
ਦੋਵੇਂ ਧਿਰਾਂ ਅਪਣੀ ਅਪਣੀ ‘ਜਿੱਤ ਦਾ ਦਾਅਵਾ’ ਕਰ ਰਹੀਆਂ ਹਨ ਤੇ ਮਾਮਲਾ ਅਦਾਲਤ ਵਿਚ ਜਾ ਕੇ ਹੀ ਰਹੇਗਾ।
ਪੰਜਾਬ ਵਿਚ ਇਸ ਵੇਲੇ ਦੋ ਕਾਂਗਰਸ ਪਾਰਟੀਆਂ ਕੰਮ ਕਰ ਰਹੀਆਂ ਹਨ। ਇਕ ਰਾਹੁਲ-ਪ੍ਰਿਯੰਕਾ ਕਾਂਗਰਸ ਜਿਸ ਦੇ ਪੰਜਾਬ ਵਿਚ ਪ੍ਰਧਾਨ ਸ.ਨਵਜੋਤ ਸਿੰਘ ਸਿੱਧੂ ਹਨ ਤੇ ਦੂਜੀ ਜੋ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਜਾ ਰਹੀ ਨਵੀਂ ਲੋਕ ਕਾਂਗਰਸ ਹੈ ਜਿਸ ਦਾ ਬਕਾਇਦਾ ਐਲਾਨ ਹੋਣਾ ਅਜੇ ਬਾਕੀ ਹੈ। ਕਾਂਗਰਸ ਹਾਈ ਕਮਾਨ ਅੱਜ ਵਾਲੀ ਹਾਲਤ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੇ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਹੀ ਪਾਰਟੀ ਵਿਚ ਪੈਦਾ ਹੋਈ ਫੁੱਟ ਨੂੰ ਸ਼ਾਂਤ ਕਰਨ ਦੀ ਬਜਾਏ ਇਸ ਨੂੰ ਸਗੋਂ ਹਵਾ ਦਿਤੀ ਤੇ ਕੁੱਝ ਕਾਂਗਰਸੀਆਂ ਨੂੰ ਰਾਹੁਲ ਗਾਂਧੀ ਨੇ ਆਪ ਥਾਪੜਾ ਦੇ ਕੇ ਕਿਹਾ ਕਿ ਉਹ ਕੈਪਟਨ ਵਿਰੁਧ ਬਗ਼ਾਵਤ ਤੇਜ਼ ਕਰਨ ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਹੱਕ ਵਿਚ ਹਨ।
Captain Amarinder Singh
ਪੰਜਾਬ ਦੀ ਕੋਈ ਅਖ਼ਬਾਰ ਚੁੱਕ ਕੇ ਵੇਖ ਲਉ, ਉਸ ਵੇਲੇ ਇਕੋ ਮੱਤ ਹਰ ਅਖ਼ਬਾਰ ਵਿਚ ਦਿਤਾ ਗਿਆ ਹੁੰਦਾ ਸੀ ਕਿ ਕਾਂਗਰਸ ਪਾਰਟੀ, ਪੰਜਾਬ ਅਸੈਂਬਲੀ ਦੀਆਂ ਚੋਣਾਂ ਪਿਛਲੀ ਵਾਰੀ ਵਾਂਗ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਬਹੁਮਤ ਨਾਲ ਜਿੱਤ ਲਵੇਗੀ ਕਿਉਂਕਿ ‘ਆਪ’ ਅਤੇ ‘ਅਕਾਲੀ’ ਪਾਰਟੀਆਂ ਦੋਵੇਂ ਬਹੁਤ ਪਿਛੇ ਚਲ ਰਹੀਆਂ ਸਨ। ਪਰ ਜਿਉਂ ਹੀ ਰਾਹੁਲ ਗਾਂਧੀ ਦਾ ਥਾਪੜਾ ਪ੍ਰਾਪਤ ਕੁੱਝ ਕਾਂਗਰਸੀਆਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਕੈਪਟਨ ਨੇ ਵਾਅਦੇ ਪੂਰੇ ਨਹੀਂ ਕੀਤੇ, ਇਸ ਲਈ ਕੈਪਟਨ ਦੇ ਹੁੰਦਿਆਂ, ਕਾਂਗਰਸ ਪੰਜਾਬ ਵਿਚ ਨਹੀਂ ਜਿੱਤ ਸਕਦੀ ਤਾਂ ਵਿਰੋਧੀ ਪਾਰਟੀਆਂ ਨੇ ‘ਘਰ ਦੇ ਭੇਤੀਆਂ’ ਦੇ ਇਸ ਪ੍ਰਚਾਰ ਨੂੰ ਸਿਰ ਤੇ ਚੁਕ ਲਿਆ ਅਤੇ ਹਾਈਕਮਾਨ ਨੇ ਅੱਗੋਂ ਪੰਜਾਬ ਵਿਚ ਕਾਂਗਰਸੀਆਂ ਦੀ ਫੁੱਟ ਨੂੰ ਜਿਸ ਤਰ੍ਹਾਂ ‘ਬੱਚਿਆਂ ਦੀ ਤਰ੍ਹਾਂ’ ਨਜਿਠਿਆ
Sanjeev Bittu
ਉਸੇ ਦਾ ਨਤੀਜਾ ਹੈ ਕਿ ਅੱਜ ਪੰਜਾਬੀ ਕਾਂਗਰਸੀ ਜਿੱਤ ਦੇ ਰਾਹ ਤੇ ਚਲਦੇ ਹੋਏ ਵੀ, ਹਾਰ ਦਾ ਭਿਆਨਕ ਸੁਪਨਾ ਦਿਨੇ ਵੀ ਵੇਖਣ ਲਈ ਮਜਬੂਰ ਹੋਏ ਪਏ ਹਨ। ਇਸ ਮਾੜੀ ਸਥਿਤੀ ਦਾ ਇਕ ਭਿਆਨਕ ਨਜ਼ਾਰਾ ਅੱਜ ਪਟਿਆਲਾ ਵਿਚ ਵੇਖਣ ਨੂੰ ਮਿਲਿਆ। ਦੋਹਾਂ ਕਾਂਗਰਸੀ ਦਲਾਂ ਨੇ, ਬਦਲੇ ਹੋਏ ਹਾਲਾਤ ਵਿਚ ਇਕ ਦੂਜੇ ਨੂੰ ਹਰਾਉਣ ਲਈ ਏਨੀ ਗੰਦੀ ਲੜਾਈ ਲੜੀ ਕਿ ਸਮਝ ਨਹੀਂ ਸੀ ਆ ਰਹੀ ਕਿ ਕੀ ਇਹ ਉਹੀ ਲੋਕ ਹਨ ਜੋ ਕਲ ਤਕ ‘ਭਾਈ ਭਾਈ’ ਸਨ? ਪਟਿਆਲੇ ਦਾ ਮੇਅਰ ਸੰਜੀਵ ਬਿੱਟੂ, ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਸੀ ਤੇ ਹਾਈਕਮਾਨ ਦੀਆਂ ਹਦਾਇਤਾਂ ਅਨੁਸਾਰ ਹੀ, ਕੈਪਟਨ ਅਮਰਿੰਦਰ ਸਿੰਘ ਨੂੰ ਕਮਜ਼ੋਰ ਕਰਨ ਲਈ ਮੇਅਰ ਵਿਰੁਧ ਬੇਭਰੋਸੇਗੀ ਦਾ ਮਤਾ ਪੇਸ਼ ਕਰ ਦਿਤਾ ਗਿਆ।
Rahul Gandhi
ਕਾਨੂੰਨ ਅਨੁਸਾਰ, ਬੇਭਰੋਸੇਗੀ ਦਾ ਮਤਾ ਪਾਸ ਕਰਨ ਲਈ 42 ਮੈਂਬਰਾਂ ਦੀ ਲੋੜ ਸੀ ਪਰ ਵੋਟਾਂ ਪੈਣ ਤੇ 36 ਮੈਂਬਰਾਂ ਨੇ ਬੇਭਰੋਸੇਗੀ ਦੇ ਮਤੇ ਦੇ ਹੱਕ ਵਿਚ ਵੋਟ ਦਿਤੇ ਤੇ 25 ਮੈਂਬਰਾਂ ਨੇ ਮਤੇ ਵਿਰੁਧ ਵੋਟ ਪਾਏ। ਇਸ ਤਰ੍ਹਾਂ ਕਾਨੂੰਨ ਅਨੁਸਾਰ ਮਤਾ ਫ਼ੇਲ੍ਹ ਹੋ ਗਿਆ ਪਰ ‘ਰਾਹੁਲ ਕਾਂਗਰਸ’ ਵਾਲਿਆਂ ਨੇ ਕਿਹਾ ਕਿ ਬਹੁਗਿਣਤੀ ਨੇ ਕਿਉਂਕਿ ਮੇਅਰ ਵਿਰੁਧ ਵੋਟ ਦਿਤੀ ਹੈ, ਇਸ ਲਈ ਮੇਅਰ ਨੂੰ ਤੁਰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਕ ਸੂਚਨਾ ਅਨੁਸਾਰ, ਕੈਪਟਨ ਸਮਰਥਕ ਮੇਅਰ ਨੂੰ ‘ਸਸਪੈਂਡ’ ਕਰ ਦਿਤਾ ਗਿਆ ਹੈ।
Brahm Monhindra
ਦੋਵੇਂ ਧਿਰਾਂ ਅਪਣੀ ਅਪਣੀ ‘ਜਿੱਤ ਦਾ ਦਾਅਵਾ’ ਕਰ ਰਹੀਆਂ ਹਨ ਤੇ ਮਾਮਲਾ ਅਦਾਲਤ ਵਿਚ ਜਾ ਕੇ ਹੀ ਰਹੇਗਾ। ਪਰ ਉਸ ਤੋਂ ਵੀ ਜ਼ਿਆਦਾ ਜਿਵੇਂ ਵੋਟਾਂ ਪੈਣ ਤੋਂ ਪਹਿਲਾਂ ਮੱਛੀ ਮੰਡੀ ਵਾਲਾ ਨਜ਼ਾਰਾ ਪੇਸ਼ ਕੀਤਾ ਗਿਆ, ਉਹ ਅਤਿ ਦੁਖਦਾਈ ਸੀ। ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿਚ ਹਲਕੀ ਭਾਸ਼ਾ ਵਰਤੀ ਗਈ ਅਤੇ ਟੀ.ਵੀ. ਉਤੇ ਵੇਖਿਆ ਗਿਆ ਕਿ ਮੈਂਬਰਾਂ ਨੂੰ ਜ਼ਬਰਦਸਤੀ ਉਥੋਂ ਚੁਕਿਆ ਜਾ ਰਿਹਾ ਸੀ ਤੇ ਔਰਤ ਮੈਂਬਰਾਂ ਦੀ ਵੀ ਧੂਹ ਘਸੀਟ ਕੀਤੀ ਜਾ ਰਹੀ ਸੀ।
ਮਤਲਬ ਇਹ ਕਿ ਇਕ ਛੋਟੀ ਜਿਹੀ ਚੀਜ਼ ਇਕ ਦੂਜੇ ਤੋਂ ਖੋਹਣ ਦਾ ਜੋ ਡਰਾਮਾ ਪਟਿਆਲਾ ਵਿਚ ਖੇਡਿਆ ਗਿਆ
Captain Amarinder Singh
ਉਸ ਨੂੰ ਵੇਖ ਕੇ ਲਗਦਾ ਇਹੀ ਹੈ ਕਿ ਦੋਵੇਂ ਕਾਂਗਰਸ ਪਾਰਟੀਆਂ ਇਕ ਦੂਜੇ ਨੂੰ ਹਰਾਉਣ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰੀ ਕਰੀ ਬੈਠੀਆਂ ਹਨ ਤੇ ਕਿਸੇ ਸ਼ਿਸ਼ਟਾਚਾਰ, ਮਰਿਆਦਾ ਜਾਂ ਪਾਰਟੀ ਦੀ ਵਿਚਾਰਧਾਰਾ ਨੂੰ ਬਚਾਉਣ ਦੀ ਗੱਲ ਕੋਈ ਨਹੀਂ ਸੋਚੇਗਾ। ਦੋਹਾਂ ਦੀ ਇਹੋ ਜਹੀ ਲੜਾਈ ਦਾ ਵਿਰੋਧੀ ਪਾਰਟੀਆਂ ਜੇਕਰ ਫ਼ਾਇਦਾ ਨਹੀਂ ਉਠਾਉਂਦੀਆਂ ਤਾਂ ਗ਼ਲਤੀ ਉਨ੍ਹਾਂ ਦੀ ਹੋਵੇਗੀ। ਪਰ ਪੰਜਾਬ ਵਿਚ ਕਾਂਗਰਸ ਦੀ ਮੌਜੂਦਾ ਹਾਲਤ ਲਈ ਹੋਰ ਕੋਈ ਨਹੀਂ, ਕਾਂਗਰਸ ਹਾਈਕਮਾਨ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।