
ਡੈਮ ਬਣਾਉਣ ਵਾਲਿਆਂ ਨੇ, ਇਸ ਬਾਰੇ ਦੂਰ-ਦ੍ਰਿਸ਼ਟੀ ਵਾਲੀ ਨੀਤੀ ਕਦੇ ਬਣਾਈ ਹੀ ਨਹੀਂ!
‘ਡੈਮ ਯੁਗ’ ਅੰਗਰੇਜ਼ੀ ਰਾਜ ਦੀ ਦੇਣ ਹੈ ਜਿਸ ਦਾ ਮਕਸਦ ਪਾਣੀ ਨੂੰ ਡੈਮਾਂ ਵਿਚ ਇਕੱਤਰ ਕਰ ਕੇ ਲੋੜ ਅਨੁਸਾਰ, ਖੇਤੀ ਆਦਿ ਲਈ ਵਰਤਣਾ ਸੀ ਤਾਕਿ ਖੇਤੀ ਲਈ ਪਾਣੀ ਦੀ ਕਮੀ ਮਹਿਸੂਸ ਨਾ ਕਰਨੀ ਪਵੇ। ਇਹ ਇਕ ਚੰਗੀ ਖੋਜ ਸੀ ਜਿਸ ਦਾ ਫ਼ਾਇਦਾ ਵੀ ਬਹੁਤ ਹੋਇਆ। ਬਾਰਸ਼ ਦੀਆਂ ਕਣੀਆਂ ਉਤੇ ਨਿਰਭਰ ਕਰਨ ਵਾਲੀ ਖੇਤੀ, ਡੈਮਾਂ ਨੇ ਸੋਕੇ ਵੇਲੇ ਵੀ ਲਹਿਲਹਾਉਂਦੀ ਕਰ ਦਿਤੀ। ਕਿਸਾਨ ਦੀ ਆਮਦਨ ਵਿਚ ਵੀ ਚੋਖਾ ਵਾਧਾ ਹੋਇਆ। ਪਰ ਹੁਣ ਪਤਾ ਲੱਗਾ ਹੈ ਕਿ ਉਸ ਸਮੇਂ ਜੋ ਨੀਤੀਆਂ ਘੜੀਆਂ ਗਈਆਂ, ਉਨ੍ਹਾਂ ਵਿਚ ਉਸ ਅਵੱਸਥਾ ਨੂੰ ਧਿਆਨ ਵਿਚ ਨਾ ਰਖਿਆ ਗਿਆ ਜਿਸ ਵਿਚ ਡੈਮ ਹੀ ਖੇਤੀ ਨੂੰ ਉਜਾੜਨ ਦਾ ਕਾਰਨ ਬਣ ਸਕਦੇ ਹਨ।
ਇਸੇ ਤਰ੍ਹਾਂ ਪਹਾੜਾਂ ਉਤੇ ਆਬਾਦੀ ਨੂੰ ਇਕ ਹੱਦ ਅੰਦਰ ਰੱਖਣ ਅਤੇ ਕੰਕਰੀਟ (ਰੇਤੇ, ਬਜਰੀ, ਸੀਮਿੰਟ ਤੇ ਸਰੀਏ) ਦੀਆਂ ਇਮਾਰਤਾਂ ਨੂੰ ਇਕ ਹੱਦ ਤੋਂ ਉਪਰ ਜਾਣ ਦੀ ਆਗਿਆ ਨਾ ਦੇਣ ਬਾਰੇ ਨੀਤੀ ਬਣਾਉਣੋਂ ਵੀ ਖੁੰਝ ਗਏ ਜਿਸ ਕਾਰਨ ਅੱਜ ਪਹਾੜ ਟੁਟ ਰਹੇ ਹਨ ਤੇ ਉਹ ਵੀ ਮਨੁੱਖ ਦੀ ਤਬਾਹੀ ਦਾ ਕਾਰਨ ਬਣ ਰਹੇ ਹਨ।
ਪਹਿਲਾਂ ਗੱਲ ਕਰ ਲਈਏ ਪਹਾੜਾਂ ਉਤੇ ਮਨੁੱਖ ਦੇ ਧਾਵੇ ਦੀ ਜਿਸ ਨਾਲ ਡੈਮਾਂ ਬਾਰੇ ਗੱਲ ਸਮਝਣੀ ਸੌਖੀ ਹੋ ਜਾਏਗੀ। 1901 ਵਿਚ ਹੀ ਉਸ ਵੇਲੇ ਦੇ ਵਾਇਸਰਾਏ ਲਾਰਡ ਕਰਜ਼ਨ ਨੇ ਪੀ ਡਬਲੀਊ ਡੀ ਮਹਿਕਮੇ ਨੂੰ ਖ਼ਬਰਦਾਰ ਕੀਤਾ ਸੀ ਕਿ ਸ਼ਿਮਲੇ ਵਿਚ ਇਮਾਰਤਾਂ ਦੀ ਉਸਾਰੀ ਦੀ ਅੰਨ੍ਹੀ ਖੁਲ੍ਹ ਨਾ ਦਿਤੀ ਜਾਏ।
ਸ਼ਿਮਲੇ ਨੂੰ ਰੇਲ ਗੱਡੀ ਦੀ ਸਹੂਲਤ 1903 ਵਿਚ ਮਿਲ ਗਈ। ਇਸ ਨਾਲ ਇਕ ਸਾਲ ਵਿਚ ਹੀ ਸ਼ਿਮਲੇ ਦੀ ਆਬਾਦੀ 14000 ਵੱਧ ਗਈ। 1905 ਤਕ ਸ਼ਿਮਲੇ ਵਿਚ ਗਰਮੀਆਂ ਵਿਚ ਰਹਿਣ ਵਾਲੀ ਆਬਾਦੀ 38000 ਤਕ ਪਹੁੰਚ ਗਈ। ਇਸ ਨੂੰ ‘ਬੜਾ ਖ਼ਤਰਨਾਕ’ ਅਮਲ ਦਸਿਆ ਗਿਆ। ਹੁਣ ਗਰਮੀਆਂ ਵਿਚ ਆਬਾਦੀ ਲੱਖਾਂ ਤਕ ਪਹੁੰਚ ਜਾਂਦੀ ਹੈ ਤੇ ਇਨ੍ਹਾਂ ਦੇ ਰੈਣ ਬਸੇਰੇ ਲਈ ਕੰਕਰੀਟ ਦੀਆਂ ਇਮਾਰਤਾਂ ਪਹਾੜਾਂ ਨਾਲ ਜ਼ੁਲਮ ਕਰ ਰਹੀਆਂ ਹਨ। ਨੀਤੀ ਅਤੇ ਨੀਅਤ ਦੋਵੇਂ ਵਿਗੜ ਗਏ ਹਨ ਜਿਸ ਨੇ ਕੁਦਰਤ ਨੂੰ ਬਦਲਾ ਲੈਣ ਲਈ ਮਜਬੂਰ ਕਰ ਦਿਤਾ ਹੈ।
ਇਹ ਗੱਲ ਡੈਮਾਂ ਬਾਰੇ ਵੀ ਠੀਕ ਹੈ। ਅਪਣੀ ‘ਪ੍ਰਾਪਤੀ’ ਤੋਂ ਖ਼ੁਸ਼ ਇੰਜੀਨੀਅਰਾਂ ਨੇ ਉਹ ਨੀਤੀ ਤਿਆਰ ਨਾ ਕੀਤੀ ਜੋ ਅੱਜ ਵਾਲੀ ਹਾਲਤ ਨੂੰ ਪੈਦਾ ਹੋਣ ਦਾ ਅਗਾਊਂ ਪ੍ਰਬੰਧ ਕਰ ਸਕਦੀ ਹੋਵੇ। ਮਿਸਾਲ ਦੇ ਤੌਰ ਤੇ ਪ੍ਰਬੰਧਕੀ ਅਮਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਕੁੱਝ ਦਿਨ ਬਾਰਸ਼ ਲੱਗੀ ਰਹੇ ਤੇ ਡੈਮ ਪਹਿਲੇ ਹੀ ਭਰੇ ਪਏ ਹੋਣ ਤਾਂ ਹੜ ਆਉਣਗੇ ਹੀ ਆਉਣਗੇ। ਸੋ ਬਾਰਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸਬੰਧਤ ਵਿਭਾਗ ਤੋਂ ਇਹ ਜਾਣਕਾਰੀ ਵੀ ਲੈ ਲੈਣੀ ਚਾਹੀਦੀ ਹੈ ਕਿ ਕਿੰਨੀ ਕੁ ਬਾਰਸ਼ ਵਰ੍ਹਨ ਜਾ ਰਹੀ ਹੈ ਤੇ ਉਸੇ ਹਿਸਾਬ ਨਾਲ ਡੈਮ ਪਹਿਲਾਂ ਹੀ ਖ਼ਾਲੀ ਕਰ ਲੈਣੇ ਚਾਹੀਦੇ ਹਨ। ਜੇ ਡੈਮ ਖ਼ਾਲੀ ਹੋਣਗੇ ਤਾਂ ਬਾਰਿਸ਼ ਦਾ ਪਾਣੀ ਖੇਤਾਂ ਵਿਚ ਤਬਾਹੀ ਨਹੀਂ ਮਚਾ ਸਕੇਗਾ।
ਇਸ ਸਬੰਧ ਵਿਚ ਮਾਹਰਾਂ ਨੇ ਯਾਦ ਕਰਵਾਇਆ ਹੈ ਕਿ 1988 ਵਿਚ 23 ਸਤੰਬਰ ਤੋਂ 26 ਸਤੰਬਰ ਤਕ ਪਈ ਲਗਾਤਾਰ ਅਤੇ ਭਾਰੀ ਬਾਰਸ਼ ਕਾਰਨ ਭਾਖੜਾ (ਸਤਲੁਜ ਦਰਿਆ ਤੇ) ਅਤੇ ਪੋਂਗ ਡੈਮ (ਬਿਆਸ ਦਰਿਆ ਤੇ) ਤੋਂ ਕਰਮਵਾਰ 4 ਲੱਖ ਤੇ 5 ਲੱਖ ਕਿਊਸਿਕ ਪਾਣੀ ਬਾਹਰ ਸੁਟਿਆ ਗਿਆ ਸੀ ਜਿਸ ਨਾਲ ਪੰਜਾਬ, ਹੜ੍ਹਾਂ ਦੀ ਮਾਰ ਹੇਠ ਆ ਗਿਆ। ਉਸ ਘਟਨਾ ਤੋਂ ਸਬਕ ਸਿਖਿਆ ਜਾਂਦਾ ਤੇ ਬਾਰਸ਼ਾਂ ਤੋਂ ਪਹਿਲਾਂ ਦੋਹਾਂ ਡੈਮਾਂ ਵਿਚ ਰਾਖਵੇਂ ਪਾਣੀ ਦੀ ਹੱਦ ਮਿਥ ਦਿਤੀ ਜਾਂਦੀ ਤਾਂ ਹੁਣ ਵਾਲੀ ਹਾਲਤ ਪੈਦਾ ਨਹੀਂ ਸੀ ਹੋਣੀ। ਹੁਣ ਵੀ ਜੇ ਠੀਕ ਸਬਕ ਸਿਖ ਕੇ ਬਾਰਸ਼ਾਂ ਦੇ ਮੌਸਮ ਨਾਲ ਸਬੰਧਤ ਡੈਮ ਨੀਤੀ ਤਿਆਰ ਕਰ ਲਈ ਜਾਏ ਤਾਂ ਭਵਿਖ ਵਿਚ ਇਸ ਕਹਿਰ ਤੋਂ ਬਚਿਆ ਜਾ ਵੀ ਸਕਦਾ ਹੈ।