
ਐਤਵਾਰ ਦੇ ਦਿਨ ਦੁਨੀਆਂ ਦੇ ਕੋਨੇ ਕੋਨੇ ਵਿਚ ਧਰਤੀ ਉਤੇ ਵਧਦੇ ਪ੍ਰਦੂਸ਼ਣ ਦੀ ਚਿੰਤਾ ਪ੍ਰਤੀ ਸਿਆਸਤਦਾਨਾਂ ਦੀ ਬੇਰੁਖ਼ੀ ਅਤੇ ਨਾਰਾਜ਼ਗੀ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ...
ਐਤਵਾਰ ਦੇ ਦਿਨ ਦੁਨੀਆਂ ਦੇ ਕੋਨੇ ਕੋਨੇ ਵਿਚ ਧਰਤੀ ਉਤੇ ਵਧਦੇ ਪ੍ਰਦੂਸ਼ਣ ਦੀ ਚਿੰਤਾ ਪ੍ਰਤੀ ਸਿਆਸਤਦਾਨਾਂ ਦੀ ਬੇਰੁਖ਼ੀ ਅਤੇ ਨਾਰਾਜ਼ਗੀ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ। ਦੁਨੀਆਂ ਦਾ ਸੱਭ ਤੋਂ ਤਾਕਤਵਰ ਇਨਸਾਨ, ਅਮਰੀਕਾ ਦਾ ਰਾਸ਼ਟਰਪਤੀ, ਧਰਤੀ ਉਤੇ ਪਾਏ ਗਏ ਭਾਰ ਨੂੰ ਕਬੂਲਣ ਲਈ ਤਿਆਰ ਨਹੀਂ ਕਿਉਂਕਿ ਉਸ ਨਾਲ ਉਦਯੋਗਾਂ ਦੀ ਪੈਦਾਵਾਰ ਉਤੇ ਅਸਰ ਪੈਂਦਾ ਹੈ। ਜਿਥੇ ਮਾਹਰ ਆਖਦੇ ਹਨ, 50% ਧਰਤੀ ਨੂੰ ਅਪਣੇ ਕੁਦਰਤੀ ਸਰੂਪ ਵਿਚ ਰੱਖਣ ਦੀ ਜ਼ਰੂਰਤ ਹੈ, ਇਹ ਇਨਸਾਨ ਅਪਣੇ ਉਦਯੋਗ ਨੂੰ ਪਲਾਸਟਿਕ ਦੀ ਵਰਤੋਂ ਤੋਂ ਰੋਕਣ ਲਈ ਤਿਆਰ ਨਹੀਂ।
Sri Lankan blasts-1
ਅੱਜ ਜਿਥੇ ਪਾਣੀ ਹੋਣਾ ਚਾਹੀਦਾ ਹੈ, ਉਥੇ ਗਾਰਾ ਹੈ, ਜਿੱਥੇ ਪਹਾੜ ਹੋਣੇ ਚਾਹੀਦੇ ਹਨ, ਉਥੇ ਕੂੜੇ ਦੇ ਢੇਰ ਹਨ ਅਤੇ ਇਸ ਤਰ੍ਹਾਂ ਦੀ ਸਿਆਸੀ ਬੇਰੁਖ਼ੀ ਦਾ ਭਾਰ ਗ਼ਰੀਬ ਦੇਸ਼ ਅਤੇ ਗ਼ਰੀਬ ਇਨਸਾਨਾਂ ਵਲੋਂ ਚੁਕਿਆ ਜਾ ਰਿਹਾ ਹੈ ਜੋ ਬੇ-ਘਰਾ ਹੋਣ ਕਰ ਕੇ, ਬੇਵਕਤ ਮੌਸਮੀ ਤੂਫ਼ਾਨਾਂ ਅਤੇ ਗਰਮੀ ਦੀ ਮਾਰ ਹੇਠ ਦੱਬ ਕੇ ਮਰਨ ਲਈ ਮਜਬੂਰ ਹੋ ਜਾਂਦੇ ਹਨ, ਕਿਸਾਨਾਂ ਦੀ ਫ਼ਸਲ ਬਰਬਾਦ ਹੁੰਦੀ ਹੈ ਅਤੇ ਇਹ ਉਹ ਲੋਕ ਹਨ ਜਿਨ੍ਹਾਂ ਨੇ ਸ਼ਾਇਦ ਕਦੇ ਕੁਦਰਤ ਦੇ ਅਸੂਲਾਂ ਦੀ ਉਲੰਘਣਾ ਕਰਨ ਬਾਰੇ ਸੋਚਿਆ ਵੀ ਨਾ ਹੋਵੇ।
Sri Lankan blasts-2
ਪਰ ਇਹ ਜੋ ਬੇਰੁਖ਼ੀ ਹੈ, ਜੋ ਕੁਦਰਤ ਦੇ ਅਸੂਲਾਂ ਦੀ ਉਲੰਘਣਾ ਵਿਚੋਂ ਉਪਜੀ ਹੈ, ਉਹ ਸਿਰਫ਼ ਧਰਤੀ ਪ੍ਰਤੀ ਹੀ ਨਹੀਂ, ਬਲਕਿ ਧਰਤੀ ਉਤੇ ਰਹਿਣ ਵਾਲੇ ਇਨਸਾਨਾਂ ਪ੍ਰਤੀ ਵੀ ਵੱਧ ਰਹੀ ਹੈ। ਐਤਵਾਰ ਨੂੰ ਧਰਤੀ ਦੀ ਲੁੱਟ ਦੇ ਨਾਲ ਨਾਲ ਇਨਸਾਨੀਅਤ ਉਤੇ ਖ਼ਤਰੇ ਦੇ ਵੀ ਸੰਕੇਤ ਸ੍ਰੀਲੰਕਾ ਦੇ ਅਤਿਵਾਦੀ ਹਮਲੇ ਨੇ ਦਿਤੇ। ਸ੍ਰੀਲੰਕਾ ਨੇ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਅਪਣੇ ਦੇਸ਼ ਵਿਚ ਸ਼ਾਂਤੀ ਵਾਪਸ ਲਿਆਂਦੀ ਸੀ ਪਰ ਪਿਛਲੇ ਸਾਲ ਤੋਂ ਗ਼ੈਰ-ਮੁਸਲਮਾਨ ਹਿੰਸਾ ਦੀ ਸ਼ੁਰੂਆਤ ਹੋ ਗਈ ਸੀ। ਪਰ ਉਹ ਛੋਟੇ ਹਾਦਸੇ ਸਨ ਜਿਨ੍ਹਾਂ ਦਾ ਕੋਈ ਵੱਡਾ ਜਵਾਬ ਨਹੀਂ ਬਣਦਾ ਸੀ। ਇਸ ਤਾਜ਼ਾ ਹਮਲੇ 'ਚ ਆਈ.ਐਸ.ਆਈ.ਐਸ. ਦੀ ਛਾਪ ਸਾਫ਼ ਹੈ। ਖ਼ੁਦਕੁਸ਼ੀ ਨੂੰ ਗਲ ਲਾਉਣ ਵਾਲੇ ਜੇਹਾਦੀ ਅਪਣੇ ਕਿਸੇ ਵੀ ਵਾਰ ਵਿਚ ਜ਼ਰਾ ਜਿੰਨੀ ਹਮਦਰਦੀ ਵੀ ਨਹੀਂ ਵਿਖਾਉਂਦੇ। ਅਤਿਵਾਦ ਧਰਮ ਨਾਲ ਸਬੰਧਤ ਨਹੀਂ ਹੁੰਦਾ ਪਰ ਆਈ.ਐਸ.ਆਈ.ਐਸ. ਦੀ ਸ਼ੁਰੂਆਤ ਧਾਰਮਕ ਉਦਾਸੀਨਤਾ ਤੋਂ ਨਿਕਲਦੀ ਹੈ।
Sri Lankan blasts-3
ਅੱਜ ਜਦ ਅਮਰੀਕਾ ਆਈ.ਐਸ.ਆਈ.ਐਸ. ਦੇ ਖ਼ਾਤਮੇ ਦਾ ਜਸ਼ਨ ਮਨਾ ਰਿਹਾ ਹੈ, ਪਹਿਲਾਂ ਨਿਊਜ਼ੀਲੈਂਡ ਅਤੇ ਹੁਣ ਸ੍ਰੀਲੰਕਾ ਦੇ ਸ਼ਾਂਤ ਟਾਪੂਆਂ ਉਤੇ ਹਮਲੇ ਨਾਲ ਸਿੱਧ ਹੋ ਗਿਆ ਹੈ ਕਿ ਅਜੇ ਉਨ੍ਹਾਂ ਵਿਚ ਜਾਨ ਬਾਕੀ ਹੈ¸ਜਾਨ ਬਾਕੀ ਹੈ ਜਾਂ ਉਨ੍ਹਾਂ ਵਿਚ ਜਾਨ ਸਾਡੇ ਸਿਆਸਤਦਾਨ ਵਕਤ-ਬੇਵਕਤ ਹੋਰ ਪਾਈ ਜਾ ਰਹੇ ਹਨ। ਆਈ.ਐਸ.ਆਈ.ਐਸ. ਦੇ ਖ਼ਾਤਮੇ ਲਈ ਮੁਸਲਮਾਨ ਕੌਮ ਵਿਰੁਧ ਨਫ਼ਰਤ ਦੀ ਜਿਸ ਲਹਿਰ ਦੀ ਸ਼ੁਰੂਆਤ ਕਰ ਦਿਤੀ ਗਈ ਹੈ, ਉਸ ਨੂੰ ਬੰਦ ਕਰਨਾ ਪਵੇਗਾ। 9/11 ਤੋਂ ਬਾਅਦ ਅਮਰੀਕਾ ਨੇ ਅਪਣੀ ਸੁਰੱਖਿਆ ਤੇਜ਼ ਕਰ ਲਈ, ਪਰ ਨਫ਼ਰਤ ਨਹੀਂ ਬੰਦ ਕੀਤੀ ਅਤੇ ਅੱਜ ਇਹ ਜੋ ਗੁੱਸਾ ਵੱਡੇ ਦੇਸ਼ਾਂ ਵਲ ਹੈ ਤੇ ਜਿਨ੍ਹਾਂ ਨੂੰ ਮੁਸਲਮਾਨ ਅਤਿਵਾਦੀ ਦੇ ਸੀਰੀਆ, ਅਫ਼ਗ਼ਾਨਿਸਤਾਨ ਵਰਗੇ ਮੁਸਲਮਾਨ ਦੇਸ਼ਾਂ ਦੀ ਤਬਾਹੀ ਲਈ ਜ਼ਿੰਮੇਵਾਰ ਮੰਨਦੇ ਹਨ, ਉਨ੍ਹਾਂ ਦੇ ਗੁੱਸੇ ਦਾ ਫੱਟ ਸ੍ਰੀਲੰਕਾ ਨੂੰ ਵੀ ਸਹਿਣਾ ਪੈ ਰਿਹਾ ਹੈ। ਸਿਆਸੀ ਲੋਕ ਅਪਣੇ ਨਿਜੀ ਸਵਾਰਥ ਵਾਸਤੇ ਕੁੱਝ ਵੀ ਕਰ ਸਕਦੇ ਹਨ ਤੇ ਕਿਧਰੇ ਵੀ ਮੌਤ ਦਾ ਨਾਚ ਨੱਚ ਸਕਦੇ ਹਨ ਪਰ ਉਸ ਗੁੱਸੇ ਦੀ ਪੀੜਾ ਇਨਸਾਨਾਂ ਨੂੰ ਚੁਕਾਉਣੀ ਪੈਂਦੀ ਹੈ।
Sri Lankan blasts-4
ਅੱਜ ਭਾਰਤ ਵਿਚ ਵੀ ਸਿਆਸੀ ਜ਼ੁਬਾਨ ਜਿਹੜੀ ਨਫ਼ਰਤ ਉਗਲ ਰਹੀ ਹੈ, ਕੀ ਇਸ ਦਾ ਅਸਰ ਭਾਰਤ ਦੇ ਵਾਤਾਵਰਣ ਉਤੇ ਨਹੀਂ ਪਵੇਗਾ? ਜਦੋਂ ਇਕ ਅਤਿਵਾਦ ਦੀ ਮੁਲਜ਼ਮ ਔਰਤ ਨੂੰ ਭਾਰਤੀ ਸੰਸਦ ਦਾ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਭਾਵੇਂ ਉਹ ਜਿੱਤੇ ਜਾਂ ਹਾਰੇ, ਸਿਸਟਮ ਦੀ ਹਾਰ ਤਾਂ ਪਹਿਲਾਂ ਹੀ ਹੋ ਚੁੱਕੀ ਹੈ। ਉਸ ਨੂੰ ਇਸ ਕਰ ਕੇ ਉਤਾਰਿਆ ਗਿਆ ਹੈ ਕਿਉਂਕਿ ਉਸ ਉਤੇ ਮੁਸਲਮਾਨ ਕੌਮ ਉਤੇ ਕਾਤਲਾਨਾ ਵਾਰ ਕਰਨ ਦੇ ਦੋਸ਼ ਹਨ ਅਤੇ ਇਸ ਦੋਸ਼ ਨੂੰ ਹੁਣ ਜਿੱਤ ਦਾ ਮੈਡਲ ਮੰਨਿਆ ਜਾ ਰਿਹਾ ਹੈ। ਜਦੋਂ ਚੋਣ ਮੰਚ ਉਤੇ ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਦੀ ਪ੍ਰਮਾਣੂ ਤਾਕਤ ਨੂੰ ਗੁਆਂਢੀ ਦੇਸ਼ਾਂ ਉਤੇ ਵਰਤਣ ਦੀ ਗੱਲ ਕਰਦਾ ਹੈ ਤਾਂ ਇਹ ਖ਼ਿਆਲੀ ਪ੍ਰਦੂਸ਼ਣ ਭਾਰਤੀ ਸਮਾਜ ਉਤੇ ਅਪਣਾ ਅਸਰ ਛੱਡੇਗਾ।
Sri Lankan blasts-5ਅੱਜ ਸਿਆਸਤ ਧਰਤੀ ਉਤੇ, ਇਨਸਾਨਾਂ ਦੇ ਦਿਲ 'ਚ, ਕੁਦਰਤ ਦੇ ਹਰ ਵਾਸੀ ਉਤੇ ਅਪਣੀਆਂ ਲਾਲਸਾਵਾਂ ਦਾ ਪ੍ਰਦੂਸ਼ਣ ਖਿਲਾਰ ਰਹੀ ਹੈ। ਜਿਸ ਤਰ੍ਹਾਂ ਧਰਤੀ ਉਤੇ ਸੂਰਜ ਦੀ ਅੱਗ ਮਹਿਸੂਸ ਹੋ ਰਹੀ ਹੈ, ਇਸ ਨਫ਼ਰਤ ਦੀ ਅੱਗ ਵੀ ਹਰ ਆਮ ਗ਼ਰੀਬ ਇਨਸਾਨ ਮਹਿਸੂਸ ਕਰੇਗਾ। ਸ੍ਰੀਲੰਕਾ ਵਿਚ ਜਾਨਾਂ ਗਵਾਉਣ ਵਾਲੇ ਉਨ੍ਹਾਂ ਆਮ 290 ਇਨਸਾਨਾਂ ਦਾ ਅਸਲ ਕਸੂਰਵਾਰ ਸਿਆਸਤਦਾਨ ਹੀ ਹੈ। - ਨਿਮਰਤ ਕੌਰ