
ਪੰਜਾਬ ਦੇ ਰਵਾਇਤੀ ਲੀਡਰ 'ਲੋਟੂ ਟੋਲਾ' ਕਰ ਕੇ ਜਾਣੇ ਜਾਣ ਲੱਗ ਪਏ ਸਨ...
ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਨੇ ਦਿੱਲੀ ਬੈਠੇ ਆਗੂ ਨੂੰ ਅਪਣੇ ਉਤੇ ਰਾਜ ਕਰਨ ਵਾਸਤੇ ਆਪ ਬੁਲਾਇਆ ਪਰ ਇਸ ਦਾ ਕਾਰਨ ਸਾਡੇ ਅਪਣੇ ਆਗੂ ਹਨ ਜਿਨ੍ਹਾਂ ਪੰਜਾਬ ਨੂੰ ਨਿਜੀ ਸਵਾਰਥਾਂ ਵਾਸਤੇ ਰੋਲ ਦਿਤਾ | ਇਹ ਮੌਕਾ ਪੰਜਾਬ ਨੇ ਵਿਧਾਨ ਸਭਾ ਵਿਚ 92 ਸੀਟਾਂ ਕੇਜਰੀਵਾਲ ਨੂੰ ਦੇ ਕੇ ਦਿਤਾ ਹੈ, ਹੁਣ ਉਸ ਦਾ ਅਸਰ ਵੇਖਣਾ ਹੀ ਪਵੇਗਾ | ਫ਼ਾਲਤੂ ਡਰ ਤੇ ਅਫ਼ਵਾਹਾਂ ਵਿਚ ਲੋਕਾਂ ਨੂੰ ਗੁਮਰਾਹ ਕਰਨ ਦੀ ਬਜਾਏ ਹੁਣ ਪੰਜਾਬ ਦੇ ਰਵਾਇਤੀ ਲੀਡਰਾਂ ਲਈ ਅਪਣਾ ਆਪਾ ਫਰੋਲਣ ਦੀ ਲੋੜ ਹੈ |
ਪੰਜਾਬ ਦੀ ਸਿਆਸਤ ਵਿਚ ਇਕ ਭੂਚਾਲ ਜਿਹਾ ਆਇਆ ਹੋਇਆ ਹੈ | ਹਰ ਵਿਰੋਧੀ ਇਹ ਚਿੰਤਾ ਪ੍ਰਗਟਾ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ, ਸਣੇ ਮੰਤਰੀਆਂ ਅਤੇ ਅਫ਼ਸਰਸ਼ਾਹੀ ਤੇ ਅਧਿਕਾਰੀਆਂ ਦੇ, ਦਿੱਲੀ ਸਰਕਾਰ ਦੇ ਪ੍ਰਾਧੀਨ ਹੋ ਗਿਆ ਹੈ | ਇਹ ਖ਼ਬਰ ਫੈਲਾਈ ਗਈ ਕਿ ਹੁਣ ਪੰਜਾਬ ਸਰਕਾਰ ਦੇ ਅਫ਼ਸਰ ਤੇ ਦਿੱਲੀ ਦੇ ਅਫ਼ਸਰ ਰਲ ਕੇ ਕੰਮ ਕਰਿਆ ਕਰਨਗੇ | ਇਹ ਅਫ਼ਵਾਹਾਂ ਕਾਫ਼ੀ ਦੇਰ ਤੋਂ ਚਲ ਰਹੀਆਂ ਸਨ ਜਦ ਤੋਂ ਦਿੱਲੀ ਵਿਚ ਪੰਜਾਬ ਦੇ ਮੁੱਖ ਸਕੱਤਰ ਦੀ ਇਕ ਮੀਟਿੰਗ ਅਰਵਿੰਦ ਕੇਜਰੀਵਾਲ ਵਲੋਂ ਬੁਲਾਈ ਗਈ ਸੀ | ਪੰਜਾਬ ਦਾ ਦਿੱਲੀ ਨਾਲ ਖ਼ਾਸ ਰਿਸ਼ਤਾ ਹੈ- ਰਿਸ਼ਤਾ ਜੋ ਦਿੱਲੀ ਦੀ ਰਾਖੀ ਨੂੰ ਕਬੂਲਦਾ ਵੀ ਹੈ, ਉਸ ਦੀ ਰਾਖੀ ਕਰਦਾ ਵੀ ਹੈ |
image
ਲਾਲ ਕਿਲ੍ਹੇ ਨੂੰ ਅਸੀ ਅਪਣਾ ਹੱਕ ਮੰਨਦੇ ਹਾਂ ਪਰ ਇਸ ਨਾਲ ਪਿਆਰ, ਸਤਿਕਾਰ ਦੇ ਨਾਲ ਨਾਲ ਇਕ ਬੇਵਿਸ਼ਵਾਸੀ ਦਾ ਵੀ ਰਿਸ਼ਤਾ ਹੈ | ਰਿਸ਼ਤੇ ਵਿਚ ਵਿਸ਼ਵਾਸ ਦਾ ਕਾਰਨ ਸ਼ਾਇਦ ਪੰਜਾਬ ਦੀ ਤਾਕਤ ਹੈ ਜੋ ਕਿਸੇ ਹਕੂਮਤ ਸਾਹਮਣੇ ਝੁਕਣਾ ਨਹੀਂ ਜਾਣਦੀ ਤੇ ਦਿੱਲੀ ਦੇ ਸਿੰਘਾਸਨ ਤੇ ਬੈਠਣ ਵਾਲੇ ਇਸ ਦੇ ਸਾਹਮਣੇ ਘਬਰਾਉਂਦੇ ਰਹੇ ਹਨ | ਘਬਰਾਹਟ ਤੇ ਡਰ ਕਾਰਨ ਪੰਜਾਬ ਨੂੰ ਆਜ਼ਾਦੀ ਤੋਂ ਬਾਅਦ ਦਬਾਉਣ ਦਾ ਯਤਨ ਕੀਤਾ ਗਿਆ ਹੈ |
