ਐੱਲ.ਵੀ.ਐਮ.-3 ਰਾਕੇਟ ‘ਇਸਰੋ' ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਹੈ।
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਨਵੇਂ ਕੀਰਤੀਮਾਨ ਬਣਾਉਣੇ ਜਾਰੀ ਰੱਖੇ ਹੋਏ ਹਨ। ਇਸ ਸਰਕਾਰੀ ਅਦਾਰੇ ਨੇ ਬੁੱਧਵਾਰ ਸਵੇਰੇ 6100 ਕਿਲੋਗ੍ਰਾਮ ਭਾਰੇ ਬਾਹੂਬਲੀ (ਸੰਚਾਰ ਉਪਗ੍ਰਹਿ) ਨੂੰ ਸਫ਼ਲਤਾਪੂਰਬਕ ਪੁਲਾੜ ਵਿਚ ਪਹੁੰਚਾ ਕੇ ਅਪਣੀ ਸਮਰਥਾ ਤੇ ਕਾਬਲੀਅਤ ਦਾ ਇਕ ਵਾਰ ਫਿਰ ਲੋਹਾ ਮਨਵਾਇਆ। ਇਸ ਸੰਚਾਰ ਉਪਗ੍ਰਹਿ ਨੂੰ ਐੱਲ.ਵੀ.ਐਮ-3 (ਲਾਂਚ ਵਹੀਕਲ ਮਾਰਕ-3) ਰਾਕੇਟ ਰਾਹੀਂ ਪ੍ਰਿਥਵੀ ਨੇੜਲੇ ਉਸ ਦੇ ਨਿਰਧਾਰਤ ਗ੍ਰਹਿ-ਪੰਧ ਉੱਤੇ ਪਾਇਆ ਗਿਆ। ਇਹ ਕਾਰਜ ਮਹਿਜ਼ 15 ਮਿੰਟਾਂ ਵਿਚ ਨਿਰਵਿਘਨ ਮੁਕੰਮਲ ਹੋਣ ਵਰਗੀ ਪ੍ਰਾਪਤੀ ਨੇ ਜਿੱਥੇ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਆਲਮੀ ਪ੍ਰਸ਼ੰਸਾ ਦਾ ਪਾਤਰ ਬਣਾਇਆ, ਉੱਥੇ ਇਹੋ ਕਾਰਨਾਮਾ ਦਰਜਨ ਦੇ ਕਰੀਬ ਉਨ੍ਹਾਂ ਗ਼ੈਰ-ਸਰਕਾਰੀ ਸਟਾਰਟ-ਅੱਪ ਕੰਪਨੀਆਂ ਲਈ ਵੀ ਸਰਾਹਨਾ-ਭਰਿਆ ਥਾਪੜਾ ਸਾਬਤ ਹੋਇਆ ਜਿਹੜੀਆਂ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਨੂੰ ਢੁਕਵੇਂ ਹਿੱਸੇ-ਪੁਰਜ਼ਿਆਂ ਦੀ ਸਪਲਾਈ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।
ਐੱਲ.ਵੀ.ਐਮ.-3 ਰਾਕੇਟ ‘ਇਸਰੋ’ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਹੈ। ਇਹ ਰਾਕੇਟ, ਭਾਰੇ ਉਪਗ੍ਰਹਿਆਂ ਨੂੰ ਪ੍ਰਿਥਵੀ ਤੋਂ 500 ਤੋਂ 1000 ਕਿਲੋਮੀਟਰ ਦੀ ਦੂਰੀ ਤਕ ਪਹੁੰਚਾਉਣ ਦੇ ਕਾਰਜ ਵਾਸਤੇ ਭਾਰਤ ਅੰਦਰ ਹੀ ਡਿਜ਼ਾਈਨ ਤੇ ਵਿਕਸਿਤ ਕੀਤਾ ਗਿਆ। ਇਸ ਦੇ ਕ੍ਰਾਇਓਜੀਨਿਕ ਇੰਜਨ ਵੀ ਭਾਰਤ ਵਿਚ ਹੀ ਤਿਆਰ ਹੋਏ। ‘ਇਸਰੋ’ ਨੇ ਇਹ ਰਾਕੇਟ ਬੁਨਿਆਦੀ ਤੌਰ ਉੱਤੇ ‘ਗਗਨਯਾਨ’ ਮਿਸ਼ਨ ਲਈ ਤਿਆਰ ਕੀਤਾ ਹੈ। ‘ਗਗਨਯਾਨ’ ਮਿਸ਼ਨ ਦਾ ਮਨੋਰਥ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਤਿੰਨ ਦਿਨਾਂ ਦੀ ਪੁਲਾੜ ਫੇਰੀ ਉੱਤੇ ਭੇਜਣਾ ਹੈ। ਉਸ ਮਿਸ਼ਨ ਨੂੰ ਹਰ ਤਰ੍ਹਾਂ ਸੁਰੱਖਿਅਤ ਬਣਾਉਣ ਵਾਸਤੇ ਐੱਲ.ਐਮ.ਵੀ. ਰਾਕੇਟਾਂ ਦੀ ਕਾਰਕਰਦਗੀ ਤੇ ਉਪਯੋਗਤਾ ਨੂੰ ਵੱਖ-ਵੱਖ ਵਜ਼ਨ ਦੇ ਉਪਗ੍ਰਹਿ ਦਾਗ਼ਣ ਲਈ ਅਜ਼ਮਾਇਆ ਜਾ ਰਿਹਾ ਹੈ।
ਇਸ ਦੀਆਂ ਸਾਰੀਆਂ 9 ਅਜ਼ਮਾਇਸ਼ਾਂ ਹੁਣ ਤਕ ਕਾਮਯਾਬ ਰਹੀਆਂ ਹਨ। ਬੁੱਧਵਾਰ ਵਾਲੇ ਮਿਸ਼ਨ, ਜਿਸ ਨੂੰ ਐਮ-6 ਦਾ ਨਾਂਅ ਦਿਤਾ ਗਿਆ, ਤੋਂ ਪਹਿਲਾਂ 2 ਨਵੰਬਰ ਨੂੰ 4140 ਕਿਲੋਮੀਟਰ ਭਾਰਾ ਭਾਰਤੀ ਸੰਚਾਰ ਉਪਗ੍ਰਹਿ ਉਸ ਦੇ ਨਿਰਧਾਰਤ ਗ੍ਰਹਿ-ਪੰਧ ’ਤੇ ਪਹੁੰਚਾਇਆ ਗਿਆ ਸੀ। ਉਸ ਪ੍ਰਾਪਤੀ ਤੋਂ ਪਹਿਲਾਂ ਭਾਰੇ ਸੰਚਾਰ ਉਪਗ੍ਰਹਿਆਂ ਨੂੰ ਦਾਗ਼ਣ ਵਿਚ ਯੂਰੋਪੀਅਨ ਪੁਲਾੜ ਏਜੰਸੀ ਦੀ ਮਦਦ ਲਈ ਜਾਂਦੀ ਸੀ। ਹੁਣ ਸਥਿਤੀ ਬਦਲ ਗਈ ਹੈ। ਪਿਛਲੇ 40 ਦਿਨਾਂ ਦੌਰਾਨ ਦੋ ਵੱਡੀਆਂ ਕਾਮਯਾਬੀਆਂ ਦੇ ਜ਼ਰੀਏ ਭਾਰਤ, ਪੁਲਾੜ ਖੋਜ ਦੇ ਖੇਤਰ ਵਿਚ ਆਤਮ-ਨਿਰਭਰਤਾ ਹਾਸਿਲ ਕਰਨ ਤੋਂ ਇਲਾਵਾ ਕਾਰੋਬਾਰੀ ਪੱਖੋਂ ਵੀ ਅਮਰੀਕੀ ਤੇ ਯੂਰੋਪੀਅਨ ਏਜੰਸੀਆਂ ਨੂੰ ਟੱਕਰ ਦੇਣ ਦੇ ਸਮਰੱਥ ਹੋ ਗਿਆ ਹੈ।
ਬੁੱਧਵਾਰ ਨੂੰ ਦਾਗ਼ਿਆ ਗਿਆ ਸੰਚਾਰ ਉਪਗ੍ਰਹਿ, ਅਮਰੀਕੀ ਕੰਪਨੀ ਏ.ਐੱਸ.ਟੀ. ਸਪੇਸ ਮੋਬਾਈਲ ਦਾ ਹੈ। ‘ਇਸਰੋ’ ਦੇ ਮੁਖੀ ਵੀ. ਨਾਰਾਇਣਨ ਦੇ ਦੱਸਣ ਮੁਤਾਬਿਕ ਅਮਰੀਕੀ ਕੰਪਨੀ ਇਸ ਸੰਚਾਰ ਉਪਗ੍ਰਹਿ ਦੀ ਵਰਤੋਂ ਅਮਰੀਕਾ ਤੋਂ ਇਲਾਵਾ ਮੈਕਸਿਕੋ ਤੇ ਕੁੱਝ ਹੋਰ ਲਾਤੀਨੀ ਅਮਰੀਕੀ ਦੇਸ਼ਾਂ ਵਿਚ 4ਜੀ ਤੇ 5ਜੀ ਮੋਬਾਈਲ ਸੇਵਾਵਾਂ ਵਿਚ ਸੁਧਾਰ ਅਤੇ ਇੰਟਰਨੈੱਟ ਦੀ ਰਫ਼ਤਾਰ ਤੇਜ਼ ਕਰਨ ਵਾਸਤੇ ਕਰੇਗੀ। ਇਸ ਕੰਪਨੀ ਤੋਂ ਬਾਅਦ ਅੱਠ ਹੋਰ ਅਮਰੀਕੀ ਕੰਪਨੀਆਂ ਵਲੋਂ ਵੀ ‘ਇਸਰੋ’ ਨਾਲ ਕੀਤੇ ਗਏ ਇਕਰਾਰਨਾਮਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ‘ਇਸਰੋ’ ਦੀ ਮਿਹਨਤ ਦਾ ਮੁੱਲ ਪੈਣ ਲੱਗਾ ਹੈ।
ਇਸ ਦੀ ‘ਕਮਰਸ਼ਲ-ਬਾਂਹ’-ਨਿਊ ਸਪੇਸ ਇੰਡੀਆ ਲਿਮਟਿਡ (ਐੱਨ.ਐੱਸ.ਆਈ.ਐਲ.) ਹੁਣ ਮੁਨਾਫ਼ਾਬਖ਼ਸ਼ ਕੰਪਨੀਆਂ ਦੀਆਂ ਸਫ਼ਾਂ ਵਿਚ ਸ਼ੁਮਾਰ ਹੋ ਚੁੱਕੀ ਹੈ। ਇਸ ਨੇ ਮਾਲੀ ਸਾਲ 2024-25 ਦੌਰਾਨ ਉਪਗ੍ਰਹਿ ਦਾਗ਼ਣ ਦੇ ਧੰਦੇ ਰਾਹੀਂ 30 ਅਰਬ ਰੁਪਏ ਦੀ ਕਮਾਈ ਕੀਤੀ ਅਤੇ ਇਸ ਦਾ ਸ਼ੁੱਧ ਮੁਨਾਫ਼ਾ 637 ਕਰੋੜ ਰੁਪਏ ਰਿਹਾ। ਦਰਅਸਲ, ਪੁਲਾੜ ਖੋਜ ਦੇ ਖੇਤਰ ਵਿਚ ‘ਇਸਰੋ’ ਵਲੋਂ ਜਨਵਰੀ 2014 ਤੋਂ ਨਵੰਬਰ 2025 ਤਕ ਦੇ ਸਮੇਂ ਦੌਰਾਨ ਮਹਿਜ਼ 31 ਭਾਰਤੀ ਉਪਗ੍ਰਹਿਆਂ ਦੀ ਤੁਲਨਾ ਵਿਚ 398 ਵਿਦੇਸ਼ੀ ਉਪਗ੍ਰਹਿ ਲਾਂਚ ਕਰਨ ਵਰਗਾ ਅੰਕੜਾ ਹੀ ਇਸ ਪ੍ਰਾਜੈਕਟ ਦੀ ਕਾਮਯਾਬੀ ਦਾ ਸਿੱਧਾ-ਸਪੱਸ਼ਟ ਸਬੂਤ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਬਾਹੂਬਲੀ’ ਉਪਗ੍ਰਹਿ ਦਾਗ਼ਣ ਦੀ ਕਾਮਯਾਬੀ ਲਈ ‘ਇਸਰੋ’ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ‘ਇਸਰੋ’ ਅਜਿਹੀ ਪ੍ਰਸ਼ੰਸਾ ਦੀ ਸਚਮੁੱਚ ਹੀ ਹੱਕਦਾਰ ਹੈ। ਇਸ ਸੰਸਥਾ ਦੀਆਂ ਕਾਮਯਾਬੀਆਂ ਦੀ ਇਕ ਅਹਿਮ ਵਜ੍ਹਾ ਹੈ, ਇਸ ਦੇ ਕੰਮ-ਕਾਜ ਵਿਚ ਸਰਕਾਰੀ ਦਖ਼ਲਅੰਦਾਜ਼ੀ, ਨਾਂ-ਮਾਤਰ ਹੋਣਾ। ਇਸ ਦੇ ਵਿਗਿਆਨੀਆਂ ਨੂੰ ਤਨਖ਼ਾਹਾਂ ਭਾਵੇਂ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੇ ਵਿਗਿਆਨੀਆਂ ਦੀ ਤੁਲਨਾ ’ਚ ਦਸਵਾਂ ਹਿੱਸਾ ਮਿਲਦੀਆਂ ਹਨ, ਫਿਰ ਵੀ ਖੋਜ ਤੇ ਵਿਕਾਸ ਲਈ ਢੁਕਵਾਂ ਮਾਹੌਲ ਇਸ ਏਜੰਸੀ ਦੀ ਪ੍ਰਗਤੀ ਤੇ ਪ੍ਰਾਪਤੀਆਂ ਦੀ ਬੁਨਿਆਦ ਸਾਬਤ ਹੁੰਦਾ ਆਇਆ ਹੈ।
ਅਜਿਹੇ ਮਾਹੌਲ ਦੀ ਬਰਕਰਾਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਨਾਲ ਹੀ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਹਾਲ) ਵਰਗੀਆਂ ਰੱਖਿਆ ਖੇਤਰ ਦੀਆਂ ਸੰਸਥਾਵਾਂ ਨੂੰ ਵੀ ‘ਇਸਰੋ’ ਵਾਲੇ ਸਾਂਚੇ ਵਿਚ ਢਾਲਣ ਦੇ ਹੀਲੇ-ਉਪਰਾਲੇ ਸੰਜੀਦਗੀ ਨਾਲ ਆਰੰਭੇ ਜਾਣੇ ਚਾਹੀਦੇ ਹਨ। ਇਹ ਦੋਵੇਂ ਸੰਸਥਾਵਾਂ ਅਜੇ ਵੀ ਚੁਸਤੀ-ਦਰੁਸਤੀ ਅਪਨਾਉਣ ਦੀ ਰੌਂਅ ਵਿਚ ਨਹੀਂ। ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਦੀ ਖ਼ਾਤਿਰ ਇਨ੍ਹਾਂ ਨੂੰ ਵੀ ਚੁਸਤ-ਦਰੁਸਤ ਬਣਾਉਣਾ ਨਿਹਾਇਤ ਜ਼ਰੂਰੀ ਹੈ।
