
Editorial: ਪਿਛਲੇ ਜਿਹੜੇ ਦੋ ਜਾਂ ਤਿੰਨ ਦਹਾਕੇ ਰਹੇ ਹਨ, ਉਨ੍ਹਾਂ ਵਿਚ ਇਨਸਾਨ ਦੀ ਹਰ ਹਰਕਤ ਨੇ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਹੈ
We must not delay taking small steps to reduce heatstroke Editorial: ਅੱਜ ਤਿੰਨ ਪੀੜ੍ਹੀਆਂ ਇਕ ਕਮਰੇ ਵਿਚ ਬੈਠ ਕੇ ਅਪਣੀਆਂ ਗਰਮੀਆਂ ਦੀਆਂ ਛੁੱਟੀਆਂ ਦੀਆਂ ਗੱਲਾਂ ਕਰਨ ਤਾਂ ਹਰ ਪੀੜ੍ਹੀ ਦੀਆਂ ਕਹਾਣੀਆਂ ਵਖਰੀਆਂ ਵਖਰੀਆਂ ਹੋਣਗੀਆਂ। ਜੇ ਮੈਂ ਅਪਣੇ ਮਾਤਾ ਪਿਤਾ ਦੀ ਗੱਲ ਕਰਾਂ ਤਾਂ ਉਹ ਅਪਣੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਹੌਦੀਆਂ ਵਿਚ ਛਾਲਾਂ ਮਾਰਦਿਆਂ, ਅੰਬਾਂ ਦੀਆਂ ਬੋਰੀਆਂ ਨੂੰ ਪਾਣੀ ਵਿਚ ਪਾ ਕੇ, ਠੰਢਾ ਕਰ ਕੇ ਫਿਰ ਚੂਸਦੇ ਤੇ ਫਿਰ ਖੁਲ੍ਹੀਆਂ ਬਾਹਾਂ ਕਰ ਕੇ ਘੁੰਮਦੇ।
ਸਾਡੀਆਂ ਅਪਣੀਆਂ ਹੀ ਗਰਮੀਆਂ ਦੀਆਂ ਛੁੱਟੀਆਂ ਏਨੀਆਂ ਮਸਤੀ ਨਾਲ ਭਰੀਆਂ ਹੁੰਦੀਆਂ ਸਨ ਕਿ ਸਵੇਰੇ ਖਾਣਾ ਖਾ ਕੇ ਨਿਕਲ ਜਾਣਾ ਤੇ ਫਿਰ ਸਾਰਾ ਦਿਨ ਕਦੇ ਕਿਸੇ ਘਰ ’ਚ ਖੇਡਣਾ ਤੇ ਕਦੇ ਕਿਸੇ ਘਰ ’ਚ ਖੇਡਣਾ, ਸ਼ਾਮ ਨੂੰ ਪਾਈਪ ਨਾਲ ਘਾਹ ਨੂੰ ਪਾਣੀ ਦੇਣਾ ਤੇ ਉਸ ਤੋਂ ਜ਼ਿਆਦਾ ਅਪਣੇ ਉਪਰ ਪਾਣੀ ਪਾ ਲੈਣਾ। ਫਿਰ ਰਾਤ ਨੂੰ ਪਹਿਲਾਂ ਵਿਹੜੇ ਵਿਚ ਪਾਣੀ ਪਾਉਣਾ ਤੇ ਫਿਰ ਮੰਜੀਆਂ ਡਾਹੁਣੀਆਂ ਤੇ ਲਗਣਾ ਕਿ ਬਹੁਤ ਠੰਢੀ ਹਵਾ ਆ ਰਹੀ ਹੈ। ਜੇ ਬਿਜਲੀ ਚਲੀ ਵੀ ਜਾਂਦੀ ਸੀ, ਜਾਂਦੀ ਵੀ ਉਸ ਵਕਤ ਬਹੁਤ ਸੀ ਤਾਂ ਅਸੀ ਚਾਦਰ ਨੂੰ ਗਿੱਲਾ ਕਰ ਕੇ ਸੌਂ ਜਾਣਾ ਜਾਂ ਜ਼ਮੀਨ ’ਤੇ ਪੈ ਜਾਣਾ, ਉਸ ਨਾਲ ਹੀ ਕੰਮ ਚਲ ਜਾਂਦਾ ਸੀ।
ਹੁਣ ਜਦੋਂ ਅਪਣੇ ਬੱਚਿਆਂ ਦੀਆਂ ਗੱਲਾਂ ਸੁਣਦੀ ਹਾਂ ਤਾਂ ਉਨ੍ਹਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਏਸੀ ਨਾ ਚੱਲੇ ਭਾਵ ਬਿਜਲੀ ਚਲੀ ਜਾਵੇ ਤਾਂ ਉਹ ਘਬਰਾ ਜਾਂਦੇ ਹਨ। ਉਨ੍ਹਾਂ ਨੇ ਗਰਮੀ ਵਿਚ ਸੜਕਾਂ ’ਤੇ ਘੁੰਮ ਕੇ ਕਦੀ ਵੇਖਿਆ ਹੀ ਨਹੀਂ। ਉਹ ਇੰਤਜ਼ਾਰ ਕਰਦੇ ਹਨ ਕਿ ਕਦੋਂ ਸ਼ਾਮ ਹੋਵੇ ਭਾਵ ਸੱਤ ਵੱਜਣ ਤੇ ਅਸੀ ਥੋੜੀ ਦੇਰ ਘਰ ਤੋਂ ਬਾਹਰ ਜਾ ਕੇ ਕਿਤੇ ਘੁੰਮ ਆਈਏ। ਸੋ ਜੋ ਸਾਡੀਆਂ ਤਿੰਨ ਪੀੜ੍ਹੀਆਂ ਵਿਚ ਅੰਤਰ ਹੈ, ਛੁੱਟੀਆਂ ਦੀਆਂ ਯਾਦਾਂ ਦਾ ਤਾਂ ਆਉਣ ਵਾਲੀ ਪੀੜ੍ਹੀ ਦਾ ਕੀ ਹਾਲ ਹੋਵੇਗਾ, ਇਹ ਸੋਚ ਕੇ ਅਸੀ ਜੋ ਭਵਿੱਖ ਇਨ੍ਹਾਂ ਨੂੰ ਦੇ ਕੇ ਜਾ ਰਹੇ ਹਾਂ, ਰੂਹ ਕੰਬ ਜਾਂਦੀ ਹੈ।
ਪਿਛਲੇ ਜਿਹੜੇ ਦੋ ਜਾਂ ਤਿੰਨ ਦਹਾਕੇ ਰਹੇ ਹਨ, ਉਨ੍ਹਾਂ ਵਿਚ ਇਨਸਾਨ ਦੀ ਹਰ ਹਰਕਤ ਨੇ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਹੈ। ਜਿਸ ਗਰਮੀ ਦੇ ਕਹਿਰ ਹੇਠ ਅਸੀ ਸਾਰੇ ਸਹਿਮੇ ਪਏ ਹਾਂ, ਉਸ ਦੀ ਗ਼ਲਤੀ ਸਾਰੀ ਦੀ ਸਾਰੀ ਸਾਡੀ ਹੈ, ਕੁਦਰਤ ਦਾ ਉਸ ਵਿਚ ਕੋਈ ਕਸੂਰ ਨਹੀਂ। ਕੁਦਰਤ ਨੇ ਮਹਾਂਮਾਰੀ ਦੌਰਾਨ ਇਕ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਸੀ ਕਿ ਬੰਦਿਆ ਤੂੰ ਅਪਣੇ ਰਸਤੇ ਸੁਧਾਰ ਲੈ। ਪਰ ਇਨਸਾਨ ਨਹੀਂ ਸੁਧਰਿਆ। ਬਰਫ਼ ਦੀਆਂ ਪਹਾੜੀਆਂ ਪਿਘਲ ਰਹੀਆਂ ਹਨ। ਭਾਰਤ ਵਿਚ ਤਕਰੀਬਨ 50 ਤੋਂ 80 ਦਿਨ ਦਾ ਗਰਮੀ ਦਾ ਕਹਿਰ ਆਮ ਨਾਲੋਂ ਜ਼ਿਆਦਾ ਤਕਲੀਫ਼ਦੇਹ ਹੋ ਰਿਹਾ ਹੈ। 80 ਦਿਨ ਸਾਨੂੰ ਗਰਮੀ ਹੋਰ ਸਹਿਣੀ ਪਵੇਗੀ।
ਇਸ ਗਰਮੀ ਵਿਚ ਆਮ ਇਨਸਾਨ ਭਾਵ ਹਰ ਉਮਰ ਦਾ ਇਨਸਾਨ ਗਰਮੀ ਦੇ ਕਹਿਰ ਵਿਚ ਕੁਮਲਾ ਰਿਹਾ ਹੈ। ਪਰ ਸੱਭ ਤੋਂ ਜ਼ਿਆਦਾ ਅਸਰ ਬੱਚਿਆਂ ਉਪਰ ਪੈ ਰਿਹਾ ਹੈ ਜਿਸ ਕਾਰਨ ਜ਼ਿੰਦਗੀਆਂ ਖ਼ਤਮ ਵੀ ਹੋ ਰਹੀਆਂ ਹਨ ਤੇ ਇਹੋ ਜਹੀਆਂ ਬਿਮਾਰੀਆਂ ਲੱਗ ਰਹੀਆਂ ਹਨ ਤੇ ਕਿੰਨਿਆਂ ਨੂੰ ਦੁਨੀਆਂ ਭਰ ਵਿਚ ਬੱਚਿਆਂ ਦੀ ਜ਼ਿੰਦਗੀ ਉਲਟ ਪੁਲਟ ਹੋ ਜਾਂਦੀ ਹੈ ਕਿਉਂਕਿ ਕਿਤੇ ਸੋਕਾ ਪੈ ਰਿਹਾ ਹੈ, ਕਿਸੇ ਨੂੰ ਘਰ ਛੱਡ ਕੇ ਬਾਹਰ ਜਾਣਾ ਪੈ ਰਿਹਾ ਹੈ। ਸੋ ਅੱਜ ਦੇਰ ਤਾਂ ਬਹੁਤ ਹੋ ਗਈ ਹੈ ਪਰ ਅਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਵਾਸਤੇ ਕੋਈ ਤਾਂ ਵੱਡਾ ਕਦਮ ਅਸੀ ਵੀ ਚੁਕੀਏ। ਉਹ ਕਦਮ ਕਿਥੋਂ ਸ਼ੁਰੂ ਹੋਏਗਾ, ਅਸੀ ਕਿਸ ਤਰ੍ਹਾਂ ਦੀ ਬੱਚਤ ਕਰਾਂਗੇ, ਅਸੀ ਕਿਸ ਤਰ੍ਹਾਂ ਇਸ ਕੁਦਰਤ ਦੇ ਕਹਿਰ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ? ਕਦਮ ਚੁੱਕਣੇ ਬਹੁਤ ਆਸਾਨ ਹਨ। ਕਿੰਨੇ ਲੋਕ ਰੋਜ਼ ਅਪੀਲ ਕਰਦੇ ਹਨ ਕਿ ਹਰ ਇਨਸਾਨ ਇਕ ਇਕ ਰੁੱਖ ਲਗਾਉਣਾ ਸ਼ੁਰੂ ਕਰੇ। ਅਸੀ ਤਾਪਮਾਨ ਦੀ ਨਰਾਜ਼ਗੀ ਨੂੰ, ਰੁੱਸੀ ਹੋਈ ਕੁਦਰਤ ਨੂੰ ਮਨਾ ਸਕਦੇ ਹਾਂ।
ਅਸੀ ਪਲਾਸਟਿਕ ਦੀ ਬੋਤਲ ਨੂੰ ਨਾ ਇਸਤੇਮਾਲ ਕਰੀਏ। ਅਪਣੇ ਘਰੋਂ ਇਕ ਸਟੀਲ ਦੀ ਬੋਤਲ ਲੈ ਕੇ ਜਾਈਏ ਤੇ ਸ਼ਾਮ ਨੂੰ ਉਸ ਨੂੰ ਦੁਬਾਰਾ ਭਰ ਲਈਏ। ਇਕ ਮਿੰਟ ਵਿਚ ਅਸੀ ਜਾ ਕੇ ਕੁੱਝ ਖ਼ਰੀਦਦੇ ਹਾਂ ਪਰ ਅਸੀ ਸੋਚਦੇ ਨਹੀਂ ਕਿ ਪਲਾਸਟਿਕ ਜਿਹੜਾ ਅਸੀ ਲੈ ਰਹੇ ਹਾਂ, ਦੁਬਾਰਾ ਇਸ ਦੀ ਵਰਤੋਂ ਹੋਵੇਗੀ ਜਾਂ ਨਹੀਂ। ਹਰ ਕੋਈ ਇਹ ਕਹਿੰਦਾ ਹੈ ਕਿ ਸਰਕਾਰ ਕੀ ਕਰ ਰਹੀ ਹੈ, ਵੱਡੇ ਦੇਸ਼ ਕੀ ਕਰ ਰਹੇ ਹਨ? ਪਰ ਜੇ ਹਰ ਕੋਈ ਇਸ ਗੱਲ ’ਤੇ ਆ ਜਾਏ ਕਿ ਮੈਂ ਕੀ ਕਰ ਰਿਹਾ ਹਾਂ?
ਮੇਰਾ ਕੀ ਯੋਗਦਾਨ ਹੈ, ਕੀ ਮੇਰੇ ਇਸ ਤਰ੍ਹਾਂ ਕਰਨ ਨਾਲ ਕੁਦਰਤ ਨੂੰ ਨੁਕਸਾਨ ਹੋਵੇਗਾ ਤਾਂ ਸ਼ਾਇਦ ਇਕ ਲਹਿਰ ਸ਼ੁਰੂ ਹੋ ਜਾਵੇਗੀ ਜੋ ਇਕ ਬਦਲਾਅ ਦੀ ਸੁਨਾਮੀ ਬਣ ਸਕਦੀ ਹੈ ਜਿਸ ਦੀ ਸਾਨੂੰ ਲੋੜ ਹੈ। ਇਕ ਰੁੱਖ ਲਗਾਉਣ ਨਾਲ ਹੀ ਸ਼ੁਰੂ ਕਰ ਦਈਏ। ਉਸ ਦੀ ਪੂਰੀ ਤਰ੍ਹਾਂ ਸੰਭਾਲ ਸ਼ੁਰੂ ਕਰ ਦਈਏ। ਇਹ ਸਾਨੂੰ ਅਨੇਕਾਂ ਵਾਰ ਪੜ੍ਹਾਇਆ ਜਾ ਚੁੱਕਾ ਹੈ ਪਰ ਅੱਜ ਜਿਹੜੀ ਸੱਭ ਤੋਂ ਵੱਡੀ ਕਮੀ ਹੈ, ਉਹ ਸਾਡੇ ਵਲੋਂ ਕਦਮ ਚੁੱਕਣ ਦੀ ਹੈ। ਕਿੰਨੀਆਂ ਗੱਡੀਆਂ ਦੀ ਬਰਬਾਦੀ, ਕਿੰਨੇ ਪੈਟਰੋਲ ਦੀ ਬਰਬਾਦੀ। ਸਾਡਾ ਹਰ ਕਦਮ ਕੁਦਰਤ ਨੂੰ ਸੱਟ ਪਹੁੰਚਾਉਂਦਾ ਹੈ। ਆਉ ਆਪਣੇ ਆਪ ’ਤੇ ਨਜ਼ਰ ਮਾਰਨਾ ਸ਼ੁਰੂ ਕਰੀਏ ਤਦ ਹੀ ਬਦਲਾਅ ਆ ਸਕਦਾ ਹੈ। - ਨਿਮਰਤ ਕੌਰ