
ਸੱਭ ਆਗੂ ਇਕੋ ਸ਼ਬਦਾਵਲੀ ਲੈ ਕੇ ਮੈਦਾਨ ਵਿਚ ਉਤਰਦੇ ਹਨ ਕਿ ਫ਼ਲਾਣਾ ਫ਼ਲਾਣੀ ਏਜੰਸੀ ਦਾ ਏਜੰਟ ਹੈ, ਫ਼ਲਾਣਾ ਕੁਰਸੀ ਦਾ ਭੁੱਖਾ ਹੈ, ਫ਼ਲਾਣਾ ਕੱਟੜਤਾ ਦਾ ਪੁਜਾਰੀ ਹੈ...
ਸੱਭ ਆਗੂ ਇਕੋ ਸ਼ਬਦਾਵਲੀ ਲੈ ਕੇ ਮੈਦਾਨ ਵਿਚ ਉਤਰਦੇ ਹਨ ਕਿ ਫ਼ਲਾਣਾ ਫ਼ਲਾਣੀ ਏਜੰਸੀ ਦਾ ਏਜੰਟ ਹੈ, ਫ਼ਲਾਣਾ ਕੁਰਸੀ ਦਾ ਭੁੱਖਾ ਹੈ, ਫ਼ਲਾਣਾ ਕੱਟੜਤਾ ਦਾ ਪੁਜਾਰੀ ਹੈ, ਫ਼ਲਾਣਾ ਅਪਣੀ ਤਿਜੌਰੀ ਭਰਨ ਦੀ ਤਾਕ ਵਿਚ ਇਕ ਕੌਮ ਨੂੰ ਹੀ ਗਿਰਵੀ ਰੱਖ ਦੇਣ ਵਾਲਾ ਹੈ, ਫ਼ਲਾਣਾ ਅਪਣੀ ਫ਼ਿਲਮ ਵਾਸਤੇ ਧਾਰਮਕ ਗ੍ਰੰਥਾਂ ਦੇ ਵਰਕੇ ਪਾੜ ਦੇਂਦਾ ਹੈ। ਇਹ ਸਾਰੇ ਤਾਂ ਸੱਚ ਤੇ ਨਿਆਂ ਦੇ ਕਾਤਲ ਹਨ ਤੇ ਇਨ੍ਹਾਂ ਨੇ ਸਮਾਜ ਦੀ ਜ਼ਮੀਰ ’ਚੋਂ ਉਮੀਦ ਤੇ ਨਿਆਂ ਦੀ ਆਸ ਹੀ ਖ਼ਤਮ ਕਰ ਦਿਤੀ ਹੈ।
ਮਾਇਆ ਨਗਰੀ ਵਿਚ, ਦੀਵਾਲੀ ਦਾ ਮਤਲਬ ਅੱਜ ਸੱਭ ਦਾ ਦਿਵਾਲਾ ਕੱਢਣ ਵਾਲਾ ਦਿਨ ਬਣ ਗਿਆ ਲਗਦਾ ਹੈ। ਹਰ ਪਾਸੇ ਤੋਹਫ਼ੇ, ਜਸ਼ਨ, ਸਜਾਵਟਾਂ ਚਲ ਰਹੀਆਂ ਹਨ ਤੇ ਇਸ ਨਾਲ ਰਿਸ਼ਵਤ ਦੀ ਐਸੀ ਧੂਮ ਮੱਚ ਗਈ ਹੈ ਕਿ ਹੁਣ ਵਿਜੀਲੈਂਸ ਵਾਲੇ, ਦੀਵਾਲੀ ਦੇ ਤੋਹਫ਼ਿਆਂ ਦੀ ਵੀ ਜਾਂਚ ਕਰ ਰਹੇ ਹਨ। ਪਰ ਜਦ ਅਸੀਂ ਅਪਣੀਆਂ ਕਿਤਾਬਾਂ ਵਿਚ ਦੀਵਾਲੀ ਮਨਾਉਣ ਦੇ ਕਾਰਨਾਂ ਬਾਰੇ ਪੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਦੀਵਾਲੀ ਕੁੱਝ ਹੋਰ ਹੀ ਕਾਰਨਾਂ ਕਰ ਕੇ ਮਨਾਈ ਗਈ ਸੀ। ਗੁਰੂ ਸਾਹਿਬ ਅਪਣੇ ਨਾਲ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾ ਕੇ ਜ਼ਾਲਮ ਹਕੂਮਤ ਦਾ ਸਿਰ ਝੁਕਾ ਕੇ ਬਾਹਰ ਆਏ ਸਨ। ਸ਼੍ਰੀ ਰਾਮ 14 ਸਾਲ ਦਾ ਬਨਵਾਸ ਕੱਟ ਕੇ ਸੱਚ ਦੀ ਜਿੱਤ ਤੋਂ ਬਾਅਦ ਘਰ ਆਏ ਸਨ। ਨੇਕੀ ਦੀ ਬਦੀ ’ਤੇ ਜਿੱਤ ਨੂੰ ਦੀਵਾਲੀ ਆਖਦੇ ਹਨ। ਪਰ ਅੱਜ ਤਾਂ ਦੀਵਾਲੀ ਮਨਾਉਣ ਸਮੇਂ, ਇਹ ਸਾਰੀਆਂ ਲਿਖਤਾਂ ਕਿਤਾਬੀ ਗੱਲਾਂ ਹੀ ਬਣ ਕੇ ਰਹਿ ਗਈਆਂ ਹਨ।
ਅੱਜ ਅਸੀਂ ਜਿਸ ਥਾਂ ਤੇ ਖੜੇ ਹਾਂ, ਸਾਨੂੰ ਗੁਰੂ ਸਾਹਿਬ ਵਰਗੀ ਸੋਚ ਆਪ ਰੱਖਣ ਤੇ ਦੂਜੇ ਸਭਨਾਂ ਵਿਚ ਜਗਾਉਣ ਦੀ ਲੋੜ ਹੈ ਕਿਉਂਕਿ ਅੱਜ ਸਾਡਾ ਸਮਾਜ ਜਿਸ ਹਨੇਰੇ ਵਿਚ ਘਿਰ ਚੁੱਕਾ ਹੈ, ਉਥੋਂ ਬਾਹਰ ਨਿਕਲਣ ਵਾਸਤੇ ਹਰ ਇਕ ਦੇ ਦਿਲ ਵਿਚ ਹਮਦਰਦੀ ਤੇ ਨਿਆਂ ਦੀ ਜੋਤ ਜਗਾਉਣੀ ਪਵੇਗੀ। ਬਿਲਕਿਸ ਬਾਨੋ ਜਿਸ ਦਾ 11 ਵਿਅਕਤੀਆਂ ਨੇ ਸਮੂਹਕ ਬਲਤਾਕਾਰ ਕਰਨ ਤੋਂ ਪਹਿਲਾਂ ਉਸ ਦੀ ਕੁੱਖ ਵਿਚੋਂ ਉਸ ਦੇ ਅਣਜੰਮੇ ਬੱਚੇ ਨੂੰ ਕੱਢ ਬਾਹਰ ਸੁਟਿਆ, ਉਸ ਦੀ ਮਾਂ, ਭੈਣ ਦਾ ਸਮੂਹਕ ਬਲਾਤਕਾਰ ਕੀਤਾ, ਉਸ ਦਾ ਤਿੰਨ ਸਾਲ ਦਾ ਬੱਚਾ ਤੇ 2 ਦਿਨਾਂ ਦੀ ਭਣੇਵੀਂ ਮਾਰ ਦਿਤੀ ਤੇ ਘਰ ਦੇ ਸਾਰੇ ਜੀਆਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿਤਾ, ਉਹ ਅੱਜ ਸਾਡੇ ਵਲ ਵੇਖ ਰਹੀ ਹੈ ਤੇ ਅਸੀਂ ਚੁੱਪ ਚਾਪ ਉਸ ਦੇ ਦੋਸ਼ੀਆਂ ਨੂੰ ਪੈਰੋਲ ਤੇ ਰਿਹਾਈ ਸਮੇਂ ਗੁਜਰਾਤ ਚੋਣਾਂ ਵਿਚ ਹਾਰ ਪਾਉਂਦੇ ਵੇਖ ਰਹੇ ਹਾਂ।
ਬਲਾਤਕਾਰੀ ਤੇ ਕਾਤਲ ਸੌਦਾ ਸਾਧ ਨੂੰ ਜੇਲ ਤੋਂ ਇਕ ਵਾਰ ਫਿਰ ਛੁੱਟੀ ਦੇ ਦਿਤੀ ਗਈ ਹੈ ਤਾਕਿ ਉਹ ਹਰਿਆਣਾ ਦੀਆਂ ਚੋਣਾਂ ਵਿਚ ਸਿਆਸਤਦਾਨਾਂ ਦੀ ਮਦਦ ਕਰ ਸਕੇ। ਅਸੀਂ ਚੁੱਪ ਚਾਪ ਵੇਖ ਰਹੇ ਹਾਂ ਕਿ ਸਾਡੇ ਸਿਆਸਤਦਾਨ ਹੱਥ ਜੋੜ ਕੇ ਉਸ ਬਲਾਤਕਾਰੀ ਨੂੰ ਪਿਤਾ ਜੀ ਆਖ ਕੇ ਉਨ੍ਹਾਂ ਪਿੱਛੇ ਲਗੀਆਂ ਭੇਡਾਂ ਤੋਂ ਵੋਟ ਲੈ ਰਹੇ ਹਨ।
ਨਾ ਗੁਰੂ ਹਰਿ ਗੋਬਿੰਦ, ਨਾ ਸ਼੍ਰੀ ਰਾਮ, ਅੱਜ ਕਿਸੇ ਦੀ ਝਲਕ ਸਾਡੇ ਸਮਾਜ ਵਿਚ ਕਿਤੇ ਨਜ਼ਰ ਨਹੀਂ ਆਉਂਦੀ। ਕਸ਼ਮੀਰ ਤੋਂ ਹਰ ਰੋਜ਼ ਮੌਤ ਦੀ ਖ਼ਬਰ ਆਉਂਦੀ ਹੈ ਪਰ ਸਾਡੀ ਜ਼ਮੀਰ ਮਰ ਚੁੱਕੀ ਹੈ। ਪੰਜਾਬ ਤੇ ਹਰਿਆਣਾ ਵਿਚ ਨਸ਼ੇ ਦੀ ਬੁਰੀ ਆਦਤ ਦਾ ਸ਼ਿਕਾਰ ਹੋ ਕੇ ਨੌਜਵਾਨ ਅਪਣੇ ਮਾਂ-ਬਾਪ ਦੀਆਂ ਅੱਖਾਂ ਸਾਹਮਣੇ ਰਾਖ ਬਣ ਜਾਂਦੇ ਹਨ ਪਰ ਕਿਸੇ ਨੂੰ ਕੀ ਫ਼ਰਕ ਪੈ ਰਿਹਾ ਹੈ? ਸੱਭ ਆਗੂ ਇਕੋ ਸ਼ਬਦਾਵਲੀ ਲੈ ਕੇ ਮੈਦਾਨ ਵਿਚ ਉਤਰਦੇ ਹਨ ਕਿ ਫ਼ਲਾਣਾ ਫ਼ਲਾਣੀ ਏਜੰਸੀ ਦਾ ਏਜੰਟ ਹੈ, ਫ਼ਲਾਣਾ ਕੁਰਸੀ ਦਾ ਭੁੱਖਾ ਹੈ, ਫ਼ਲਾਣਾ ਕੱਟੜਤਾ ਦਾ ਪੁਜਾਰੀ ਹੈ, ਫ਼ਲਾਣਾ ਅਪਣੀ ਤਿਜੌਰੀ ਭਰਨ ਦੀ ਤਾਕ ਵਿਚ ਇਕ ਕੌਮ ਨੂੰ ਹੀ ਗਿਰਵੀ ਰੱਖ ਦੇਣ ਵਾਲਾ ਹੈ, ਫ਼ਲਾਣਾ ਅਪਣੀ ਫ਼ਿਲਮ ਵਾਸਤੇ ਧਾਰਮਕ ਗ੍ਰੰਥਾਂ ਦੇ ਵਰਕੇ ਪਾੜ ਦੇਂਦਾ ਹੈ। ਇਹ ਸਾਰੇ ਤਾਂ ਸੱਚ ਤੇ ਨਿਆਂ ਦੇ ਕਾਤਲ ਹਨ ਤੇ ਇਨ੍ਹਾਂ ਨੇ ਸਮਾਜ ਦੀ ਜ਼ਮੀਰ ’ਚੋਂ ਉਮੀਦ ਤੇ ਨਿਆਂ ਦੀ ਆਸ ਹੀ ਖ਼ਤਮ ਕਰ ਦਿਤੀ ਹੈ।
ਜਸਟਿਸ ਚੰਦਰਚੂੜ ਦੇ ਸੀਜੇਆਈ ਬਣਨ ਨਾਲ ਹਰ ਵਰਗ ਵਿਚ ਖ਼ੁਸ਼ੀ ਹੈ ਕਿ ਹੁਣ ਨਿਆਂ ਦੇਣ ਵਾਲੀ, ਬੀਤੇ ਸਮੇਂ ਵਰਗੀ ਇਕ ਹੋਰ ਆਜ਼ਾਦ ਤੇ ਨਿਡਰ ਆਵਾਜ਼ ਆ ਗਈ ਹੈ ਪਰ ਕੀ ਉਹ ਇਹ ਇਨਸਾਨ ਸਾਰੇ ਦੇਸ਼ ਦੀ ਮਰੀ ਹੋਈ ਜ਼ਮੀਰ ਦਾ ਇਕਲੌਤਾ ਰਾਖਾ ਬਣ ਸਕਦਾ ਹੈ?
ਦੀਵਾਲੀ ਦਾ ਤਿਉਹਾਰ ਨਿਆਂ ਤੇ ਨੇਕੀ ਦਾ ਪ੍ਰਤੀਕ ਹੈ ਪਰ ਜਿਸ ਸਮਾਜ ਵਿਚ ਬਲਾਤਕਾਰੀ, ਕਾਤਲ, ਨਫ਼ਰਤ ਦੇ ਪ੍ਰਚਾਰਕਾਂ ਦੇ ਗਲੇ ਵਿਚ ਹਾਰ ਪੈ ਰਹੇ ਹੋਣ, ਉਥੇ ਸਮਝ ਲਵੋ ਕਿ ਇਹ ਦੀਵੇ ਨਕਲੀ ਹਨ। ਵੈਸੇ ਸਾਡੇ ਦੀਵੇ ਵੀ ਹੁਣ ਚੀਨ ਤੋਂ ਨਕਲੀ ਹੀ ਆਉਂਦੇ ਹਨ। ਪਰ ਜੇ ਇਕ ਦੀਵਾ ਹਨੇਰੀ ਰਾਤ ਵਿਚ ਰੋਸ਼ਨੀ ਕਰਨ ਦਾ ਸਾਹਸ ਵਿਖਾ ਦੇਂਦਾ ਹੈ ਤਾਂ ਉਮੀਦ ਜ਼ਿੰਦਾ ਹੋ ਜਾਂਦੀ ਹੈ। ਉਮੀਦ ਕਰਦੇ ਹਾਂ ਕਿ ਸਾਡੇ ਮਨਾਂ ਵਿਚ ਗੁਰੂ ਸਾਹਿਬ ਤੇ ਸ੍ਰੀ ਰਾਮ ਵਲੋਂ ਜਗਾਈ ਨਿਆਂ ਅਤੇ ਆਪਾ ਵਾਰ ਕੇ ਜਿੱਤ ਹਾਸਲ ਕਰਨ ਦੀ ਲੋਅ ਪ੍ਰਜਵਲਤ ਰਹੇਗੀ!
-ਨਿਮਰਤ ਕੌਰ