
ਬਿਲ ਗੇਟਸ ਤੇ ਵਾਰਨ ਬੁਫ਼ੇਟ ਵਰਗੇ ਅਮੀਰ ਅਸਲ ਵਿਚ ਅਮੀਰ ਹਨ ਕਿਉਂਕਿ ਉਹ ਅਪਣੀ ਦੌਲਤ ਦੁਨੀਆਂ ਨੂੰ ਹੋਰ ਸੋਹਣੀ ਤੇ ਚੰਗੀ ਬਣਾਉਣ ਲਈ ਲਗਾ ਰਹੇ ਹਨ।
ਬਿਲ ਗੇਟਸ ਤੇ ਵਾਰਨ ਬੁਫ਼ੇਟ ਵਰਗੇ ਅਮੀਰ ਅਸਲ ਵਿਚ ਅਮੀਰ ਹਨ ਕਿਉਂਕਿ ਉਹ ਅਪਣੀ ਦੌਲਤ ਦੁਨੀਆਂ ਨੂੰ ਹੋਰ ਸੋਹਣੀ ਤੇ ਚੰਗੀ ਬਣਾਉਣ ਲਈ ਲਗਾ ਰਹੇ ਹਨ। ਵਾਰਨ ਬੁਫ਼ੇਟ ਉਦਯੋਗ ਨੂੰ ਤਾਕਤਵਰ ਬਣਾਉਣ ਵਾਸਤੇ ਪੈਸਾ ਲਗਾਉਂਦੇ ਹਨ ਤੇ ਇਕ ਸਾਦਾ ਜੀਵਨ ਬਿਤਾਉਂਦੇ ਹਨ। ਉਨ੍ਹਾਂ ਅਪਣੀ 99 ਫ਼ੀ ਸਦੀ ਦੌਲਤ ਲੋਕ ਭਲਾਈ ਕਾਰਜਾਂ ਵਾਸਤੇ ਰੱਖ ਦਿਤੀ ਹੈ। ਇਸ ਦੇ ਮੁਕਾਬਲੇ, ਇਨ੍ਹਾਂ ਦੇ ਨੇੜੇ ਪੁੱਜ ਚੁਕਾ ਅਮੀਰ ਜੈੱਫ਼ ਬਿਜ਼ੋਸ, ਅਸਲ ਵਿਚ ਗ਼ਰੀਬ ਹੈ ਕਿਉਂਕਿ ਉਹ ਮਨੁੱਖਾਂ ਤੇ ਜਾਨਵਰਾਂ 'ਚੋਂ ਨਹੀਂ, ਮਸ਼ੀਨ 'ਚੋਂ ਅਪਣੇ ਲਈ ਮਿੱਤਰ ਲਭਦਾ ਹੈ।
ਦਫ਼ਤਰ ਵਲ ਆਉਂਦਿਆਂ, ਨਜ਼ਰ ਇਕ ਨੌਜਵਾਨ ਉਤੇ ਪਈ ਜੋ ਅਪਣੇ ਵਿਹੜੇ ਵਿਚ ਇਕ ਪਾਸੇ ਬਾਲਕੋਨੀ ਵਿਚ ਖੜਾ ਅਪਣੀਆਂ ਬਾਹਵਾਂ ਫੈਲਾ ਰਿਹਾ ਸੀ, ਜਿਵੇਂ ਸ਼ਾਹਰੁਖ਼ ਖ਼ਾਨ ਆਮ ਤੌਰ ਤੇ ਖੜਾ ਦਿਸਦਾ ਹੈ। ਫਿਰ ਨਜ਼ਰ ਉਸ ਦੇ ਹੱਥ ਵਲ ਗਈ ਜਿਸ ਵਿਚ ਉਸ ਨੇ ਮੋਬਾਈਲ ਫ਼ੋਨ ਫੜਿਆ ਹੋਇਆ ਸੀ। ਸ਼ਾਇਦ ਉਹ ਅਪਣੇ ਪਿਆਰ ਨਾਲ ਗੱਲਾਂ ਕਰ ਰਿਹਾ ਸੀ। ਉਸ ਪਲ ਤਕਨੀਕੀ ਵਿਕਾਸ ਰਾਹੀਂ ਮਨੁੱਖੀ ਰਿਸ਼ਤਿਆਂ ਵਿਚ ਮਜ਼ਬੂਤੀ ਵਧਾਉਣ ਦਾ ਦ੍ਰਿਸ਼ ਬੜਾ ਹਸੀਨ ਲੱਗ ਰਿਹਾ ਸੀ। ਐਲਬਰਟ ਆਈਨਸਟਾਈਨ ਨੇ ਵੀ ਕਿਹਾ ਸੀ ਕਿ ਤਕਨਾਲੋਜੀ ਉਸ ਦਿਨ ਤਕ ਠੀਕ ਹੈ ਜਦ ਤਕ ਉਹ ਤੁਹਾਡੇ ਕਾਬੂ ਹੇਠ ਹੈ, ਪਰ ਜਿਸ ਸਮੇਂ ਉਹ ਤੁਹਾਡੇ ਉਤੇ ਭਾਰੂ ਪੈ ਜਾਵੇਗੀ, ਉਸ ਦਿਨ ਤੁਸੀ ਉਸ ਦੇ ਗ਼ੁਲਾਮ ਬਣ ਜਾਉਗੇ। ਦੁਨੀਆਂ ਦਾ ਸੱਭ ਤੋਂ ਅਮੀਰ ਇਨਸਾਨ ਜੈੱਫ਼ ਬਿਜ਼ੋਸ ਅਸਲ ਵਿਚ ਬਹੁਤ ਗ਼ਰੀਬ ਹੈ। ਉਹ ਇਸ ਹਫ਼ਤੇ ਹੋਈ ਰੋਬਾਟਕ ਕਾਨਫਰੰਸ ਵਿਚ ਅਪਣਾ ਕੁੱਤਾ ਨਾਲ ਲੈ ਕੇ ਗਿਆ ਸੀ।
Waran Buffer
ਤੁਸੀ ਸੋਚੋਗੇ ਕਿ ਕੁੱਤੇ ਦਾ ਰੋਬਾਟਿਕ ਕਾਨਫਰੰਸ ਵਿਚ ਕੀ ਕੰਮ? ਅਸਲ ਵਿਚ ਉਹ ਕੁੱਤਾ ਜਾਨਵਰ ਨਹੀਂ ਸੀ, ਬਲਕਿ ਇਕ ਰੋਬੋਟ ਮਸ਼ੀਨ ਸੀ। ਜੈੱਫ਼ ਬਿਜ਼ੋਸ ਉਸ ਨਾਲ ਬਹੁਤ ਵਕਤ ਬਿਤਾਉਂਦਾ ਹੈ, ਉਹ ਉਸ ਨਾਲ ਖੇਡਦਾ ਹੈ ਤੇ ਇਸੇ ਲਈ ਹੀ ਉਹ ਗ਼ਰੀਬ ਹੈ ਕਿਉਂਕਿ ਉਸ ਨੂੰ ਮਸ਼ੀਨ ਵਿਚੋਂ ਅਪਣਾ ਵਫ਼ਾਦਾਰ ਪਾਲਤੂ ਜਾਨਵਰ ਲਭਣਾ ਪਿਆ ਹੈ। ਜੋ ਲੋਕ ਕੁੱਤੇ ਪਾਲਦੇ ਹਨ ਜਾਂ ਉਨ੍ਹਾਂ ਨੂੰ ਪਿਆਰ ਕਰਦੇ ਹਨ, ਉਹ ਉਸ ਜਾਨਵਰ ਦੀਆਂ ਅੱਖਾਂ ਵਿਚ ਉਸ ਦੀ ਖ਼ੁਸ਼ੀ ਤੇ ਉਦਾਸੀ ਪੜ੍ਹ ਲੈਂਦੇ ਹਨ। ਉਸ ਦੀ ਪੱਖੇ ਵਾਂਗ ਹਿਲਦੀ ਪੂਛ ਵੇਖ ਕੇ ਉਹ ਦਿਨ ਭਰ ਦੀ ਥਕਾਨ ਭੁੱਲ ਜਾਂਦੇ ਹਨ। ਉਸ ਦੇ ਗੁਰਰਾਣ ਅਤੇ ਧੌਂਕਣੀ ਵਾਂਗ ਚਲਦੇ ਉਸ ਦੇ ਸਾਹਾਂ ਦੀ ਗੰਦੀ ਹਵਾੜ ਨੂੰ ਵੀ ਬਰਦਾਸ਼ਤ ਕਰ ਲੈਂਦੇ ਹਨ, ਭਾਵੇਂ ਇਹ ਹਵਾ ਕੀਟਾਣੂਆਂ ਦਾ ਘਰ ਹੁੰਦੀ ਹੈ। ਉਸ ਦੇ ਹਰ ਦਮ ਬਿਖਰਦੇ ਵਾਲ ਗੰਦ ਪਾ ਦੇਂਦੇ ਹਨ। ਕੁੱਤਾ ਦਿਲ ਨੂੰ ਸਕੂਨ ਵੀ ਦਿੰਦਾ ਹੈ। ਕੀ ਇਕ ਰੋਬੋਟ ਉਸ ਦੀ ਥਾਂ ਲੈ ਸਕਦਾ ਹੈ?
