ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਘਟਣ ਦੀ ਥਾਂ ਵੱਧਦੀ ਜਾ ਰਹੀ ਹੈ।
ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਘਟਣ ਦੀ ਥਾਂ ਵੱਧਦੀ ਜਾ ਰਹੀ ਹੈ। ਤਾਜ਼ਾਤਰੀਨ ਖ਼ਾਨਾਜੰਗੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਇਨ੍ਹਾਂ ਟਿੱਪਣੀਆਂ ਨਾਲ ਸ਼ੁਰੂ ਹੋਈ ਕਿ ਪੰਜਾਬ ਕਾਂਗਰਸ ਵਿਚ ਦਲਿਤ ਭਾਈਚਾਰੇ ਨੂੰ ਉਸ ਦੀ ਵਸੋਂ ਦੇ ਅਨੁਪਾਤ ਮੁਤਾਬਿਕ ਨਾ ਮਹੱਤਤਾ ਮਿਲਦੀ ਹੈ ਅਤੇ ਨਾ ਹੀ ਨੁਮਾਇੰਦਗੀ। ਉਨ੍ਹਾਂ ਨੇ ਪਾਰਟੀ ਦੀ ਲੀਡਰਸ਼ਿਪ ਵਲੋਂ ਜੱਟ ਸਿੱਖਾਂ ਨੂੰ ਹੀ ਅਹਿਮੀਅਤ ਦਿੱਤੇ ਜਾਣ ਨੂੰ ਪਾਰਟੀ ਦੇ ਨਿਘਾਰ ਦੀ ਮੁੱਖ ਵਜ੍ਹਾ ਦਸਿਆ। ਉਨ੍ਹਾਂ ਦੀ ਚੰਡੀਗੜ੍ਹ ਵਿਚਲੀ ਤਕਰੀਰ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ, ਉਸ ਮੁਤਾਬਿਕ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ‘ਉੱਚੀ ਜਾਤ’ (ਜੱਟ) ਤੋਂ ਹੈ, ਕਾਂਗਰਸ ਵਿਧਾਇਕ ਪਾਰਟੀ ਦਾ ਨੇਤਾ ਵੀ ‘ਉੱਚੀ ਜਾਤ ਤੋਂ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਵੀ ਜੱਟ ਅਤੇ ਕੁਲ ਹਿੰਦ ਕਾਂਗਰਸ ਦਾ ਪੰਜਾਬ ਤੋਂ ਜਨਰਲ ਸਕੱਤਰ ਵੀ ‘ਉੱਚੀ ਜਾਤ’ ਤੋਂ ਹੈ। ਦਲਿਤ ਭਾਈਚਾਰੇ ਨਾਲ ਕੀ ਇਹ ਜ਼ਿਆਦਤੀ ਨਹੀਂ? ਉਨ੍ਹਾਂ ਨੇ ਇਹ ਟਿੱਪਣੀਆਂ ਕੁਲ ਹਿੰਦ ਕਾਂਗਰਸ ਦੇ ਅਨੁਸੂਚਿਤ ਜਾਤੀ ਪ੍ਰਭਾਗ ਦੇ ਮੁਖੀ ਦੀ ਹਾਜ਼ਰੀ ਵਾਲੀ ਇਕ ਮੀਟਿੰਗ ਵਿਚ ਕੀਤੀਆਂ।
ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਅਪਣੇ ਕਥਨਾਂ ਨੂੰ ਲਿੱਪਣ-ਪੋਚਣ ਦਾ ਯਤਨ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਹੋਣ ਦੇ ਨਾਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਸਿਧਾਂਤ ਦੀ ਪਾਲਣਾ ਕਰਦੀ ਆਈ ਹੈ, ਫਿਰ ਵੀ ਉਨ੍ਹਾਂ ਦੇ ਸ਼ਿਕਵਿਆਂ ਨੂੰ ਉਛਾਲਣ ਅਤੇ ਨੁਕਤਾਚੀਨੀ ਦਾ ਨਿਸ਼ਾਨਾ ਬਣਾਉਣ ਵਿਚ ਉਨ੍ਹਾਂ ਦੇ ਨਿੰਦਕਾਂ-ਆਲੋਚਕਾਂ ਨੇ ਦੇਰ ਨਹੀਂ ਲਾਈ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਹਿਲੀ ਪ੍ਰਤੀਕਿਰਿਆ ਸੀ ਕਿ ਦਲਿਤਾਂ ਦੀ ਅਣਦੇਖੀ ਦੀ ਸ਼ਿਕਾਇਤ ਸਹੀ ਨਹੀਂ। ਚੰਨੀ ਨੂੰ ਮੁੱਖ ਮੰਤਰੀ ਕਾਂਗਰਸ ਨੇ ਹੀ ਬਣਾਇਆ ਸੀ।
ਹੁਣ ਵੀ ਉਹ ਸੰਸਦ ਮੈਂਬਰ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਪਾਰਟੀ ਲੀਡਰਸ਼ਿਪ ਦੀ ਹੀ ਬਦੌਲਤ ਹਨ। ਰਾਜਾ ਵੜਿੰਗ ਨੇ ਵੀ ਭਾਵੇਂ ਬਾਅਦ ਵਿਚ ਅਪਣੀ ਆਲੋਚਨਾ ਦੀ ਸੁਰ ਮੱਠੀ ਕਰਦਿਆਂ ਚੰਨੀ ਦੇ ਕਥਨਾਂ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦਸਿਆ ਅਤੇ ਕੇਂਦਰੀ ਲੀਡਰਸ਼ਿਪ ਦੀ ਸੋਚ-ਸੂਝ ਦੇ ਪ੍ਰਸੰਗ ਵਿਚ ‘ਮਾਨਸ ਕੀ ਜਾਤ’ ਵਾਲਾ ਗੁਰਵਾਕ ਹੀ ਦੁਹਰਾਇਆ, ਪਰ ਪ੍ਰਦੇਸ਼ ਕਾਂਗਰਸ ਦੇ ਹੋਰਨਾਂ ਆਗੂਆਂ ਦੀ ਤਲਖ਼ਕਲਾਮੀ ਮੰਗਲਵਾਰ ਨੂੰ ਵੀ ਬਰਕਰਾਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਚੰਡੀਗੜ੍ਹ ਵਾਲੀ ਮੀਟਿੰਗ ਵਿਚ ਚੰਨੀ ਦੀ ਤਕਰੀਰ ਦਾ ਵਿਰੋਧ ਦਲਿਤ ਆਗੂ ਸੁਖਵਿੰਦਰ ਸਿੰਘ ਡੈਨੀ (ਬੰਡਾਲਾ) ਨੇ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ਚੰਨੀ ਕੇਂਦਰੀ ਲੀਡਰਸ਼ਿਪ ਨੂੰ ਤਾਂ ਦਲਿਤ ਭਾਈਚਾਰੇ ਨੂੰ ਵਿਸਾਰਨ ਦਾ ਦੋਸ਼ੀ ਦੱਸਦੇ ਹਨ, ਪਰ ਜਦੋਂ ਉਹ ਖ਼ੁਦ ਮੁੱਖ ਮੰਤਰੀ ਸਨ ਤਾਂ ਸਾਰੇ ਅਹਿਮ ਅਹੁਦੇ ਉਨ੍ਹਾਂ ਨੇ ਸਿਰਫ਼ ਅਪਣੀ ਜ਼ਾਤ (ਰਵਿਦਾਸੀਆ) ਦੇ ਆਗੂਆਂ ਨੂੰ ਹੀ ਦਿੱਤੇ; ਬਾਕੀ ਦਲਿਤ ਜ਼ਾਤਾਂ, ਖ਼ਾਸ ਕਰ ਕੇ ਵਾਲਮੀਕੀਆਂ ਦੀ ਸਿੱਧੇ ਤੌਰ ’ਤੇ ਅਣਦੇਖੀ ਕੀਤੀ ਗਈ। ਅਜਿਹੀ ਦੂਸ਼ਨਬਾਜ਼ੀ ਤੋਂ ਬਾਅਦ ਵੀ ਚੰਨੀ ਦੇ ਵਿਰੋਧ ਜਾਂ ਹਮਾਇਤ ਵਾਲੀ ਬਿਆਨਬਾਜ਼ੀ ਰੁਕੀ ਨਹੀਂ। ਕੁਝ ਹੋਰ ਆਗੂਆਂ, ਖ਼ਾਸ ਕਰ ਕੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪਾਰਟੀ ਹਾਈ ਕਮਾਂਡ ਨੂੰ ਫ਼ੌਰੀ ਦਖ਼ਲ ਦੇਦ ਅਤੇ ਖ਼ਾਨਾਜੰਗੀ ਬੰਦ ਕਰਵਾਉਦ ਦੀਆਂ ਅਪੀਲਾਂ ਕੀਤੀਆਂ ਹਨ। ਪਰ ਆਪਸੀ ਕਲਹਿ ਦਾ ਹੁਣ ਤਕ ਜੋ ਮੁਜ਼ਾਹਰਾ ਹੋਇਆ ਹੈ, ਉਸ ਨੇ ਪਾਰਟੀ ਦੀ ਸਾਖ਼ ਨੂੰ ਸਿੱਧੇ ਤੌਰ ’ਤੇ ਖੋਰਾ ਲਾਇਆ ਹੈ।
ਦਰਹਕੀਕਤ, ਚੌਧਰ ਦੀ ਲੜਾਈ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਅੰਦਰੂਨੀ ਸਭਿਆਚਾਰ ਦਾ ਹਮੇਸ਼ਾ ਹੀ ਅਹਿਮ ਅੰਗ ਰਹੀ ਹੈ। ਪੰਜਾਬ ਵਿਚ ਤਾਂ ਕਾਂਗਰਸ ਸੱਤਾਵਾਨ ਨਹੀਂ, ਪਰ ਕਰਨਾਟਕ ਤੇ ਤਿਲੰਗਾਨਾ ਵਿਚ ਸੱਤਾਧਾਰੀ ਹੁੰਦਿਆਂ ਹੋਇਆਂ ਵੀ ਇਸ ਦੀ ਧੜੇਬੰਦੀ ਅਕਸਰ ਮੀਡੀਆ ਦੀਆਂ ਸੁਰਖ਼ੀਆਂ ਦੀ ਵਜ੍ਹਾ ਬਣਦੀ ਆਈ ਹੈ। ਦਰਅਸਲ, ਕੋਈ ਵੀ ਪ੍ਰਦੇਸ਼ ਕਾਂਗਰਸ ਕਮੇਟੀ ਧੜਿਆਂ ਦੀ ਖਿੱਚ-ਧੂਹ ਤੋਂ ਮੁਕਤ ਨਹੀਂ। ਕਈ ਸਿਆਸੀ ਪੰਡਿਤਾਂ ਦੀ ਰਾਇ ਹੈ ਕਿ ਅਜਿਹੀ ਧੜੇਬੰਦੀ ਕੇਂਦਰੀ ਲੀਡਰਸ਼ਿਪ ਦੀ ਹੀ ਪੈਦਾਇਸ਼ ਹੈ। ਇਸ ਲੀਡਰਸ਼ਿਪ ਦਾ ਇਸ ਗੱਲ ’ਤੇ ਜ਼ੋਰ ਰਿਹਾ ਹੈ ਕਿ ਕੋਈ ਵੀ ਸੂਬਾਈ ਆਗੂ ਏਨਾ ਕੱਦਾਵਰ ਨਾ ਹੋ ਜਾਵੇ ਕਿ ਉਹ ਕੇਂਦਰੀ ਲੀਡਰਸ਼ਿਪ ਨੂੰ ਹੀ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦੇਵੇ। ਇਸੇ ਲਈ ‘ਅਸਥਿਰਤਾ ਵਿਚ ਹੀ ਭਲਾ’ ਦੇ ਸਿਧਾਂਤ ’ਤੇ ਅਮਲ ਕਰਦਿਆਂ ਹਰ ਪ੍ਰਦੇਸ਼ ਪ੍ਰਧਾਨ ਜਾਂ ਮੁਖ ਮੰਤਰੀ ਦੇ ਹਾਣ ਦੇ ਕਿਸੇ ਨਾ ਕਿਸੇ ਆਗੂ ਨੂੰ ਹਾਈ ਕਮਾਂਡ ਸਿੱਧੇ-ਅਸਿੱਧੇ ਤੌਰ ’ਤੇ ਥਾਪੜਾ ਦਿੰਦੀ ਆਈ ਹੈ।
ਕੇਂਦਰੀ ਲੀਡਰਸ਼ਿਪ ਦੀ ਅਜਿਹੀ ਕਥਿਤ ਰਣਨੀਤੀ ਦੇ ਬਾਵਜੂਦ ਪੰਜਾਬ ਕਾਂਗਰਸ ਵਿਚ ਇਸ ਸਮੇਂ ਜੋ ਕੁਝ ਵਾਪਰ ਰਿਹਾ ਹੈ, ਉਸ ਤੋਂ ਪਾਰਟੀ ਸਫ਼ਾਂ ਵਿਚ ਮਾਯੂਸੀ ਉਪਜਣੀ ਸੁਭਾਵਿਕ ਹੈ। ਵਿਚਾਰਧਾਰਕ ਜਾਂ ਨਿੱਜੀ ਮਤਭੇਦ ਇਨਸਾਨੀ ਸੁਭਾਅ ਦਾ ਹਿੱਸਾ ਹਨ। ਪਰ ਇਹ ਜਥੇਬੰਦਕ ਅਨੁਸ਼ਾਸਨ ਉੱਤੇ ਸਿੱਧੀ ਮਾਰ ਕਰਨ ਦੀ ਵਜ੍ਹਾ ਨਹੀਂ ਬਣਨੇ ਚਾਹੀਦੇ। ਪੰਜਾਬ ਕਾਂਗਰਸ ਅੰਦਰਲੀ ਖ਼ਾਨਾਜੰਗੀ ਉਸ ਸਮੇਂ ਤੇਜ਼ ਹੋਈ ਹੈ ਜਦੋਂ ਰਾਜ ਵਿਚਲੀ ਹੁਕਮਰਾਨ ਧਿਰ ‘ਆਪ’ (ਆਮ ਆਦਮੀ ਪਾਰਟੀ) ਚੁਣਾਵੀ ਮਿਜ਼ਾਜ ਤੇ ਅੰਦਾਜ਼ ਵਿਚ ਆ ਚੁੱਕੀ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਫ਼ਾਂ ਨੇ ਵੀ ਅਜਿਹੀ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਅਪਣਾ ਆਧਾਰ ਵਸੀਹ ਬਣਾਉਣ ਦੇ ਯਤਨਾਂ ਵਿਚ ਪਹਿਲਾਂ ਹੀ ਰੁੱਝੀ ਹੋਈ ਹੈ। ਉਪਰੋਂ, ਅਕਾਲੀ ਦਲ ਨਾਲ ਉਸ ਦੇ ਗੱਠਜੋੜ ਦੀ ਸੁਰਜੀਤੀ ਦੀਆਂ ਸੰਭਾਵਨਾਵਾਂ ਦਾ ਹੁਕਮਰਾਨ ਧਿਰ ‘ਆਪ’ ਵਲੋਂ ਵੀ ਨੋਟਿਸ ਲਿਆ ਜਾ ਰਿਹਾ ਹੈ ਅਤੇ ਕਾਂਗਰਸ ਦੇ ਸੁਹਿਰਦ ਸਮਰਥਕਾਂ ਵਲੋਂ ਵੀ। ਅਜਿਹੀਆਂ ਪ੍ਰਸਥਿਤੀਆਂ ਵਿਚ ਕਾਂਗਰਸ ਹਾਈ ਕਮਾਂਡ ਕਿਹੜਾ ਕਦਮ ਚੁੱਕਦੀ ਹੈ, ਇਸ ਦੀ ਉਡੀਕ ਕਾਂਗਰਸੀ ਸਫ਼ਾਂ ਤੋਂ ਇਲਾਵਾ ਇਸ ਦੇ ਵਿਰੋਧੀਆਂ ਵਲੋਂ ਵੀ ਕੀਤੀ ਜਾ ਰਹੀ ਹੈ।
