ਵੇਖਣਾ ਪੰਜਾਬ ਨੂੰ ਦੂਜਾ ਕਸ਼ਮੀਰ ਬਣਾਉਣਾ ਚਾਹੁਣ ਵਾਲੇ, ਸਾਡੀਆਂ ਨਾਲਾਇਕੀਆਂ ਕਾਰਨ ਕਾਮਯਾਬ ਨਾ ਹੋ ਜਾਣ...
Published : Mar 21, 2023, 6:55 am IST
Updated : Mar 21, 2023, 7:17 am IST
SHARE ARTICLE
Amritpal Singh
Amritpal Singh

ਪੰਜਾਬ ਛੱਡੋ, ਹੁਣ ਸਾਰੇ ਦੇਸ਼ ਵਿਚ ਅੰਮ੍ਰਿਤਪਾਲ ਨੂੰ ਫੜਨ ਦੀ ਗੱਲ ਹੋ ਰਹੀ ਹੈ।

 

ਪੰਜਾਬ ਵਿਚ ਇਕ ਗਹਿਰਾ ਸੰਨਾਟਾ ਛਾਇਆ ਹੋਇਆ ਹੈ ਜਿਸ ਵਿਚ ਕੇਂਦਰੀ ਸੁਰੱਖਿਆ ਬਲਾਂ ਤੇ ਪੰਜਾਬ ਪੁਲਿਸ ਦੀ ਦਗੜ ਦਗੜ ਗਸ਼ਤ ਦੀ ਆਵਾਜ਼ ਗੂੰਜਦੀ ਹੋਣ ਦੇ ਬਾਵਜੂਦ ਸੰਨਾਟਾ ਨਹੀਂ ਟੁਟ ਰਿਹਾ। ਪੰਜਾਬ ਸਦਮੇ ਵਿਚ ਹੈ ਜਿਥੇ ਉਹ ਮੁੜ ਤੋਂ ਅਪਣੇ ਨੌਜੁਆਨਾਂ ਨੂੰ ਸਰਕਾਰ ਦੇ ਨਿਸ਼ਾਨੇ ’ਤੇ ਵੇਖ ਰਿਹਾ ਹੈ ਅਤੇ ਇਸ ਗੱਲ ਨੂੰ ਲੈ ਕੇ ਪੰਜਾਬ ਤੇ ਸਾਰਾ ਦੇਸ਼ ਸਵਾਲ ਚੁਕ ਰਿਹਾ ਹੈ। ਜਿਹੜਾ ਸੂਬਾ ਅਜੇ ਦੋ ਸਾਲ ਪਹਿਲਾਂ ਹੀ ਕਿਸਾਨਾਂ ਦੇ ਹੱਕ-ਸੱਚ ਦੀ ਲੜਾਈ ਦੀ ਅਗਵਾਈ ਕਰ ਰਿਹਾ ਸੀ, ਉਹ ਅੱਜ ਰਾਸ਼ਟਰ ਦੀ ਸੁਰੱਖਿਆ ਲਈ ਖ਼ਤਰਾ ਕਿਉਂ ਦਸਿਆ ਜਾ ਰਿਹਾ ਹੈ? ਪੰਜਾਬ ਛੱਡੋ, ਹੁਣ ਸਾਰੇ ਦੇਸ਼ ਵਿਚ ਅੰਮ੍ਰਿਤਪਾਲ ਨੂੰ ਫੜਨ ਦੀ ਗੱਲ ਹੋ ਰਹੀ ਹੈ। ਜਿਹੜਾ ਮੁੰਡਾ ਸਾਰੇ ਨੌਜਵਾਨਾਂ ਨੂੰ ਸੀਸ ਦੇਣ ਵਾਸਤੇ ਕਹਿ ਰਿਹਾ ਸੀ, ਅੱਜ ਆਪ ਹੀ ਛੁਪਦਾ ਛੁਪਾਉਂਦਾ ਫਿਰ ਰਿਹਾ ਹੈ। ਜਿਹੜੇ ਸਿੱਖ ਕਿਸਾਨਾਂ ਨੇ ਦੇਸ਼ ਦੀ ਸੁਰੱਖਿਆ ਸਾਹਮਣੇ ਖੜੇ ਹੋ ਕੇ ਅਪਣੀ ਫੌਲਾਦੀ ਸੋਚ ਦਾ ਸਬੂਤ ਦਿਤਾ ਸੀ, ਅੱਜ ਉਸੇ ਕੌਮ ਦੇ ਨੌਜੁਆਨ ਆਗੂ ਨੂੰ ਇਸ ਜਥੇਬੰਦੀ ਨੇ ਭਗੌੜਾ ਹੋਣ ਦਾ ਖ਼ਿਤਾਬ ਦਿਵਾ ਦਿਤਾ ਹੈ।