Dog
ਉਸ ਵਿਚ ਉਹ ਕਾਬਲੀਅਤ ਹੈ? ਜੈੱਫ਼ ਬਿਜ਼ੋਸ ਰੋਬੋਟ ਦੇ ਦੀਵਾਨੇ ਹਨ ਪਰ ਕਿਉਂ? ਕੀ ਉਹ ਇਨਸਾਨੀ ਅਹਿਸਾਸਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ? ਇਕ ਲੋਹੇ ਦੇ ਕੁੱਤੇ ਨਾਲ ਦਿਲ ਵਿਚ ਨਿੱਘ ਮਹਿਸੂਸ ਕਰ ਸਕਦੇ ਹਨ? ਅਫ਼ਸੋਸ ਉਹ ਦੁਨੀਆਂ ਦੇ ਸੱਭ ਤੋਂ ਅਮੀਰ ਇਨਸਾਨ ਬਣ ਗਏ ਹਨ। ਬਿਲ ਗੇਟਸ ਤੇ ਵਾਰਨ ਬੁਫ਼ੇਟ ਵਰਗੇ ਅਮੀਰ ਅਸਲ ਵਿਚ ਅਮੀਰ ਹਨ ਕਿਉਂਕਿ ਉਹ ਅਪਣੀ ਦੌਲਤ ਦੁਨੀਆਂ ਨੂੰ ਹੋਰ ਸੋਹਣੀ ਤੇ ਚੰਗੀ ਬਣਾਉਣ ਲਈ ਲਗਾ ਰਹੇ ਹਨ। ਵਾਰਨ ਬੁਫ਼ੇਟ ਉਦਯੋਗ ਨੂੰ ਤਾਕਤਵਰ ਬਣਾਉਣ ਵਾਸਤੇ ਪੈਸਾ ਲਗਾਉਂਦੇ ਹਨ ਤੇ ਇਕ ਸਾਦਾ ਜੀਵਨ ਬਿਤਾਉਂਦੇ ਹਨ। ਉਨ੍ਹਾਂ ਅਪਣੀ 99 ਫ਼ੀ ਸਦੀ ਦੌਲਤ ਲੋਕ ਭਲਾਈ ਕਾਰਜਾਂ ਵਾਸਤੇ ਰੱਖ ਦਿਤੀ ਹੈ। ਉਹ ਬਿੱਲ ਗੇਟਸ ਦੀ ਸੰਸਥਾ ਰਾਹੀਂ ਜ਼ਿਆਦਾ ਪੈਸਾ ਦਾਨ ਕਰਦੇ ਹਨ। ਇਹ ਸੰਸਥਾ ਦੁਨੀਆਂ ਭਰ ਵਿਚ ਗ਼ਰੀਬਾਂ ਵਾਸਤੇ ਕੰਮ ਕਰ ਰਹੀ ਹੈ। ਸੋਚ, ਅਹਿਸਾਸ, ਦੌਲਤ ਤੇ ਕਈ ਚੰਗੇ ਅਮੀਰ, ਇਸ ਦੁਨੀਆਂ ਨੂੰ ਸੁਧਾਰਨ ਵਿਚ ਲੱਗੇ ਹੋਏ ਹਨ ਪਰ ਦੂਜੇ ਪਾਸੇ ਤਕਨਾਲੋਜੀ ਨੂੰ ਅਪਣੀ 'ਤਾਕਤ' ਦੇ ਵਿਖਾਵੇ ਵਜੋਂ ਵਰਤਣਾ ਚਾਹੁਣ ਵਾਲੇ ਹੰਕਾਰੀ 'ਹਿਟਲਰ', ਮਨੁੱਖਾਂ ਨੂੰ ਤਬਾਹੀ ਦੇ ਰਾਹ ਵਲ ਲੈ ਕੇ ਚੱਲ ਰਹੇ ਹਨ। ਇਸ ਤਰ੍ਹਾਂ ਦੇ ਇਕ ਹੋਰ ਹਨ ਇਲੋਮ ਮਸਕ। ਉਹ ਵੀ ਦੁਨੀਆਂ ਦੇ ਸੱਭ ਤੋਂ ਅਮੀਰ ਇਨਸਾਨ ਬਣਨ ਤੋਂ ਕੁੱਝ ਕਦਮ ਹੀ ਦੂਰ ਰਹਿ ਗਏ ਹਨ। ਇਨ੍ਹਾਂ ਨੇ ਡਰਾਈਵਰ ਤੋਂ ਬਿਨਾਂ ਵਾਲੀ ਗੱਡੀ ਚਲਾਉਣ ਦੀ ਖੋਜ ਕੀਤੀ ਹੈ ਤੇ ਪੁਲਾੜ ਵਿਚ ਘੁੰਮਣ ਤੇ ਉਥੇ ਰਹਿਣ ਦੀ ਖੋਜ ਵਿਚ ਲੱਗੇ ਹੋਏ ਹਨ।
Robot Dog
ਦੁਨੀਆਂ ਦੇ ਚੱਪੇ-ਚੱਪੇ ਉਤੇ ਅਜਹੀਆਂ ਥਾਵਾਂ ਹਨ ਜਿਥੇ ਅਜੇ ਬਿਜਲੀ ਨਹੀਂ ਪਹੁੰਚਾਈ ਜਾ ਸਕੀ। ਸਕੂਲ ਜਾਣ ਵਾਸਤੇ ਬੱਚਿਆਂ ਕੋਲ ਸੜਕ ਨਹੀਂ, ਪੀਣ ਦਾ ਪਾਣੀ ਨਹੀਂ, ਡਾਕਟਰ ਨਹੀਂ। ਪਰ ਇਹ ਅਮੀਰ ਤੇ ਬੁਧੀਮਾਨ, ਹੋਰ ਧਰਤੀ ਸਥਾਪਤ ਕਰਨਾ ਚਾਹੁੰਦੇ ਹਨ ਤਾਕਿ ਜੇ ਅੱਜ ਤੋਂ 200-300 ਸਾਲਾਂ ਬਾਅਦ ਅਸੀ ਧਰਤੀ ਨੂੰ ਤਬਾਹ ਕਰ ਦਿਤਾ ਤਾਂ ਕੁੱਝ ਲੋਕ ਬੱਚ ਕੇ ਇਕ ਹੋਰ ਧਰਤੀ ਵਸਾ ਸਕਣਗੇ। ਦੁਬਈ ਸਰਕਾਰ ਨੇ ਰੋਬੋਟ ਨੂੰ ਨਾਗਰਿਕਤਾ ਪੇਸ਼ ਕੀਤੀ ਹੈ ਜਦਕਿ ਦੂਜੇ ਦੇਸ਼ਾਂ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਨੂੰ ਦੁਬਈ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਂਦਾ ਤੇ ਬੇਸਹਾਰਾ ਸ਼ਰਨਾਰਥੀ, ਸੁਮੰਦਰ ਵਿਚ ਹੀ ਡੁੱਬ ਕੇ ਮਰਨ ਦਿਤੇ ਜਾਂਦੇ ਹਨ।
ਅਰਬਾਂ ਡਾਲਰ ਖ਼ਰਚ ਕਰ ਕੇ ਇਹ ਲੋਕ ਅਸਲ ਵਿਚ ਦੁਨੀਆਂ ਦੀ ਤਬਾਹੀ ਦੀ ਤਿਆਰੀ ਕਰ ਰਹੇ ਹਨ। ਕੁੱਤਾ ਹੋਵੇ ਜਾਂ ਖਾਣਾ ਬਣਾਉਣ ਵਾਲਾ ਰੋਬੋਟ, ਇਹ ਮਨੁੱਖਾਂ ਤੇ ਜਾਨਵਰਾਂ ਦੀ ਜਗ੍ਹਾ ਨਹੀਂ ਲੈ ਸਕਦੇ। ਫਿਰ ਤਾਂ ਤੁਸੀ ਰੋਬੋਟ ਬੱਚੇ ਰੱਖ ਲਉ ਤੇ ਜਦ ਥੱਕ ਜਾਣ ਤਾਂ ਬਟਨ ਬੰਦ ਕਰ ਦਿਉ। ਦੁਨੀਆਂ ਅਪਣੀ ਹੀ ਤਿਆਰ ਕੀਤੀ ਮਸ਼ੀਨ ਦੀ ਗ਼ੁਲਾਮੀ ਵਲ ਵੱਧ ਰਹੀ ਹੈ ਤੇ ਇਹ ਗੱਲ ਇਕ ਭਿਆਨਕ ਭਵਿੱਖ ਵਲ ਇਸ਼ਾਰਾ ਕਰ ਰਹੀ ਹੈ।
- ਨਿਮਰਤ ਕੌਰ