੁਸੀਬਤਾਂ ਝੇਲ ਰਹੇ ਫ਼ਲਸਤੀਨੀਆਂ ਨੂੰ ਰਾਹਤ ਦੇ ਕੁਝ ਕਿਣਕੇ ਹਾਸਲ ਹੋਏ ਹਨ
Editorial: ਗਾਜ਼ਾ ਪੱਟੀ ਵਿਚ ਜੰਗਬੰਦੀ ਸ਼ੁਰੂ ਹੋਣ ਨਾਲ ਜਿੱਥੇ 15 ਮਹੀਨਿਆਂ ਤੋਂ ਅਥਾਹ ਮੁਸੀਬਤਾਂ ਝੇਲ ਰਹੇ ਫ਼ਲਸਤੀਨੀਆਂ ਨੂੰ ਰਾਹਤ ਦੇ ਕੁਝ ਕਿਣਕੇ ਹਾਸਲ ਹੋਏ ਹਨ, ਉੱਥੇ ਜੰਗਬੰਦੀ ਸਮਝੌਤੇ ਦਾ ਪਹਿਲਾ ਪੜਾਅ ਅਮਨਪੂਰਬਕ ਸਿਰੇ ਚੜ੍ਹਨ ਦੀ ਆਸ ਵੀ ਪੁੰਗਰਨੀ ਸ਼ੁਰੂ ਹੋ ਗਈ ਹੈ।
ਮਿਸਰ, ਕਤਰ ਤੇ ਅਮਰੀਕਾ ਦੀ ਵਿਚੋਲਗਿਰੀ ਤੇ ਯਤਨਾਂ ਸਦਕਾ ਵਜੂਦ ਵਿਚ ਆਏ ਸਮਝੌਤੇ ਨੂੰ ਤਿੰਨ ਪੜਾਵਾਂ ਵਿਚ ਲਾਗੂ ਕੀਤਾ ਜਾਣਾ ਹੈ ਅਤੇ ਇਹ ਅਮਲ ਇਕ ਵਰ੍ਹੇ ਤੋਂ ਵੱਧ ਸਮਾਂ ਲੈ ਸਕਦਾ ਹੈ। ਇਸ ਦੇ ਛੇ ਹਫ਼ਤਿਆਂ ਦੇ ਪਹਿਲੇ ਪੜਾਅ ਨੂੰ ਪਹਿਲੇ ਹੀ ਦਿਨ, ਐਤਵਾਰ ਨੂੰ ਖ਼ਤਰਾ ਖੜਾ ਹੋ ਗਿਆ ਸੀ ਜਦੋਂ ਫ਼ਲਸਤੀਨੀ ਖਾੜਕੂ ਗੁੱਟ ‘ਹਮਾਸ’ ਨੇ ਰਿਹਾਅ ਕੀਤੇ ਜਾਣ ਵਾਲੇ ਤਿੰਨ ਇਜ਼ਰਾਇਲੀ ਬੰਧਕਾਂ ਦੇ ਨਾਮ ਸੂਚਿਤ ਕਰਨ ਵਿਚ ਦੇਰੀ ਕਰ ਦਿੱਤੀ।
ਇਸ ਦੇਰੀ ਦੇ ਜਵਾਬ ਵਿਚ ਇਜ਼ਰਾਈਲ ਨੇ ਗਾਜ਼ਾ ਦੇ ਕੁਝ ਖੇਤਰਾਂ ਵਿਚ ਬੰਬਾਰੀ ਮੁੜ ਸ਼ੁਰੂ ਕਰ ਕੇ 26 ਬੰਦੇ ਮਾਰ ਦਿੱਤੇ। ਹਮਾਸ ਵਲੋਂ ਦੋ ਘੰਟੇ ਪਛੜ ਕੇ ਬੰਧਕਾਂ ਦੇ ਨਾਵਾਂ ਦੀ ਸੂਚੀ ਕੌਮਾਂਤਰੀ ਰੈੱਡ ਕਰਾਸ ਨੂੰ ਮੁਹੱਈਆ ਕਰਵਾਏ ਜਾਣ ਮਗਰੋਂ ਹੀ ਇਜ਼ਰਾਇਲੀ ਬੰਬਾਰੀ ਰੁਕੀ ਅਤੇ ਸਮਝੌਤੇ ਦੇ ਪਹਿਲੇ ਪੜਾਅ ਉੱਤੇ ਅਮਲ ਸ਼ੁਰੂ ਹੋਇਆ।
