
ਜੇ ਪਾਕਿਸਤਾਨ ਵਿਚ ਮਸੂਦ ਅਜ਼ਹਰ ਵਰਗੇ ਖੁਲੇਆਮ ਸੜਕਾਂ ਤੇ ਘੁੰਮਦੇ ਹਨ ਤਾਂ ਇਥੇ ਵੀ ਹੁਣ ਅਸੀਮਾਨੰਦ ਤੇ ਬਾਬੂ ਬਜਰੰਗੀ ਖੁਲੇਆਮ ਘੁੰਮਣਗੇ
ਸਮਝੌਤਾ ਐਕਸਪ੍ਰੈੱਸ, ਗੁਜਰਾਤ ਦੰਗੇ, ਇਸ਼ਰਤ ਜਹਾਂ, ਅਸੀਮਾਨੰਦ, ਬਾਬੂ ਬਜਰੰਗੀ, ਮੁਹੰਮਦ ਅਖ਼ਲਾਕ ਅਤੇ ਹੋਰ ਕਿੰਨੇ ਨਾਂ ਕੀ ਇਹ ਸਿੱਧ ਕਰਨ ਲਈ ਕਾਫ਼ੀ ਨਹੀਂ ਕਿ ਅੱਜ ਭਾਰਤ ਇਕ ਸੌੜੀ ਸੋਚ ਹੇਠ ਪੂਰੀ ਤਰ੍ਹਾਂ ਆ ਚੁੱਕਾ ਹੈ? ਸੀ.ਬੀ.ਆਈ., ਐਨ.ਆਈ.ਏ. ਸਿਰਫ਼ ਇਕ ਮਜ਼ਾਕ ਬਣ ਕੇ ਰਹਿ ਚੁੱਕੇ ਹਨ। ਭਾਰਤ, ਪਾਕਿਸਤਾਨ ਦੇ ਸ਼ਾਸਕਾਂ ਦਾ ਮਜ਼ਾਕ ਉਡਾਉਂਦਾ ਹੈ ਤੇ ਇਮਰਾਨ ਖ਼ਾਨ ਦੀਆਂ ਗੱਲਾਂ ਉਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਮਸੂਦ ਅਜ਼ਹਰ ਵਰਗੇ ਅਤਿਵਾਦੀ ਬੇਧੜਕ ਹੋ ਕੇ ਪਾਕਿਸਤਾਨ ਦੀਆਂ ਸੜਕਾਂ ਉਤੇ ਆਜ਼ਾਦ ਘੁੰਮਦੇ ਹਨ। ਪਰ ਹੁਣ ਸਾਡੀਆਂ ਸੜਕਾਂ ਉਤੇ ਵੀ ਬਾਬੂ ਬਜਰੰਗੀ ਅਤੇ ਅਸੀਮਾਨੰਦ ਵਰਗੇ ਆਜ਼ਾਦ ਘੁੰਮਣਗੇ। ਤਾਂ ਫਿਰ ਸਾਡੇ ਅਤੇ ਉਨ੍ਹਾਂ ਵਿਚ ਫ਼ਰਕ ਕੀ ਹੋਇਆ?
Hafiz Saeed
ਬਾਬੂ ਬਜਰੰਗੀ ਨੂੰ ਹਾਲ ਵਿਚ ਹੀ ਅਦਾਲਤ ਵਲੋਂ ਹਮਦਰਦੀ ਦੀ ਬਿਨਾਅ ਤੇ ਜ਼ਮਾਨਤ ਮਿਲੀ। ਉਸ ਉਤੇ ਗੁਜਰਾਤ ਦੰਗਿਆਂ ਵਿਚ ਹੋਏ ਕਤਲਾਂ ਦਾ ਇਲਜ਼ਾਮ ਲਗਦਾ ਹੈ। ਉਸ ਨੇ ਆਪ ਇਕ ਵੀਡੀਉ ਵਿਚ ਦਸਿਆ ਸੀ ਕਿ ਜਦ ਉਸ ਨੇ ਗਰਭਵਤੀ ਮੁਸਲਮਾਨ ਔਰਤ ਦੇ ਪੇਟ 'ਚੋਂ ਭਰੂਣ ਨੂੰ ਕੱਢ ਕੇ ਤ੍ਰਿਸ਼ੂਲ ਉਤੇ ਟੰਗਿਆ ਸੀ ਤਾਂ ਉਸ ਨੇ ਅਪਣੇ ਆਪ ਨੂੰ ਮਹਾਰਾਣਾ ਪ੍ਰਤਾਪ ਵਾਂਗ ਮਹਿਸੂਸ ਕੀਤਾ ਸੀ।
ਅਸੀਮਾਨੰਦ ਅਤੇ ਹੋਰਨਾਂ ਨੇ ਅਪਣੇ ਕਾਰਨਾਮਿਆਂ ਬਾਰੇ ਬਜਰੰਗੀ ਵਾਂਗ ਛਾਤੀ ਨਹੀਂ ਪਿੱਟੀ ਪਰ ਸਬੂਤ ਬਹੁਤ ਸਨ। ਅਦਾਲਤ ਹੀ ਬਿਹਤਰ ਸਮਝਦੀ ਹੈ ਕਿ ਉਸ ਨੂੰ ਉਹ ਸਬੂਤ ਅਤੇ ਉਸ ਦਾ ਕਬੂਲਨਾਮਾ ਵਿਸ਼ਵਾਸ-ਯੋਗ ਕਿਉਂ ਨਾ ਲੱਗੇ? ਸਮਝੌਤਾ ਐਕਸਪ੍ਰੈੱਸ ਮਾਮਲੇ ਵਿਚ ਪਾਕਿਸਤਾਨੀ ਗਵਾਹ ਅਪਣੀ ਗਵਾਹੀ ਦੇਣ ਆਉਣਾ ਚਾਹੁੰਦੇ ਸਨ ਪਰ ਐਨ.ਆਈ.ਏ. ਅਦਾਲਤ ਨੇ ਇਜਾਜ਼ਤ ਨਾ ਦਿਤੀ। ਇਸ ਨਾਲ ਹੋਰ ਵੀ ਅਪਰਾਧੀ ਮਾਫ਼ੀ ਪ੍ਰਾਪਤ ਕਰ ਲੈਣਗੇ ਅਤੇ ਦੰਗੇ, ਦਹਿਸ਼ਤ ਫੈਲਾਉਣ ਵਾਲੇ ਸਾਡੇ ਸਿਸਟਮ ਵਿਚ ਮਸੂਦ ਅਜ਼ਹਰ ਵਾਂਗ ਆਜ਼ਾਦ ਘੁੰਮਣਗੇ।
ਅੱਜ ਕਈ ਉਮੀਦਵਾਰ ਦਹਾੜ ਦਹਾੜ ਕੇ ਆਖਦੇ ਹਨ ਕਿ ਹਿੰਦੂ ਦੇਸ਼ ਅਖਵਾਉਣ ਵਿਚ ਕੀ ਖ਼ਰਾਬੀ ਹੈ? ਜੋ ਅਪਣੇ ਬਾਪ ਦਾ ਨਾ ਹੋ ਸਕਿਆ ਉਹ ਕਿਸੇ ਹੋਰ ਦਾ ਕਿਵੇਂ ਹੋ ਸਕਦਾ ਹੈ? 'ਹਿੰਦੂਤਵ' ਸੋਚ ਵਾਲੇ ਆਖਦੇ ਹਨ ਕਿ ਹਿੰਦੂ ਦਾ ਅਰਥ ਪ੍ਰੇਮ ਹੈ। ਪਰ ਫਿਰ ਉਨ੍ਹਾਂ ਦੀ ਚੌਕੀਦਾਰੀ ਵਿਚ ਨਫ਼ਰਤ ਕਿਉਂ ਫੈਲਦੀ ਜਾ ਰਹੀ ਹੈ? ਸਾਡੇ ਦੇਸ਼ ਦੀ ਸੋਚ ਵਿਚ ਅਤੇ ਬਾਕੀ ਕੱਟੜ ਸੋਚ ਵਾਲੇ ਦੇਸ਼ਾਂ ਵਿਚ ਫ਼ਰਕ ਘਟਦਾ ਕਿਉਂ ਜਾ ਰਿਹਾ ਹੈ? ਹਿੰਦੂ ਸੋਚ ਤਾਂ ਮਹਾਤਮਾ ਗਾਂਧੀ ਦੀ ਵੀ ਸੀ। ਸਾਡਾ ਤਾਂ ਸੰਵਿਧਾਨ ਵੀ ਹਿੰਦੂ ਸੋਚ ਨੂੰ ਸਾਹਮਣੇ ਰੱਖ ਕੇ ਹੀ ਘੜਿਆ ਗਿਆ ਸੀ। ਇਤਰਾਜ਼ ਕਰਨਾ ਤਾਂ ਘੱਟਗਿਣਤੀਆਂ ਦਾ ਹੱਕ ਸੀ ਜਿਨ੍ਹਾਂ ਦੀ ਹੋਂਦ, ਹਿੰਦੂ ਬਹੁਗਿਣਤੀ ਦੀ ਖ਼ੁਸ਼ੀ ਉਤੇ ਨਿਰਭਰ ਬਣਾ ਦਿਤੀ ਗਈ ਸੀ। ਇਹ 'ਹਿੰਦੁਤਵ' ਤੇ ਹਿੰਦੂ ਸ਼ਾਇਦ ਦੋ ਚੀਜ਼ਾਂ ਹਨ।
Babu Bajrangi
ਹਿੰਦੂਤਵ ਦੀ ਸੋਚ ਪੁਰਾਣੇ ਸਮੇਂ ਤੋਂ ਚਲ ਰਹੀ ਹੈ ਜਿਥੇ ਹਿੰਦੂ, ਮੁਗ਼ਲਾਂ ਦੇ ਕਹਿਰ ਹੇਠ ਦੱਬ ਗਏ ਸਨ। ਪਰ ਉਹ ਅਪਣੀ ਇਸ ਪੁਰਾਤਨ ਨਫ਼ਰਤ ਦੇ ਜ਼ਖ਼ਮਾਂ ਨੂੰ ਚਟਦੇ ਹੋਏ, ਅੱਜ ਨੂੰ ਵੀ ਇਕ ਖ਼ਿਆਲੀ ਜੰਗ ਵਿਚ ਨਫ਼ਰਤ ਨਾਲ ਤਬਾਹ ਕਰ ਰਹੇ ਹਨ ਅਤੇ ਉਸ ਦੀ ਕੀਮਤ ਅੱਜ ਦੇ ਭਾਰਤੀ ਚੁਕਾ ਰਹੇ ਹਨ, ਕਸ਼ਮੀਰ ਵਿਚ ਫ਼ੌਜੀ ਕੀਮਤ ਚੁਕਾ ਰਹੇ ਹਨ ਤੇ ਸਾਰੇ ਦੇਸ਼ ਵਿਚ ਮੁਸਲਮਾਨ। ਅੱਜ ਜੰਗ ਕੋਈ ਨਹੀਂ ਹੋ ਰਹੀ ਪਰ ਭਾਰਤ ਦੇ ਵਾਰ ਤੋਂ ਬਾਅਦ ਹਰ ਰੋਜ਼ ਭਾਰਤ ਦੀ ਸਰਹੱਦ ਉਤੇ ਇਕ ਨਾ ਇਕ ਫ਼ੌਜੀ ਮਾਰਿਆ ਜਾਂਦਾ ਹੈ। ਜਿਸ ਜੰਗ ਦੀ ਜ਼ਰੂਰਤ ਨਹੀਂ ਸੀ, ਜਿਸ ਜੰਗ ਨੂੰ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਸੀ, ਉਸ ਨੂੰ ਸ਼ੁਰੂ ਕਰਨ ਵਾਲੇ ਨਾ ਅਪਣੀ ਗੋਲੀ ਤੋਂ ਬਚ ਸਕਦੇ ਹਨ ਅਤੇ ਨਾ ਉਹ ਸਟੇਜਾਂ ਉਤੇ ਹੀ ਨਜ਼ਰ ਆਉਣਗੇ।
ਇਸ ਮਨਘੜਤ ਜੰਗ ਨੂੰ ਜਿੱਤਣ ਵਾਲੇ, ਕਸ਼ਮੀਰ ਵਿਚ ਬੜੇ ਲੋਕ ਲਾਪਤਾ ਹੁੰਦੇ ਆ ਰਹੇ ਹਨ ਅਤੇ ਹੁਣ 30 ਸਾਲਾਂ ਦਾ ਇਕ ਅਧਿਆਪਕ ਪੁਲਿਸ ਹਿਰਾਸਤ ਵਿਚ ਬੜੇ ਤਸੀਹਿਆਂ ਤੋਂ ਬਾਅਦ ਮਾਰਿਆ ਗਿਆ। ਪਰ ਹੈਰਾਨੀ ਇਹ ਕਿ ਪੁਲਿਸ ਨੇ ਅਪਣੇ ਵਲੋਂ ਕੀਤੇ ਤਸੀਹਿਆਂ ਕਾਰਨ ਹੋਈ ਮੌਤ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹ ਇਸ ਨਵੀਂ ਸੋਚ ਦੇ ਅਸਰ ਹੇਠ ਪਲ ਰਿਹਾ ਖ਼ੌਫ਼ ਹੈ। ਲੋਕਾਂ ਦੇ ਰਾਖੇ, ਬੰਦ ਜੇਲ ਵਿਚ ਅਪਣੀ 'ਬਹਾਦਰੀ' ਦੇ ਜੌਹਰ ਵਿਖਾ ਰਹੇ ਹਨ। ਦੋਸ਼ੀਆਂ ਨੂੰ ਬਚਾਉਣ ਵਾਲੀ ਸੋਚ ਹਾਵੀ ਹੈ। ਭਾਰਤ ਕੋਲ ਮੌਕਾ ਸੀ ਕਿ ਉਹ ਅਪਣੇ ਨਾਲ ਅਪਣੀ ਸੋਚ ਨੂੰ ਵੀ ਅੱਗੇ ਵਧਾ ਕੇ ਅਪਣੇ ਆਪ ਨੂੰ ਇਕ ਸ਼ਾਂਤੀ ਦਾ ਦੂਤ ਬਣਾ ਲੈਂਦਾ। ਪਰ ਅੱਜ ਜਾਪਦਾ ਨਹੀਂ ਕਿ ਇਸ ਦੇਸ਼ ਵਿਚ ਹੁਣ ਕੋਈ ਅਪਣੀ ਸਮਝ ਬੂਝ ਨਾਲ ਕੰਮ ਕਰ ਰਿਹਾ ਹੈ ਜਾਂ ਦਿਲ ਨਾਲ ਸੋਚ ਰਿਹਾ ਹੈ। ਅੱਜ ਦੇ ਹਾਲਾਤ ਨੂੰ ਵੇਖ ਕੇ ਲਗਦਾ ਨਹੀਂ ਕਿ ਹਨੇਰ ਦੀ ਅੱਤ ਦੇ ਅੰਤ ਵਿਚ ਰੌਸ਼ਨੀ ਦੀ ਆਸ ਵੀ ਕੀਤੀ ਜਾ ਸਕਦੀ ਹੈ। -ਨਿਮਰਤ ਕੌਰ