
ਹੁਣ ਭਾਵੇਂ ਕਾਂਗਰਸ, ਕਰਜ਼ਾ ਮਾਫ਼ੀ ਕਰਨ ਵਿਚ ਦੇਰ ਕਰੇ, ਭਾਵੇਂ ਸਮਾਰਟ ਫ਼ੋਨ ਨਾ ਦੇਵੇ, ਪੰਜਾਬ ਕੋਲ ਕਿਸੇ ਹੋਰ ਪਾਰਟੀ ਵਲ ਜਾਣ ਦਾ ਰਸਤਾ ਹੀ ਕੋਈ ਨਹੀਂ ਰਹਿ ਗਿਆ..........
2013-14 ਵਿਚ ਪੰਜਾਬ ਕੋਲ ਪਹਿਲੀ ਵਾਰ ਦੋ ਰਵਾਇਤੀ ਸਿਆਸੀ ਪਾਰਟੀਆਂ ਤੋਂ ਇਲਾਵਾ ਇਕ ਨਵੀਂ ਪਾਰਟੀ, ਤੀਜੇ ਬਦਲ ਵਜੋਂ ਸਾਹਮਣੇ ਆ ਗਈ ਸੀ। 2014 ਵਿਚ ਪੰਜਾਬ ਨੇ ਅਪਣੀ ਪਸੰਦ ਦਾ ਪ੍ਰਯੋਗ ਵੀ ਕੀਤਾ ਅਤੇ ਸੰਸਦ ਵਿਚ ਚਾਰ ਸੰਸਦ ਮੈਂਬਰ ਆਮ ਆਦਮੀ ਪਾਰਟੀ (ਆਪ) ਦੇ ਚੁਣ ਕੇ ਭੇਜੇ ਸਨ। ਪੰਜਾਬ ਕੋਲ ਤਿੰਨਾਂ ਪਾਰਟੀਆਂ 'ਚੋਂ ਕਿਸੇ ਇਕ ਨੂੰ ਚੁਣਨ ਦੀ ਖੁਲ੍ਹ ਜ਼ਿਆਦਾ ਦੇਰ ਨਾ ਰਹੀ। ਪਰ ਫਿਰ ਵੀ 2017 ਵਿਚ ਤੀਜੀ ਪਸੰਦ ਜਾਂ ਬਦਲ ਦਾ ਅਸਰ ਵਿਧਾਨ ਸਭਾ ਚੋਣਾਂ ਵਿਚ ਵੀ ਉਘੜ ਕੇ ਸਾਹਮਣੇ ਆ ਗਿਆ। ਰਵਾਇਤ ਅਨੁਸਾਰ ਪੰਜਾਬ ਦਾ ਵੋਟਰ, ਕਦੇ ਕਾਂਗਰਸ ਅਤੇ ਕਦੇ ਅਕਾਲੀ ਦਲ ਨੂੰ ਚੁਣਦਾ ਆ ਰਿਹਾ ਸੀ।
ਪਰ ਤਿਕੋਣੀ ਚੋਣ ਦੇ ਬਾਵਜੂਦ ਪੰਜਾਬ ਨੇ ਇਕ ਪਾਸੇ ਵਲ ਝੁਕਣਾ ਹੀ ਪਸੰਦ ਕੀਤਾ। ਕਾਂਗਰਸ ਨੇ ਕਦੇ ਖ਼ੁਦ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਏਨੇ ਭਾਰੀ ਬਹੁਮਤ ਨਾਲ ਜਿੱਤ ਜਾਵੇਗੀ ਅਤੇ ਵਿਰੋਧੀ ਧਿਰ ਵਿਚ ਅਕਾਲੀ ਦਲ ਨਹੀਂ ਬਲਕਿ 'ਆਪ' ਬੈਠੇਗੀ। ਅਜੇ ਨਵੀਂ ਸਰਕਾਰ ਨੂੰ ਮਸਾਂ ਸਾਲ ਕੁ ਹੀ ਪੂਰਾ ਹੋਇਆ ਸੀ ਕਿ ਕਾਂਗਰਸ ਨੂੰ ਇਕ ਸੀਟ ਹੋਰ ਮਿਲ ਗਈ ਅਤੇ ਉਹ 78 ਦੇ ਅੰਕੜੇ ਤੇ ਪਹੁੰਚ ਗਈ। ਪਰ ਅੱਜ ਪੰਜਾਬ ਕੋਲ ਵਿਰੋਧੀ ਧਿਰ ਵੀ ਨਹੀਂ ਰਹਿ ਗਈ। ਪੰਜਾਬ ਵਿਚ 'ਆਪ' ਦਾ ਨਾਂ ਹੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਕਾਰਨ 'ਆਪ' ਦੇ ਅਪਣੇ ਆਗੂ ਹੀ ਹਨ।
ਕੇਜਰੀਵਾਲ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਮੁਖੀ ਦੇ ਅਹੁਦੇ ਤੋਂ ਉਤਾਰ ਕੇ ਸ਼ੁਰੂ ਕੀਤੀ ਗਈ ਅੰਦਰੂਨੀ ਜੰਗ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ਼ ਕੋਈ ਨਾ ਕੋਈ 'ਆਪ' ਆਗੂ ਪ੍ਰੈੱਸ ਕਾਨਫ਼ਰੰਸ ਕਰ ਰਿਹਾ ਹੁੰਦਾ ਹੈ ਅਤੇ ਇਕ-ਦੂਜੇ ਉਤੇ ਇਲਜ਼ਾਮ ਲੱਗ ਰਹੇ ਹੁੰਦੇ ਹਨ। ਭਗਵੰਤ ਮਾਨ ਨੇ ਸੁਖਪਾਲ ਖਹਿਰਾ ਵਿਰੁਧ ਇਕ ਖ਼ਾਸ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਵਿਚ ਖਹਿਰਾ ਦੇ ਕਪੜਿਆਂ ਤਕ ਦੀ ਨਿੰਦਾ ਕਰ ਕੇ ਸਿਆਸਤ ਦਾ ਪੱਧਰ ਹੋਰ ਵੀ ਨੀਵਾਂ ਕਰ ਦਿਤਾ। ਪਰ ਜਦੋਂ ਖਹਿਰਾ ਨੂੰ ਮਿਲੇ ਤਾਂ ਜੱਫੀਆਂ ਪਾਉਣੋਂ ਵੀ ਨਾ ਝਿਜਕੇ।
ਅਦਾਕਾਰੀ ਵਿਚ ਮਾਹਰ ਪੰਜਾਬ ਦੇ ਸਿਆਸਤਦਾਨ, ਇਕ-ਦੂਜੇ ਨੂੰ ਖਰੀਆਂ-ਖੋਟੀਆਂ ਸੁਣਾ ਕੇ ਵੀ ਜੱਫੀਆਂ ਪਾ ਲੈਂਦੇ ਹਨ ਅਤੇ ਵਿਚਾਰੀ ਜਨਤਾ ਇਨ੍ਹਾਂ ਜੱਫੀਆਂ ਪਿੱਛੇ ਭਾਵੁਕ ਹੋਈ ਰਹਿੰਦੀ ਹੈ। ਕਲ ਨੂੰ ਇਨ੍ਹਾਂ ਆਗੂਆਂ ਨੂੰ ਇਨ੍ਹਾਂ ਦੀ ਮਨਪਸੰਦ ਕੁਰਸੀ ਮਿਲ ਗਈ ਤਾਂ ਇਹ ਅੱਜ ਦੀਆਂ ਸਾਰੀਆਂ ਗੱਲਾਂ ਭੁਲਾ-ਭੁਲਾ ਚੁੱਕੇ ਹੋਣਗੇ। ਇਨ੍ਹਾਂ ਦੇ ਲਫ਼ਜ਼ਾਂ ਅਤੇ ਨੌਟੰਕੀਆਂ ਦੀ ਬਜਾਏ ਇਨ੍ਹਾਂ ਦੇ ਕੰਮਾਂ ਵਲ ਧਿਆਨ ਦੇਣ ਦੀ ਜ਼ਰੂਰਤ ਹੈ। ਪਰ ਇਹ ਜਨਤਾ ਦਾ ਧਿਆਨ ਖਿੰਡਾਈ ਰਖਣਾ ਚਾਹੁੰਦੇ ਹਨ। ਫ਼ਰੀਦਕੋਟ ਦੇ ਸੰਸਦ ਮੈਂਬਰ ਵਾਸਤੇ ਦੋਸਾਂਝ ਪਿੰਡ ਨੇ 'ਲਾਪਤਾ' ਦਾ ਪੋਸਟਰ ਜਾਰੀ ਕੀਤਾ ਹੈ।
Arvind Kejriwal
ਕਿਉਂਕਿ ਉਨ੍ਹਾਂ ਨੇ ਚਾਰ ਸਾਲਾਂ ਵਿਚ ਕਦੇ ਅਪਣੇ ਹਲਕਾ ਵਾਸੀਆਂ ਨਾਲ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪਰ ਹੁਣ ਸਾਰੀ ਜ਼ਿੰਦਗੀ ਸਾਬਕਾ ਸੰਸਦ ਮੈਂਬਰ ਦਾ ਸੁਰਖ਼ਾਬ ਦਾ ਪਰ ਅਪਣੀ ਪੱਗ ਵਿਚ ਟੁੰਗ ਕੇ ਖ਼ਜ਼ਾਨੇ ਉਤੇ ਭਾਰ ਬਣੇ ਰਹਿਣਗੇ। ਇਹੀ ਸੱਚ ਹੈ 'ਆਪ' ਦਾ। ਦੂਜੀ ਪਾਰਟੀ, ਅਕਾਲੀ ਦਲ ਦੀ ਜਨਤਾ ਵਿਚ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਮਨਜੀਤ ਸਿੰਘ ਜੀ.ਕੇ. ਨੂੰ ਨਿਊਯਾਰਕ ਵਿਚ ਅਕਾਲੀ ਦਲ ਦਾ ਨੁਮਾਇੰਦਾ ਹੋਣ ਕਾਰਨ ਬੁਰੀ ਤਰ੍ਹਾਂ ਜ਼ਲੀਲ ਕੀਤਾ ਗਿਆ। ਕਾਰਨ ਤਾਂ ਕਈ ਹੋ ਸਕਦੇ ਸਨ, ਪਰ ਬਰਗਾੜੀ ਕਾਂਡ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਜਾਪਦਾ ਹੈ।
ਪਹਿਲਾਂ ਲੋਕਾਂ ਵਿਚ ਇਹ ਮੰਨਿਆ ਜਾਂਦਾ ਸੀ ਕਿ ਅਕਾਲੀ ਲੀਡਰਾਂ ਨੇ ਪੰਜਾਬ ਨੂੰ ਅਪਣੇ ਨਿਜੀ ਲਾਭਾਂ ਲਈ ਵਰਤਿਆ ਹੈ ਪਰ ਸਿੱਖ ਧਾਰਮਕ ਸੰਸਥਾਵਾਂ ਦਾ ਇਸ ਤਰ੍ਹਾਂ ਵੋਟਾਂ ਵਾਸਤੇ ਦੁਰਉਪਯੋਗ, ਸਿੱਖਾਂ ਵਾਸਤੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਲਗਦਾ ਹੈ। ਵੈਸੇ ਤਾਂ ਜਦੋਂ ਇਕ ਪੁਰਾਣੀ ਪੰਜਾਬੀ ਅਖ਼ਬਾਰ ਦੀ ਸਰਦਾਰੀ ਬਚਾਉਣ ਵਾਸਤੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦਿਤਾ ਗਿਆ, ਰੋਟੀ-ਬੇਟੀ ਦੀ ਸਾਂਝ ਤੋੜਨ ਦਾ ਫ਼ਤਵਾ ਜਾਰੀ ਕਰ ਦਿਤਾ ਗਿਆ ਅਤੇ ਉਨ੍ਹਾਂ ਵਿਰੁਧ ਨਕਲੀ ਕੇਸ ਬਣਾ ਦਿਤੇ ਗਏ
ਤਾਂ ਉਦੋਂ ਵੀ ਪੰਜਾਬ ਦੇ ਮੁੱਦੇ ਚੁੱਕਣ ਵਾਲੀ ਆਵਾਜ਼ ਨੂੰ ਆਰਥਕ ਤੌਰ ਤੇ ਤਬਾਹ ਕਰਨ ਲਈ ਅਕਾਲ ਤਖ਼ਤ ਦਾ ਅੰਨ੍ਹਾ ਦੁਰਉਪਯੋਗ ਕੀਤਾ ਗਿਆ ਸੀ। ਸਿੱਖਾਂ ਨੇ ਉਦੋਂ ਵੀ ਡੱਟ ਕੇ ਸਪੋਕਸਮੈਨ ਤੇ ਉਸ ਦੇ ਸੰਪਾਦਕ ਦਾ ਸਾਥ ਦਿਤਾ ਸੀ ਪਰ ਇਸ ਵਾਰ ਇਕ ਬਲਾਤਕਾਰੀ, ਚਰਿੱਤਰਹੀਣ, ਨੌਟੰਕੀਬਾਜ਼ ਬਾਬੇ ਦੇ ਹੱਕ ਵਿਚ ਵਰਤੇ ਜਾਣ ਵਾਲੇ ਅਕਾਲ ਤਖ਼ਤ, ਪੰਜਾਬ ਪੁਲਿਸ ਦਾ ਦੁਰਉਪਯੋਗ ਤੇ ਦੋ ਸਿੱਖਾਂ ਦਾ ਕਤਲ ਸਿੱਖਾਂ ਕੋਲੋਂ ਹਰ ਜਰਨਾ ਔਖਾ ਹੋ ਗਿਆ। ਹਾਂ, ਅਜੇ ਤਕ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਦਰਜ ਇਲਜ਼ਾਮ ਹੀ ਹਨ, ਪਰ ਲੋਕਾਂ ਨੇ ਇਨ੍ਹਾਂ ਨੂੰ ਸੱਚ ਮੰਨਣ ਦਾ ਫ਼ੈਸਲਾ ਕਰ ਲਿਆ ਹੈ।
ਅਜੇ ਤਾਂ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਤੇ ਹਰਿਆਣੇ ਵਿਚ, ਪੁਰਾਣੇ ਮਿੱਤਰ ਇਨੈਲੋ ਨੇ ਨਕਾਰਿਆ ਹੈ, ਜਦੋਂ ਭਾਜਪਾ ਵੀ ਸਾਥ ਛੱਡ ਗਈ ਤਾਂ ਇਸ ਪਾਰਟੀ ਉਤੇ ਕਬਜ਼ਾ ਜਮਾਈ ਬੈਠਾ ਘਰਾਣਾ ਆਪ ਤਾਂ ਡੁੱਬੇਗਾ ਹੀ, ਪਾਰਟੀ ਨੂੰ ਵੀ ਸ਼ਾਇਦ ਨਾਲ ਹੀ ਲੈ ਡੁੱਬੇ। ਹੁਣ ਜਦੋਂ ਵਿਰੋਧੀ ਪਾਰਟੀਆਂ ਖ਼ਾਤਮੇ ਦੇ ਨੇੜੇ ਆ ਚੁਕੀਆਂ ਹਨ ਤਾਂ ਪੰਜਾਬ ਕੋਲ ਕਾਂਗਰਸ ਤੋਂ ਸਿਵਾ ਹੋਰ ਕੋਈ ਬਦਲ ਬਚਿਆ ਹੀ ਨਹੀਂ ਜਿਸ ਵਲ ਉਹ ਝਾਕ ਸਕਣ। ਹੁਣ ਭਾਵੇਂ ਕਾਂਗਰਸ, ਕਰਜ਼ਾ ਮਾਫ਼ੀ ਕਰਨ ਵਿਚ ਦੇਰ ਕਰੇ, ਭਾਵੇਂ ਸਮਾਰਟ ਫ਼ੋਨ ਨਾ ਦੇਵੇ, ਪੰਜਾਬ ਕੋਲ ਕਿਸੇ ਹੋਰ ਪਾਰਟੀ ਵਲ ਜਾਣ ਦਾ ਰਸਤਾ ਹੀ ਕੋਈ ਨਹੀਂ ਰਹਿ ਗਿਆ।
Sukhbir Singh Badal
ਕੀ ਕਾਂਗਰਸ ਹੀ ਰਾਜ ਕਰਦੀ ਰਹੇਗੀ ਜਾਂ 'ਆਪ' ਅਪਣੀ ਅੰਦਰੂਨੀ ਲੜਾਈ ਨੂੰ ਸੰਭਾਲ ਸਕੇਗੀ? ਕੀ ਅਕਾਲੀ ਦਲ, ਬਾਦਲ ਪ੍ਰਵਾਰ ਤੋਂ ਬਗ਼ੈਰ ਵੀ ਮੁੜ ਤੋਂ ਉਠੇਗਾ ਜਾਂ ਬਾਦਲ ਪ੍ਰਵਾਰ ਅਪਣੇ ਉਤੇ ਲਾਏ ਸਾਰੇ ਇਲਜ਼ਾਮ ਧੋ ਸਕੇਗਾ? ਜਾਂ ਇਕ ਹੋਰ ਚੌਥੀ ਧਿਰ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਨਿਤਰੇਗੀ? ਇਨ੍ਹਾਂ ਸਿਆਸੀ ਪਾਰਟੀਆਂ ਦੀ ਹੋਂਦ ਨਾਲੋਂ ਜ਼ਿਆਦਾ, ਪੰਜਾਬ ਨੂੰ ਇਕ ਸਰਗਰਮ ਵਿਰੋਧੀ ਧਿਰ ਚਾਹੀਦੀ ਹੈ। -ਨਿਮਰਤ ਕੌਰ