ਪੰਜਾਬ ਭਾਜਪਾ ਦਾ ਬਦਲਿਆ ਹੋਇਆ ਸਰੂਪ, ਪੁਰਾਣੇ ਕਾਂਗਰਸੀ ਤੇ ਪੁਰਾਣੇ ਅਕਾਲੀ ਭਾਜਪਾ ਦੇ ਕਮਾਂਡਰ।
Published : Sep 21, 2022, 7:48 am IST
Updated : Sep 21, 2022, 7:54 am IST
SHARE ARTICLE
Changed form of Punjab BJP
Changed form of Punjab BJP

ਕੈਪਟਨ ਅਮਰਿੰਦਰ ਸਿੰਘ, ਜਾਖੜ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਬਣਾਉਣਾ ਚਾਹੁੰਦੇ ਸਨ ਪਰ ਹੁਣ ਸ਼ਾਇਦ ਭਾਜਪਾ ਤੋਂ ਇਹ ਕੰਮ ਕਰਵਾ ਲੈਣ।

 

‘ਕਾਂਗਰਸ ਮੁਕਤ ਭਾਰਤ’ ਨਾਹਰੇ ਨੂੰ ਪੰਜਾਬ ਵਿਚ ਨਵੇਂ ਅਰਥ ਦਿਤੇ ਜਾ ਰਹੇ ਹਨ। ਕਾਂਗਰਸ ਦੇ ਨਰਾਜ਼ ਜਾਂ ਭ੍ਰਿਸ਼ਟ ਜਾਂ ਸੱਤਾ ਤੋਂ ਦੂਰ ਰਹਿਣ ਨੂੰ ਔਖਾ ਸਮਝਣ ਵਾਲੇ ਆਗੂਆਂ ਦਾ ਭਾਜਪਾ ਵਿਚ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਭਾਜਪਾ ਦੀ ਹਾਲਤ ਇਹ ਹੋ ਗਈ ਹੈ ਕਿ ਇਸ ਦੇ ਪੁਰਾਣੇ ਚਿਹਰੇ ਕਿਤੇ ਨਜ਼ਰ ਨਹੀਂ ਆਉਂਦੇ ਜਦਕਿ ਹੁਣ ਪੁਰਾਣੇ ਅਕਾਲੀ ਜਾਂ ਕਾਂਗਰਸੀ ਵਰਕਰ ਪੰਜਾਬ ਵਿਚ ਭਾਜਪਾ ਨੂੰ ਚਲਾ ਰਹੇ ਹਨ।

ਸੁਨੀਲ ਜਾਖੜ ਪਹਿਲਾਂ ਹੀ ਭਾਜਪਾ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਨ ਲਈ ਪਹੁੰਚ ਚੁਕੇ ਸਨ। ਕੈਪਟਨ ਅਮਰਿੰਦਰ ਸਿੰਘ, ਜਾਖੜ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਬਣਾਉਣਾ ਚਾਹੁੰਦੇ ਸਨ ਪਰ ਹੁਣ ਸ਼ਾਇਦ ਭਾਜਪਾ ਤੋਂ ਇਹ ਕੰਮ ਕਰਵਾ ਲੈਣ। ਹੁਣ ਜਦ ਪੰਜਾਬ ਭਾਜਪਾ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ, ਮਨਜਿੰਦਰ ਸਿੰਘ ਸਿਰਸਾ ਜਾਂ ਸੁਨੀਲ ਜਾਖੜ ਦੇ ਹੱਥ ਵਿਚ ਆ ਗਈ ਹੈ ਤਾਂ ਭਾਜਪਾ ਦੇ ਪੁਰਾਣੇ ਵਰਕਰਾਂ ਦਾ ਕੀ ਕਹਿਣਾ ਹੈ? ਭਾਜਪਾ ਦਾ ਹਾਈਕਮਾਨ ਆਖਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਿਚ ਅਪਣੀ ਥਾਂ ਬਣਾਉਣ ਵਾਸਤੇ ਕਾਂਗਰਸੀਆਂ ਦੀ ਬੇਹੱਦ ਲੋੜ ਸੀ। ਮਤਲਬ ਕਿ ਭਾਜਪਾ ਦੀ ਸਿਆਸੀ ਸੋਚ ਵਿਚ ਵਫ਼ਾਦਾਰੀ ਦੀ ਕੋਈ ਕੀਮਤ ਨਹੀਂ ਤੇ ‘ਚਲਤੀ ਕਾ ਨਾਮ ਗਾੜੀ’ ਨੂੰ ਹੀ ਭਾਜਪਾ ਦੇ ਵੱਡੇ ਆਗੂ ਸੱਭ ਤੋਂ ਉੱਤਮ ਸਿਆਸੀ ਵਿਚਾਰਧਾਰਾ ਸਮਝਦੇ ਹਨ ਅਰਥਾਤ ਜਿਹੜਾ ਡੱਬਾ ਅੱਜ ਭਾਜਪਾ ਨੂੰ ਸੱਤਾ ਦੇ ਦਵਾਰ ਤੇ ਲਿਜਾ ਸਕਦਾ ਹੈ ਉਸੇ ਨੂੰ ਰੇਲ ਗੱਡੀ ਮੰਨ ਲਉ।

ਭਾਜਪਾ ਹਾਈਕਮਾਨ ਵਲੋਂ ਜਦ ਖੇਤੀ ਕਾਨੂੰਨ ਲਾਗੂ ਹੋਏ ਤਾਂ ਉਸ ਦਾ ਵਿਰੋਧ ਕਰਨ ਵਾਲੇ ਤੇ ਕਿਸਾਨਾਂ ਦਾ ਸਾਥ ਦੇਣ ਵਾਲੇ ਉਹੀ ਤਿੰਨ ਨਾਮ ਹਨ ਜਿਨ੍ਹਾਂ ਨੂੰ ਅੱਜ ਭਾਜਪਾ ਵਿਚ ਜੀਅ ਆਇਆਂ ਕਿਹਾ ਜਾ ਰਿਹਾ ਹੈ ਤੇ ਜਿਹੜੇ ਆਗੂ ਜਿਵੇਂ ਹਰਜੀਤ ਗਰੇਵਾਲ ਜਾਂ ਜਿਆਨੀ, ਕੇਂਦਰ ਦੇ ਹੱਕ ਵਿਚ ਡਟੇ ਰਹੇ, ਅੱਜ ਕਿਤੇ ਨਜ਼ਰ ਨਹੀਂ ਆ ਰਹੇ। ਉਹ ਸਮਾਂ ਦੂਰ ਨਹੀਂ ਜਦ ਬਾਦਲ ਅਕਾਲੀ ਦਲ ਦੀ ਵੀ ਘਰ ਵਾਪਸੀ ਭਾਜਪਾ ਵਿਚ ਹੋ ਜਾਵੇਗੀ।

ਪਹਿਲਾ ਕਦਮ ਤਾਂ ਰਾਸ਼ਟਰਪਤੀ ਚੁਣਨ ਵੇਲੇ ਚੁਕ ਲਿਆ ਗਿਆ ਸੀ ਤੇ ਮੰਨਿਆ ਜਾਂਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਮਾਮਲਾ ਨਵੀਂ ਸਾਂਝ ਦੀ ਦੂਜੀ ਸ਼ੁਰੂਆਤ ਸੀ। ਹੁਣ ਸਵਾਲ ਇਹ ਉਠਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ, ਕੀ ਭਾਜਪਾ ਦੇ ਸਿਤਾਰੇ ਬਦਲ ਸਕਦੇ ਹਨ? ਕੈਪਟਨ ਅਮਰਿੰਦਰ ਸਿੰਘ ਆਖਦੇ ਹਨ ਕਿ ਉਹ ਦੇਸ਼ ਦੀ ਸੁਰੱਖਿਆ ਵਾਸਤੇ ਭਾਜਪਾ ਵਿਚ ਗਏ ਹਨ ਤੇ ਉਹ ਸਿਪਾਹੀ ਹਨ ਤੇ ਸਿਪਾਹੀ ਜਿਤਣਾ ਹੀ ਜਾਣਦਾ ਹੈ। ਪਰ ਸਿਪਾਹੀ ਨੂੰ ਇਸ ਸਵਾਲ ਦਾ ਵੀ ਜਵਾਬ ਦੇਣਾ ਪਵੇਗਾ ਕਿ ਜਿੱਤਣ ਵਾਸਤੇ ਕੀ ਉਹ ਅਪਣਾ ਪਾਲਾ ਵੀ ਬਦਲ ਸਕਦਾ ਹੈ ਅਰਥਾਤ ਜਿੱਤਣ ਵਾਲੇ ਪਾਸੇ ਛਾਲ ਮਾਰ ਸਕਦਾ ਹੈ ਜਾਂ ਅੰਤ ਤਕ ਅਪਣੇ ਪਾਲੇ ਦੀ ਜਿੱਤ ਲਈ ਲੜਨਾ ਮਰਨਾ ਹੀ ਉਸ ਦਾ ਫ਼ਰਜ਼ ਬਣਿਆ ਰਹਿੰਦਾ ਹੈ? ਕਾਂਗਰਸ ਤੇ ਭਾਜਪਾ ਦੋਹਾਂ ਦੀ ਸੋਚ ਇਕ ਦੂਜੇ ਦੇ ਪੂਰੀ ਤਰ੍ਹਾਂ ਉਲਟ ਹੈ। ਕੀ ਹੁਣ ਲੋਕ ਉਨ੍ਹਾਂ ਨੂੰ ਇਸ ਨਵੇਂ ਰਾਜਸੀ ਅਵਤਾਰ ਵਿਚ ਸਵੀਕਾਰ ਕਰ ਲੈਣਗੇ?

ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਕਾਂਗਰਸ ਦਾ ਸੱਭ ਤੋਂ ਚੰਗਾ ਮੁੱਖ ਮੰਤਰੀ ਆਖਿਆ ਜਾਂਦਾ ਰਿਹਾ ਹੈ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਕਤਾਂ ਨਾਲ ਉਨ੍ਹਾਂ ਦੀਆਂ ਕਮਜ਼ੋਰੀਆਂ ਵੀ ਭਾਜਪਾ ਨਾਲ ਜਾਂ ਜੁੜਨਗੀਆਂ। 75-25 ਦੀ ਸਾਂਝ ਵਾਲੀਆਂ ਸਰਕਾਰਾਂ ਚਲਾਉਣੀਆਂ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਵਾਉਣ ਦੀਆਂ ਸਹੁੰਆਂ, ਅਕਾਲੀ ਭਾਈਵਾਲਾਂ ਖ਼ਾਤਰ ਬਰਗਾੜੀ ਕੇਸ ਨੂੰ ਲਟਕਾਈ ਰੱਖ ਕੇ ਕਮਜ਼ੋਰ ਕਰਨਾ, ਅਪਣੇ ਕਾਰਜਕਾਲ ਵਿਚ ਰੇਤਾ, ਸ਼ਰਾਬ ਤੇ ਮਾਈਨਿੰਗ ਬਾਰੇ ਜਾਣਦੇ ਹੋਏ ਵੀ ਚੁੱਪ ਵੱਟੀ ਰੱਖਣ ਵਰਗੇ ਇਲਜ਼ਾਮਾਂ ਕਾਰਨ ਉਨ੍ਹਾਂ ਨੂੰ ਜ਼ਿੰਦਗੀ ਦੀ ਪਹਿਲੀ ‘ਜ਼ਮਾਨਤ ਜ਼ਬਤ’ ਹਾਰ ਦਾ ਮੂੰਹ ਵੀ ਵੇਖਣਾ ਪਿਆ। ਕੀ ਹੁਣ ਉਹ ਅਪਣੇ ਆਪ ਨੂੰ ਤੇ ਨਾਲ ਭਾਜਪਾ ਨੂੰ ਵੀ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਪਾਤਰ ਬਣ ਸਕਣਗੇ?

ਜੋ ਲੋਕ ਬਰਗਾੜੀ ਦੀ ਜਾਂਚ ਸੰਭਾਲ ਰਹੇ ਸਨ, ਕੈਪਟਨ ਅਮਰਿੰਦਰ ਸਿੰਘ ਤੇ ਕੁੰਵਰ ਵਿਜੇ ਪ੍ਰਤਾਪ, ਦੋਵੇਂ ਵਖਰੀਆਂ ਪਾਰਟੀਆਂ ਵਿਚ ਹੁੰਦੇ ਹੋਏ ਵੀ ਕਦੇ ਇਕ ਦੂਜੇ ਵਿਰੁਧ ਨਹੀਂ ਬੋਲਦੇ। ਲੋਕ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹੁਣ ਭਾਜਪਾ ਤੋਂ ਵੀ ਮੰਗਣਗੇ। ਜਾਪਦਾ ਹੈ ਸੱਤਾ ਵਿਚ ਆਉਣ ਤੋਂ ਪਹਿਲਾਂ ਹੀ ਭਾਜਪਾ ਨੇ ਪੰਜਾਬ ਦੇ ਜ਼ਖ਼ਮਾਂ ਦੀ ਜ਼ਿੰਮੇਵਾਰੀ ਅਪਣੇ ਸਿਰ ਲੈ ਲਈ ਹੈ। ਸਰਹੱਦ ਤੇ ਡਰੋਨਾਂ ਜਾਂ ਰਾਸ਼ਟਰੀ ਪ੍ਰਸ਼ਨਾਂ ਨੂੰ ਲੈ ਕੇ ਪੰਜਾਬੀ ਕਿਸੇ ਪਾਰਟੀ ਨੂੰ ਵੋਟ ਨਹੀਂ ਦੇਂਦੇ। ਹਾਂ ਪਾਣੀਆਂ ਦਾ ਰਾਖਾ ਵਜੋਂ ਮੰਨੇ ਜਾਣ ਵਾਲੇ ਕੈਪਟਨ ਜੇ ਪੰਜਾਬ ਲਈ ਪਾਣੀਆਂ ਦਾ ਹੱਕ ਲੈ ਦੇਣ ਤੇ ਦੂਜੇ ਰਾਜਾਂ ਨੂੰ ਦਿਤੇ ਗਏ ਪਾਣੀ ਦੀ ਕੀਮਤ ਕੇਂਦਰ ਤੋਂ ਲੈ ਕੇ ਦੇ ਸਕਣ ਜਾਂ ਐਸ.ਵਾਈ.ਐਲ ਨੂੰ ਹਮੇਸ਼ਾ ਵਾਸਤੇ ਬੰਦ ਕਰਵਾ ਸਕਣ ਤਾਂ ਲੋਕਾਂ ਦਾ ਵਿਸ਼ਵਾਸ ਜਿੱਤ ਵੀ ਸਕਦੇ ਹਨ। ਉਨ੍ਹਾਂ ਲਈ ਸਫ਼ਲ ਹੋਣ ਦਾ ਇਹ ਇਕੋ ਇਕ ਰਾਹ ਬਚਿਆ ਹੈ।            -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement