
ਇਸਰੋ ਵਲੋਂ ਚੰਦਰਯਾਨ-2 ਦੀ ਇਤਿਹਾਸਕ ਚੰਦਰ-ਯਾਤਰਾ ਦੇਸ਼ ਦੀ ਛਾਤੀ ਨੂੰ ਫੁਲਾ ਰਹੀ ਹੈ। ਭਾਵੇਂ ਕਿ ਚੰਨ ਦੀ ਧਰਤੀ ਉਤੇ ਪੈਰ ਰੱਖਣ ਦਾ ਸਿਹਰਾ ਅਮਰੀਕਾ ਅਪਣੇ ਸਿਰ...
ਇਸਰੋ ਵਲੋਂ ਚੰਦਰਯਾਨ-2 ਦੀ ਇਤਿਹਾਸਕ ਚੰਦਰ-ਯਾਤਰਾ ਦੇਸ਼ ਦੀ ਛਾਤੀ ਨੂੰ ਫੁਲਾ ਰਹੀ ਹੈ। ਭਾਵੇਂ ਕਿ ਚੰਨ ਦੀ ਧਰਤੀ ਉਤੇ ਪੈਰ ਰੱਖਣ ਦਾ ਸਿਹਰਾ ਅਮਰੀਕਾ ਅਪਣੇ ਸਿਰ ਬਹੁਤ ਪਹਿਲਾਂ ਬੰਨ੍ਹ ਚੁੱਕਾ ਹੈ ਅਤੇ 3 ਹੋਰ ਦੇਸ਼ ਵੀ ਉਸ ਧਰਤੀ ਨੂੰ ਖੰਘਾਲ ਚੁੱਕੇ ਹਨ, ਫਿਰ ਵੀ ਇਸਰੋ ਦੀ ਇਸ ਸਫ਼ਲਤਾ ਮਗਰੋਂ ਨੌਜੁਆਨਾਂ ਵਿਚ ਵਿਗਿਆਨਕ ਬਣਨ ਲਈ ਉਤਸ਼ਾਹ ਵਧੇਗਾ। ਇਹ ਗੱਲ ਹੁਣ ਹਰ ਸਿਆਣੇ ਬੰਦੇ ਦੇ ਮੂੰਹ 'ਚੋਂ ਨਿਕਲ ਰਹੀ ਹੈ। ਇਸਰੋ ਦੀ ਇਸ ਉਡਾਨ ਦੀ ਸ਼ੁਰੂਆਤ ਅੱਜ ਤੋਂ ਕਈ ਦਹਾਕੇ ਪਹਿਲਾਂ, 1962 ਵਿਚ ਹੋਈ ਸੀ। ਕੇਰਲ ਦੇ ਇਕ ਛੋਟੇ ਜਹੇ ਪਿੰਡ 'ਚ ਆਈ.ਐਨ.ਸੀ.ਓ.ਐਸ.ਪੀ.ਏ.ਆਰ., ਜੋ ਕਿ 1968 ਵਿਚ ਇਸਰੋ ਬਣ ਗਈ, ਇਸ ਦੀ ਨੀਂਹ ਰੱਖੀ ਗਈ ਸੀ।
Chandrayaan 2
ਅੱਜ ਜੇ ਉੱਤਰ ਪ੍ਰਦੇਸ਼ ਵਿਚ ਕੋਈ ਦਲਿਤਾਂ ਉਤੇ ਗੋਲੀਆਂ ਚਲਾ ਰਿਹਾ ਹੈ ਤਾਂ ਮੁੱਖ ਮੰਤਰੀ ਆਖਦੇ ਹਨ ਕਿ 1955 ਦੇ ਕਾਂਗਰਸੀ ਆਗੂ ਦੀ ਗ਼ਲਤੀ ਸੀ। ਸੋ ਇਸਰੋ ਦੀ ਸਥਾਪਨਾ ਵਿਚ ਵੀ ਇਤਿਹਾਸ ਨੂੰ ਫਰੋਲਣਾ ਜ਼ਰੂਰੀ ਹੈ, ਇਸ ਕਰ ਕੇ ਨਹੀਂ ਕਿ ਉਹ ਕਾਂਗਰਸੀ ਸਨ ਬਲਕਿ ਇਸ ਕਰ ਕੇ ਕਿ ਉਸ ਵੇਲੇ ਦੇ ਲੀਡਰਾਂ ਦੀ ਸੋਚ ਅੱਜ ਨਾਲੋਂ ਜ਼ਿਆਦਾ ਅਗਾਂਹਵਧੂ ਸੋਚ ਸੀ। ਭਾਰਤ ਭੁਖਮਰੀ ਅਤੇ ਗ਼ਰੀਬੀ ਨਾਲ ਜੂਝ ਰਿਹਾ ਸੀ ਕਿਉਂਕਿ ਉਸ ਸਮੇਂ ਭਾਰਤ ਨੂੰ ਆਜ਼ਾਦ ਹੋਏ ਨੂੰ 15 ਸਾਲ ਵੀ ਨਹੀਂ ਹੋਏ ਸਨ। ਭਾਰਤ ਵਿਚ ਬਿਜਲੀ ਨਹੀਂ ਸੀ, ਸੜਕਾਂ ਨਹੀਂ ਸਨ, ਉਦਯੋਗ ਨਹੀਂ ਸਨ, ਸਕੂਲ ਨਹੀਂ ਸਨ, ਬਲਕਿ ਕੁੱਝ ਵੀ ਨਹੀਂ ਸੀ। ਉਸ ਸਮੇਂ ਹੋਮੀ ਭਾਬਾ ਵਰਗੇ ਵਿਗਿਆਨਕ ਨੂੰ ਵਿਗਿਆਨ ਵਿਚ ਵਿਸ਼ਵਾਸ ਕਿਸ ਤਰ੍ਹਾਂ ਸੀ? ਉਸ ਸਮੇਂ ਦੇਸ਼ ਵਿਚ ਵਾਤਾਵਰਣ ਕਿਹੋ ਜਿਹਾ ਸੀ ਕਿ ਇਹੋ ਜਹੇ ਫ਼ੈਸਲੇ ਲਏ ਗਏ ਕਿ ਅੱਜ ਭਾਰਤ ਦਾ ਸਾਇੰਸਦਾਨ ਅਮਰੀਕਾ, ਰੂਸ ਦਾ ਮੁਕਾਬਲਾ ਕਰ ਰਿਹਾ ਹੈ?
Jawaharlal Nehru
ਦੇਸ਼ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਤੋਂ ਸਬਕ ਸਿਖਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਦੂਰ-ਅੰਦੇਸ਼ੀ ਵਾਲੀ ਸੋਚ ਨੂੰ ਬਲ ਦਿਤਾ ਪਰ ਉਹ ਸੋਚ ਪਿਛਲੇ 70 ਸਾਲਾਂ ਵਿਚ ਕਿਥੇ ਗੁਆਚ ਗਈ? ਹੋਮੀ ਭਾਬਾ ਨੂੰ ਕਿਸ ਤਰ੍ਹਾਂ ਦਾ ਵਾਤਾਵਰਣ ਮਿਲਿਆ ਕਿ ਉਨ੍ਹਾਂ ਦੇਸ਼ ਛੱਡਣ ਬਾਰੇ ਸੋਚਿਆ ਹੀ ਨਾ? ਅੱਜ ਪੂਰੇ ਦੇਸ਼ ਦੀ ਤਾਕਤ ਲੱਗੀ ਹੋਈ ਹੈ ਪਰ ਨਹਿਰੂ ਦੇ ਚੰਡੀਗੜ੍ਹ ਵਰਗਾ ਇਕ ਵੀ ਸ਼ਹਿਰ ਨਹੀਂ ਬਣਾ ਸਕੀ। ਸਮਾਰਟ ਸਿਟੀ, ਸਵੱਛ ਭਾਰਤ, ਘਰ ਘਰ ਬਿਜਲੀ, ਅਨੇਕਾਂ ਮੁਹਿੰਮਾਂ ਚਲਾਈਆਂ ਗਈਆਂ ਹਨ ਪਰ ਸਫ਼ਲਤਾ ਦਾ ਇਕ ਵੀ ਝੰਡਾ ਆਕਾਸ਼ ਵਲ ਮੂੰਹ ਕਰ ਕੇ ਨਹੀਂ ਫਹਿਰਾ ਰਿਹਾ ਸਗੋਂ ਧਰਤੀ ਵਲ ਸਿਰ ਝੁਕਾਈ, ਬੇਜਾਨ ਰੂਪ ਵਿਚ ਖੜਾ ਹੈ।
Statue of Unity
ਜੋ ਫ਼ਰਕ ਹੈ, ਉਹ ਸਿਰਫ਼ ਕਾਂਗਰਸੀ ਜਾਂ ਭਾਜਪਾ ਆਗੂਆਂ ਵਿਚਲਾ ਫ਼ਰਕ ਨਹੀਂ ਬਲਕਿ ਅੱਜ ਦੀ ਪੀੜ੍ਹੀ ਅਤੇ ਉਸ ਪੀੜ੍ਹੀ ਦੇ ਆਗੂਆਂ ਵਿਚਲਾ ਫ਼ਰਕ ਹੈ। ਦੇਸ਼ ਪ੍ਰੇਮ ਇਕ ਵਿਖਾਵਾ ਬਣ ਕੇ ਤੇ ਇਕ ਨਾਗ ਬਣ ਕੇ ਰਹਿ ਗਿਆ ਹੈ। ਜਿਥੇ 1962 ਵਿਚ ਇਸਰੋ ਸਥਾਪਤ ਹੋਇਆ ਸੀ, 2018 ਵਿਚ ਦੁਨੀਆਂ ਦੀ ਸੱਭ ਤੋਂ ਵੱਡੀ ਮੂਰਤੀ (ਪਟੇਲ ਦੀ) ਸਥਾਪਤ ਕੀਤੀ ਗਈ ਹੈ। ਸਰਦਾਰ ਪਟੇਲ ਦੀ ਮੂਰਤੀ ਦੁਨੀਆਂ ਦੀ ਸੱਭ ਤੋਂ ਉੱਚੀ ਮੂਰਤੀ ਹੈ ਅਤੇ ਛੇਤੀ ਹੀ ਮਹਾਰਾਸ਼ਟਰ ਵਿਚ ਸ਼ਿਵਾ ਜੀ ਦੀ ਉਸ ਤੋਂ ਵੀ ਉੱਚੀ ਮੂਰਤੀ ਬਣਨ ਜਾ ਰਹੀ ਹੈ। ਇਹ ਹੈ ਸਾਡੀ ਅਜ ਦੀ ਸੋਚ ਦੇ ਦੀਵਾਲੀਏਪਨ ਦੀ ਹਾਲਤ।
Amit Shah With Narender Modi
19 ਪਿੰਡ ਉਜਾੜ ਕੇ ਉਹ ਮੂਰਤੀ 2989 ਕਰੋੜ ਰੁਪਏ ਦੇ ਖ਼ਰਚੇ 'ਚ ਬਣਾਈ ਗਈ ਹੈ। 1500 ਕਿਸਾਨਾਂ ਦੇ ਰੁਜ਼ਗਾਰ ਦਾ ਸਾਧਨ ਬੰਦ ਕਰ ਕੇ, ਇਕ ਖੰਡ ਮਿੱਲ ਨੂੰ ਬੰਦ ਕਰ ਕੇ 'ਏਕਤਾ ਦੀ ਮੂਰਤ' ਬਣੀ ਸੀ। ਉਨ੍ਹਾਂ ਕਿਸਾਨਾਂ ਦਾ 12 ਕਰੋੜ ਅੱਜ ਵੀ ਬਕਾਇਆ ਹੈ। ਪਟੇਲ ਦੀ ਮੂਰਤੀ ਤੇ ਖ਼ਰਚ ਆਏ 2989 ਕਰੋੜ ਵਿਚ ਤਿੰਨ ਚੰਦਰਯਾਨ-2 (ਇਕ ਦੀ ਕੀਮਤ 800 ਕਰੋੜ ਰੁਪਏ) ਵਰਗੇ ਮਿਸ਼ਨ ਪੂਰੇ ਕੀਤੇ ਜਾ ਸਕਦੇ ਸਨ, ਜਾਂ 2 ਆਈ.ਆਈ.ਟੀ. ਕਾਲਜ ਬਣਾਏ ਜਾ ਸਕਦੇ ਸਨ। ਦੇਸ਼ ਦੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਕੀਤੀ ਜਾ ਸਕਦੀ ਸੀ। ਦੇਸ਼ ਭਰ ਵਿਚ ਮੂਰਤੀਆਂ ਦੀ ਕਮੀ ਨਹੀਂ, ਕਿਤੇ ਮਾਇਆਵਤੀ ਦੇ ਹਾਥੀ ਹਨ, ਕਿਤੇ ਇੰਦਰਾ ਦੇ ਬੁੱਤ ਹਨ। ਅੱਜ ਦੇ ਸਾਰੇ ਆਗੂ ਛੋਟੀ ਸੋਚ ਨਾਲ ਵੱਡਾ ਵਿਖਾਵਾ ਕਰਨ ਵਾਲੀ ਰਣਨੀਤੀ ਘੜਨ ਵਾਲੇ ਲੋਕ ਹਨ। ਏਨੀ ਛੋਟੀ ਸੋਚ ਜੇ ਨਹਿਰੂ ਵੇਲੇ ਵੀ ਹੁੰਦੀ ਤਾਂ 'ਰਾਸ਼ਟਰ ਪਿਤਾ' ਕਹਿ ਕੇ ਗਾਂਧੀ ਦੀ ਮੂਰਤੀ ਵੀ ਪਟੇਲ ਜਿੱਡੀ ਖੜੀ ਕਰ ਸਕਦੇ ਸਨ।
Homi J. Bhabha
ਬੀਤੇ ਯੁਗ ਦੇ ਸਾਡੇ ਆਗੂ ਦੁੱਧ ਦੇ ਧੋਤੇ ਨਹੀਂ ਸਨ, ਸਾਡੇ ਵਾਂਗ ਇਨਸਾਨ ਹੀ ਸਨ। ਗ਼ਲਤੀਆਂ ਵੀ ਕੀਤੀਆਂ ਅਤੇ ਚੰਗੇ ਕੰਮ ਵੀ ਕੀਤੇ। ਉਨ੍ਹਾਂ ਗ਼ਲਤੀਆਂ ਨੂੰ ਸਮਝ ਕੇ, ਆਉਣ ਵਾਲੇ ਕਲ ਨੂੰ ਸੁਧਾਰਨ ਦਾ ਕੰਮ ਅੱਜ ਦੀ ਪੀੜ੍ਹੀ ਦਾ ਹੈ। ਪਰ ਅੱਜ ਜਦ ਸੰਸਦ ਵਿਚ ਇਸ ਗੱਲ ਉਤੇ ਚਰਚਾ ਹੁੰਦੀ ਹੈ ਕਿ ਮਨੁੱਖ ਰਿਸ਼ਤਿਆਂ ਤੋਂ ਜਨਮਿਆ ਹੈ ਜਾਂ ਬਾਂਦਰਾਂ ਤੋਂ ਜਾਂ ਸ਼ੂਦਰ ਦਾ ਬੱਚਾ ਸ਼ੂਦਰ ਦਾ ਹੀ ਰਹੇਗਾ ਤਾਂ ਸਾਫ਼ ਹੈ ਕਿ ਅੱਜ ਇਹੋ ਜਹੇ ਕਦਮ ਨਹੀਂ ਲਏ ਜਾ ਰਹੇ ਜਿਨ੍ਹਾਂ ਉਤੇ ਆਉਣ ਵਾਲੀ ਪੀੜ੍ਹੀ ਨੂੰ ਮਾਣ ਹੋਵੇਗਾ। ਅੱਜ ਦੇ ਫ਼ੈਸਲੇ ਵਿਗਿਆਨਕ ਸੋਚ ਨੂੰ ਸਾਹਮਣੇ ਰੱਖ ਕੇ ਨਹੀਂ ਬਲਕਿ ਵੋਟਾਂ ਬਟੋਰਨ ਦੀ ਸੋਚ ਨੂੰ ਲੈ ਕੇ ਲਏ ਜਾ ਰਹੇ ਹਨ। -ਨਿਮਰਤ ਕੌਰ