
ਕੀ ਤੁਸੀ ਅਪਣੇ ਘਰ ਵਿਚ ਕਿਸੇ ਬਲਾਤਕਾਰੀ ਜਾਂ ਮਾੜੀ ਅੱਖ ਰੱਖਣ ਵਾਲੇ ਨੂੰ ਬੁਲਾਉਣਾ ਚਾਹੋਗੇ? ਕੀ ਤੁਸੀ ਅਪਣੇ ਘਰ ਵਿਚ ਸਾਫ਼ ਸੁਥਰੇ ਲੋਕ ਨਹੀਂ ਲਿਆਉਣਾ ਚਾਹੁੰਦੇ?
Wrestlers Protest: ਸਾਕਸ਼ੀ ਮਲਿਕ ਨੇ ਜਦੋਂ ਅਪਣੀ ਮਿਹਨਤ ਨਾਲ ਜਿੱਤੇ ਹੋਏ ਬੂਟ ਮੀਡੀਆ ਸਾਹਮਣੇ ਮੇਜ਼ ’ਤੇ ਰੱਖ ਕੇ ਅਪਣੇ ਆਪ ਨੂੰ ਕੁਸ਼ਤੀ ਦੇ ਦੰਗਲ ’ਚੋਂ ਬਾਹਰ ਕਰ ਲਿਆ ਤਾਂ ਸ਼ਾਇਦ ਉਹ ਹਾਰ ਹਰ ਔਰਤ ਨੇ ਮਹਿਸੂਸ ਕੀਤੀ ਹੋਵੇਗੀ, ਖ਼ਾਸ ਕਰ ਕੇ ਉਨ੍ਹਾਂ ਔਰਤਾਂ ਨੇ ਜਿਨ੍ਹਾਂ ਨੇ ਮਰਦ ਪ੍ਰਧਾਨ ਸਮਾਜ ਵਿਚ ਅਪਣੇ ਆਪ ਨੂੰ ਸਥਾਪਤ ਕਰਨ ਦਾ ਯਤਨ ਕੀਤਾ ਜਾਂ ਉਨ੍ਹਾਂ ਔਰਤਾਂ ਨੇ ਜਿਨ੍ਹਾਂ ਨੇ ਮਰਦਾਂ ਦੇ ‘ਦੰਗਲ’ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਹਾਰ ਮੰਨ ਲਈ।
ਮੇਜ਼ ’ਤੇ ਪਏ ਇਨਾਮੀ ਬੂਟ ਉਨ੍ਹਾਂ ਮਰਦਾਂ ਦੇ ਡਰ ਨੂੰ ਵੀ ਪੱਕਾ ਕਰਦੇ ਸਨ ਜਿਹੜੇ ਅਪਣੀਆਂ ਬੇਟੀਆਂ, ਭੈਣਾਂ, ਘਰਵਾਲੀਆਂ ਨੂੰ ਇਸ ਸਮਾਜ ਵਿਚ ਘਰ ਬੈਠੇ ਰਹਿਣ ਦੀ ਸਲਾਹ ਦੇਂਦੇ ਹਨ। ਆਖ਼ਰ ਸੱਭ ਸਹੀ ਹੀ ਤਾਂ ਸਨ। ਹਜ਼ਾਰ ਕੋਸ਼ਿਸ਼ਾਂ ਕਰਨ ਸਦਕਾ ਦੁਨੀਆਂ ਦੇ ਸੱਭ ਤੋਂ ਵੱਡੇ ਕੁਸ਼ਤੀ ਦੰਗਲਾਂ ਵਿਚ ਤਗ਼ਮੇ ਜਿੱਤ ਕੇ ਅਪਣੀ ਅੰਤਰਰਾਸ਼ਟਰੀ ਪਹਿਚਾਣ ਬਣਾਉਣ ਤੋਂ ਬਾਅਦ ਵੀ, ਮਿਲੀ ਤਾਂ ਅਖ਼ੀਰ ਜ਼ਿੱਲਤ ਹੀ।
ਸਾਕਸ਼ੀ ਮਲਿਕ ਨੇ ਔਰਤਾਂ ਵਾਸਤੇ ਬੜੀ ਦਲੇਰ ਲੜਾਈ ਲੜੀ ਹੈ ਤੇ ਉਸ ਦੇ ਨਾਲ ਦੇ ਮਰਦ ਪਹਿਲਵਾਨਾਂ ਨੇ ਵੀ ਉਸੇ ਦਲੇਰੀ ਨਾਲ ਸਾਥ ਦੇ ਕੇ ਸਾਬਤ ਕੀਤਾ ਕਿ ਸਾਰੇ ਮਰਦ ਗੰਦੇ ਨਹੀਂ ਹੁੰਦੇ। ਜੇ ਸਾਕਸ਼ੀ ਮਲਿਕ ਨੇ ਕੁਸ਼ਤੀ ਦੀ ਖੇਡ ਤੋਂ ਬਾਹਰ ਹੋ ਜਾਣਾ ਹੀ ਜ਼ਰੂਰੀ ਸਮਝਿਆ ਤਾਂ ਬਜਰੰਗ ਪੁਨੀਆਂ ਨੇ ਅਪਣੇ ਪਦਮ ਸ੍ਰੀ ਪ੍ਰਧਾਨ ਮੰਤਰੀ ਦੇ ਘਰ ਦੇ ਕਰੀਬ ਫ਼ੁਟਪਾਥ ’ਤੇ ਰੱਖ ਕੇ ਅਪਣੇ ਸਾਥੀ ਮਹਿਲਾ ਪਹਿਲਵਾਨਾਂ ਵਾਸਤੇ ਸਿਆਸਤਦਾਨਾਂ ਵਲੋਂ ਸ੍ਰੀਰਕ ਸ਼ੋਸ਼ਣ ਤੋਂ ਮੁਕਤੀ ਪ੍ਰਾਪਤ ਕਰਨ ਲਈ ਆਵਾਜ਼ ਚੁੱਕੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੜਕ ’ਤੇ ਤਿੰਨ ਮਹੀਨੇ ਬੈਠ ਕੇ ਇਨ੍ਹਾਂ ਪਹਿਲਵਾਨਾਂ ਨੇ ਬ੍ਰਿਜ ਭੂਸ਼ਨ ਨੂੰ ਥੋੜਾ ਸੇਕ ਪਹੁੰਚਾਇਆ ਪਰ ਸੰਜੇ ਸਿੰਘ, ਬ੍ਰਿਜ ਭੂਸ਼ਨ ਦੇ ਕਰੀਬੀ ਦੇ ਹੱਥ ਡਬਲਿਊ.ਐਫ਼.ਆਈ. ਦੀ ਵਾਗਡੋਰ ਆਉਣ ਦਾ ਮਤਲਬ ਹਾਰ ਸੀ। ਇਨ੍ਹਾਂ ਦੀ ਦਲੇਰੀ ਨੇ ਮੁੜ ਤੋਂ ਸਰਕਾਰ ਨੂੰ ਬ੍ਰਿਜ ਭੂਸ਼ਨ ਖ਼ਿਲਾਫ਼ ਚਲਣ ਲਈ ਪ੍ਰੇਰਨਾ ਦਿਤੀ ਤੇ ਇਹ ਪਹਿਲਵਾਨਾਂ ਵਲੋਂ ਦੂਜੀ ਵਾਰ ਇਤਿਹਾਸ ਰਚਿਆ ਜਾ ਰਿਹਾ ਹੈ ਪਰ ਆਖ਼ਰ ਕਦ ਤਕ ਇਹ ਲੜਾਈ ਲੜਨੀ ਪਵੇਗੀ?
ਬ੍ਰਿਜ ਭੂਸ਼ਨ ਖ਼ਿਲਾਫ਼ ਜੋ ਸਬੂਤ ਹਨ, ਜੋ ਇਲਜ਼ਾਮ ਹਨ, ਉਨ੍ਹਾਂ ਦੀ ਜਾਂਚ ਤੇ ਮੁਕੱਦਮਾ ਉਨ੍ਹਾਂ ਦੇ ਜੀਊੁਂਦੇ ਰਹਿਣ ਤਕ ਤਾਂ ਸ਼ਾਇਦ ਕਿਸੇ ਤਣ ਪੱਤਣ ਲੱਗੇ ਵੀ ਨਾ। ਕਦ ਤਕ ਸਾਡੇ ਬਲਾਤਕਾਰੀ ਸਿਆਸਤਦਾਨ, ਔਰਤਾਂ ਵਿਰੁਧ ਅਪਰਾਧ ਕਰਨ ਵਾਲੇ ਕਾਤਲ ਸਾਡੇ ਸਿਸਟਮ ਵਿਚ ਤਾਕਤ ਰੱਖਣਗੇ? ਜਦ ਤਕ ਇਹ ਤਾਕਤਵਰ ਰਹਿਣਗੇ, ਸਿਸਟਮ ਬਦਲ ਹੀ ਨਹੀਂ ਸਕਦਾ।
Wrestlers Protest
ਪਰ ਇਨ੍ਹਾਂ ਲੋਕਾਂ ਨੂੰ ਤਾਕਤਵਰ, ਸਿਆਸਤਦਾਨ ਜਾਂ ਸਿਆਸੀ ਪਾਰਟੀਆਂ ਨਹੀਂ ਬਲਕਿ ਲੋਕ ਬਣਾਉਂਦੇ ਹਨ। ਭਾਜਪਾ ਨੂੰ ਬ੍ਰਿਜ ਭੂਸ਼ਨ ਦੀ ਲੋੜ ਕਿਉਂ ਹੈ? ਕਿਉਂਕਿ ਉਹ ਨਾ ਸਿਰਫ਼ ਅਪਣੀ ਸੀਟ ਜਿੱਤਦਾ ਆਉਂਦਾ ਹੈ ਬਲਕਿ ਅਪਣੇ ਨਾਲ ਦੀਆਂ ਕਈ ਸੀਟਾਂ ਨੂੰ ਅਪਣੇ ਹੱਥ ਵਿਚ ਵੀ ਰਖਦਾ ਹੈ। ਪੈਸੇ ਦੀ ਤਾਕਤ ਤਾਂ ਹੈ ਹੀ ਪਰ ਜਦ ਲੋਕ ਅਜਿਹੇ ਸ਼ਖ਼ਸ ਦੇ ਕਹਿਣ ਤੇ ਵੋਟਾਂ ਪਾਉਂਦੇ ਹਨ ਤਾਂ ਸਿਆਸੀ ਪਾਰਟੀ ਵੀ ਬੇਬਸ ਹੋ ਜਾਂਦੀ ਹੈ।
ਕੀ ਤੁਸੀ ਅਪਣੇ ਘਰ ਵਿਚ ਕਿਸੇ ਬਲਾਤਕਾਰੀ ਜਾਂ ਮਾੜੀ ਅੱਖ ਰੱਖਣ ਵਾਲੇ ਨੂੰ ਬੁਲਾਉਣਾ ਚਾਹੋਗੇ? ਕੀ ਤੁਸੀ ਅਪਣੇ ਘਰ ਵਿਚ ਸਾਫ਼ ਸੁਥਰੇ ਲੋਕ ਨਹੀਂ ਲਿਆਉਣਾ ਚਾਹੁੰਦੇ? ਸਿਆਸੀ ਪਾਰਟੀਆਂ ਵੀ ਇਨਸਾਨਾਂ ਨਾਲ ਬਣੀਆਂ ਹਨ ਤੇ ਸੁਧਾਰ ਤੇ ਤਬਦੀਲੀ ਦੀ ਲੋੜ ਸਦਾ ਬਣੀ ਰਹਿੰਦੀ ਹੈ ਪਰ ਇਸ ਵਾਸਤੇ ਸਿਆਸੀ ਪਾਰਟੀਆਂ ਤੋਂ ਪਹਿਲਾਂ ਜਨਤਾ ਨੂੰ ਆਪ ਬਦਲਣਾ ਪਵੇਗਾ।
ਜਾਟ ਖਾਪ ਦੇ ਆਗੂ ਅੱਜ ਪਹਿਲਵਾਨਾਂ ਨਾਲ ਖੜੇ ਹੋਏ ਹਨ ਜਿਸ ਕਾਰਨ ਸਰਕਾਰ ਅਜਿਹੇ ਫ਼ੈਸਲੇ ਲੈ ਰਹੀ ਹੈ। ਪਰ ਜੇ ਇਸ ਸਾਰੀ ਲੜਾਈ ਤੋਂ ਬਾਅਦ ਬ੍ਰਿਜ ਭੂਸ਼ਨ ਫਿਰ ਜਿੱਤ ਕੇ ਸਾਂਸਦ ਬਣ ਗਿਆ ਤਾਂ ਫਿਰ ਉਸ ਦੀ ਪਾਰਟੀ ਨੂੰ ਕਿਸ ਤਰ੍ਹਾਂ ਪਤਾ ਚਲੇਗਾ ਕਿ ਅੱਜ ਦਾ ਸਮਾਜ ਔਰਤ ਨੂੰ ਸਤਿਕਾਰ ਦੇਣ ਵਾਲੇ ਅਤੇ ਉਸ ਨੂੰ ਸੁਰੱਖਿਅਤ ਰੱਖਣ ਵਾਲੇ ਆਗੂ ਨੂੰ ਹੀ ਕਬੂਲੇਗਾ? ਸਮਾਜ ਜੇ ਔਰਤਾਂ ਨੂੰ ਅੱਗੇ ਲਿਆਉਣਾ ਚਾਹੁੰਦਾ ਹੈ ਤਾਂ ਸੁਨੇਹਾ ਉਸ ਨੂੰ ਹੀ ਭੇਜਣਾ ਪਵੇਗਾ। ਸਾਕਸ਼ੀ ਮਲਿਕ ਨੇ ਔਰਤਾਂ ਵਾਸਤੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਤੁਸੀ ਹੁਣ ਕੀ ਕਰੋਗੇ? - ਨਿਮਰਤ ਕੌਰ