Editorial: ਕ੍ਰਿਕਟ ਹੈਰਾਨੀਜਨਕ ਨਹੀਂ ਪਾਕਿਸਤਾਨੀ ਯੂ-ਟਰਨ
Published : Feb 11, 2026, 7:17 am IST
Updated : Feb 11, 2026, 8:33 am IST
SHARE ARTICLE
Pakistan T20 World Cup Championship
Pakistan T20 World Cup Championship

ਸੁਨੀਲ ਗਾਵਸਕਰ ਨੇ ਹਫ਼ਤਾ ਪਹਿਲਾਂ ਪੇਸ਼ੀਨਗੋਈ ਕੀਤੀ ਸੀ ਕਿ ਪਾਕਿਸਤਾਨ ਟੀ-20 ਵਿਸ਼ਵ ਕੱਪ ਚੈਂਪੀਅਨਸ਼ਿਪ ਦਾ ਭਾਰਤ ਨਾਲ ਮੈਚ ਖੇਡੇਗਾ ਅਤੇ ਬਾਈਕਾਟ ਦਾ ਫ਼ੈਸਲਾ ਵਾਪਸ ਲਵੇਗਾ।

ਸੁਨੀਲ ਗਾਵਸਕਰ ਨੇ ਹਫ਼ਤਾ ਪਹਿਲਾਂ ਪੇਸ਼ੀਨਗੋਈ ਕੀਤੀ ਸੀ ਕਿ ਪਾਕਿਸਤਾਨ ਟੀ-20 ਵਿਸ਼ਵ ਕੱਪ ਚੈਂਪੀਅਨਸ਼ਿਪ ਦਾ ਭਾਰਤ ਨਾਲ ਮੈਚ ਅਵੱਸ਼ ਖੇਡੇਗਾ ਅਤੇ ਇਸ ਮੈਚ ਦੇ ਬਾਈਕਾਟ ਦਾ ਅਪਣਾ ਫ਼ੈਸਲਾ ਵਾਪਸ ਲੈ ਲਵੇਗਾ। ਇਕ ਮੀਡੀਆ ਇੰਟਰਵਿਊ ਦੌਰਾਨ ਗਾਵਸਕਰ ਨੇ ਕਿਹਾ ਸੀ ਕਿ ਪਾਕਿਸਤਾਨੀਆਂ ਨੂੰ ਕੂਹਣੀ-ਮੋੜ (ਯੂ-ਟਰਨ) ਕੱਟਣ ਦੀ ਆਦਤ ਹੈ ਅਤੇ ਦਰਜਨ ਤੋਂ ਵੱਧ ਅਜਿਹੇ ਪਾਕਿਸਤਾਨੀ ਕ੍ਰਿਕਟਰਾਂ ਦੇ ਨਾਮ ਸਹਿਜੇ ਹੀ ਗਿਣਾਏ ਜਾ ਸਕਦੇ ਹਨ ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਛੇ-ਅੱਠ ਮਹੀਨਿਆਂ ਬਾਅਦ ਅਪਣਾ ਫ਼ੈਸਲਾ ਬਦਲਣ ਦਾ ਐਲਾਨ ਵੀ ਓਨੇ ਢੋਲ-ਢਮੱਕੇ ਨਾਲ ਕੀਤਾ, ਜਿੰਨਾ ਕ੍ਰਿਕਟ ਦਾ ਪਿੜ ਛੱਡਣ ਵੇਲੇ ਕੀਤਾ ਸੀ।

ਭਾਰਤੀ ਕ੍ਰਿਕਟ ਦੇ ਪਹਿਲੇ ਸੁਪਰਸਟਾਰ ਨੇ ਤਿੰਨ ਅਜਿਹੇ ਕ੍ਰਿਕਟਰਾਂ ਦੇ ਨਾਮ ਵੀ ਲਏ ਜੋ ‘ਰਿਟਾਇਰਮੈਂਟ’ ਦੇ ਐਲਾਨ ਤੋਂ ਮਹਿਜ਼ ਦੋ ਮਹੀਨਿਆਂ ਦੇ ਅੰਦਰ ਕੂਹਣੀ-ਮੋੜ ਕੱਟ ਗਏ ਅਤੇ ਉਨ੍ਹਾਂ ਵਿਚੋਂ ਦੋ ਤਾਂ ਇਕ ਨਹੀਂ, ਤਿੰਨ ਤਿਨ ਵਾਰ ‘ਰਿਟਾਇਰ’ ਹੋਏ। ਖ਼ੈਰ, ਪਾਕਿਸਤਾਨ ਨੇ ਹੁਣ ਫਿਰ ਅਜਿਹਾ ਮੋੜ ਕੱਟਿਆ ਹੈ ਅਤੇ ਐਲਾਨ ਕੀਤਾ ਹੈ ਕਿ ਉਹ 15 ਫ਼ਰਵਰੀ ਨੂੰ ਭਾਰਤ ਖ਼ਿਲਾਫ਼ ਕੋਲੰਬੋ ਵਿਚ ਲੀਗ ਮੈਚ ਜ਼ਰੂਰ ਖੇਡੇਗਾ। ਅਜਿਹੇ ਯੂ-ਟਰਨ ਤੋਂ ਪਹਿਲਾਂ ਦੋ ਦਿਨ ਜੋ ਨਾਟਕ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਲਾਹੌਰ ਵਿਚ ਚੱਲਿਆ, ਉਹ ਮਹਿਜ਼ ਪਾਕਿਸਤਾਨ ਸਰਕਾਰ ਦਾ ਨੱਕ ਸਲਾਮਤ ਰੱਖਣ ਲਈ ਸੀ। ਕੌਮਾਂਤਰੀ ਕ੍ਰਿਕਟ ਕਾਉਂਸਿਲ (ਆਈ.ਸੀ.ਸੀ.) ਦਾ ਉਪ ਮੁਖੀ ਇਮਰਾਨ ਖਵਾਜਾ ਲਾਹੌਰ ਪਹੁੰਚਿਆ। ਉਸ ਦੇ ਪਿੱਛੇ ਪਿੱਛੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦਾ ਮੁਖੀ ਅਮੀਨਉਲ ਰਹਿਮਾਨ ‘ਬੁਲਬੁਲ’ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਲਾਹੌਰ ਜਾ ਉਤਰਿਆ।

ਉਸ ਨੇ ਪਾਕਿਸਤਾਨ ਸਰਕਾਰ ਤੇ ਕ੍ਰਿਕਟ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਨੂੰ ‘ਨਿਆਂ ਦਿਵਾਉਣ’ ਦੀ ਖ਼ਾਤਿਰ ਪਾਕਿਸਤਾਨੀ ਤੇ ਕੌਮਾਂਤਰੀ ਕ੍ਰਿਕਟ ਦੇ ਹਿਤਾਂ ਦੀ ਬਲੀ ਨਾ ਦੇਣ। ਫਿਰ, ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁਖੀ ਅਤੇ ਮੁਲਕ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਬਿਆਨ ਦਿਤਾ ਕਿ ਸ੍ਰੀਲੰਕਾ ਕ੍ਰਿਕਟ ਬੋਰਡ, ਉਸ ਮੁਲਕ ਦੇ ਰਾਸ਼ਟਰਪਤੀ ਅਨੁਰਾ ਦਿਸ਼ਾਨਾਇਕੇ ਤੇ ਯੂ.ਏ.ਈ. ਕ੍ਰਿਕਟ ਬੋਰਡ ਦੀਆਂ ਅਪੀਲਾਂ ਦੇ ਮੱਦੇਨਜ਼ਰ ਪਾਕਿਸਤਾਨੀ ਵਜ਼ੀਰੇ-ਆਜ਼ਮ ਸ਼ਹਿਬਾਜ਼ ਸ਼ਰੀਫ਼ ਭਾਰਤ ਨਾਲ ਮੈਚ ਦੇ ਬਾਈਕਾਟ ਬਾਰੇ ਫ਼ੈਸਲੇ ਉੱਤੇ ਨਜ਼ਰਸਾਨੀ ਕਰ ਰਹੇ ਹਨ।

ਦਰਅਸਲ, ਇਹ ਨਜ਼ਰਸਾਨੀ ਨਹੀਂ, ਸੌਦੇਬਾਜ਼ੀ ਸੀ। ਆਈ.ਸੀ.ਸੀ. ਕੌਮਾਂਤਰੀ ਕ੍ਰਿਕਟ ਵਿਚ ਦੁਫ਼ੇੜ ਟਾਲਣਾ ਚਾਹੁੰਦੀ ਸੀ, ਪਰ ਉਸ ਨੇ ਪਾਕਿਸਤਾਨੀ ਬੋਰਡ ਨੂੰ ਇਹ ਸਪਸ਼ਟ ਕਰ ਦਿਤਾ ਸੀ ਕਿ ਜੇਕਰ ਪਾਕਿਸਤਾਨ ਨੇ ਭਾਰਤ ਨਾਲ ਮੈਚ ਦਾ ਬਾਈਕਾਟ ਕੀਤਾ ਤਾਂ ਨੁਕਸਾਨ ਦੋ ਅੰਕ ਖੁੱਸਣ ਤਕ ਮਹਿਦੂਦ ਨਹੀਂ ਰਹੇਗਾ। ਪਾਕਿਸਤਾਨ ਨੂੰ ਮੈਚ ਦੀ ਆਮਦਨ ਦਾ ਹਿੱਸਾ ਗਵਾਉਣ ਤੋਂ ਇਲਾਵਾ ਮੋਟਾ ਜੁਰਮਾਨਾ ਵੀ ਅਦਾ ਕਰਨਾ ਪੈਣਾ ਸੀ ਅਤੇ ਕੌਮਾਂਤਰੀ ਕ੍ਰਿਕਟ ਤੋਂ ਸਾਲ-ਦੋ ਸਾਲ ਦੀ ਮੁਅੱਤਲੀ ਵੀ ਭੁਗਤਣੀ ਪੈਣੀ ਸੀ। ਇਸ ਤਰ੍ਹਾਂ, ਇਹ ਨੁਕਸਾਨ ਲੱਖਾਂ ਨਹੀਂ, ਕਰੋੜਾਂ ਡਾਲਰਾਂ ਦਾ ਸੀ। ਇਸ ਨੇ ਪਾਕਿਸਤਾਨੀ ਕ੍ਰਿਕਟ ਨੂੰ ਘੱਟੋਘੱਟ ਪੰਜ ਸਾਲ ਪਿੱਛੇ ਧੱਕ ਦੇਣਾ ਸੀ।

ਅਸਲੀਅਤ ਤਾਂ ਇਹ ਵੀ ਹੈ ਕਿ ਨੁਕਸਾਨ ਇਕੱਲੇ ਪਾਕਿਸਤਾਨ ਦਾ ਨਹੀਂ ਸੀ ਹੋਣਾ। ਮੈਚ ਬਾਈਕਾਟ ਤੋਂ ਸ੍ਰੀਲੰਕਾ ਬੋਰਡ ਦਾ ਵੀ ਵੱਡਾ ਮਾਇਕ ਨੁਕਸਾਨ ਟਿਕਟਾਂ ਦੀ ਵਿਕਰੀ ਤੋਂ ਆਮਦਨ ਦੀ ਅਣਹੋਂਦ ਦੇ ਰੂਪ ਵਿਚ ਵੀ ਹੋਣਾ ਸੀ ਅਤੇ ਉਸ ਮੈਚ ਦੇ ਪ੍ਰਸਾਰਨ ਹੱਕਾਂ ਦੀ ਆਮਦਨ ਦੇ ਖੋਰੇ ਦੇ ਰੂਪ ਵਿਚ ਵੀ। ਭਾਰਤ-ਪਾਕਿ ਮੈਚ ਕੌਮਾਂਤਰੀ ਕ੍ਰਿਕਟ ਵਿਚ ‘ਮਾਇਆ ਦੇ ਢੇਰਾਂ’ ਦੇ ਰੂਪ ਵਿਚ ਜਾਣੇ ਜਾਂਦੇ ਹਨ। ਇਹ ਮੈਚ ਨਾ ਹੋਣ ਦੀ ਸੂਰਤ ਵਿਚ ਪ੍ਰਸਾਰਨ ਹੱਕਾਂ ਵਾਲੀ ਕੰਪਨੀ ਦੀ ਤਾਂ ਭਰਵੀਂ ਮਾਇਕ ਹਾਨੀ ਹੁੰਦੀ ਹੀ ਹੈ, ਆਈ.ਸੀ.ਸੀ. ਦੀ ਆਮਦਨ ਵੀ ਸਿੱਧੇ ਤੌਰ ’ਤੇ ਖ਼ੁਰ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਫੁਟਬਾਲ ਮਹਾਂਸੰਘ (ਫ਼ੀਫ਼ਾ) ਤੋਂ ਬਾਅਦ ਆਈ.ਸੀ.ਸੀ. ਅਜਿਹੀ ਖੇਡ ਸੰਸਥਾ ਹੈ ਜੋ ਅਰਬਾਂ ਡਾਲਰਾਂ ਦਾ ਮੁਨਾਫ਼ਾ ਕਮਾ ਰਹੀ ਹੈ।

ਲਿਹਾਜ਼ਾ, ਇਹ ਸੰਸਥਾ ਇਹ ਕੱਤਈ ਨਹੀਂ ਸੀ ਚਾਹੁੰਦੀ ਕਿ ਇਸ ਦੇ ਵਕਾਰ ਤੇ ਆਮਦਨ ਨੂੰ ਸਿੱਧੇ ਤੌਰ ’ਤੇ ਖੋਰਾ ਲੱਗੇ। ਦਰਅਸਲ, ਭਾਰਤ-ਪਾਕਿ ਮੈਚ ਨੂੰ ਲੀਹ ’ਤੇ ਲਿਆਉਣ ਦੇ ਪੂਰੇ ਪ੍ਰਕਰਣ ਦੌਰਾਨ ਅਸਲ ਫ਼ਾਇਦਾ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੂੰ ਹੋਇਆ। ਪਾਕਿਸਤਾਨ ਨੂੰ ਯੂ-ਟਰਨ ਦਾ ਬਹਾਨਾ ਬਖ਼ਸ਼ਣ ਦੇ ਤਰੱਦਦ ਬਦਲੇ ਆਈ.ਸੀ.ਸੀ. ਵਲੋਂ ਬੀ.ਸੀ.ਬੀ. ਨੂੰ ਉਸ ਹਰਜਾਨੇ ਤੋਂ ਮੁਕਤ ਕੀਤਾ ਜਾਣਾ ਯਕੀਨੀ ਹੈ ਜਿਹੜਾ ਵਿਸ਼ਵ ਕੱਪ ਨਾ ਖੇਡਣ ਦੇ ਬੰਗਲਾਦੇਸ਼ੀ ਫ਼ੈਸਲੇ ਦੀ ਸਜ਼ਾ ਵਜੋਂ ਵਸੂਲਿਆ ਜਾਣਾ ਸੀ।

