
1984 ਦਿੱਲੀ ਕਤਲੇਆਮ ਵਿਚ ਸ਼ਾਮਲ ਲੋਕਾਂ ਦੀ ਜ਼ਮਾਨਤ ਮੰਨਜ਼ੂਰ ਕਰਨ ਮਗਰੋਂ ਸਿੱਖਾਂ ਤੇ ਮੁਸਲਮਾਨਾਂ ਦੇ ਸ਼ੰਕੇ ਹੋਰ ਗਹਿਰੇ ਹੋਏ
ਦਿੱਲੀ ਕਤਲੇਆਮ ਦੇ ਮਾਮਲੇ ਵਿਚ ਸਜ਼ਾ ਭੋਗਦੇ 33 ਵਿਅਕਤੀਆਂ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿਤੀ ਹੈ। 22 ਸਾਲਾਂ ਦੀ ਲੜਾਈ ਤੋਂ ਬਾਅਦ ਦਿੱਲੀ ਹਾਈ ਕੋਰਟ ਵਲੋਂ 70 ਲੋਕਾਂ ਨੂੰ ਤ੍ਰਿਲੋਕਪੁਰੀ ਵਿਚ ਲੁੱਟਮਾਰ ਤੇ ਘਰਾਂ ਨੂੰ ਸਾੜਨ ਲਈ ਸਿਰਫ਼ 5 ਸਾਲਾਂ ਦੀ ਸਜ਼ਾ ਦਿਤੀ ਗਈ ਸੀ। ਜਦੋਂ ਇਕ ਭੀੜ ਮੌਕੇ ਦਾ ਫ਼ਾਇਦਾ ਚੁਕ ਕੇ ਕਿਸੇ ਦੇ ਘਰ ਨੂੰ ਸਵਾਹ ਕਰ ਦਿੰਦੀ ਹੈ ਤਾਂ ਪੰਜ ਸਾਲ ਦੀ ਸਜ਼ਾ ਨੂੰ ਨਿਆਂ ਤਾਂ ਨਹੀਂ ਮੰਨਿਆ ਜਾ ਸਕਦਾ ਪਰ ਫਿਰ ਵੀ ਪਿਛਲੇ ਸਾਲ ਦੇ ਫ਼ੈਸਲੇ ਤੋਂ ਸਿੱਖਾਂ ਨੂੰ ਹਲਕੀ ਜਹੀ ਤਸੱਲੀ ਜ਼ਰੂਰ ਮਿਲੀ ਸੀ। ਪਰ ਇਕ ਸਾਲ ਵੀ ਨਹੀਂ ਬੀਤਿਆ ਅਤੇ ਅਦਾਲਤ ਨੂੰ ਲੁਟੇਰਿਆਂ ਉਤੇ ਤਰਸ ਆ ਗਿਆ।
1984
ਇਕੱਲੀ ਸਿੱਖ ਕੌਮ ਹੀ ਨਹੀਂ ਜਿਸ ਦੇ ਜ਼ਖ਼ਮਾਂ ਨੂੰ ਕੁਰੇਦਿਆ ਜਾਂਦਾ ਹੈ। ਮੁਜ਼ੱਫ਼ਰਨਗਰ ਦੰਗਿਆਂ ਵਿਚ ਵੀ ਅਦਾਲਤ ਨੇ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਸੀ। ਯੂ.ਪੀ. ਸਰਕਾਰ ਨੇ ਤਾਂ ਹਾਈ ਕੋਰਟ ਵਿਚ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁਧ ਅਪੀਲ ਹੀ ਨਹੀਂ ਪਾਈ ਬਲਕਿ 11 ਹੋਰ ਮੁਲਜ਼ਮਾਂ ਵਿਰੁਧ ਪੁਲਿਸ ਵਲੋਂ ਕੀਤੇ ਮਾਮਲੇ ਠੱਪ ਵੀ ਕਰ ਦਿਤੇ ਗਏ ਹਨ। ਯੂ.ਪੀ. ਦੇ ਮੁੱਖ ਮੰਤਰੀ ਇਥੇ ਹੀ ਨਹੀਂ ਰੁਕੇ ਬਲਕਿ ਉਨ੍ਹਾਂ ਨੇ ਤਾਂ ਇਥੋਂ ਤਕ ਆਖ ਦਿਤਾ ਕਿ ਜਿਹੜੇ ਦੋ ਮੁੰਡੇ ਮੁਜ਼ੱਫ਼ਰਨਗਰ ਵਿਚ ਭੀੜ ਵਲੋਂ ਮਾਰੇ ਗਏ ਸਨ, ਉਨ੍ਹਾਂ ਵਿਚੋਂ ਇਕ ਦਾ ਤਾਂ ਚਰਿੱਤਰ ਹੀ ਠੀਕ ਨਹੀਂ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਖੋਜ ਦਸਦੀ ਹੈ ਕਿ ਉਹ ਦੁੱਧ ਵੰਡਣ ਲਈ ਲੋਕਾਂ ਦੇ ਘਰ ਜਾਂਦਾ ਸੀ ਅਤੇ ਕਿਸੇ ਵਿਆਹੀ ਔਰਤ ਨਾਲ ਉਸ ਦੇ ਸਬੰਧ ਸਨ। ਸੋ ਅਜਿਹੇ ਬੰਦੇ ਨੂੰ ਕਤਲ ਕਰ ਦਿਤਾ ਗਿਆ ਤਾਂ ਫਿਰ ਕੀ ਹੋਇਆ?
1984 Riots
ਉਨ੍ਹਾਂ ਨੇ ਖੁਲ੍ਹ ਕੇ ਨਹੀਂ ਕਿਹਾ ਪਰ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਕਿਉਂਕਿ ਭੀੜ ਨੇ ਇਕ ਹਲਕੇ ਚਰਿੱਤਰ ਦੇ ਮੁਸਲਮਾਨ ਨੂੰ ਮਾਰਿਆ ਸੀ, ਇਸ ਲਈ ਭੀੜ ਉਤੇ ਮੁਕੱਦਮਾ ਦਰਜ ਨਹੀਂ ਹੋਣਾ ਚਾਹੀਦਾ। ਅਖ਼ਲਾਕ ਦੀ ਬੇਟੀ ਤਿੰਨ ਸਾਲ ਤੋਂ ਅਪਣੇ ਪਿਤਾ ਦੇ ਭੀੜ ਹੱਥੋਂ ਮਾਰੇ ਜਾਣ ਦਾ ਨਿਆਂ ਮੰਗ ਰਹੀ ਹੈ ਪਰ ਪੁਲਿਸ ਦੀ ਰੀਪੋਰਟ ਆਖਦੀ ਹੈ ਕਿ ਅਖ਼ਲਾਕ ਦੇ ਘਰ ਵਿਚ ਗਊਮਾਸ ਮਿਲਿਆ ਸੀ। ਮਤਲਬ ਅਖ਼ਲਾਕ ਦਾ ਕਿਰਦਾਰ ਕਮਜ਼ੋਰ ਸੀ, ਉਹ ਗਊ ਦਾ ਅਪਰਾਧੀ ਸੀ ਸੋ ਉਸ ਨੂੰ ਮਾਰਨਾ ਵੀ ਠੀਕ ਹੀ ਮੰਨਿਆ ਜਾਣਾ ਚਾਹੀਦਾ ਹੈ।
Supreme Court
ਸਿੱਖ ਤਾਂ 'ਅਤਿਵਾਦੀ' ਹਨ, ਇਸ ਲਈ ਦਿੱਲੀ ਵਿਚ ਸਿੱਖਾਂ ਨੂੰ ਜ਼ਿੰਦਾ ਸਾੜ ਕੇ ਮਾਰਨ ਦਾ ਕਦਮ ਵੀ ਠੀਕ ਹੀ ਮੰਨਦੇ ਹਨ ਬਹੁਤ ਸਾਰੇ ਫ਼ਿਰਕੂ ਭਾਈ। ਅੱਜ ਹਰ ਰੋਜ਼ ਕੋਈ ਨਾ ਕੋਈ ਵੀਡੀਉ ਸਾਹਮਣੇ ਆ ਜਾਂਦਾ ਹੈ ਜਿਸ ਵਿਚ ਵੇਖਣ ਨੂੰ ਮਿਲਦਾ ਹੈ ਕਿ ਕਿਸੇ ਮੁਸਲਮਾਨ ਨੂੰ ਕੁੱਟਮਾਰ ਕੇ 'ਜੈ ਸ੍ਰੀ ਰਾਮ' ਆਖਣ ਲਈ ਮਜਬੂਰ ਕੀਤਾ ਜਾਂਦਾ ਹੈ। ਪਰ ਜਦੋਂ ਇਕ ਦੋ ਸਾਲ ਦੇ ਬੱਚੇ ਦੇ ਹੱਥ ਬੰਨ੍ਹ ਕੇ ਉਸ ਤੋਂ 'ਜੈ ਸ੍ਰੀ ਰਾਮ' ਅਖਵਾਇਆ ਜਾਣ ਦਾ ਵੀਡੀਉ ਆਇਆ ਤਾਂ ਉਨ੍ਹਾਂ ਲੋਕਾਂ ਉਤੇ ਹੈਰਾਨੀ ਹੁੰਦੀ ਹੈ ਕਿ ਉਹ ਅਪਣੇ ਆਪ ਨੂੰ ਇਨਸਾਨ ਆਖਣ ਦੀ ਹਿੰਮਤ ਵੀ ਕਿਵੇਂ ਕਰ ਸਕਦੇ ਹਨ, ਹਿੰਦੂ ਹੋਣਾ ਤਾਂ ਦੂਰ ਦੀ ਗੱਲ ਹੈ।
1984 Darbar Sahib
ਸਿੱਖਾਂ ਤੇ ਮੁਸਲਮਾਨਾਂ ਨੂੰ ਇਸ ਤਰ੍ਹਾਂ ਮਾਰਨ ਵਾਲੀ ਭੀੜ ਨੂੰ ਅੱਜ ਕੋਈ ਰੋਕ ਨਹੀਂ ਰਿਹਾ। ਫ਼ਿਰਕੂ ਸਿਆਸੀ ਲੋਕਾਂ ਦੀ ਚੜ੍ਹਤ ਸਾਹਮਣੇ ਅਦਾਲਤ ਦੇ ਹੁਕਮ ਵੀ ਕਮਜ਼ੋਰ ਪੈਂਦੇ ਜਾ ਰਹੇ ਹਨ। ਅਜਿਹੀ ਭੀੜ ਨੂੰ ਅਪਣੇ ਆਪ ਨੂੰ ਹਿੰਦੂ ਅਖਵਾਉਣ ਤੋਂ ਅੱਜ ਹਿੰਦੂ ਹੀ ਰੋਕ ਸਕਦੇ ਹਨ। ਜਿਹੜਾ 'ਹਿੰਦੁਸਤਾਨ' ਅੱਜ ਸਥਾਪਿਤ ਕੀਤਾ ਜਾ ਰਿਹਾ ਹੈ ਉਹ ਭਾਜਪਾ ਜਾਂ ਕਾਂਗਰਸ ਦਾ ਨਹੀਂ, ਉਹ ਹਿੰਦੂਤਵੀਆਂ ਦਾ ਦੇਸ਼ ਹੈ। ਇਹ ਇਕ ਨਫ਼ਰਤ ਉਗਲਦੀ ਭੀੜ ਦੇ ਸਿਰ ਤੇ ਬਣ ਰਿਹਾ ਹੈ। ਜਦੋਂ ਸਾਰੇ ਮੁਸਲਮਾਨ ਨੌਜੁਆਨ 'ਜੈ ਸ੍ਰੀ ਰਾਮ' ਕਹਿਣ ਲਈ ਮਜਬੂਰ ਕਰ ਦਿਤੇ ਜਾਣਗੇ, ਸਾਰੇ ਸਿੱਖ ਨੌਜੁਆਨ ਅਤਿਵਾਦੀ ਗਰਦਾਨੇ ਜਾਣਗੇ, ਦੇਸ਼ ਛੱਡ ਕੇ ਚਲੇ ਜਾਣਗੇ ਤਾਂ ਇਹ ਭੀੜ ਕੀ ਕਰੇਗੀ? ਕਿਸ ਉਤੇ ਹਾਵੀ ਹੋਵੇਗੀ?
1984 anti-Sikh riots
ਜਦੋਂ ਇਕ ਜਾਨਵਰ ਦੇ ਮੂੰਹ ਖ਼ੂਨ ਲੱਗ ਜਾਂਦਾ ਹੈ ਤਾਂ ਉਸ ਦੀ ਆਦਤ ਪੱਕ ਜਾਂਦੀ ਹੈ ਤੇ ਉਹ ਹਰ ਰੋਜ਼ ਨਵਾਂ ਲਹੂ ਮੰਗਣ ਲੱਗ ਜਾਂਦਾ ਹੈ। ਤਾਂ ਫਿਰ ਜੋ ਲੋਕ ਇਸ ਭੀੜ ਨੂੰ ਅੱਜ ਕਾਨੂੰਨ ਨੂੰ ਪੈਰਾਂ ਹੇਠ ਰੋਲਣ ਦੀ ਆਜ਼ਾਦੀ ਦੇ ਰਹੇ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਲ ਇਹ ਭੀੜ ਕੀ ਕਰੇਗੀ? ਕਿਸੇ ਹੋਰ ਵਾਸਤੇ ਹੀ ਨਾ ਸਹੀ, ਅਪਣੇ ਭਵਿੱਖ ਵਾਸਤੇ ਹੀ ਸਹੀ, ਅੱਜ ਦੇ ਦੂਰਅੰਦੇਸ਼ ਤੇ ਸੱਚੇ ਸੁੱਚੇ ਹਿੰਦੂ ਇਸ ਭੀੜ ਨੂੰ ਰੋਕ ਲੈਣ। -ਨਿਮਰਤ ਕੌਰ