Editorial: ਜੰਗੀ ਕੁਪ੍ਰਚਾਰ ਤੋਂ ਦੂਰ ਰੱਖੇ ਜਾਣ ਮੁਕੱਦਸ ਅਸਥਾਨ
Published : May 21, 2025, 6:31 am IST
Updated : May 21, 2025, 7:12 am IST
SHARE ARTICLE
Holy places to be kept away from war propaganda Editorial
Holy places to be kept away from war propaganda Editorial

ਭਾਰਤੀ ਸੈਨਾ ਨੇ ਸ੍ਰੀ ਦਰਬਾਰ ਸਾਹਿਬ ਅਤੇ ਚੌਗਿਰਦੇ ਦੇ ਹੋਰਨਾਂ ਗੁਰਧਾਮਾਂ ਦੀ ਹਿਫ਼ਾਜ਼ਤ ਲਈ ਬਿਹਤਰ ਸੁਰੱਖਿਆ ਛਤਰ ਦਾ ਇੰਤਜ਼ਾਮ ਕੀਤਾ

Holy places to be kept away from war propaganda Editorial: ਭਾਰਤੀ ਥਲ ਸੈਨਾ ਦਾ ਦਾਅਵਾ ਹੈ ਕਿ ਉਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਪਾਕਿਸਤਾਨੀ ਹਮਲੇ ਨੂੰ ਨਾਕਾਮ ਬਣਾਇਆ ਅਤੇ ਇਸ ਹਮਲੇ ਲਈ ਵਰਤੇ ਗਏ ਮਿਜ਼ਾਈਲਾਂ ਤੇ ਡਰੋਨਾਂ ਨੂੰ ਅਪਣੀ ਹਵਾਈ ਸੁਰੱਖਿਆ ਪ੍ਰਣਾਲੀ ਰਾਹੀਂ ਨਸ਼ਟ ਕਰ ਦਿਤਾ। ਥਲ ਸੈਨਾ ਦੀ 15ਵੀਂ ਇਨਫੈਂਟਰੀ ਡਿਵੀਜ਼ਨ ਦੇ ਮੁਖੀ, ਮੇਜਰ ਜਨਰਲ ਕਾਰਤਿਕ ਸੀ. ਸੇਸ਼ਾਧਰੀ ਦੇ ਦੱਸਣ ਅਨੁਸਾਰ ਪਾਕਿਸਤਾਨ ਵਲੋਂ ਹਮਲਾ 7-8 ਮਈ ਦੀ ਦਰਮਿਆਨੀ ਰਾਤ ਨੂੰ ਕੀਤਾ ਗਿਆ। ਭਾਰਤੀ ਸੈਨਾ ਨੂੰ ਇਸ ਸਾਜ਼ਿਸ਼ ਦੀ ਭਿਣਕ ਪਹਿਲਾਂ ਹੀ ਪੈ ਗਈ ਸੀ, ਇਸ ਲਈ ਉਸ ਨੇ ਸ੍ਰੀ ਦਰਬਾਰ ਸਾਹਿਬ ਅਤੇ ਚੌਗਿਰਦੇ ਦੇ ਹੋਰਨਾਂ ਗੁਰਧਾਮਾਂ ਦੀ ਹਿਫ਼ਾਜ਼ਤ ਲਈ ਬਿਹਤਰ ਸੁਰੱਖਿਆ ਛਤਰ ਦਾ ਇੰਤਜ਼ਾਮ ਕੀਤਾ। ਇਹ ਛਤਰ ਪਾਕਿਸਤਾਨੀ ਹਮਲੇ ਨੂੰ ਪਛਾੜਨ ਪੱਖੋਂ ਬਹੁਤ ਕਾਰਗਰ ਸਾਬਤ ਹੋਇਆ।

ਥਲ ਸੈਨਾ ਦੇ ਇਸ ਦਾਅਵੇ ਦੀ ਭਾਵੇਂ ਭਰਪੂਰ ਪ੍ਰਸੰਸਾ ਹੋ ਰਹੀ ਹੈ, ਫਿਰ ਵੀ ਇਸ ਪ੍ਰਤੀ ਸ਼ੱਕ-ਸ਼ੁਬਹੇ ਜਤਾਉਣ ਵਾਲੇ ਵੀ ਮੌਜੂਦ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਪ੍ਰਤੀਕਰਮ ਸੀ ਕਿ ਇਸ ਦਾਅਵੇ ਉੱਤੇ ਯਕੀਨ ਨਹੀਂ ਆਉਂਦਾ। ਹੋਰਨਾਂ ਸਿੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦਾ ਪ੍ਰਤੀਕਰਮ ਵੀ ਇਸੇ ਹੀ ਲੀਹ ’ਤੇ ਹੈ। ਅਜਿਹੀ ਸੋਚ ਤੋਂ ਉਲਟ ਕੁੱਝ ਨਾਮਵਰ ਸਿੱਖ ਹਸਤੀਆਂ ਨੇ ਭਾਰਤੀ ਥਲ ਸੈਨਾ ਦੀ ਚੁਸਤੀ-ਦਰੁਸਤੀ, ਜਾਂਬਾਜ਼ੀ ਅਤੇ ਮੋੜਵਾਂ ਜਵਾਬ ਦੇਣ ਦੀ ਸਮਰੱਥਾ ਦਾ ਸੁਆਗਤ ਕੀਤਾ ਹੈ ਅਤੇ ਇਹ ਕਹਿਣਾ ਮੁਨਾਸਿਬ ਸਮਝਿਆ ਹੈ ਕਿ ਸਿੱਖ ਭਾਈਚਾਰੇ ਨੂੰ ਭਾਰਤ ਦੀ ਕੌਮੀ ਮੁੱਖ-ਧਾਰਾ ਨਾਲੋਂ ਨਿਖੇੜਨ ਲਈ ਪਾਕਿਸਤਾਨ ਕਿਸੇ ਵੀ ਹੱਦ ਤਕ ਜਾ ਸਕਦਾ ਹੈ।

ਥਲ ਸੈਨਾ ਦੇ ਦਾਅਵੇ ਪ੍ਰਤੀ ਵੱਖ-ਵੱਖ ਰੰਗਾਂ ਤੇ ਤਰਜ਼ਾਂ ਦੇ ਪ੍ਰਤੀਕਰਮਾਂ ਦੇ ਬਾਵਜੂਦ ਇਹ ਸਵਾਲ ਵਾਰ-ਵਾਰ ਮਨ ਵਿਚ ਉਭਰਦਾ ਹੈ ਕਿ ਕਿਤੇ ਇਹ ਉਸ ਕੁਪ੍ਰਚਾਰ ਦਾ ਜਵਾਬ ਤਾਂ ਨਹੀਂ ਜੋ ਪਾਕਿਸਤਾਨ ਨੇ ਨਨਕਾਣਾ ਸਾਹਿਬ ਬਾਰੇ ਕੀਤਾ। ਜ਼ਿਕਰਯੋਗ ਹੈ ਕਿ 8-9 ਮਈ ਦੀ ਰਾਤ ਨੂੰ ਸੋਸ਼ਲ ਮੀਡੀਆ ਮੰਚਾਂ ’ਤੇ ਇਹ ਸੁਨੇਹੇ ਆਉਣੇ ਸ਼ੁਰੂ ਹੋ ਗਏ ਸਨ ਕਿ ਇਕ ਭਾਰਤੀ ਮਿਜ਼ਾਈਲ ਨਿਸ਼ਾਨਾ ਖੁੰਝ ਕੇ ਗੁਰਦਵਾਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਨਾਲ ਜਾ ਟਕਰਾਈ ਹੈ ਜਿਸ ਕਾਰਨ ਉਸ ਪਾਵਨ ਅਸਥਾਨ ਦੀ ਇਮਾਰਤ ਨੂੰ ਭਾਰਤੀ ਨੁਕਸਾਨ ਪਹੁੰਚਿਆ ਹੈ।

ਪਾਕਿਸਤਾਨ ਸਰਕਾਰ ਨੇ ਇਨ੍ਹਾਂ ਸੁਨੇਹਿਆਂ ਦਾ ਉਦੋਂ ਤਕ ਅਧਿਕਾਰਤ ਤੌਰ ’ਤੇ ਖੰਡਨ ਨਹੀਂ ਕੀਤਾ ਜਦੋਂ ਤਕ ਇਹ ਦੂਰ-ਦੂਰ ਤਕ ਫੈਲ ਨਹੀਂ ਗਏ। ਖੰਡਨ ਉਦੋਂ ਕੀਤਾ ਗਿਆ ਜਦੋਂ ਨਨਕਾਣਾ ਸਾਹਿਬ ਵਿਖੇ ‘ਸਭ ਠੀਕ’ ਹੋਣ ਦੇ ਸੁਨੇਹੇ ਨਾਨਕ ਨਾਮਲੇਵਾ ਸਿੱਖਾਂ ਕੋਲ ਤੇਜ਼ੀ ਨਾਲ ਪੁੱਜਣੇ ਸ਼ੁਰੂ ਹੋ ਗਏ, ਉਹ ਵੀ ਨਨਕਾਣਾ ਸਾਹਿਬ ਵਿਖੇ ਵਸੇ ਸਿੱਖਾਂ ਵਲੋਂ ਖਿੱਚੀਆਂ ਤਸਵੀਰਾਂ ਦੀ ਬਦੌਲਤ। ਇਸ ਘਟਨਾਕ੍ਰਮ ਨੇ ਦਰਸਾਇਆ ਕਿ ਕੁਪ੍ਰਚਾਰ ਕਈ ਵਾਰ ਕਿੰਨਾ ਕਾਰਗਰ ਸਾਬਤ ਹੋ ਸਕਦਾ ਹੈ।

ਸੰਯੁਕਤ ਰਾਸ਼ਟਰ ਦਾ ਜੰਗਾਂ-ਯੁੱਧਾਂ ਬਾਰੇ ਚਾਰਟਰ ਇਸ ਆਲਮੀ ਸੰਸਥਾ ਦੇ ਮੈਂਬਰਾਂ ਨੂੰ ਤਾਕੀਦ ਕਰਦਾ ਹੈ ਕਿ ਉਹ ਕਿਸੇ ਵੀ ਧਰਮ ਅਸਥਾਨ ਜਾਂ ਇਬਾਦਤਗਾਹ ਨੂੰ ਸਿਰਫ਼ ਉਸ ਸੂਰਤ ਵਿਚ ਹਮਲੇ ਦਾ ਨਿਸ਼ਾਨਾ ਬਣਾਉਣ ਜਦੋਂ ਇਸ ਤੱਥ ਦੀ ਪੁਸ਼ਟੀ ਹੋ ਜਾਵੇ ਕਿ ਉਸ ਧਰਮ-ਅਸਥਾਨ ਨੂੰ ‘ਫ਼ੌਜੀ ਕੰਮਾਂ’ ਲਈ ਵਰਤਿਆ ਜਾ ਰਿਹਾ ਹੈ। ਉਸ ਸੂਰਤ ਵਿਚ ਵੀ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਤਵਾਰੀਖ਼ੀ ਇਮਾਰਤ, ਪ੍ਰਾਚੀਨ ਚਿੱਤਰਕਾਰੀ, ਨੱਕਾਸ਼ੀ ਤੇ ਮੀਨਾਕਾਰੀ, ਪ੍ਰਾਚੀਨ ਵਸਤਾਂ ਆਦਿ ਨੂੰ ਨੁਕਸਾਨ ਨਾ ਪਹੁੰਚੇ।

ਭਾਵੇਂ ਸੰਯੁਕਤ ਰਾਸ਼ਟਰ (ਯੂ.ਐਨ.) ਵਰਗੀ ਸੰਸਥਾ ਮੌਜੂਦਾ ਹਾਲਾਤ ਵਿਚ ਅਪਣਾ ਵੱਕਾਰ ਤੇ ਵੁੱਕਤ ਵੱਡੀ ਹੱਦ ਤਕ ਗੁਆ ਚੁੱਕੀ ਹੈ, ਫਿਰ ਵੀ ਇਸੇ ਦੇ ਚਾਰਟਰ ਉੱਤੇ ਦਸਤਖ਼ਤ ਕਰਨ ਵਾਲਿਆਂ ਤੋਂ ਇਹ ਤਵੱਕੋ ਤਾਂ ਕੀਤੀ ਹੀ ਜਾਂਦੀ ਹੈ ਕਿ ਉਹ ਇਤਿਹਾਸਕ ਧਰਮ ਅਸਥਾਨਾਂ ਨੂੰ ਅਪਣੇ ਝੂਠੇ-ਸੱਚੇ ਪ੍ਰਚਾਰ-ਪਾਸਾਰ ਦਾ ਹਿੱਸਾ ਨਾ ਬਣਾਉਣ। ਉਂਜ ਵੀ, ਸ਼੍ਰੋਮਣੀ ਕਮੇਟੀ ਜਾਂ ਹੋਰਨਾਂ ਸਿੱਖ ਸੰਸਥਾਵਾਂ ਨੇ ਜੇਕਰ ਭਾਰਤੀ ਸੈਨਾ ਦੇ ਦਾਅਵਿਆਂ ਪ੍ਰਤੀ ਗ਼ੈਰਯਕੀਨੀ ਦਿਖਾਈ ਹੈ ਤਾਂ ਇਸ ਦਾ ਇਕ ਆਧਾਰ ਇਹ ਵੀ ਹੈ ਕਿ 1965 ਤੇ 1971 ਦੀਆਂ ਜੰਗਾਂ ਦੌਰਾਨ ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ। ਲਿਹਾਜ਼ਾ, ਹੁਣ ਵੀ ਜ਼ਰੂਰੀ ਹੈ ਕਿ ਗੁਰਧਾਮਾਂ ਅਤੇ ਹੋਰਨਾਂ ਮੁਕੱਦਸ ਅਸਥਾਨਾਂ ਨੂੰ ਜੰਗੀ ਪ੍ਰਚਾਰ ਤੋਂ ਦੂਰ ਹੀ ਰੱਖਿਆ ਜਾਵੇ। ਇਸੇ ਵਿਚ ਹੀ ਇਨਸਾਨੀਅਤ ਦਾ ਭਲਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement