
ਇਸ ਅਸਤੀਫ਼ੇ ਨੂੰ 15 ਘੰਟਿਆਂ ਦੇ ਅੰਦਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਪ੍ਰਵਾਨ ਕੀਤੇ ਜਾਣ ਨੇ ਇਸ ਵਿਵਾਦ ਨੂੰ ਤੂਲ ਦੇ ਦਿਤੀ ਹੈ
Editorial : ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਸ੍ਰੀ ਜਗਦੀਪ ਧਨਖੜ ਦਾ ਅਚਨਚੇਤੀ ਅਸਤੀਫ਼ਾ ਰਾਜਸੀ ਚਰਚਾਵਾਂ ਤੇ ਬਹਿਸਾਂ ਵਿਚ ਘਿਰਨਾ ਇਕ ਸੁਭਾਵਿਕ ਵਰਤਾਰਾ ਹੈ। ਇਸ ਅਸਤੀਫ਼ੇ ਨੂੰ 15 ਘੰਟਿਆਂ ਦੇ ਅੰਦਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਪ੍ਰਵਾਨ ਕੀਤੇ ਜਾਣ ਨੇ ਇਸ ਵਿਵਾਦ ਨੂੰ ਤੂਲ ਦੇ ਦਿਤੀ ਹੈ ਕਿ ਧਨਖੜ ਨੂੰ ਅਸਤੀਫ਼ੇ ਲਈ ਮਜਬੂਰ ਕੀਤਾ ਗਿਆ।
ਸੋਮਵਾਰ ਸ਼ਾਮ ਤਕ ਉਨ੍ਹਾਂ ਨੇ ਆਮ ਵਾਂਗ ਕੰਮ-ਕਾਜ ਕੀਤਾ। ਫਿਰ ਚੰਦ ਘੰਟਿਆਂ ਬਾਅਦ ਇਹ ਖ਼ਬਰ ਆ ਗਈ ਕਿ ਉਨ੍ਹਾਂ ਨੇ ਸਿਹਤ ਨਾਲ ਜੁੜੇ ਕਾਰਨਾਂ ਕਰ ਕੇ ਅਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਭੇਜ ਦਿਤਾ ਹੈ ਅਤੇ ਇਸ ਨੂੰ ਫ਼ੌਰੀ ਤੌਰ ’ਤੇ ਮਨਜ਼ੂਰ ਕੀਤੇ ਜਾਣ ਦੀ ਬੇਨਤੀ ਵੀ ਕੀਤੀ ਹੈ। ਇਸ ਖ਼ਬਰ ਕਾਰਨ ਰਾਜਸੀ ਹਲਕਿਆਂ ਵਿਚ ਸਨਸਨੀ ਤੇ ਉਤਸੁਕਤਾ ਫੈਲਣੀ ਸੁਭਾਵਿਕ ਹੀ ਸੀ। ਵਿਰੋਧੀ ਧਿਰ ਨੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿਤੇ ਕਿ ਸ੍ਰੀ ਧਨਖੜ ਦੀ ਰਾਜਸੀ ਕਾਰਨਾਂ ਕਰ ਕੇ ਸਿਆਸੀ ਬਲੀ ਲਈ ਗਈ ਹੈ।
ਸਰਕਾਰ ਦੀ ਤਰਫ਼ੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਾ ਆਉਣ ਨੇ ਵੀ ਇਹ ਵਿਵਾਦ ਵਧਾਇਆ ਕਿ ਅਸਤੀਫ਼ਾ ਸਿਹਤ ਨਾਲ ਜੁੜੇ ਕਾਰਨਾਂ ਕਰ ਕੇ ਨਹੀਂ, ਕਿਸੇ ਰਾਜਸੀ ਵਜ੍ਹਾ ਕਰ ਕੇ ਦਿਤਾ ਗਿਆ ਹੈ। ਸ੍ਰੀ ਧਨਖੜ ਅਪਣੀ ਬੇਬਾਕੀ ਤੋਂ ਇਲਾਵਾ ਅਪਣੇ ਅੜ੍ਹਬਪੁਣੇ ਲਈ ਵੀ ਜਾਣੇ ਜਾਂਦੇ ਹਨ। ਇਸੇ ਕਰ ਕੇ ਇਨ੍ਹਾਂ ਕਿਆਫ਼ਿਆਂ ਨੂੰ ਤੂਲ ਮਿਲੀ ਕਿ ਰਾਜ ਸਭਾ ਦੀ ਕੰਮਕਾਜ ਸਲਾਹਕਾਰ ਕਮੇਟੀ (ਬੀ.ਏ.ਸੀ.) ਦੀ ਸੋਮਵਾਰ ਸ਼ਾਮ ਦੀ ਮੀਟਿੰਗ ਵਿਚ ਸਦਨ ਦੇ ਨੇਤਾ ਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਦੀ ਗ਼ੈਰਹਾਜ਼ਰੀ ਨੂੰ ਸ੍ਰੀ ਧਨਖੜ ਨੇ ਅਪਣੇ ਅਹੁਦੇ ਦੀ ਤੌਹੀਨ ਸਮਝਿਆ ਅਤੇ ਰੋਹ ਵਿਚ ਆ ਕੇ ਅਸਤੀਫ਼ਾ ਦੇ ਦਿਤਾ।
ਸ੍ਰੀ ਨੱਡਾ, ਜੋ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਹਨ, ਤੇ ਸ੍ਰੀ ਰਿਜਿਜੂ ਇਸ ਸਬੰਧ ਵਿਚ ਸਪੱਸ਼ਟ ਕਰ ਚੁੱਕੇ ਹਨ ਕਿ ਕੁੱਝ ਸੰਸਦੀ ਕੰਮਾਂ ਤੇ ਰੁਝੇਵਿਆਂ ਕਰ ਕੇ ਉਹ, ਉਪ ਰਾਸ਼ਟਰਪਤੀ ਵਲੋਂ ਬੁਲਾਈ ਮੀਟਿੰਗ ਵਿਚ ਹਾਜ਼ਰ ਨਹੀਂ ਸੀ ਹੋ ਸਕੇ, ਪਰ ਇਸ ਮਜਬੂਰੀ ਦੀ ਸਮੇਂ ਸਿਰ ਜਾਣਕਾਰੀ ਉਪ ਰਾਸ਼ਟਰਪਤੀ ਦੇ ਸਕੱਤਰੇਤ ਨੂੰ ਦੇ ਦਿਤੀ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਮੁਤਾਬਿਕ ਉਪ ਰਾਸ਼ਟਰਪਤੀ ਰਾਜ ਸਭਾ ਦਾ ਸਭਾਪਤੀ ਵੀ ਹੁੰਦਾ ਹੈ। ਇਸ ਸਦਨ ਦੇ ਸੰਚਾਲਣ ਦੀ ਜ਼ਿੰਮੇਵਾਰੀ ਉਸ ਦੀ ਹੁੰਦੀ ਹੈ।
ਸ੍ਰੀ ਧਨਖੜ ਸਭਾਪਤੀ ਵਜੋਂ ਅਪਣੇ ਕਾਰਜਕਾਲ ਦੌਰਾਨ ਵਿਰੋਧੀ ਧਿਰ ਦੀ ਨਾਖ਼ੁਸ਼ੀ ਤੇ ਨੁਕਤਾਚੀਨੀ ਦਾ ਨਿਸ਼ਾਨਾ ਬਣਦੇ ਰਹੇ ਸਨ। ਉਨ੍ਹਾਂ ਉਪਰ ਹਮੇਸ਼ਾਂ ਹੁਕਮਰਾਨ ਧਿਰ ਦਾ ਪੱਖ ਪੂਰਨ ਦੇ ਦੋਸ਼ ਅਕਸਰ ਲੱਗਦੇ ਰਹੇ। ਪਿਛਲੇ ਸਾਲ ਦਸੰਬਰ ਮਹੀਨੇ ਤਾਂ ਵਿਰੋਧੀ ਧਿਰ ਦੇ ‘ਇੰਡੀਆ’ ਬਲਾਕ ਵਲੋਂ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਵੀ ਪੇਸ਼ ਕੀਤਾ ਗਿਆ ਜੋ ਕਿ ਭਾਰਤੀ ਰਾਜਸੀ ਇਤਿਹਾਸ ਵਿਚ ਕਿਸੇ ਉਪ ਰਾਸ਼ਟਰਪਤੀ ਖ਼ਿਲਾਫ਼ ਪੇਸ਼ ਕੀਤਾ ਗਿਆ ਪਹਿਲਾ ਬੇਭਰੋਸਗੀ ਮਤਾ ਸੀ।
ਇਹ ਮਤਾ ਤਕਨੀਕੀ ਕਾਰਨਾਂ ਕਰ ਕੇ ਰੱਦ ਹੋ ਗਿਆ, ਪਰ ਅਪਣੇ ਪਿੱਛੇ ਬੇਲੋੜੀ ਰਾਜਸੀ ਕੜਵਾਹਟ ਛੱਡ ਗਿਆ। ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਨੇ ਉਨ੍ਹਾਂ ਉਪਰ ‘‘ਪੱਖਪਾਤੀ ਰੈਫ਼ਰੀ’’ ਤੇ ‘‘ਹੁਕਮਰਾਨ ਧਿਰ ਦਾ ਤਰਜਮਾਨ’’ ਹੋਣ ਅਤੇ ‘‘ਆਰ.ਐਸ.ਐਸ. ਦੀ ਬੋਲੀ ਬੋਲਣ’’ ਦੇ ਦੋਸ਼ ਲਾਏ ਸਨ, ਉਹੀ ਹੁਣ ਉਨ੍ਹਾਂ ਦੇ ਅਸਤੀਫ਼ੇ ਨੂੰ ‘‘ਲੋਕਤੰਤਰੀ ਮਰਿਆਦਾ ਦਾ ਘਾਣ’’ ਦੱਸ ਕੇ ਉਨ੍ਹਾਂ ਦੀ ਸੂਝ-ਬੂਝ, ਲਿਆਕਤ ਤੇ ਸ਼ਖ਼ਸੀ ਪਾਰਦਰਸ਼ਤਾ ਦੇ ਸੋਹਲੇ ਗਾ ਰਹੇ ਹਨ।
ਰਾਜਨੀਤੀ ਕਿੰਨੀ ਗਿਰਗਿਟੀ ਹੁੰਦੀ ਹੈ, ਇਹ ਸੋਹਲੇ ਉਸ ਦਾ ਪ੍ਰਮਾਣ ਹਨ।
74 ਵਰਿ੍ਹਆਂ ਦੇ ਜਗਦੀਪ ਧਨਖੜ ਰਾਜਸਥਾਨੀ ਜਾਟ ਹਨ। ਕਾਸ਼ਤਕਾਰ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਪੇਸ਼ੇ ਵਜੋਂ ਉਹ ਨਾਮੀ ਵਕੀਲ ਸਨ ਅਤੇ ਝੁਨਝੁਨੂ ਜ਼ਿਲ੍ਹਾ ਅਦਾਲਤ ਤੋਂ ਤਰੱਕੀ ਕਰਦੇ ਹੋਏ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਦੇ ਰੁਤਬੇ ਤਕ ਪਹੁੰਚੇ। ਉਨ੍ਹਾਂ ਨੇ ਰਾਜਸੀ ਜੀਵਨ ਦਾ ਆਗਾਜ਼ ਜਨਤਾ ਦਲ ਤੋਂ ਕੀਤਾ ਅਤੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਸਰਕਾਰ (1990-91) ਵਿਚ ਰਾਜ ਮੰਤਰੀ (ਐਮ.ਓ.ਐੱਸ) ਰਹੇ।
ਜਨਤਾ ਦਲ ਦੇ ਨਿਘਾਰ ਮਗਰੋਂ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। 2003 ਤੋਂ ਉਹ ਭਾਜਪਾ ਵਿਚ ਸਨ ਅਤੇ ਇਸੇ ਪਾਰਟੀ ਨੇ ਉਨ੍ਹਾਂ ਨੂੰ 2019 ਵਿਚ ਪੱਛਮੀ ਬੰਗਾਲ ਦਾ ਰਾਜਪਾਲ ਬਣਾਇਆ। ਉੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ਨਾਲ ਉਨ੍ਹਾਂ ਦੀ ਖਹਿਬੜਬਾਜ਼ੀ ਦੇ ਕਿੱਸੇ ਅਜੇ ਵੀ ਬੰਗਾਲੀ ਭੱਦਰ-ਲੋਕਾਂ ਦੀਆਂ ਬੈਠਕਾਂ ਵਿਚ ਸੁਣਾਏ-ਦੁਹਰਾਏ ਜਾਂਦੇ ਹਨ। ਅਗੱਸਤ 2022 ਵਿਚ ਹੁਕਮਰਾਨ ਧਿਰ (ਭਾਜਪਾ ਤੇ ਐਨ.ਡੀ.ਏ.) ਦੇ ਉਮੀਦਵਾਰ ਵਜੋਂ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੀ ਚੋਣ ਜਿੱਤੀ ਅਤੇ ਉਦੋਂ ਤੋਂ ਹੀ ਅਪਣੀਆਂ ਬੇਬਾਕ ਟਿੱਪਣੀਆਂ ਤੇ ਮੋਦੀ-ਭਗਤੀ ਕਾਰਨ ਵਿਰੋਧੀ ਧਿਰ ਨੂੰ ਰੜਕਦੇ ਆ ਰਹੇ ਸਨ।
ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵਲ ਨਿਸ਼ਾਨੇ ਸਾਧਣ ਤੋਂ ਇਲਾਵਾ ਸ੍ਰੀ ਧਨਖੜ ਉਚੇਰੀ ਨਿਆਂ-ਪਾਲਿਕਾ, ਖ਼ਾਸ ਕਰ ਕੇ ਸੁਪਰੀਮ ਕੋਰਟ ਦੇ ਜੱਜਾਂ ਦੇ ਫ਼ੈਸਲਿਆਂ ਦੀ ਸਿੱਧੀ ਨੁਕਤਾਚੀਨੀ ਲਈ ਮਸ਼ਹੂਰ (ਜਾਂ ਬਦਨਾਮ) ਰਹੇ ਹਨ। ਪਿਛਲੇ ਕਈ ਮਹੀਨਿਆਂ ਤੋਂ ਉਹ ਸੁਪਰੀਮ ਕੋਰਟ ਉੱਤੇ ਅਪਣੀਆਂ ਸੰਵਿਧਾਨਕ ਹੱਦਾਂ ਤੋਂ ਬਾਹਰ ਜਾ ਕੇ ਫ਼ੈਸਲੇ ਦੇਣ ਅਤੇ ਵੱਡੇ ਵਕੀਲਾਂ ਦੇ ਕੁੱਝ ਗੁੱਟਾਂ ਦੀ ਹਿੱਤ-ਪੂਰਤੀ ਦੇ ਦੋਸ਼ ਲਾਉਂਦੇ ਆ ਰਹੇ ਹਨ।
ਇਹੋ ਕਾਰਨ ਹੈ ਕਿ ਹੁਕਮਰਾਨ ਧਿਰ ਵਲੋਂ ਉਨ੍ਹਾਂ ਨੂੰ ਅਸਤੀਫ਼ਾ-ਵਾਪਸੀ ਲਈ ਨਾ ਕਹਿਣ ਜਾਂ ਪ੍ਰਧਾਨ ਮੰਤਰੀ ਵਲੋਂ ਭੇਜਿਆ ਵਿਦਾਈ-ਸੰਦੇਸ਼ ਸੰਖੇਪ ਜਿਹਾ ਹੋਣ ਵਰਗੇ ਅਮਲ ਕਿਆਸਅਰਾਈਆਂ ਦੀ ਵਜ੍ਹਾ ਵੀ ਬਣੇ ਹੋਏ ਹਨ ਅਤੇ ਹੈਰਾਨੀ ਦੀ ਵੀ। ਸ੍ਰੀ ਧਨਖੜ ਦੇ ਅਸਤੀਫ਼ੇ ਦਾ ਸੱਚ ਕੀ ਹੈ, ਇਸ ਨੂੰ ਸਾਹਮਣੇ ਆਉਂਦਿਆਂ ਭਾਵੇਂ ਕੁੱਝ ਦਿਨ ਲੱਗਣ, ਪਰ ਉਨ੍ਹਾਂ ਦਾ ਅਪਣਾ ਮਿਜ਼ਾਜ ਹੀ ਅਜਿਹਾ ਹੈ ਕਿ ਇਹ ਸੱਚ ਬਹੁਤੀ ਦੇਰ ਛੁਪਿਆ ਨਹੀਂ ਰਹੇਗਾ। ਇਹ ਯਕੀਨੀ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਖ਼ਬਰਾਂ ’ਚ ਬਣੇ ਰਹਿਣ ਦਾ ਝੱਸ ਛੇਤੀ ਹੀ ਮੌਜੂਦਾ ਜ਼ੁਬਾਨਬੰਦੀ ’ਤੇ ਹਾਵੀ ਹੋ ਜਾਵੇਗਾ।