ਕਿਸਾਨ ਅੰਦੋਲਨ ਜਦ ਅਪਣੇ ਸਿਖਰ ’ਤੇ ਸੀ ਤਾਂ 26 ਜਨਵਰੀ ਨੂੰ ਦੀਪ ਸਿੱਧੂ ਨੇ ਲਾਲ ਕਿਲੇ੍ਹ ਵਲ ਮੂੰਹ ਕਰ ਕੇ ਕਿਸਾਨੀ ਸੰਘਰਸ਼ ਦੀ ਲੜਾਈ ਨੂੰ ਜਾਣੇ ਅਨਜਾਣੇ ਦੁਸ਼ਮਣ ਦੀ ਮਾਰ ਹੇਠ ਲਿਆ ਦਿਤਾ ਸੀ। ਅੱਜ ਉਸੇ ਜਥੇਬੰਦੀ ਦੇ ਅਗਲੇ ਆਗੂ ਨੇ ਪੰਜਾਬ ਦੇ ਨਾਂ ਨਾਲ ਫਿਰ ਵੱਖਵਾਦ ਅੱਖਰ ਜੁੜਵਾ ਦਿਤਾ ਹੈ। ਅਜੇ ਸਾਰੇ ਦੇਸ਼ ਵਿਚ ਇਹੀ ਚਰਚਾ ਚਲ ਰਹੀ ਹੈ ਕਿ ਅੰਮ੍ਰਿਤਪਾਲ ਤੇ ਦੀਪ ਸਿੱਧੂ ਪਿੱਛੇ ਖੜੇ ਹੋਣ ਵਾਲੇ ਕਲਸੀ ਕੋਲ ਪਿਛਲੇ ਦੋ ਸਾਲਾਂ ਵਿਚ ਵਿਦੇਸ਼ ’ਚੋਂ 35 ਕਰੋੜ  ਰੁਪਏ ਕਿਵੇਂ ਆਏ ਸਨ? ਉਸ ਨੂੰ ਹੁਣ ਪੰਜਾਬ ਨੂੰ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਆਈ.ਐਸ.ਆਈ., ਐਸ.ਐਫ਼.ਐਸ ਵਰਗੀਆਂ ਜਥੇਬੰਦੀਆਂ ਦਾ ਸਾਥੀ ਦਸਿਆ ਜਾਵੇਗਾ।

ਇਸ ਸਾਰੀ ਵਾਰਦਾਤ ਨਾਲ ਪੰਜਾਬ ਆਪ ਵੀ ਵੰਡਿਆ ਜਾਵੇਗਾ। ਇਕ ਗਰਮ ਸੋਚ ਵਾਲਾ ਤਬਕਾ ਇਸ ਨੂੰ ਸਾਜ਼ਸ਼ ਆਖੇਗਾ ਤੇ ਉਨ੍ਹਾਂ ਦਾ ਦਰਦ  ਵਧੇਗਾ। ਦੂਜਾ ਧੜਾ ਕਹੇਗਾ ਕਿ ਇਹ ਨੌਜੁਆਨ ਗ਼ਲਤ ਰਾਹ ’ਤੇ ਚਲ ਰਹੇ ਸਨ ਅਤੇ ਇਹਨਾਂ ਨੌਜੁਆਨਾਂ ਨੂੰ ਜ਼ਿੰਮੇਵਾਰ ਠਹਿਰਾਉਣਗੇ ਤੇ ਇਹਨਾਂ ਦਾ ਦਰਦ ਵੀ ਵਧੇਗਾ। ਕੁਲ ਮਿਲਾ ਕੇ ਸਾਰੇ ਸਿੱਖ ਤੇ ਪੰਜਾਬੀ ਅੱਜ ਦਰਦ ਵਿਚ ਹਨ। ਕੀ ਗ਼ਲਤੀ ਅੰਮ੍ਰਿਤਪਾਲ ਜਾਂ ਦਲਜੀਤ ਕਲਸੀ ਵਰਗਿਆਂ ਦੀ ਹੈ ਜਾਂ ਕਿਸੇ ਹੋਰ ਦੀ? ਕੀ ਉਹ ਇਸ ਸਾਰੀ ਖੇਡ ਵਿਚ ਮਾਸਟਰ ਮਾਈਂਡ ਹਨ ਜਾਂ ਇਕ ਹੋਰ ਵੱਡੀ ਖੇਡ ਵਿਚ ਪਿਆਦੇ ਹਨ? ਪਰ ਇਕ ਗੱਲ ਤੈਅ ਹੈ ਕਿ ਇਹ ਬਹੁਤ ਡੂੰਘੀ ਖੇਡ ਹੈ ਜਿਹੜੀ ਵਾਰ ਵਾਰ ਰਚੀ ਜਾਂਦੀ ਹੈ ਤਾਕਿ ਪੰਜਾਬ ਦੇ ਨਾਮ ਨਾਲ ਖ਼ਾਲਿਸਤਾਨ ਦਾ ਨਾਮ ਜੋੜੇ ਜਾਣ ਦਾ ਸ਼ੁਗ਼ਲ ਜਾਰੀ ਰਹੇ। ਇਹ ਲੋਕ ਮੰਚਾਂ ਤੋਂ ਜੋ ਆਖਦੇ ਹਨ, ਵਕਤ ਆਉਣ ’ਤੇ ਇਹ ਆਪ ਹੀ ਅਪਣੇ ਸ਼ਬਦਾਂ ’ਤੇ ਖੜੇ ਨਹੀਂ ਰਹਿੰਦੇ। ਸ਼ਾਇਦ ਇਹ ਸਿਰਫ਼ ਪੈਸਿਆਂ ਦੀ ਖੇਡ ਹੈ ਜਿਸ ਦੀ ਗਵਾਹੀ ਦਲਜੀਤ ਕਲਸੀ ਦੇ ਖਾਤੇ ਵਿਚ ਪਿਆ 35 ਕਰੋੜ ਰੁਪਿਆ ਦੇਂਦਾ ਹੈ। ਸੱਚ ਤਾਂ ਇਹ ਲੋਕ ਆਪ ਹੀ ਦਸ ਸਕਣਗੇ।

ਪਰ ਇਕ ਗੱਲ ਸਾਫ਼ ਹੈ ਕਿ ਇਨ੍ਹਾਂ ਨੇ ਪੰਜਾਬ ਵਾਸਤੇ ਖਟਿਆ ਤਾਂ ਕੁੱਝ ਨਹੀਂ ਪਰ ਨੁਕਸਾਨ ਬਹੁਤ ਵੱਡਾ ਕਰ ਗਏ ਹਨ। ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਹੁਣ ਅੱਗੇ ਨਹੀਂ ਵਧੇਗੀ ਤੇ ਬਾਕੀਆਂ ਦੇ ਪੈਰੋਲ ਨੂੰ ਵੀ ਖ਼ਤਰਾ ਬਣ ਗਿਆ ਹੈ। ਦੇਸ਼ ਵਿਦੇਸ਼ ਵਿਚ ਸਿੱਖਾਂ ਨੂੰ ਮੁੜ ਤੋਂ ਅਤਿਵਾਦ ਵਾਲੀ ਸੋਚ ਵਾਲੇ ਲੋਕ ਦਸਿਆ ਜਾਵੇਗਾ। ਜਿਵੇਂ ਇੰਗਲੈਂਡ ਵਿਚ ਭਾਰਤੀ ਝੰਡੇ ’ਤੇ ਹਮਲਾ ਅਪਣੇ ਆਪ ਨੂੰ ‘ਖ਼ਾਲਿਸਤਾਨੀ’ ਅਖਵਾਉਣ ਵਾਲਿਆਂ ਨੇ ਕੀਤਾ ਹੈ, ਲਗਦਾ ਹੈ ਕਿ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜ ਕੇ ਇਸ ਦੇ ਸਾਰੇ ਹੱਕ ਹਕੂਕ, ਕਸ਼ਮੀਰ ਵਾਂਗ ਖ਼ਤਮ ਕਰਨ ਦੀ ਸਾਜ਼ਸ਼ ਰਚੀ ਜਾ ਚੁਕੀ ਹੈ ਅਤੇ ਮੋਹਰੇ ਬਣ ਰਹੇ ਹਨ ਉਹ ਲੋਕ ਜੋ ਪੰਜਾਬ ਲਈ ਮਰ ਮਿਟਣ ਲਈ ਤਿਆਰ ਹੋਣ ਦਾ ਦਾਅਵਾ ਕਰਦੇ ਸਨ। ਇਸ ਵੇਲੇ ਲੋੜ ਹੈ ਅਜਿਹੀਆਂ ਨੀਤੀਆਂ ਘੜਨ ਦੀ ਜਿਨ੍ਹਾਂ ਨਾਲ, ਪੰਜਾਬ ਨੂੰ ਦੂਜਾ ਕਸ਼ਮੀਰ ਬਣਾ ਦੇਣਾ ਚਾਹੁਣ ਵਾਲਿਆਂ ਦੇ ਮਨਸੂਬੇ ਨਾਕਾਮ ਕੀਤੇ ਜਾ ਸਕਣ ਨਾਕਿ ਉਨ੍ਹਾਂ ਮਨਸੂਬਿਆਂ ਨੂੰ ਸਾਡੀਆਂ ਨਾਦਾਨੀਆਂ ਕਾਰਨ ਬਲ ਮਿਲੇ। ਪੰਜਾਬ ਨਾਲ ਧੱਕਾ ਕਰਨ ਵਾਲੇ ਓਨੇ ਹੀ ਹੁਸ਼ਿਆਰ ਹਨ ਜਿੰਨੇ ਕਿ ਅਸੀ ਬਿਨਾਂ ਸੋਚੇ ਸਮਝੇ ਖ਼ਤਰੇ ਸਹੇੜਨ ਵਾਲੇ ਹਾਂ।           - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement