
ਇਨ੍ਹਾਂ ਦੋ ਸਮਝੌਤਿਆਂ ਅਨੁਸਾਰ, ਗੁਰਦਵਾਰਾ ਪ੍ਰਬੰਧ ਵਿਚ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਨਾਲ ਸਲਾਹ ਕਰ ਕੇ ਹੀ ਕਾਨੂੰਨ ਬਣਾਏ ਜਾਂਦੇ ਸਨ।
ਸ਼੍ਰੋਮਣੀ ਗੁ.ਪ੍ਰ. ਕਮੇਟੀ ਨੂੰ ਡਾਢਾ ਗਿਲਾ ਹੈ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਵਿਚ ਹੁੰਦਾ ਗੁਰਬਾਣੀ ਕੀਰਤਨ, ਸਾਰੇ ਚੈਨਲਾਂ ਅਤੇ ਹੋਰ ਬਰਾਡਕਾਸਟਿੰਗ ਅਦਾਰਿਆਂ ਉਤੇ ਮੁਫ਼ਤ ਪ੍ਰਸਾਰਤ ਕਰਨ ਲਈ ਗੁਰਦਵਾਰਾ ਐਕਟ ਵਿਚ ਸੋਧ, ਅਸੈਂਬਲੀ ਵਿਚ ਪਾਸ ਕਰ ਦਿਤੀ ਹੈ ਤੇ ਸੱਭ ਤੋਂ ਵੱਡਾ ਧੱਕਾ ਇਹ ਕੀਤਾ ਗਿਆ ਹੈ ਕਿ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ (1959) ਅਤੇ ਬਲਦੇਵ ਸਿੰਘ-ਖ਼ਿਜ਼ਰ ਹਯਾਤ ਖ਼ਾਂ ਪੈਕਟ (1942) ਵਿਚ ਦਰਜ ਕੀਤੇ ਗਏ ਪ੍ਰਬੰਧ ਦੇ ਉਲਟ ਜਾ ਕੇ ਸ਼੍ਰੋਮਣੀ ਕਮੇਟੀ ਉਤੇ ਲਾਗੂ ਹੋਣ ਵਾਲਾ ਮਤਾ ਪਾਸ ਕਰ ਦਿਤਾ ਹੈ ਜਦਕਿ ਉਪ੍ਰੋਕਤ ਸਮਝੌਤਿਆਂ ਅਨੁਸਾਰ, ਸਿੱਖ ਗੁਰਦਵਾਰਿਆਂ ਨਾਲ ਸਬੰਧਤ ਕੋਈ ਵੀ ਕਾਨੂੰਨ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਲਏ ਬਿਨਾਂ ਨਹੀਂ ਬਣਾਇਆ ਜਾ ਸਕਦਾ।
ਇਨ੍ਹਾਂ ਦੋ ਸਮਝੌਤਿਆਂ ਅਨੁਸਾਰ, ਗੁਰਦਵਾਰਾ ਪ੍ਰਬੰਧ ਵਿਚ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਨਾਲ ਸਲਾਹ ਕਰ ਕੇ ਹੀ ਕਾਨੂੰਨ ਬਣਾਏ ਜਾਂਦੇ ਸਨ। ਸੱਚ ਇਹ ਹੈ ਕਿ ਅਜਿਹੇ ਸਮਝੌਤੇ, ਸਾਰੇ ਸਿਆਸੀ ਸਮਝੌਤਿਆਂ ਵਾਂਗ, ਕੁੱਝ ਚਿਰ ਲਈ ਹੀ ਚਲਦੇ ਹਨ ਤੇ ਫਿਰ ਆਪੇ ਹੀ ਖ਼ਤਮ ਹੋ ਜਾਂਦੇ ਹਨ। ਭੀਮ ਸੈਨ ਸੱਚਰ ਨੇ ਇਨ੍ਹਾਂ ਸਮਝੌਤਿਆਂ ਦੇ ਹੁੰਦਿਆਂ ਹੀ ਦਰਬਾਰ ਸਾਹਿਬ ਦੀਆਂ ਸਰਾਵਾਂ ਅੰਦਰ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਭੇਜ ਕੇ ਅਕਾਲੀ ਲੀਡਰਾਂ ਨੂੰ ਫੜ ਲਿਆ ਸੀ। 1984 ਤਕ ਵਾਰ-ਵਾਰ ਇਨ੍ਹਾਂ ਸਮਝੌਤਿਆਂ ਦੀ ਉਲੰਘਣਾ ਕੀਤੀ ਜਾਂਦੀ ਰਹੀ ਹੈ।
ਪਰ ਇਕ ਗੱਲ ਭੁਲਣੀ ਨਹੀਂ ਚਾਹੀਦੀ ਕਿ ਘਰ ਦੇ ਬਜ਼ੁਰਗ ਦਾ ਵੀ ਉਦੋਂ ਤਕ ਹੀ ਸਤਿਕਾਰ ਕੀਤਾ ਜਾਂਦਾ ਹੈ ਜਦ ਤਕ ਉਹ ਅਪਣੇ ਆਪ ਨੂੰ ਪਾਕ-ਸਾਫ਼ ਰੱਖੇ। ਜਦ ਬਜ਼ੁਰਗ ਵੀ ਚੋਰੀ ਸ਼ਰਾਬ ਪੀਣ ਲੱਗ ਜਾਵੇ, ਗ਼ੈਰ-ਜ਼ਨਾਨੀਆਂ ਦੇ ਚੱਕਰ ਵਿਚ ਪੈ ਜਾਵੇ ਤੇ ਜੂਏਬਾਜ਼ੀ ਵਿਚ ਪੈ ਜਾਵੇ ਤਾਂ ਉਸ ਦਾ ਸਤਿਕਾਰ ਘਰ ਵਿਚ ਵੀ ਖ਼ਤਮ ਹੋ ਜਾਂਦਾ ਹੈ ਤੇ ਛੋਟੇ ਬੱਚੇ ਵੀ ਉਸ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਨ। ਸ਼੍ਰੋਮਣੀ ਕਮੇਟੀ ਦਾ ਸਤਿਕਾਰ ਵੀ ਉਦੋਂ ਤਕ ਹੀ ਬਣਿਆ ਹੋਇਆ ਸੀ ਜਦ ਤਕ ਇਹ ਪੰਥ ਦੀ ਸੱਚੀ ਪ੍ਰਤੀਨਿਧ ਹੁੰਦੀ ਸੀ, ਮੈਂਬਰ ਅਪਣੇ ਨਾਵਾਂ ਨਾਲ ਅਪਣੀ ਜ਼ਾਤ ਨਹੀਂ ਸਨ ਲਿਖਦੇ ਤੇ ਉਨ੍ਹਾਂ ਦਾ ਜੀਵਨ ਕੁਰਬਾਨੀ ਵਾਲਾ ਹੁੰਦਾ ਸੀ। ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਦੀ ਗੱਲ ਯਾਦ ਕਰਵਾਈ ਗਈ ਹੈ ਤਾਂ ਭੁੱਲੋ ਨਾ ਕਿ ਇਹ ਉਹ ਵੇਲਾ ਸੀ ਜਦੋਂ :
- ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਪ੍ਰਧਾਨ ਅਤਿ ਗ਼ਰੀਬੀ ਵਾਲਾ ਜੀਵਨ ਬਸਰ ਕਰਦੇ ਸਨ ਤੇ ਉਨ੍ਹਾਂ ਦੀ ਕੋਈ ਵੱਡੀ ਜ਼ਮੀਨ ਜਾਇਦਾਦ ਨਹੀਂ ਸੀ ਹੁੰਦੀ।
- ਮਾ. ਤਾਰਾ ਸਿੰਘ ਸ਼੍ਰੋਮਣੀ ਕਮੇਟੀ ਵਿਚ ਕਮੇਟੀ ਦੀ ਸਿਆਹੀ ਵੀ ਅਪਣੇ ਪੈੱਨ ਲਈ ਪ੍ਰਵਾਨ ਨਹੀਂ ਸਨ ਕਰਦੇ ਤੇ ਘਰੋਂ ਹੀ ਪੈੱਨ ਭਰ ਕੇ ਲਿਆਉਂਦੇ ਸਨ।
- ਇਕ ਦਿਨ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਦੌਰਾਨ ਤੇਜ਼ ਬਾਰਸ਼ ਸ਼ੁਰੂ ਹੋ ਗਈ। ਮਾ. ਤਾਰਾ ਸਿੰਘ ਇਕ ਘੰਟਾ ਬਰਾਂਡੇ ਵਿਚ ਖੜੇ ਹੋ ਕੇ ਬਾਰਸ਼ ਰੁਕਣ ਦਾ ਇੰਤਜ਼ਾਰ ਕਰਦੇ ਰਹੇ ਪਰ ਬਾਰਸ਼ ਹੋਰ ਵੀ ਤੇਜ਼ ਹੋ ਗਈ। ਸੈਕਟਰੀ ਨੇ ਕਿਹਾ, ‘‘ਮਾਸਟਰ ਜੀ, ਸ਼੍ਰੋਮਣੀ ਕਮੇਟੀ ਦੀ ਗੱਡੀ ਆਪ ਨੂੰ ਘਰ ਛੱਡ ਆਉਂਦੀ ਹੈ। ਬਾਰਸ਼ ਤਾਂ ਅਜੇ ਕਈ ਘੰਟੇ ਨਹੀਂ ਰੁਕਦੀ ਦਿਸਦੀ।’’
ਮਾ. ਤਾਰਾ ਸਿੰਘ ਗਰਮ ਹੋ ਗਏ ਤੇ ਬੋਲੇ, ‘‘ਅੱਜ ਮੈਂ ਸ਼ੋ੍ਰੋਮਣੀ ਕਮੇਟੀ ਦੀ ਗੱਡੀ ਅਪਣੇ ਸੁੱਖ ਲਈ ਵਰਤ ਲਈ ਤਾਂ ਕਲ ਸਾਰੇ ਹੀ ਵਰਤਣੀ ਸ਼ੁਰੂ ਕਰ ਦੇਣਗੇ। ਨਹੀਂ, ਮੈਂ ਬਾਰਸ਼ ਰੁਕਣ ਤੇ ਹੀ ਘਰ ਜਾਵਾਂਗਾ।’’
ਜਦ ਇਹੋ ਜਹੀ ਮਹਾਨਤਾ ਕੋਈ ਵੇਖਦਾ ਹੈ ਤਾਂ ਉਸ ਦਾ ਸਿਰ ਆਪੇ ਹੀ ਤੁਹਾਡੇ ਅੱਗੇ ਝੁਕ ਜਾਂਦਾ ਹੈ। ਪਰ ਅੱਜ ਦੀ ਸ਼੍ਰੋਮਣੀ ਕਮੇਟੀ ਦਾ ਹਾਲ ਕੁੱਝ ਇਸ ਤਰ੍ਹਾਂ ਦਾ ਹੈ :
- 11-12 ਸਾਲ ਤੋਂ ਇਸ ਦੇ ਸਿਆਸੀ ਮਾਲਕ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਦੀਆਂ ਚੋਣਾਂ ਨਾ ਹੋਣ ਤੇ ਜਿਸ ਪ੍ਰਵਾਰ ਦਾ ਇਸ ਉਤੇ ਕਬਜ਼ਾ ਬਣਿਆ ਹੋਇਆ ਹੈ, ਉਹ ਵੱਧ ਤੋਂ ਵੱਧ ਸਮੇਂ ਲਈ ਬਣਿਆ ਰਹੇ। ਅਸੈਂਬਲੀ ਚੋਣਾਂ ਵਿਚ ਸ਼੍ਰੋਮਣੀ ਕਮੇਟੀ ਵੀ ਬਾਦਲ ਅਕਾਲੀ ਦਲ ਨੂੰ ਜਿਤਾਉਣ ਲਈ ਲੱਗੀ ਰਹੀ ਤੇ ਜਦ ਬਾਦਲ ਅਕਾਲੀ ਦਲ ਹਾਰ ਗਿਆ ਤਾਂ ਜਥੇਦਾਰ ਅਕਾਲ ਤਖ਼ਤ ਨੇ ਵੋਟਰਾਂ ਨੂੰ ‘ਬਦਤਮੀਜ਼’ ਤਕ ਕਹਿ ਦਿਤਾ।
ਪੰਜਾਬ ਵਿਚ ਪਤਿਤਪੁਣਾ ਇਸੇ ਕਮੇਟੀ ਦੇ ਕਾਰਜ-ਕਾਲ ਦੌਰਾਨ ਇਕ ਮਹਾਂਮਾਰੀ ਦਾ ਰੂਪ ਧਾਰਨ ਕਰ ਗਿਆ। ਕ੍ਰਿਸ਼ਚੀਅਨ ਪ੍ਰਚਾਰਕ ਸਿੱਖਾਂ ਅੰਦਰ ਧਰਮ-ਤਬਦੀਲੀ ਦੀ ਲਹਿਰ ਚਲਾ ਗਏ ਤੇ ਪਿੰਡ ਪਿੰਡ ਆ ਬੈਠੇ ਹਨ। ਸਿੱਖੀ ਵਿਰੋਧੀ ਪੁਸਤਕਾਂ ਛਾਪਣ ਬਦਲੇ ਕਮੇਟੀ ਵਿਰੁਧ ਕਈ ਕੇਸ ਗੁਰਦਵਾਰਾ ਜੁਡੀਸ਼ਲ ਕਮਿਸ਼ਨ ਦੀਆਂ ਫ਼ਾਈਲਾਂ ਵਿਚ ਵੇਖੇ ਜਾ ਸਕਦੇ ਹਨ। ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦਾ ਰੁਤਬਾ ਸਿੱਖਾਂ ਅੰਦਰ ਇਸੇ ਕਮੇਟੀ ਦੇ ਦੌਰ ਵਿਚ, ਬਹੁਤ ਚੇਠਾਂ ਚਲਾ ਗਿਆ ਹੈ। ਬਾਦਲਾਂ ਦੀ ਆਲੋਚਨਾ ਕਰਨ ਵਾਲੇ ਸਿੱਖ ਮੀਡੀਆ ਤੇ ਵਿਦਵਾਨਾਂ ਨੂੰ ਛੇਕਣ ਜ਼ਲੀਲ ਕਰਨ ਤੇ ਪੈਸੇ ਗਿਣਨ ਤੋਂ ਵੱਧ ਸ਼੍ਰੋਮਣੀ ਕਮੇਟੀ ਦਾ ਇਕ ਹੀ ਕੰਮ ਰਹਿ ਗਿਆ ਹੈ ਕਿ ਵੇਖਦੀ ਰਹੇ ਬਾਦਲਾਂ ਦਾ ਕੋਈ ਨੁਕਸਾਨ ਨਾ ਹੋ ਜਾਏ।
ਸਿੰਖ ਬੜੀ ਦੇਰ ਤੋਂ ਮੰਗ ਕਰ ਰਹੇ ਸਨ ਕਿ ਗੁਰਬਾਣੀ ਪ੍ਰਸਾਰਨ ਉਤੇ ਬਾਦਲਾਂ ਦੇ ਚੈਨਲ ਦਾ ਏਕਾਧਿਕਾਰ ਖ਼ਤਮ ਕਰੇ। ਇਹੀ ਆਦੇਸ਼ ਜਥੇਦਾਰ ਅਕਾਲ ਤਖ਼ਤ ਨੇ ਵੀ ਦਿਤਾ ਪਰ ਇਨ੍ਹਾਂ ਨੂੰ ‘ਬਾਦਲਾਂ’ ਤੋਂ ਬਿਨਾਂ ਹੋਰ ਕਿਸੇ ਦੀ ਕੋਈ ਪ੍ਰਵਾਹ ਹੀ ਨਹੀਂ। ਅਜਿਹੀ ਹਾਲਤ ਵਿਚ ਜੇ ਸ਼੍ਰੋਮਣੀ ਕਮੇਟੀ ਦਾ ਦਾਅਵਾ ਅਜੇ ਵੀ ਕਾਇਮ ਹੈ ਕਿ ਇਸ ਦੀ ਆਗਿਆ ਬਿਨਾਂ, ਕੋਈ ਸਰਕਾਰ, ਸਾਰੇ ਸਿੱਖਾਂ ਦੀ ਮੰਗ ਵੀ ਨਹੀਂ ਮੰਨ ਸਕਦੀ ਤਾਂ ਇਹ ਮੂਰਖਾਂ ਦੀ ਦੁਨੀਆਂ ਵਿਚ ਰਹਿੰਦੀ ਹੈ। ਸਿੱਖਾਂ ਦੇ ਹਿਤਾਂ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੀ ਸ਼੍ਰੋਮਣੀ ਕਮੇਟੀ ਹੁਣ ਉਸ ਬਜ਼ੁਰਗ ਵਾਲੀ ਹਾਲਤ ਵਿਚ ਪਹੁੰਚ ਗਈ ਹੈ
ਜਿਸ ਨੂੰ ਗ਼ਲਤ ਪਾਸੇ ਪੈ ਜਾਣ ਕਰ ਕੇ, ਅਪਣੇ ਬੱਚਿਆਂ ਕੋਲੋਂ ਵੀ ਸਤਿਕਾਰ ਮਿਲਣਾ ਬੰਦ ਹੋ ਜਾਂਦਾ ਹੈ। ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਵਾਲਾ ਸਤਿਕਾਰ ਮੰਗਣ ਤੋਂ ਪਹਿਲਾਂ ਇਸ ਨੂੰ ਬਾਦਲਾਂ ਤੋਂ ਹੱਟ ਕੇ ਸਿੱਖਾਂ ਦੀ ਗੱਲ ਸੁਣਨ ਤੇ ਸਮਝਣ ਦੀ ਜਾਚ ਸਿਖਣੀ ਪਵੇਗੀ ਤੇ ਅਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਪਵੇਗਾ। ਘੱਟੋ ਘੱਟ ਇਸ ਇਕ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੀ ਕੀਤੀ ਗਈ ਅਣਦੇਖੀ ਤੇ ਕਿਸੇ ਇਕ ਸਿੱਖ ਦੀ ਅੱਖ ਵਿਚੋਂ ਅਥਰੂ ਨਹੀਂ ਡਿੱਗੇਗਾ ਕਿਉਂਕਿ ਸ਼੍ਰੋਮਣੀ ਕਮੇਟੀ ਹੁਣ ਸਿੱਖਾਂ ਦੀ ਨਹੀਂ, ਬਾਦਲਾਂ ਦੇ ਹਿਤਾਂ ਦੀ ਰਾਖੀ ਕਰ ਰਹੀ ਹੈ।