
24 ਫ਼ਰਵਰੀ ਨੂੰ ਯੂਕਰੇਨ ਵਿਰੁਧ ਛਿੜੀ ਜੰਗ ਦਾ ਇਕ ਸਾਲ ਪੂਰਾ ਹੋ ਗਿਆ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਜੰਗ ਪੂਰਾ ਇਕ ਸਾਲ ਤਕ ਚਲਦੀ ਰਹੇਗੀ
24 ਫ਼ਰਵਰੀ ਨੂੰ ਯੂਕਰੇਨ ਵਿਰੁਧ ਛਿੜੀ ਜੰਗ ਦਾ ਇਕ ਸਾਲ ਪੂਰਾ ਹੋ ਗਿਆ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਜੰਗ ਪੂਰਾ ਇਕ ਸਾਲ ਤਕ ਚਲਦੀ ਰਹੇਗੀ। ਇਕ ਪਾਸੇ ਰੂਸ ਅਤੇ ਦੂਜੇ ਪਾਸੇ ਇਕ ਛੋਟਾ ਜਿਹਾ ਯੂਕਰੇਨ। ਯੂਕਰੇਨ ਨਾਲ ਕੋਈ ਡੱਟ ਕੇ ਖੜਾ ਹੋਣ ਲਈ ਅੱਗੇ ਨਹੀਂ ਸੀ ਆਇਆ ਭਾਵੇਂ ਉਸ ਨੂੰ ਅਸਲੇ ਦੀ ਕਮੀ ਕਿਸੇ ਨੇ ਮਹਿਸੂਸ ਨਾ ਹੋਣ ਦਿਤੀ। ਪੁਤਿਨ ਨੇ ਇਹ ਸੋਚ ਕੇ ਯੂਕਰੇਨ ਨਾਲ ਜੰਗ ਛੇੜ ਦਿਤੀ ਸੀ ਕਿ ਯੂਕਰੇਨ ਇਕ ਸਮੇਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਯੂਕਰੇਨ ਨੂੰ ਜਿੱਤ ਕੇ ਪੁਤਿਨ ਫਿਰ ਤੋਂ ਉਸ ਸੋਵੀਅਤ ਰੂਸ ਨੂੰ ਜੀਵਤ ਕਰ ਸਕਦਾ ਹੈ। ਯੂਕਰੇਨ ਦੇ ਲੋਕਾਂ ਨੇ ਉਸ ਨੂੰ ਬੜਾ ਸਪੱਸ਼ਟ ਤੇ ਸਾਫ਼ ਜਵਾਬ ਦੇ ਦਿਤਾ ਹੈ। ਇਸ ਜੰਗ ਵਿਚ ਭਾਵੇਂ ਯੂਰਪ ਤੇ ਅਮਰੀਕਾ ਨੇ ਰੂਸ ਨੂੰ ਪੈਸਾ ਤੇ ਅਸਲਾ ਦਿਤਾ, ਹਰ ਰੋਜ਼ ਯੂਕਰੇਨ ਦੇ ਨੌਜੁਆਨ ਫ਼ੌਜ ਵਿਚ ਸ਼ਾਮਲ ਹੋ ਜਾਂਦੇ ਹਨ ਤੇ ਅਪਣੀ ਆਜ਼ਾਦ ਹੋਂਦ ਦੇ ਬਚਾਅ ਲਈ ਮਰ ਮਿਟਣ ਦੀ ਸਹੁੰ ਚੁਕਦੇ ਹਨ। ਇਸ ਤਰ੍ਹਾਂ ਯੂਕਰੇਨ ਦੇ ਲੋਕਾਂ ਨੇ ਪੁਤਿਨ ਨੂੰ ਸਾਫ਼ ਦਸ ਦਿਤਾ ਹੈ ਕਿ
ਉਹ ਅਪਣੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਦੇ ਨਾਲ ਖੜੇ ਹਨ ਤੇ ਅਪਣੇ ਦੇਸ਼ ਦੀ ਆਜ਼ਾਦੀ ਵਾਸਤੇ ਕੋਈ ਵੀ ਕੁਰਬਾਨੀ ਦੇ ਸਕਦੇ ਹਨ। ਪ੍ਰੰਤੂ ਪੁਤਿਨ ਨਾਲ ਉਸ ਦਾ ਸਾਰਾ ਦੇਸ਼ ਨਹੀਂ ਹੈ। ਉਸ ਦੀ ਨਿੰਦਾ ਅਤੇ ਵਿਰੋਧਤਾ ਕਰਨ ਵਾਲਿਆਂ ਨੂੰ ਜੇਲ੍ਹਾਂ ਵਿਚ ਸੁਟਿਆ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਜੇਕਰ ਅੱਜ ਪੁਤਿਨ ਅਪਣੇ ਦੇਸ਼ ਨੂੰ ਨਿਊਕਲੀਅਰ ਜੰਗ ਵਲ ਲਿਜਾਣ ਬਾਰੇ ਸੋਚ ਰਿਹਾ ਹੈ ਤਾਂ ਕੀ ਸਾਰਾ ਰੂਸ ਚੁੱਪ ਰਹੇਗਾ? ਜਿਹੜਾ ਸਮਰਥਨ ਚੀਨ ਤੇ ਭਾਰਤ ਵਲੋਂ ਮਿਲ ਰਿਹਾ ਹੈ, ਕੀ ਉਹ ਮਿਲਦਾ ਰਹਿ ਸਕੇਗਾ?
ਭਾਰਤ ਦੇ ਨੀਤੀਕਾਰਾਂ ਨੇ ਚਾਣਕੀਆ ਨੀਤੀ ਨਾਲ ਇਸ ਜੰਗ ਦਾ ਲਾਭ ਉਠਾਇਆ ਹੈ। ਉਨ੍ਹਾਂ ਨੇ ਰੂਸ ਨਾਲ ਰਿਸ਼ਤਾ ਵੀ ਨਹੀਂ ਟੁੱਟਣ ਦਿਤਾ ਤੇ ਵਾਰ-ਵਾਰ ਭਾਰਤ ਨੇ ਰੂਸ ਨਾਲ ਵਫ਼ਾਦਾਰੀ ਦਾ ਇਮਤਿਹਾਨ ਵੀ ਪਾਸ ਕੀਤਾ ਹੈ। ਇਸ ਨਾਲ ਭਾਰਤ ਨੂੰ ਸਸਤੇ ਤੇਲ ਦਾ ਫ਼ਾਇਦਾ ਵੀ ਹੋਇਆ ਹੈ ਤੇ ਨਾਲ ਦੇ ਨਾਲ, ਚੀਨ-ਪਾਕਿ ਜੁਗਲਬੰਦੀ ਸਾਹਮਣੇ ਰੂਸ ਦਾ ਸਮਰਥਨ ਵੀ ਪੱਕੇ ਪੈਰੀਂ ਕਰ ਲਿਆ ਗਿਆ ਹੈ।
ਭਾਰਤ ਦੀ ਚਾਣਕਿਆ ਨੀਤੀ ਨੇ ਇਸ ਸਥਿਤੀ ਵਿਚ ਰੂਸ ਨੂੰ ਜੰਗ ਵਿਰੁਧ ਸੁਝਾਅ ਦੇ ਕੇ ਅਪਣਾ ਅੰਤਰ-ਰਾਸ਼ਟਰੀ ਰੁਤਬਾ ਵੀ ਵਧਾਇਆ ਹੈ ਤੇ ਅਮਰੀਕਾ ਦੀ ਮਜਬੂਰੀ ਦਾ ਲਾਭ ਲੈ ਕੇ, ਅਪਣੀ ਤਾਕਤ ਬਣਾਉਣ ਦਾ ਯਤਨ ਵੀ ਕੀਤਾ ਹੈ। ਪ੍ਰੰਤੂ ਜਦ ਗੱਲ ਨਿਊਕਲੀਅਰ ਜੰਗ ਵਲ ਵਧਦੀ ਦਿਸਦੀ ਹੈ ਤਾਂ ਚੀਨ ਤੇ ਭਾਰਤ ਵਾਸਤੇ ਹੁਣ ਵਾਲੀ ਸਥਿਤੀ ਤੋਂ ਲਾਭ ਲੈਣਾ ਆਸਾਨ ਨਹੀਂ ਰਹੇਗਾ। ਪੁਤਿਨ ਦੀ ਬੀਮਾਰੀ, ਕੈਂਸਰ ਬਾਰੇ ਬੜੀਆਂ ਖ਼ਬਰਾਂ ਪੇਸ਼ ਕੀਤੀਆਂ ਜਾਂਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਇਹ 70 ਸਾਲ ਦਾ ਆਗੂ ਹਿਟਲਰ ਵਾਂਗ ਅੱਗੇ ਵਧੀ ਜਾ ਰਿਹਾ ਹੈ। ਜਿਸ ਤਰ੍ਹਾਂ ਦੇ ਅਪਰਾਧਾਂ ਨੂੰ ਉਹ ਯੂਕਰੇਨ ਦੇ ਨਾਗਰਿਕਾਂ ਤੇ ਅਜ਼ਮਾ ਰਿਹਾ ਹੈ, ਉਹ ਨਸਲਕੁਸ਼ੀ ਦੀ ਪਰਿਭਾਸ਼ਾ ਵਿਚ ਹੀ ਆਉਣਗੇ।
ਇਕ ਪਾਸੇ ਪੱਛਮ ਦੇ ਦੇਸ਼ ਹਨ ਜੋ ਕਿ ਬੜੀ ਖੁਲ੍ਹੀ ਸੋਚ ਤੇ ਮਨੁੱਖੀ ਅਧਿਕਾਰਾਂ ਦੀ ਸੋਚ ਉਪਰ ਚੱਲ ਰਹੇ ਹਨ ਅਤੇ ਦੂਜੇ ਪਾਸੇ ਰੂਸ ਦੀ ਕੱਟੜ ਸੋਚ ਨਾਲ ਭਾਰਤ ਦੀਆਂ ਜਾਨੀ ਦੁਸ਼ਮਣ ਸਰਕਾਰਾਂ ਚੀਨ ਅਤੇ ਪਾਕਿਸਤਾਨ ਹਨ। ਭਾਰਤ ਵਿਚ ਕੁੱਝ ਕੱਟੜ ਤਬਕੇ ਵੀ ਹਨ ਪਰ ਉਹ ਰੂਸ ਅਤੇ ਚੀਨ ਵਰਗੇ ਮਾਹੌਲ ਤੋਂ ਬਹੁਤ ਅਲੱਗ ਹਨ ਅਤੇ ਯੂਕਰੇਨ ਜੰਗ ਨੇ ਇਸ ਸਾਰੇ ਮਸਲੇ ਨੂੰ ਇਕ ਨਵੇਂ ਮੋੜ ’ਤੇ ਲਿਆ ਕੇ ਖੜਾ ਕਰ ਦਿਤਾ ਹੈ ਜਿਥੇ ਸਾਡੇ ਭਾਰਤੀ ਚਾਣਕੀਆਂ ਨੂੰ ਅਪਣੀ ਰਣਨੀਤੀ ਬਦਲਣੀ ਪਵੇਗੀ। ਪਰ ਇਕ ਸਾਲ ਖ਼ਤਮ ਹੋਣ ਤੇ ਜਿਵੇਂ ਅਮਰੀਕਾ ਅਪਣੀ ਆਜ਼ਾਦ ਹੋਂਦ ਵਾਸਤੇ ਡਟੇ ਦੇਸ਼ ਦੇ ਲੋਕਾਂ ਨੂੰ ਸਲਾਮ ਕਰਨ ਲਈ ਖ਼ੁਦ ਉਥੇ ਪਹੁੰਚ ਗਏ, ਉਸ ਨਾਲ ਯੂਕਰੇਨ ਦਾ ਕੱਦ ਬਹੁਤ ਵੱਧ ਗਿਆ ਹੈ। ਆਸ ਕਰਦੇ ਹਾਂ ਕਿ ਰੱਬ ਕਦੇ ਨਾ ਕਦੇ ਤਾਂ ਇਨਸਾਫ਼ ਜ਼ਰੂਰ ਕਰੇਗਾ। ਸਾਰੀ ਦੁਨੀਆਂ ਦੇ ਆਜ਼ਾਦੀ ਪਸੰਦ ਲੋਕ ਯੂਕਰੇਨ ਨਾਲ ਖੜੇ ਹੁੰਦੇ ਜਾ ਰਹੇ ਹਨ। - ਨਿਮਰਤ ਕੌਰ