ਬਹਰਹਾਲ, ‘ਅੰਤ ਭਲਾ, ਸਭ ਭਲਾ’ ਵਾਲਾ ਸਿਧਾਂਤ ਭਾਰਤ-ਪਾਕਿ-ਬੰਗਲਾਦੇਸ਼ ਝਮੇਲੇ ਉਪਰ ਲਾਗੂ ਕਰ ਕੇ ਸਾਰੀਆਂ ਸਬੰਧਿਤ ਧਿਰਾਂ ਭਾਵੇਂ ਖ਼ੈਰ ਮਨਾ ਸਕਦੀਆਂ ਹਨ, ਫਿਰ ਵੀ ਇਸ ਘਟਨਾਵਲੀ ਨੇ ਦਰਸਾ ਦਿਤਾ ਹੈ ਕਿ ਕ੍ਰਿਕਟ ਜਾਂ ਹੋਰ ਖੇਡ ਵੰਨਗੀਆਂ ਗੁਆਂਢੀ ਮੁਲਕਾਂ ਦੀ ਸ਼ਰੀਕੇਬਾਜ਼ੀ ਦੇ ਮਿਆਰ ਤੇ ਸੁਭਾਅ ਉੱਤੇ ਕਿਸ ਹੱਦ ਤਕ ਨਿਰਭਰ ਹਨ। ਖੇਡਾਂ ਤੇ ਸਿਆਸਤ ਨੂੰ ਅਲਹਿਦਾ ਰੱਖਣ ਦੇ ਅਸੂਲ ਉਪਰ ਅਕਸਰ ਜ਼ੋਰ ਦਿਤਾ ਜਾਂਦਾ ਹੈ, ਪਰ ਅਜਿਹੀ ਅਲਹਿਦਗੀ ਸੰਭਵ ਬਣਾਉਣੀ ਜ਼ਾਹਰਾ ਤੌਰ ’ਤੇ ਆਸਾਨ ਕਾਰਜ ਨਹੀਂ। ਉਂਜ ਵੀ, ਰਾਜਸੀ ਰਿਸ਼ਤਿਆਂ ਦੀ ਕੜਵਾਹਟ ਨੂੰ ਖੇਡ ਮੈਦਾਨਾਂ ਵਿਚ ਵੀ ਉਤਾਰਨ ਦੀ ਜ਼ਹਿਰੀਲੀ ਜ਼ਹਿਨੀਅਤ ਮਹਿਜ਼ ਦੱਖਣ ਏਸ਼ਿਆਈ ਉਪ ਮਹਾਂਦੀਪ ਤਕ ਮਹਿਦੂਦ ਨਹੀਂ; ਅਮਰੀਕਾ ਤੇ ਹੋਰ ਧਨਾਢ ਪੱਛਮੀ ਦੇਸ਼ ਜਾਂ ਚੀਨ-ਜਾਪਾਨ ਵਰਗੇ ਤਾਕਤਵਰ ਮੁਲਕ ਵੀ ਖੇਡ ਬਾਈਕਾਟਾਂ ਨੂੰ ਰਾਜਸੀ ਹਥਿਆਰ ਵਜੋਂ ਵਰਤਦੇ ਆਏ ਹਨ। ਅਜਿਹੇ ਆਲਮ ਵਿਚ ਜ਼ਰੂਰੀ ਹੈ ਕਿ ਖੇਡ ਮੁਕਾਬਲਿਆਂ ਨੂੰ ਮੈਦਾਨ-ਇ-ਜੰਗ ਵਾਲਾ ਜਾਮਾ ਪਹਿਨਾਉਣ ਦੀ ਪ੍ਰਵਿਰਤੀ ਤੋਂ ਜਿੰਨਾ ਬਚਿਆ ਜਾ ਸਕਦਾ ਹੈ, ਬਚਿਆ ਜਾਵੇ। ਖੇਡਾਂ ਇਨਸਾਨ ਦੀ ਜਿਸਮਾਨੀ ਤੇ ਜ਼ਿਹਨੀ ਰਿਸ਼ਟ-ਪੁਸ਼ਟਤਾ ਦਾ ਇਜ਼ਹਾਰ ਹਨ; ਇਨ੍ਹਾਂ ਨੂੰ ਰਾਜਸੀ ਸ਼ੋਸ਼ੇਬਾਜ਼ੀ ਦਾ ਵਸੀਲਾ ਨਾ ਬਣਾਇਆ ਜਾਵੇ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement