
ਜ਼ੋਰ ਜਬਰ ਹਾਕਮਾਂ ਦੇ ਤਰੀਕੇ ਸਨ, ਲੋਕਤੰਤਰ ਅਤੇ ਰਾਮ ਰਾਜ ਦੇ ਨਹੀਂ।
Editorial: ਇਸ ਵਾਰ 2024 ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਨਿਸ਼ਚਤ ਮੰਨੀ ਜਾ ਰਹੀ ਹੈ ਕਿਉਂਕਿ ਉਹ ਆਪ ਅਪਣੀ ਜਿੱਤ ਦੀ ਗਰੰਟੀ ਦੇ ਰਹੇ ਹਨ। ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇਹ ਪੱਕਾ ਹੀ ਮੰਨਿਆ ਜਾ ਰਿਹਾ ਹੈ ਕਿ ਅਗਲੀ ਵਾਰ ਮੋਦੀ ਸਰਕਾਰ ਤੇ ਸ਼ਾਇਦ 400 ਤੋਂ ਪਾਰ। ਇਸ ਗਰੰਟੀ ਦਾ ਅਸਰ ਇਹ ਹੋਇਆ ਕਿ ਵਿਰੋਧੀ ਧਿਰ ’ਚੋਂ ਵੀ 2024 ਦੀਆਂ ਚੋਣਾਂ ਦੀ ਗੱਲ ਬੰਦ ਕਰ ਕੇ 2029 ਦੀਆਂ ਚੋਣਾਂ ਜਿੱਤਣ ਦੀ ਗੱਲ ਸ਼ੁਰੂ ਹੋ ਗਈ ਹੈ।
ਕਈਆਂ ਨੇ ਬਿਆਨ ਦਿਤੇ ਕਿ 2029 ਵਿਚ ਅਸੀ ਆਵਾਂਗੇ ਤੇ ਕਈ ਐਸੇ ਵੀ ਨਿਕਲੇ ਜਿਨ੍ਹਾਂ ਨੇ ਭਾਜਪਾ ਵਿਚ ਜਾ ਸ਼ਰਨ ਲਈ ਕਿ ਹੁਣ ਪੰਜ ਸਾਲ ਕਿਉਂ ਵਿਰੋਧੀਆਂ ਨਾਲ ਬੈਠ ਕੇ ਏਜੰਸੀਆਂ ਦੀ ਮਾਰ ਖਾਈਏ? ਨਿਤੀਸ਼ ਕੁਮਾਰ ਨੇ ਭਾਜਪਾ ਵਿਚ ਮੁੜ ਤੋਂ ਘਰ ਵਾਪਸੀ ਕਰ ਲਈ, ਕਾਂਗਰਸ ਦੇ ਮਹਾਰਾਸ਼ਟਰ ਵਿਚ ਰਹੇ ਮੁੱਖ ਮੰਤਰੀ ਅਸ਼ੋਕ ਚਵਨ ਨੇ ਭਾਜਪਾ ਵਿਚ ਜਾ ਸ਼ਰਨ ਲਈ ਤੇ ਹੋਰਨਾਂ ਨੇ ਵੀ ਸਿਰ ਝੁਕਾਉਣਾ ਸ਼ੁਰੂ ਕਰ ਦਿਤਾ।
ਪੰਜਾਬ ਵਿਚ ਵੀ ਅਕਾਲੀ ‘ਪਤੀ ਪਤਨੀ’ ਵਾਲਾ ਟੁੱਟ ਚੁੱਕਾ ਰਿਸ਼ਤਾ ਫਿਰ ਤੋਂ ਗੰਢਣ ਦੀ ਤਿਆਰੀ ਕਰੀ ਬੈਠੇ ਹਨ, ਬਸ ਕਿਸਾਨ ਅੰਦੋਲਨ ਕਾਰਨ ਰੁਕੇ ਹੋਏ ਹਨ। ਜਿਸ ਦਿਨ ਕਿਸਾਨਾਂ ਨਾਲ ਸਮਝੌਤਾ ਹੋ ਗਿਆ ਜਾਂ ਕੋਈ ਹੋਰ ਬਹਾਨਾ ਹੱਥ ਆ ਗਿਆ, ਉਸ ਦਿਨ ਅਕਾਲੀ ਦਲ ਵੀ ਵਾਪਸ ‘ਪੀਆ ਜੀ’ ਕੋਲ ਚਲੇ ਜਾਣਗੇ। ਕਾਂਗਰਸ ’ਚੋਂ ਕਮਲ ਨਾਥ ਜਿਨ੍ਹਾਂ ਨੂੰ ਇੰਦਰਾ ਗਾਂਧੀ ਦਾ ਤੀਜਾ ਪੁੱਤਰ ਵੀ ਆਖਿਆ ਜਾਂਦਾ ਹੈ, ਦੇ ਵੀ ਭਾਜਪਾ ਵਿਚ ਸ਼ਾਮਲ ਹੋਣ ਦੀ ਤਿਆਰੀ ਦੀਆਂ ਖ਼ਬਰਾਂ ਹਨ। ਉਨ੍ਹਾਂ ਦਾ ਪੁੱਤਰ ਜੋ ਕਿ ਐਮ.ਪੀ. ਹੈ, ਭਾਜਪਾ ਵਿਚ ਸ਼ਾਮਲ ਹੋ ਕੇ ਸ਼ਾਇਦ ਮੰਤਰੀ ਬਣਨ ਲਈ ਉਤਾਵਲਾ ਹੈ। ਇਹ ਉਹ ਕਮਲ ਨਾਥ ਹੈ ਜਿਸ ਨੇ ਸਿੱਖ ਨਸਲਕੁਸ਼ੀ ਵਿਚ ਵੱਡਾ ਕਿਰਦਾਰ ਨਿਭਾਇਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਬਚਿਆ ਰਿਹਾ। ਕਾਂਗਰਸ ਨੇ ਇਸ ਨੂੰ ਇੰਦਰਾ ਦਾ ਕਰੀਬੀ ਹੋਣ ਕਰ ਕੇ ਹਮੇਸ਼ਾ ਸ਼ਰਨ ਦਿਤੀ ਪਰ ਅੱਜ ਉਹ ਵੀ ਕਾਂਗਰਸ ਨੂੰ ਛੱਡਣ ਬਾਰੇ ਸੋਚ ਰਿਹਾ ਹੈ।
ਜਦ ਆਗੂ ਹਾਰ ਮੰਨਦੇ ਹੋਏ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਤਾਂ ਲਾਜ਼ਮੀ ਹੈ ਕਿ ਉਨ੍ਹਾਂ ਨਾਲ ਜੁੜੀਆਂ ਵੋਟਾਂ ਵੀ ਭਾਜਪਾ ਨੂੰ 400 ਪਾਰ ਤਕ ਲਿਜਾਣ ਵਿਚ ਕੰਮ ਆਉਣਗੀਆਂ। ਇਸ ਕਰ ਕੇ ਬੜੇ ਵਿਸ਼ਵਾਸ ਨਾਲ ਪ੍ਰਧਾਨ ਮੰਤਰੀ ਗਰੰਟੀ ਦੇ ਰਹੇ ਹਨ। ਪਰ ਇਸ ਤੋਂ ਬਾਅਦ ਵੀ ਈਡੀ, ਸੀਬੀਆਈ ਤੇ ਹੋਰ ਰਸਤਿਆਂ ਨਾਲ ਵਿਰੋਧੀ ਧਿਰ ਨੂੰ ਘੇਰਿਆ ਕਿਉਂ ਜਾ ਰਿਹਾ ਹੈ? ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸਤਪਾਲ ਮਲਿਕ ਦੇ ਟਿਕਾਣਿਆਂ ਤੇ ਈਡੀ ਵਲੋਂ ਕੀਤੀ ਛਾਪੇਮਾਰੀ, ਉਨ੍ਹਾਂ ਬਾਰੇ ਸ਼ੰਕਾ ਨਹੀਂ ਪੈਦਾ ਕਰਦੀ ਸਗੋਂ ਇਹ ਸ਼ੱਕ ਜ਼ਰੂਰ ਪੈਦਾ ਕਰਦੀ ਹੈ ਕਿ ਉਨ੍ਹਾਂ ਵਲੋਂ ਲਾਏ ਗਏ ਇਲਜ਼ਾਮ ਸਹੀ ਸਨ। ਕਾਂਗਰਸ ਦੇ ਖਾਤੇ ਆਈਟੀ ਵਲੋਂ ਚੋਣਾਂ ਤੋਂ ਪਹਿਲਾਂ ਸਿਰਫ਼ ਇਕ ਤਕਨੀਕੀ ਕਮਜ਼ੋਰੀ ਕਾਰਨ ਬੰਦ ਕੀਤੇ ਗਏ ਤੇ ਫਿਰ ਜਦੋਂ ਖੋਲੇ ਗਏ ਤਾਂ 65 ਕਰੋੜ ਕੱਢ ਲੈਣਾ ਵੀ ਇਸੇ ਤਰ੍ਹਾਂ ਦੇ ਸ਼ੰਕਿਆਂ ਨੂੰ ਹੀ ਜਨਮ ਦੇਂਦਾ ਹੈ।
ਅੱਜ ਦੇ ਦਿਨ ਲਗਦਾ ਹੈ ਕਿ ਏਜੰਸੀਆਂ, ਵਿਰੋਧੀ ਧਿਰ ਨੂੰ ਖ਼ਤਮ ਕਰਨ ਵਿਚ ਲੱਗ ਗਈਆਂ ਹਨ। ਮਨੀਸ਼ ਸਿਸੋਦੀਆ ਨੂੰ ਤਕਰੀਬਨ ਇਕ ਸਾਲ ਤੋਂ ਜ਼ਮਾਨਤ ਨਹੀਂ ਮਿਲ ਰਹੀ ਜਦਕਿ ਸੁਪਰੀਮ ਕੋਰਟ ਨੇ ਵੀ ਠੋਸ ਸਬੂਤ ਦੀ ਕਮੀ ਬਾਰੇ ਸਖ਼ਤ ਟਿਪਣੀ ਕੀਤੀ ਹੈ। ਹੁਣ ਫਿਰ ਮਾਮਲਾ ਸੁਪ੍ਰੀਮ ਕੋਰਟ ਦੇ ਬੈਂਚ ਸਾਹਮਣੇ ਜਾਵੇਗਾ ਤੇ ਫ਼ੈਸਲਾ ਸਿਰਫ਼ ਮਨੀਸ਼ ਸਿਸੋਦੀਆ ਹੀ ਨਹੀਂ ਬਲਕਿ ਦੇਸ਼ ਪਿਆਰ ਨਾਲ ਸੁਣ ਰਿਹਾ ਹੋਵੇਗਾ।
ਕਿਸਾਨਾਂ ਨਾਲ ਵੀ ਹਣ ਲੋੜ ਤੋਂ ਵੱਧ ਸਖ਼ਤੀ ਵਿਖਾਈ ਜਾ ਰਹੀ ਹੈ ਤੇ ਉਨ੍ਹਾਂ ਦੇ ਦਿੱਲੀ ਕੂਚ ਨੂੰ ਰੋਕਣ ਵਾਸਤੇ ਜਬਰ ਦੀ ਵਰਤੋਂ ਇਸ ਲੋਕ-ਰਾਜ ਦੇ ਯੁਗ ਵਿਚ ਸੋਭਾ ਨਹੀਂ ਦੇਂਦੀ। ਇਹ ਵਕਤ ਹੈ ਕਿ ਇਕ ਤਾਕਤਵਰ ਸਰਕਾਰ ਦੇਸ਼ ਨੂੰ ਅਗਲੇ ਪੜਾਅ ਵਿਚ ਲਿਜਾਣ ਲਈ ਲੋਕਤੰਤਰੀ ਨਿਆਂ ਨੂੰ ਮਜ਼ਬੂਤ ਕਰਨ ਦੇ ਐਸੇ ਤਰੀਕੇ ਬਣਾਏ ਕਿ ਭਾਰਤ ਦੁਨੀਆਂ ਦੀ ਸੱਭ ਤੋਂ ਵੱਡੇ ਨਹੀਂ ਬਲਕਿ ਸੱਭ ਤੋਂ ਚੰਗੇ ਲੋਕਤੰਤਰ ਵਜੋਂ ਮੰਨਿਆ ਜਾਣ ਲੱਗੇ। ਇਸ ਸਮੇਂ ਭਾਰਤ ਵਿਚ ਕਦਮ ਅੱਗੇ ਵਲ ਨੂੰ ਨਹੀਂ ਬਲਕਿ ਪਿੱਛੇ ਵਲ ਚਲ ਰਹੇ ਹਨ। ਜ਼ੋਰ ਜਬਰ ਹਾਕਮਾਂ ਦੇ ਤਰੀਕੇ ਸਨ, ਲੋਕਤੰਤਰ ਅਤੇ ਰਾਮ ਰਾਜ ਦੇ ਨਹੀਂ।
- ਨਿਮਰਤ ਕੌਰ