ਇਜ਼ਰਾਈਲ ਸਰਕਾਰ ਨੇ ਰਿਹਾਅ ਹੋਈਆਂ ਤਿੰਨ ਬੰਧਕ ਮਹਿਲਾਵਾਂ ਦੀ ਜ਼ਿਹਨੀ ਤੇ ਜਿਸਮਾਨੀ ਹਾਲਤ ਬਾਰੇ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ ਹਨ, ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਫ਼ਿਲਹਾਲ ਕੋਈ ਜਵਾਬੀ ਕਾਰਵਾਈ ਨਹੀਂ ਕਰੇਗਾ। ਸਮਝੌਤੇ ਦੀਆਂ ਮੱਦਾਂ ਮੁਤਾਬਕ ਤਿੰਨ ਬੰਧਕਾਂ ਦੀ ਰਿਹਾਈ ਬਦਲੇ 90 ਫ਼ਲਸਤੀਨੀ ਕੈਦੀ ਵੀ ਇਜ਼ਰਾਈਲ ਨੇ ਪੱਛਮੀ ਕੰਢੇ ਦੀ Çਂੲਕ ਜੇਲ ਵਿਚੋਂ ਐਤਵਾਰ ਸ਼ਾਮੀਂ ਰਿਹਾਅ ਕਰ ਦਿਤੇੇ।
ਸਮਝੌਤੇ ਦੇ 42 ਦਿਨਾਂ ਦੇ ਪਹਿਲੇ ਪੜਾਅ ਦੌਰਾਨ ਹਮਾਸ ਨੇ 33 ਬੰਧਕ ਰਿਹਾਅ ਕਰਨੇ ਹਨ। ਉਸ ਦੀ ਹਿਰਾਸਤ ਵਿਚ ਮੌਜੂਦ ਬੰਧਕਾਂ ਦੀ ਸੰਖਿਆ 94 ਤੋਂ 98 ਦੇ ਕਰੀਬ ਦੱਸੀ ਜਾਂਦੀ ਹੈ। 7 ਅਕਤੂਬਰ 2023 ਨੂੰ ਗਾਜ਼ਾ ਪੱਟੀ ਦੇ ਬਾਹਰਵਾਰ ਕਈ ਇਜ਼ਰਾਇਲੀ ਸਿਵਲੀਅਨ ਇਲਾਕਿਆਂ ਉੱਪਰ ਬੋਲੇ ਗਏ ਧਾਵੇ ਦੌਰਾਨ ਹਮਾਸ ਦੇ ਕਾਰਕੁਨਾਂ ਨੇ 1200 ਤੋਂ ਵੱਧ ਇਜ਼ਰਾਇਲੀ ਮਾਰ ਦਿੱਤੇ ਸਨ ਅਤੇ 251 ਬੰਦੀ ਬਣਾ ਲਏ ਸਨ।
ਇਜ਼ਰਾਈਲ ਨੇ ਹਮਾਸ ਦੇ ਇਸ ਵਹਿਸ਼ੀਆਨਾ ਕਾਰੇ ਦਾ ਜਵਾਬ ਗਾਜ਼ਾ ਪੱਟੀ ਉਪਰ ਨਿਰੰਤਰ ਬੰਬਾਰੀ, ਟੈਂਕਾਂ ਰਾਹੀਂ ਗੋਲਾਬਾਰੀ ਅਤੇ ਫ਼ੌਜੀ ਛਾਪਿਆਂ ਦੇ ਰੂਪ ਵਿਚ ਵੱਧ ਜ਼ਾਲਮਾਨਾ ਢੰਗ ਨਾਲ ਦਿਤਾ ਅਤੇ ਛੇਤੀ ਹੀ ਇਹ ਜੰਗ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਦਾ ਰੂਪ ਧਾਰ ਗਈ। ਇਸ ਮੁਹਿੰਮ ਨੇ ਜਿੱਥੇ 20 ਲੱਖ ਤੋਂ ਵੱਧ ਲੋਕਾਂ ਨੂੰ ਨਾ ਸਿਰਫ਼ ਘਰੋਂ ਬੇਘਰ ਕੀਤਾ ਸਗੋਂ 90 ਫ਼ੀ ਸਦੀ ਤੋਂ ਵੱਧ ਇਮਾਰਤਾਂ ਨੂੰ ਮਲਬੇ ਦੇ ਢੇਰਾਂ ਵਿਚ ਬਦਲ ਦਿਤਾ। ਇਹ ਇਜ਼ਰਾਇਲੀ ਕਹਿਰ 46 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ ਅਤੇ ਹਜ਼ਾਰਾਂ ਹੋਰਨਾਂ ਨੂੰ ਅਪਾਹਜ ਤੇ ਨਾਕਾਰਾ ਬਣਾ ਚੁੱਕਾ ਹੈ।
ਦਰਅਸਲ, ਗਾਜ਼ਾ ਪੱਟੀ ਵਿਚ ਮਹਿਜ਼ ਪੰਜ ਫ਼ੀ ਸਦੀ ਇਮਾਰਤਾਂ ਸਲਾਮਤ ਬਚੀਆਂ ਹਨ। ਇਨ੍ਹਾਂ ਵਿਚ ਕੁੱਝ ਮਸਜਿਦਾਂ ਤੇ ਦੋ ਗਿਰਜੇ ਸ਼ਾਮਲ ਹਨ। ਹਮਾਸ ਨੇ 21 ਨਵੰਬਰ 2023 ਨੂੰ ਸ਼ੁਰੂ ਹੋਈ ਚਾਰ-ਰੋਜ਼ਾ ਜੰਗਬੰਦੀ ਸਮੇਂ ਤਕਰੀਬਨ 110 ਇਜ਼ਰਾਇਲੀ ਬੰਧਕ ਰਿਹਾਅ ਕੀਤੇ ਸਨ, ਪਰ ਉਸ ਤੋਂ ਬਾਅਦ ਉਸ ਨੇ ਵੀ ਅੜੀਅਲ ਰੁਖ਼ ਅਖ਼ਤਿਆਰ ਕੀਤਾ। ਦੂਜੇ ਪਾਸੇ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ (ਇਜ਼ਰਾਇਲੀ ਉਚਾਰਣ ਬੇਨਿਆਮਿਨ) ਨੇਤਨਯਾਹੂ ਤੇ ਉਨ੍ਹਾਂ ਦੀ ਕੱਟੜਪੰਥੀ ਸਰਕਾਰ ਦਾ ਰੁਖ਼ ਵੀ ਫ਼ਲਸਤੀਨੀਆਂ ਦੀ ਨਸਲਕੁਸ਼ੀ ਵਾਲਾ ਰਿਹਾ।
ਨੇਤਨਯਾਹੂ ਇਹ ਦਾਅਵਾ ਵਾਰ ਵਾਰ ਕਰਦੇ ਰਹੇ ਕਿ ਉਹ ਹਮਾਸ ਦਾ ਖੁਰਾ-ਖੋਜ ਮਿਟਾ ਕੇ ਰਹਿਣਗੇ। ਇਹ ਟੀਚਾ ਤਾਂ ਪੂਰਾ ਨਹੀਂ ਹੋਇਆ, ਪਰ ਇਨਸਾਨੀਅਤ ਦਾ ਜੋ ਘਾਣ ਇਸ ਟੀਚੇ ਦੇ ਨਾਂਅ ਉੱਤੇ ਹੋਇਆ, ਉਸ ਨੇ ਇਜ਼ਰਾਈਲ ਦੇ ਹਮਦਰਦਾਂ ਨੂੰ ਵੀ ਉਸ ਤੋਂ ਬੇ-ਰੁਖ਼ ਕਰ ਦਿਤਾ। ਕੌਮਾਂਤਰੀ ਹਮਾਇਤ ਵਿਆਪਕ ਪੱਧਰ ’ਤੇ ਖ਼ੁਰ ਜਾਣ ਅਤੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਦੇ ਨਿਰੰਤਰ ਦਬਾਅ ਨੇ ਨੇਤਨਯਾਹੂ ਨੂੰ ਆਖਿਰ ਉਹੀ ਸਮਝੌਤਾ ਮੰਨਣ ਲਈ ਮਜਬੂਰ ਕਰ ਦਿੱਤਾ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਾਲ ਮਈ ਮਹੀਨੇ ’ਚ ਰੱਦ ਕਰ ਦਿੱਤਾ ਸੀ।
ਕੌਮਾਂਤਰੀ ਮਾਮਲਿਆਂ ਦੇ ਮਾਹਿਰ ਮਹਿਸੂਸ ਕਰਦੇ ਹਨ ਕਿ ਹਮਾਸ ਦੀ ਕੋਸ਼ਿਸ਼ ਰਹੇਗੀ ਕਿ ਸਮਝੌਤੇ ਦਾ ਪਹਿਲਾ ਪੜਾਅ ਨਿਰਵਿਘਨ ਸਿਰੇ ਚੜ੍ਹ ਜਾਵੇ ਤਾਂ ਜੋ ਦੂਜਾ ਪੜਾਅ ਆਰੰਭਣ ਵਿਚ ਕੋਈ ਦਿੱਕਤ ਨਾ ਆਵੇ। ਦੂਜੇ ਪੜਾਅ ਵਿਚ ਬਾਕੀ ਦੇ ਬੰਧਕ ਰਿਹਾਅ ਕੀਤੇ ਜਾਣੇ ਹਨ ਅਤੇ ਜਵਾਬ ਵਿਚ ਇਜ਼ਰਾਇਲੀ ਫ਼ੌਜਾਂ ਨੇ ਗਾਜ਼ਾ ਪੱਟੀ ਤੋਂ ਹਟਣਾ ਹੈ। ਫ਼ੌਜਾਂ ਦੇ ਹਟਣ ਮਗਰੋਂ ਹੀ ਹਮਾਸ ਮੁੜ ਜਥੇਬੰਦ ਹੋ ਸਕੇਗੀ। ਤੀਜਾ ਪੜਾਅ ਗਾਜ਼ਾ ਅੰਦਰ ਮੁੜ-ਉਸਾਰੀ ਤੇ ਲੋਕਾਂ ਦੇ ਮੁੜ-ਵਸੇਬੇ ਦਾ ਹੈ। ਪਹਿਲੇ ਪੜਾਅ ਦੌਰਾਨ ਥੋੜ੍ਹੀ ਜਹੀ ਗੜਬੜ ਵੀ ਅਗਲੇ ਦੋ ਪੜਾਵਾਂ ਨੂੰ ਲੀਹੋਂ ਲਾਹ ਸਕਦੀ ਹੈ। ਦੋਵਾਂ ਧਿਰਾਂ ਦੀਆਂ ਸਫ਼ਾਂ ਵਿਚ ਤੱਤੇ ਅਨਸਰਾਂ ਦੀ ਘਾਟ ਨਹੀਂ।
ਅਜਿਹੇ ਅਨਸਰਾਂ ਨੂੰ ਹਮੇਸ਼ਾ ਕਾਬੂ ਵਿਚ ਰੱਖਣਾ ਆਸਾਨ ਨਹੀਂ ਹੁੰਦਾ। ਇਸੇ ਲਈ ਦੋਵਾਂ ਧਿਰਾਂ ਦੀ ਲੀਡਰਸ਼ਿਪ ਨੂੰ ਅਜਿਹੇ ਅਨਸਰਾਂ ਨੂੰ ਕੰਟਰੋਲ ਵਿਚ ਰੱਖਣ ਵਾਸਤੇ ਉਚੇਚੇ ਯਤਨ ਕਰਨੇ ਪੈਣਗੇ। ਅਮਨ ਦੀ ਲੋੜ ਸਿਰਫ਼ ਗਾਜ਼ਾ ਦੇ ਨਿਥਾਂਵਿਆਂ ਤੇ ਬੇਨਿਆਸਰਿਆਂ ਨੂੰ ਹੀ ਨਹੀਂ, ਇਜ਼ਰਾਈਲ ਨੂੰ ਵੀ ਹੈ। ਉਥੋਂ ਦੇ ਲੋਕ ਵੀ ਚੈਨ ਨਾਲ ਜ਼ਿੰਦਗੀ ਜਿਊਣ ਦੇ ਖਾਹਿਸ਼ਮੰਦ ਹਨ। ਇਹ ਖਾਹਿਸ਼ ਫ਼ਲਸਤੀਨੀ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਤੇ ਵਾਜਬ ਮਾਣ-ਸਤਿਕਾਰ ਦੇਣ ਸਦਕਾ ਹੀ ਪੂਰੀ ਹੋ ਸਕਦੀ ਹੈ।