
ਅੱਜ ਏਸ਼ੀਆ ਦਾ ਸੱਭ ਤੋਂ ਅਮੀਰ ਇਨਸਾਨ ਇਕ ਭਾਰਤੀ ਹੈ ਪਰ ਇਸ ਖ਼ਬਰ ਨਾਲ ਦਿਲ ਨੂੰ ਖ਼ੁਸ਼ੀ
ਅੱਜ ਏਸ਼ੀਆ ਦਾ ਸੱਭ ਤੋਂ ਅਮੀਰ ਇਨਸਾਨ ਇਕ ਭਾਰਤੀ ਹੈ ਪਰ ਇਸ ਖ਼ਬਰ ਨਾਲ ਦਿਲ ਨੂੰ ਖ਼ੁਸ਼ੀ ਨਹੀਂ ਹੋ ਰਹੀ। ਅੱਜ ਹਰ ਭਾਰਤੀ ਚਾਹੁੰਦਾ ਹੈ ਕਿ ਚੀਨ ਨੂੰ ਹਰ ਗੱਲ 'ਚ ਪਿੱਛੇ ਛੱਡ ਦਈਏ ਅਤੇ ਜਦੋਂ ਏਸ਼ੀਆ ਦਾ ਇਸ ਤੋਂ ਪਹਿਲਾਂ ਦਾ ਅਮੀਰ ਇਨਸਾਨ, ਜੈਕ ਮਾ, ਹੁਣ ਦੂਜੇ ਨੰਬਰ ਉਤੇ ਆ ਗਿਆ ਹੈ, ਤਾਂ ਇਹ ਜਿੱਤ ਗੌਰਵਮਈ ਜਾਪਦੀ ਹੈ। ਈਰਖਾ ਨਹੀਂ ਕਿਉਂਕਿ ਫ਼ਿਤਰਤ ਤੋਂ ਪੰਜਾਬੀ ਹਰ ਕਿਸੇ ਦੀ ਚੜ੍ਹਤ ਅਤੇ ਵਾਧੇ ਉਤੇ ਓਨੀ ਹੀ ਖ਼ੁਸ਼ੀ ਮਹਿਸੂਸ ਕਰਦੇ ਹਨ ਜਿੰਨੀ ਅਪਣੀ ਸਫ਼ਲਤਾ ਤੇ। ਪਰ ਅੱਜ ਜਦੋਂ ਮੁਕੇਸ਼ ਅੰਬਾਨੀ ਨੂੰ 43,547 ਕਰੋੜ ਮਿਲ ਰਹੇ ਹਨ, ਉਸ ਵਕਤ 40 ਕਰੋੜ ਭਾਰਤੀ ਗ਼ਰੀਬੀ ਰੇਖਾ ਦੇ ਹੇਠਾਂ ਜਾ ਰਹੇ ਹਨ।
ਮੁੰਬਈ 'ਚ ਮੁਕੇਸ਼ ਅੰਬਾਨੀ ਦਾ ਘਰ ਹੈ ਜੋ ਕਿ ਭਾਰਤ ਦਾ ਹੀ ਨਹੀਂ ਬਲਕਿ ਦੁਨੀਆਂ ਦਾ ਸੱਭ ਤੋਂ ਮਹਿੰਗਾ ਘਰ ਹੈ ਅਤੇ ਉਸੇ ਮੁੰਬਈ 'ਚ ਧਾਰਾਵੀ ਹੈ ਜਿੱਥੇ ਕਿ 2 ਕਿਲੋਮੀਟਰ ਦੇ ਘੇਰੇ ਅੰਦਰ 7 ਲੱਖ ਲੋਕਾਂ ਦੀ ਆਬਾਦੀ ਰਹਿੰਦੀ ਹੈ। ਇਕ ਮਹਿਲਾਂ ਵਰਗਾ ਘਰ ਹੈ ਜਿਥੇ 5 ਜੀਅ ਰਹਿੰਦੇ ਹਨ ਅਤੇ ਦੂਜੀ ਅਜਿਹੀ ਬਸਤੀ ਹੈ ਜਿਥੇ ਹਰ 300 ਇਨਸਾਨਾਂ ਵਾਸਤੇ ਇਕ ਗ਼ੁਸਲਖ਼ਾਨਾ ਹੈ।
File photo
ਜ਼ਿੰਦਗੀ ਵਿਚ ਹਰ ਮਨੁੱਖ ਨੂੰ ਉਪਰ ਉਠਣ ਦਾ ਇਕ ਮੌਕਾ ਜ਼ਰੂਰ ਮਿਲਦਾ ਹੈ ਅਤੇ ਇਹ ਮੁਕੇਸ਼ ਅੰਬਾਨੀ ਦੀ ਸੂਝ ਅਤੇ ਸਿਆਣਪ ਸੀ ਕਿ ਉਨ੍ਹਾਂ ਇਸ ਮੌਕੇ ਦਾ ਪੂਰਾ ਲਾਭ ਉਠਾ ਕੇ, ਇਸ ਉੱਚੇ ਮੁਕਾਮ ਨੂੰ ਹਾਸਲ ਕਰ ਲਿਆ। ਪਰ ਜਦੋਂ ਰਤਨ ਟਾਟਾ ਜਾਂ ਅਜ਼ੀਮ ਪ੍ਰੇਮਜੀ ਦੀ ਦੌਲਤ ਵਧਦੀ ਹੈ ਤਾਂ ਖ਼ੁਸ਼ੀ ਮਹਿਸੂਸ ਹੁੰਦੀ ਹੈ। ਉਹ ਲੋਕ ਭਾਰਤ ਦੇ ਅਪਣੇ ਜਾਪਦੇ ਹਨ ਅਤੇ ਉਨ੍ਹਾਂ ਦੇ ਵਧਣ ਨਾਲ ਸਿਰਫ਼ ਇਕ ਪ੍ਰਵਾਰ ਹੀ ਅੱਗੇ ਨਹੀਂ ਵਧਦਾ ਬਲਕਿ ਇਕ ਪੂਰੀ ਕੰਪਨੀ ਵਿਚ ਕੰਮ ਕਰਨ ਵਾਲੇ ਹਜ਼ਾਰਾਂ ਪ੍ਰਵਾਰ ਅੱਗੇ ਵਧਦੇ ਹਨ।
ਕੋਰੋਨਾ ਦੀ ਮਹਾਂਮਾਰੀ ਵਿਚ ਇਨ੍ਹਾਂ ਸਾਰਿਆਂ ਦੇ ਯੋਗਦਾਨ ਅਤੇ ਅੰਬਾਨੀ ਪ੍ਰਵਾਰ ਦੇ 500 ਕਰੋੜ ਰੁਪਏ ਦੇ ਯੋਗਦਾਨ ਤੋਂ ਉਨ੍ਹਾਂ ਦੇ ਰਾਸ਼ਟਰ ਪ੍ਰੇਮ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਫ਼ਿਕਰ ਦਾ ਝਲਕਾਰਾ ਮਿਲਦਾ ਹੈ। ਰਿਲਾਇੰਸ ਉਦਯੋਗ ਜਿਸ ਮੁਕਾਮ 'ਤੇ ਪਹੁੰਚਿਆ ਹੈ, ਉਸ ਵਿਚ ਨਾ ਸਿਰਫ਼ ਬੀ.ਐਸ.ਐਨ.ਐਲ., ਏਅਰਟੈੱਲ ਆਦਿ ਨੂੰ ਪੌੜੀ ਬਣਾਇਆ ਗਿਆ ਬਲਕਿ ਅਪਣੇ ਭਰਾ ਦਾ ਵੀ ਦਿਵਾਲਾ ਕਢਿਆ ਗਿਆ।
2ਜੀ ਘਪਲੇ ਦੇ ਹਵਾਲੇ ਨਾਲ ਉਹ ਸਾਰੀਆਂ ਕੰਪਨੀਆਂ ਰੱਦ ਕਰਵਾ ਦਿਤੀਆਂ ਗਈਆਂ ਅਤੇ 3ਜੀ ਤੇ 4ਜੀ ਦੇ ਸਿਰ ਏਅਰਟੈੱਲ, ਆਈਡੀਆ, ਵੋਡਾਫ਼ੋਨ ਅਤੇ ਰਿਲਾਇੰਸ ਜੀਉ ਆਏ ਪਰ ਅੱਜ ਸਿਰਫ਼ ਜੀਉ ਹੀ ਜੀਉ ਹੈ। ਬੀ.ਐਸ.ਐਨ.ਐਲ. ਜੋ ਕਿ 2010 ਤਕ ਮੁਨਾਫ਼ੇ ਵਿਚ ਹੁੰਦਾ ਸੀ ਅੱਜ ਬੰਦ ਹੋਣ ਦੇ ਕੰਢੇ ਆ ਚੁੱਕਾ ਹੈ, ਉਸ ਪਿੱਛੇ ਸਰਕਾਰੀ ਲਾਲਫ਼ੀਤਾਸ਼ਾਹੀ ਵਰਗੀਆਂ ਦਿਕਤਾਂ ਦੇ ਨਾਲ-ਨਾਲ ਸਰਕਾਰ ਵਲੋਂ ਬੀ.ਐਸ.ਐਨ.ਐਲ. ਨੂੰ 4ਜੀ ਦੇਣ ਤੋਂ ਇਨਕਾਰ ਵੀ ਇਕ ਕਾਰਨ ਰਿਹਾ।
ਅੱਜ ਫ਼ੇਸਬੁੱਕ ਅਤੇ ਰਿਲਾਇੰਸ ਦੇ ਇਸ ਮੇਲ ਉਤੇ ਖ਼ੁਸ਼ੀ ਨਹੀਂ ਹੋ ਰਹੀ ਕਿਉਂਕਿ ਇਸ ਨਾਲ ਭਾਰਤ ਦੇ ਛੋਟੇ ਦੁਕਾਨਦਾਰਾਂ ਨੂੰ ਹੋਰ ਨੁਕਸਾਨ ਵੀ ਹੋ ਸਕਦਾ ਹੈ। ਡਿਜੀਟਲ ਵਪਾਰ ਦਾ ਸਮਾਂ ਹੈ ਪਰ ਕੀ ਸਾਡੇ ਛੋਟੇ ਸ਼ਹਿਰਾਂ ਦੇ ਦੁਕਾਨਦਾਰ ਇਸ ਡਿਜੀਟਲ ਦੌਰ ਵਿਚ ਮੁਕਾਬਲਾ ਕਰ ਸਕਣਗੇ? ਅੱਜ ਕੋਵਿਡ ਐਪ ਵਿਚ ਕਈ ਪੰਜਾਬੀ ਅਪਣੀਆਂ ਦਵਾਈਆਂ ਨਹੀਂ ਮੰਗਵਾ ਸਕਦੇ ਤਾਂ ਇਸ ਡਿਜੀਟਲ ਦੌਰ ਵਿਚ ਕਿੰਨੇ ਕੁ ਮੁਕਾਬਲਾ ਕਰ ਸਕਣਗੇ?
File photo
ਫ਼ੇਸਬੁੱਕ ਦੇ ਮੁਖੀ ਜ਼ੁਕਰਬਰਗ ਦੀਆਂ ਨੀਤੀਆਂ ਲੋਕਤੰਤਰੀ ਨਹੀਂ ਹਨ, ਅਤੇ ਇਹ ਸਿਰਫ਼ ਅਮਰੀਕਾ ਦਾ ਆਜ਼ਾਦ ਸਿਸਟਮ ਹੈ ਕਿ ਉਹ ਉਨ੍ਹਾਂ ਉਤੇ ਨਜ਼ਰ ਰੱਖ ਸਕਦਾ ਹੈ। ਜੀਉ ਅਤੇ ਫ਼ੇਸਬੁਕ ਮਿਲ ਕੇ ਸਾਰੇ ਹੋਲਸੇਲ ਅਤੇ ਰੀਟੇਲ ਵਪਾਰ ਵਾਸਤੇ ਇਕ ਨਵੀਂ ਜੰਗ ਲੈ ਕੇ ਆ ਰਹੇ ਹਨ। ਜੇ ਜੀਉ ਦੀ ਅੱਜ ਤਕ ਦੀ ਚੜ੍ਹਤ ਪਿੱਛੇ ਸਿਆਸੀ ਲੋਕਾਂ ਦੀ ਦਖ਼ਲ-ਅੰਦਾਜ਼ੀ ਇਕ ਵੱਡਾ ਕਾਰਨ ਹੈ ਤਾਂ ਆਉਣ ਵਾਲੇ ਸਮੇਂ ਵਿਚ ਭਾਰਤ ਦਾ ਸਾਰਾ ਪੈਸਾ 10 ਪ੍ਰਵਾਰਾਂ ਦੇ ਹੱਥਾਂ ਵਿਚ ਨਹੀਂ ਬਲਕਿ ਇਕ ਪ੍ਰਵਾਰ ਦੇ ਹੱਥਾਂ ਵਿਚ ਇਕੱਠਾ ਹੋ ਜਾਵੇਗਾ। ਫਿਰ ਕੀ ਇਹ ਦੇਸ਼ ਸਚਮੁਚ ਲੋਕਤੰਤਰ ਅਖਵਾ ਸਕੇਗਾ?
ਜੀਉ ਦੀ ਚੜ੍ਹਤ ਅਤੇ ਆਉਣ ਵਾਲੇ ਸਮੇਂ ਵਿਚ ਫ਼ੇਸਬੁਕ-ਜੀਉ ਗਠਜੋੜ ਦੇ ਭਾਰਤ ਦੇ ਵਪਾਰੀ ਵਰਗ ਉਤੇ ਅਸਰ ਦੀ ਆਜ਼ਾਦ ਜਾਂਚ ਅੱਜ ਦੇ ਸਮੇਂ ਦੀ ਮੰਗ ਹੈ ਪਰ ਕੀ ਹੁਣ ਇਹ ਮੁਮਕਿਨ ਵੀ ਹੈ? ਭਾਰਤ ਇਕ ਸਿਆਸੀ ਪ੍ਰਵਾਰ ਦੀ ਜਕੜ 'ਚੋਂ ਬਾਹਰ ਨਿਕਲ ਕੇ ਹੁਣ ਇਕ ਵਪਾਰੀ ਪ੍ਰਵਾਰ ਦੀ ਜਗੀਰ ਬਣ ਕੇ ਰਹਿ ਗਿਆ ਹੈ। ਅੱਜ ਤੋਂ 20 ਸਾਲ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਅਸਲ ਵਿਚ ਭਾਰਤ ਦੇ ਹਿਤ ਵਿਚ ਸੀ ਅਤੇ ਕਿਹੜਾ ਅਸਲ ਖ਼ਤਰਾ? -ਨਿਮਰਤ ਕੌਰ