
ਇਹੀ ਫ਼ਿਲਮ ਜ਼ੇਲੇਂਸਕੀ ਦੇ ਕਿਸੇ ਹਮਾਇਤੀ ਵਲੋਂ ਬਣਾਈ ਜਾਂਦੀ ਹੈ ਤਾਂ ਜ਼ੇਲੇਂਸਕੀ ਨੂੰ ਹੀਰੋ ਵਜੋਂ ਪੇਸ਼ ਕੀਤਾ ਜਾਂਦਾ ਜਿਸ ਨੇ ਪੂਤਿਨ ਦਾ ਮੁਕਾਬਲਾ ਕੀਤਾ।
ਅੱਜ ਜੇ ਪੁਤਿਨ ਦੇ ਕਿਸੇ ਸਮਰਥਕ ਵਲੋਂ ਇਕ ਫ਼ਿਲਮ ਬਣਾਈ ਜਾਵੇ ਤਾਂ ਉਹ ਕੀ ਦਰਸਾਵੇਗੀ? ਪੁਤਿਨ ਨੂੰ ਇਕ ਅਜਿਹੇ ਹੀਰੋ ਵਜੋਂ ਪੇਸ਼ ਕਰੇਗੀ ਜੋ ਅਮਰੀਕਾ ਵਿਰੁਧ ਖੜੇ ਹੋਣ ਦੀ ਹਿੰਮਤ ਕਰ ਰਿਹਾ ਹੈ। ਅਮਰੀਕਾ ਵਲੋਂ ਯੂਕਰੇਨ ਨੂੰ ਇਕ ਪਿਆਦਾ ਬਣਾ ਕੇ ਰੂਸ ਨੂੰ ਕਾਬੂ ਕਰਨ ਦੀ ਯੋਜਨਾ ਨੂੰ ਰੋਕਣ ਵਾਲੇ ਹਿੰਮਤੀ ਹੀਰੋ ਵਜੋਂ ਪੁਤਿਨ ਨੂੰ ਪੇਸ਼ ਕੀਤਾ ਜਾਵੇਗਾ। ਇਹ ਫ਼ਿਲਮ ਇਸ ਜੰਗ ਵਿਚ ਮਾਰੇ ਗਏ ਯੂਕਰੇਨ ਦੇ ਨਾਗਰਿਕਾਂ ਨੂੰ ਕਸੂਰਵਾਰ ਠਹਿਰਾਏਗੀ ਕਿਉਂਕਿ ਉਹ ਅਮਰੀਕੀ ਪ੍ਰਾਪੇਗੰਡੇ ਦੇ ਅਸਰ ਹੇਠ ਅਪਣੇ ਹੀ ਲੋਕਾਂ ਵਿਰੁਧ ਬਗ਼ਾਵਤ ਕਰ ਰਹੇ ਸਨ ਤੇ ਜੇ ਉਨ੍ਹਾਂ ਨੂੰ ਕਾਬੂ ਨਾ ਕੀਤਾ ਜਾਂਦਾ ਤਾਂ ਸਾਰਾ ਰੂਸ ਅਮਰੀਕਾ ਦਾ ਗ਼ੁਲਾਮ ਬਣ ਜਾਂਦਾ ਜਾਂ ਅਫ਼ਗ਼ਾਨਿਸਤਾਨ ਵਾਂਗ ਤਬਾਹ ਹੋ ਜਾਂਦਾ।
Russian President Vladimir Putin
ਇਹੀ ਫ਼ਿਲਮ ਜ਼ੇਲੇਂਸਕੀ ਦੇ ਕਿਸੇ ਹਮਾਇਤੀ ਵਲੋਂ ਬਣਾਈ ਜਾਂਦੀ ਹੈ ਤਾਂ ਜ਼ੇਲੇਂਸਕੀ ਨੂੰ ਹੀਰੋ ਵਜੋਂ ਪੇਸ਼ ਕੀਤਾ ਜਾਂਦਾ ਜਿਸ ਨੇ ਪੂਤਿਨ ਦਾ ਮੁਕਾਬਲਾ ਕੀਤਾ। ਇਹ ਫ਼ਿਲਮ ਜ਼ੇਲੇਂਸਕੀ ਦੀ ਨਾਟੋ ਵਿਚ ਸ਼ਾਮਲ ਹੋਣ ਦੀ ਇੱਛਾ ਨੂੰ ਪੂਤਿਨ ਦੀ ਤਾਨਾਸ਼ਾਹੀ ਤੋਂ ਆਜ਼ਾਦ ਹੋਣ ਵਲ ਕਦਮ ਦਰਸਾਉਂਦੀ। ਰੂਸ ਨੂੰ ਇਕ ਦਾਨਵ ਵਾਂਗ ਵਿਖਾਉਂਦੀ ਜਿਸ ਨੇ ਯੂਕਰੇਨ ਨੂੰ ਤਹਿਸ ਨਹਿਸ ਕਰ ਦਿਤਾ।
Volodymyr Zelenskyy
ਅਮਰੀਕਾ ਦਾ ਫ਼ਿਲਮਕਾਰ ਅਮਰੀਕਾ ਨੂੰ ਉੱਚਾ ਚੁਕਦੇ ਹੋਏ, ਉਸ ਨੂੰ ਦੁਨੀਆਂ ਵਿਚ ਲੋਕਤੰਤਰ ਦੇ ਮਸੀਹੇ ਵਜੋਂ ਪੇਸ਼ ਕਰੇਗਾ ਤੇ ਦਸੇਗਾ ਕਿ ਕਿਸ ਤਰ੍ਹਾਂ ਅਮਰੀਕਾ ਨੇ ਯੂਕਰੇਨ ਦੀ ਮਦਦ ਕੀਤੀ। ਇਕ ਹਵਾਈ ਜਹਾਜ਼ ਭੇਜ ਕੇ ਤੇ ਅਪਣਾ ਇਕ ਫ਼ੌਜੀ ਮਰਵਾ ਕੇ ਹੀ ਅਮਰੀਕਾ ਅਪਣੀ ਵਾਹ-ਵਾਹ ਕਰਵਾ ਸਕਦਾ ਹੈ। ਪਰ ਇਕ ਸਿਆਣਾ ਇਤਿਹਾਸਕਾਰ ਇਸ ਜੰਗ ਦੇ ਹਰ ਪਹਿਲੂ ਨੂੰ ਲੈ ਕੇ ਦਸੇਗਾ ਕਿ ਕਿਸ ਤਰ੍ਹਾਂ ਇਹ ਜੰਗ ਸ਼ੁਰੂ ਹੋਈ। ਸਿਰਫ਼ ਅਮਰੀਕਾ ਦੀ ਛੇੜਛਾੜ ਤੇ ਪੂਤਿਨ ਦਾ ਅਪਣੀ ਆਜ਼ਾਦੀ ਵਾਸਤੇ ਅਮਰੀਕਾ ਨੂੰ ਠੋਕਵਾਂ ਜਵਾਬ, ਯੂਕਰੇਨ ਵਲੋਂ ਰੂਸ ਦੀ ਸਰਦਾਰੀ ਵਿਰੁਧ ਬਗ਼ਾਵਤ ਨੂੰ ਇਸ ਜੰਗ ਦੇ ਇਕ ਵੱਡੇ ਕਾਰਨ ਵਜੋਂ ਸਾਹਮਣੇ ਲਿਆਵੇਗਾ।
afganistan
ਇਤਿਹਾਸਕਾਰ, ਜ਼ੇਲੇਂਸਕੀ ਦੇ ਕਿਰਦਾਰ ਨੂੰ ਹੀਰੋ ਦੀ ਬਜਾਏ ਇਕ ਨਾਸਮਝ ਪਿਆਦਾ ਵਿਖਾਉਂਦੇ ਜਿਸ ਦੇ ਸਿਰ ਤੇ ਅਮਰੀਕਾ ਨੇ ਰੂਸ ਨੂੰ ਚੈਲੰਜ ਕਰਨ ਦੀ ਖੇਡ ਖੇਡੀ। ਇਤਿਹਾਸਕਾਰ ਇਸ ਵਿਚ ਅਮਰੀਕੀ ਗੰਨ ਲਾਬੀ ਦੀ ਦਖ਼ਲ-ਅੰਦਾਜ਼ੀ ਵੀ ਵਿਖਾਉਂਦੇ ਕਿਉਂਕਿ ਅਫ਼ਗ਼ਾਨਿਸਤਾਨ ਤੋਂ ਬਾਅਦ ਅਤੇ ਕੋਵਿਡ ਕਾਰਨ ਉਨ੍ਹਾਂ ਦਾ ਵਪਾਰ ਠੰਢਾ ਪੈ ਗਿਆ ਸੀ ਤੇ ਅਪਣੇ ਮੁਨਾਫ਼ੇ ਕਾਰਨ ਅਮਰੀਕਾ ਨੇ ਇਹ ਜੰਗ ਛੇੜੀ।
Former PM Manmohan Singh
ਫ਼ਿਲਮਕਾਰਾਂ ਤੇ ਇਤਿਹਾਸਕਾਰਾਂ ਵਿਚ ਅੰਤਰ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਅੱਜ ਭਾਰਤ ਵਿਚ ਇਤਿਹਾਸ ਨੂੰ ਫ਼ਿਲਮਾਂ ਰਾਹੀਂ ਲੋਕਾਂ ਅੱਗੇ ਰੱਖਣ ਦੀ ਪ੍ਰਕਿਰਿਆ ਚਲ ਰਹੀ ਹੈ। ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਯੋਗਦਾਨ ਨੂੰ ਅਨੁਪਮ ਖ਼ੇਰ ਵਲੋਂ ਇਕ ਮਜ਼ਾਕ ਬਣਾ ਕੇ ਪੇਸ਼ ਕੀਤਾ ਗਿਆ ਤੇ ਹੁਣ ‘ਦ ਕਸ਼ਮੀਰ ਫ਼ਾਈਲਜ਼’ ਰਾਹੀਂ ਮੁਸਲਮਾਨਾਂ ਵਿਰੁਧ ਪ੍ਰਚਾਰ ਦਾ ਸਿਲਸਿਲਾ ਚਲ ਰਿਹਾ ਹੈ। ਜੇ ਨਫ਼ਰਤ ਹੀ ਫੈਲਾਣੀ ਹੈ ਤਾਂ ਫਿਰ ਗੁਜਰਾਤ ਫ਼ਾਈਲਜ਼, ਮੁੱਜ਼ਫ਼ਰਨਗਰ ਫ਼ਾਈਲਜ਼, ਦਿੱਲੀ 1984 ਫ਼ਾਈਲਜ਼, ਸ੍ਰੀ ਦਰਬਾਰ ਸਾਹਿਬ ਫ਼ਾਈਲਜ਼ ਦੀ ਪੇਸ਼ਕਸ਼ ਵੀ ਅਨੁਪਮ ਖੇਰ ਨੂੰ ਦੇ ਦੇਵੋ ਤੇ ਜੇ ਹੋਰ ਵੀ ਕੁੱਝ ਚਾਹੁਣ ਤਾਂ ਦਿੱਲੀ 2020 ਦੀ ਫ਼ਾਈਲ ਵੀ ਬਣਾ ਲੈਣ।
anupam kher
ਇਸ ਤਰ੍ਹਾਂ ਦੀਆਂ ਫ਼ਿਲਮਾਂ ਇਕ ਛੋਟੇ ਜਹੇ ਦਿਮਾਗ਼ ਵਿਚ ਵੱਡਾ ਪੈਸਾ ਕਮਾਉਣ ਦੀ ਜਨੂਨੀ ਸੋਚ ਵਾਲਾ ਏਜੰਡਾ ਦਰਸਾਉਂਦੀਆਂ ਹਨ ਤੇ ਇਹ ਇਤਿਹਾਸ ਸਿਖਣ ਦਾ ਸਹੀ ਰਸਤਾ ਨਹੀਂ ਹੁੰਦਾ। ਸਾਡੇ ਇਤਿਹਾਸ ਵਿਚ ਸਾਡੇ ਸਿਆਸਤਦਾਨਾਂ ਤੋਂ ਬਹੁਤ ਗ਼ਲਤੀਆਂ ਹੋਈਆਂ ਤੇ ਹਰ ਹਾਕਮ ਨੇ ਘੱਟ ਗਿਣਤੀਆਂ ’ਤੇ ਜ਼ੁਲਮ ਢਾਹਿਆ। ਪਰ ਅਸੀ ਅੱਜ ਗੱਲ ਸਿਰਫ਼ ਗੁਰੂ ਤੇਗ਼ ਬਹਾਦਰ ਜੀ ਦੀ ਕਰਦੇ ਹਾਂ ਜਿਨ੍ਹਾਂ ਕਸ਼ਮੀਰੀ ਪੰਡਤਾਂ ਵਾਸਤੇ ਅਪਣੇ ਆਪ ਨੂੰ ਦਿੱਲੀ ਵਿਚ ਸ਼ਹੀਦ ਕਰਵਾਇਆ।
ਇਤਿਹਾਸ ਵਿਚ ਜਾਂਬਾਜ਼ਾਂ ਨੂੰ ਯਾਦ ਕਰ ਕੇ ਹਾਕਮਾਂ ਵਲੋਂ ਕੀਤੇ ਕਤਲਾਂ ਨੂੰ ਅਪਣੇ ਦਿਲ ਵਿਚ ਇਕ ਨਾਸੂਰ ਵਾਂਗ ਪਾਲਣਾ ਹੈ ਜਾਂ ਇਤਿਹਾਸ ਵਿਚ ਹੋਈਆਂ ਗ਼ਲਤੀਆਂ ਦੇ ਹਰ ਪਹਿਲੂ ਨੂੰ ਸਮਝ ਕੇ ਆਉਣ ਵਾਲੇ ਭਵਿੱਖ ਨੂੰ ਸੁਧਾਰਨਾ ਹੈ? ਇਹ ਚੋਣ ਤੁਸੀ ਕਰਨੀ ਹੈ। ਪਰ ਇਤਿਹਾਸ ਨੂੰ ਸਮਝਣ ਵਾਸਤੇ ਹਰ ਪਹਿਲੂ ਨੂੰ ਸਮਝਣ ਦੀ ਹਿੰਮਤ ਜ਼ਰੂਰ ਵਿਖਾਉਣੀ ਪਵੇਗੀ। - ਨਿਮਰਤ ਕੌਰ