
ਨਵਜੋਤ ਸਿੰਘ ਦੀ ਜੱਫੀ ਨੇ ਪੰਜਾਬ ਦੀ ਹੀ ਨਹੀਂ ਹੁਣ ਦੇਸ਼ ਦੀ ਸਿਆਸਤ ਨੂੰ ਵੀ ਹਿਲਾ ਕੇ ਰੱਖ ਦਿਤਾ ਹੈ................
ਨਵਜੋਤ ਸਿੰਘ ਦੀ ਜੱਫੀ ਨੇ ਪੰਜਾਬ ਦੀ ਹੀ ਨਹੀਂ ਹੁਣ ਦੇਸ਼ ਦੀ ਸਿਆਸਤ ਨੂੰ ਵੀ ਹਿਲਾ ਕੇ ਰੱਖ ਦਿਤਾ ਹੈ। ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਭਾਰਤੀ ਕੂਟਨੀਤੀ ਵਿਚ ਜੱਫੀ ਨੂੰ ਇਕ ਨਵੀਂ ਥਾਂ ਦਿਤੀ ਹੈ, ਦੀ ਕਿਸੇ ਜੱਫੀ ਨੂੰ ਏਨੀਆਂ ਸੁਰਖ਼ੀਆਂ ਨਹੀਂ ਮਿਲੀਆਂ ਹੋਣਗੀਆਂ। ਮਾਮਲਾ ਹੱਥੋਂ ਨਿਕਲਦਾ ਜਾ ਰਿਹਾ ਹੈ ਅਤੇ ਹੁਣ ਸ਼ੋਭਾ ਡੇ ਨੇ ਵੀ ਸਿਧੂ ਦਾ ਬਚਾਅ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਉਤੇ ਨਿਸ਼ਾਨਾ ਸਾਧ ਦਿਤਾ ਹੈ। ਸਿੱਧੂ ਭਾਵੇਂ ਇਕ ਮੰਤਰੀ ਹੀ ਹਨ ਪਰ ਪਾਕਿਸਤਾਨ ਵਿਚ ਉਹ ਇਕ ਆਮ ਨਾਗਰਿਕ ਵਜੋਂ ਹੀ ਗਏ ਸਨ, ਅਪਣੇ ਇਕ ਪੁਰਾਣੇ ਮਿੱਤਰ ਨਾਲ ਖ਼ੁਸ਼ੀ ਸਾਂਝੀ ਕਰਨ।
ਹੁਣ ਜੇ ਉਨ੍ਹਾਂ ਨੂੰ ਇਕ ਪਾਕਿਸਤਾਨੀ ਜਨਰਲ ਆ ਕੇ ਆਖੇ ਕਿ ''ਆ ਜੱਟ ਭਰਾਵਾ ਅਮਨ ਸ਼ਾਂਤੀ ਵਲ ਕਦਮ ਚੁਕੀਏ।'' ਤਾਂ ਉਹ ਕੀ ਕਰਦਾ? ਸਿੱਧੂ ਹੈ ਵੀ ਇਕ ਭਾਵੁਕ ਜਿਹਾ ਕਿਰਦਾਰ। ਝੱਟ ਲੜ ਪੈਂਦਾ ਹੈ ਤੇ ਹਸਦਿਆਂ ਹਸਦਿਆਂ ਡੰਗ ਵੀ ਮਾਰ ਦੇਂਦਾ ਹੈ। ਸੋ ਉਨ੍ਹਾਂ ਜੱਫੀ ਵੀ ਇਸੇ ਤਰ੍ਹਾਂ ਵੇਗ ਵਿਚ ਆ ਕੇ ਪਾ ਲਈ। ਹੁਣ ਉਸ ਨੂੰ ਮੁੱਦਾ ਬਣਾ ਕੇ ਕੋਈ ਉਨ੍ਹਾਂ ਨੂੰ ਡਾਂਟ ਰਿਹਾ ਹੈ, ਕੋਈ ਉਨ੍ਹਾਂ ਤੋਂ ਮਾਫ਼ੀ ਮੰਗਵਾਉਣਾ ਚਾਹੁੰਦਾ ਹੈ, ਕੋਈ ਮਾਮਲਾ ਦਰਜ ਕਰਵਾ ਰਿਹਾ ਹੈ ਪਰ ਆਮ ਜਨਤਾ ਨੂੰ ਤਾਂ ਸਮਝ ਨਹੀਂ ਆ ਰਹੀ ਕਿ ਖ਼ੁਸ਼ੀ ਦੇ ਮੌਕੇ ਕਿਸੇ ਦੇ ਘਰ ਜਾ ਕੇ ਜੱਫੀ ਪਾਉਣ ਵਿਚ ਖ਼ਰਾਬੀ ਕੀ ਹੈ?
ਜਾਂ ਤਾਂ ਉਸ ਘਰ ਵਿਚ ਜਾਇਆ ਹੀ ਨਾ ਜਾਏ ਤੇ ਜੇ ਚਲੇ ਜਾਂਦੇ ਹੋ ਤਾਂ ਜੱਫੀ ਪਾਉਣ ਦਾ ਭਾਰਤੀ/ਪੰਜਾਬੀ ਰਿਵਾਜ ਤਾਂ ਨਿਭਾਉਣਾ ਹੀ ਪੈਂਦਾ ਹੈ। ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ਼ ਦੇ ਘਰ ਵਿਆਹ ਤੇ ਗਏ ਸਨ ਤਾਂ ਉਹ ਸਾਰਿਆਂ ਨੂੰ ਜੱਫੀਆਂ ਪਾ ਕੇ ਹੀ ਮਿਲੇ ਹੋਣਗੇ। ਸਿੱਧੂ ਦਾ ਵਿਰੋਧ ਕਿਸੇ ਮੁੱਦੇ ਨੂੰ ਲੈ ਕੇ ਨਹੀਂ ਹੋ ਰਿਹਾ ਕਿਉਂਕਿ ਮੁੱਦਾ ਤਾਂ ਹੈ ਈ ਕੋਈ ਨਹੀਂ। ਸਿੱਧੂ ਦਾ ਮੁੱਦਾ ਭਾਜਪਾ ਤੇ ਉਨ੍ਹਾਂ ਕਾਂਗਰਸੀਆਂ ਵਲੋਂ ਚੁਕਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਸਿੱਧੂ ਉੱਕਾ ਹੀ ਚੰਗਾ ਨਹੀਂ ਲਗਦਾ। ਉਹ ਅਪਣੇ ਨਿਜੀ ਟੀਚੇ ਪ੍ਰਾਪਤ ਕਰਨ ਲਈ, ਮਤਭੇਦਾਂ ਨੂੰ ਦੁਸ਼ਮਣੀ ਵਿਚ ਤਬਦੀਲ ਕਰੀ ਜਾ ਰਹੇ ਹਨ।
ਨਿਜੀ ਹਮਲੇ ਤਾਂ ਸਾਡੇ ਸਾਰੇ ਹੀ ਸਿਆਸਤਦਾਨਾਂ ਨੂੰ ਕਟਹਿਰੇ ਵਿਚ ਖੜਾ ਕਰ ਸਕਦੇ ਹਨ। ਕਈ ਕਾਤਲ, ਬਲਾਤਕਾਰੀ, ਘਪਲੇ ਕਰਨ ਵਾਲੇ ਸੰਸਦ ਵਿਚ ਬੈਠੇ ਹਨ। ਨੈਤਿਕਤਾ ਨੂੰ ਅੱਜ ਸਿਆਸਤ ਵਿਚ ਪਿਛਲੀ ਸਦੀ ਵਾਲੀ ਥਾਂ ਪ੍ਰਾਪਤ ਨਹੀਂ ਹੋ ਰਹੀ। ਵਿਦੇਸ਼ਾਂ ਵਿਚ ਕਮਜ਼ੋਰ ਨੈਤਿਕ ਕਿਰਦਾਰ ਕਿਸੇ ਸਿਆਸਤਦਾਨ ਨੂੰ ਪਲ ਵਿਚ ਤਬਾਹ ਕਰ ਸਕਦਾ ਹੈ, ਜਿਵੇਂ ਬਿਲ ਕਲਿੰਟਨ ਨਾਲ ਹੋਇਆ ਸੀ। ਇਕ ਆਮ ਜਹੀ ਜੱਫੀ ਨੂੰ ਲੈ ਕੇ ਹੁਣ ਭਾਰਤ ਦੇ ਸਿਆਸਤਦਾਨਾਂ ਨੇ ਅਪਣੇ ਆਪ ਨੂੰ ਕਟਹਿਰੇ ਵਿਚ ਖੜਾ ਕਰ ਲਿਆ ਹੈ। ਸ਼ੋਭਾ ਡੇ ਨੇ ਇਹ ਤਾਂ ਠੀਕ ਕਿਹਾ ਹੈ ਕਿ ਸਾਰਾ ਵਿਵਾਦ 'ਅਜੀਬ ਹੈ' ਪਰ ਪੈਦਾ ਤਾਂ ਲੋਕਾਂ ਦਾ ਹੀ ਕੀਤਾ ਹੋਇਆ ਹੈ। -ਨਿਮਰਤ ਕੌਰ