Punjab Water
ਰਾਜੀਵ ਲੌਂਗੋਵਾਲ ਸਮਝੌਤਾ ਵੀ ਕੀਤਾ ਗਿਆ, ਪਾਣੀਆਂ ਦੀ ਲੁੱਟ ਵੀ ਬਰਦਾਸ਼ਤ ਕਰ ਲਈ ਤੇ ਅਕਾਲੀ-ਬੀਜੇਪੀ ਪਤੀ ਪਤਨੀ ਵੀ ਬਣੇ ਪਰ ਸਾਡੇ ਰਵਾਇਤੀ ਸਿਆਸਤਦਾਨਾਂ ਨੇ ਕਦੇ ਇਸ ਡਰ ਨੂੰ ਦੂਰ ਕਰ ਕੇ ਪੰਜਾਬ ਤੇ ਕੇਂਦਰ ਵਿਚਕਾਰ ਨਜ਼ਦੀਕੀਆਂ ਨਹੀਂ ਬਣਨ ਦਿਤੀਆਂ | ਸਗੋਂ ਇਸ ਡਰ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੇ ਕੇਂਦਰ ਨੂੰ ਵੀ ਪੰਜਾਬ ਦੇ ਲੋਕਾਂ ਦੇ ਕਰੀਬ ਨਹੀਂ ਆਉਣ ਦਿਤਾ |
ਪੰਜਾਬ ਦੇ ਸ਼ਬਦਕੋਸ਼ ਵਿਚ 'ਹਾਈਕਮਾਂਡ' ਇਕ ਦਿਸ਼ਾ ਵਿਖਾਉਣ ਵਾਲਾ ਸਿਆਣਾ ਮੁਖੀ ਨਹੀਂ ਬਲਕਿ ਸਾਡੇ ਹੱਕ ਮਾਰ ਕੇ ਸਾਨੂੰ ਅਤਿਵਾਦੀ ਬਣਾਉਣ ਵਾਲੀ ਸੰਸਥਾ ਹੈ | ਫ਼ਾਇਦਾ ਹੋਇਆ ਇਨ੍ਹਾਂ ਰਵਾਇਤੀ ਸਿਆਸਤਦਾਨਾਂ ਨੂੰ ਜਿਨ੍ਹਾਂ ਪੰਜਾਬ ਦੀ ਸੂਬਾ ਪਧਰੀ ਪੰਥਕ ਪਾਰਟੀ ਨੂੰ ਇਕ ਪ੍ਰਵਾਰਕ ਕੰਪਨੀ ਬਣਾ ਕੇ ਪੰਜਾਬ ਦੀ ਦੌਲਤ ਨੂੰ ਨਿਜੀ ਹੱਥਾਂ ਵਿਚ ਸਮੇਟ ਲਿਆ |
Panchayat land
ਅੱਜ ਕੋਈ ਅਕਾਲੀ ਤੇ ਕਾਂਗਰਸੀ, ਗ਼ਰੀਬ ਨਹੀਂ ਰਿਹਾ | ਉਨ੍ਹਾਂ ਦੇ ਘਰਾਂ ਵਿਚ ਰੇਤੇ, ਸ਼ਰਾਬ ਤੇ ਧੱਕੇ ਨਾਲ ਕਬਜ਼ੇ ਹੇਠ ਕੀਤੀਆਂ ਸ਼ਾਮਲਾਤੀ ਜ਼ਮੀਨਾਂ ਆਸਰੇ ਕਮਾਈਆਂ ਅਸ਼ਰਫ਼ੀਆਂ ਨਾਲ ਤਿਜੌਰੀਆਂ ਭਰੀਆਂ ਹੋਈਆਂ ਹਨ | ਪਰ ਦੁਖੀ ਤੇ ਗ਼ਰੀਬ ਪੰਜਾਬ ਦੇ ਆਮ ਲੋਕ ਹਨ ਜਿਨ੍ਹਾਂ ਨੂੰ ਇਨ੍ਹਾਂ ਭਿ੍ਸ਼ਟ ਸਿਆਸਤਦਾਨਾਂ ਅੱਗੇ ਝੁਕਣਾ ਪਿਆ ਹੈ |
ਪੰਜਾਬ ਨੂੰ ਅਰਬਾਂ ਦੇ ਕਰਜ਼ੇ ਹੇਠ ਕਰਨ ਨਾਲ ਆਮ ਪੰਜਾਬੀ ਨੂੰ ਅਸਲ ਦੁੱਖ ਝਲਣਾ ਪੈਂਦਾ ਹੈ | ਨਾ ਸਿਹਤ, ਨਾ ਸਿਖਿਆ ਸਹੂਲਤਾਂ, ਨਾ ਅਧਿਆਪਕ, ਨਾ ਡਾਕਟਰ, ਨਾ ਨਰਸਾਂ ਪਰ ਬਿਲਡਿੰਗਾਂ ਬਣਾਉਣ ਵਿਚ ਮਾਹਰ ਸਿਆਸਤਦਾਨ ਅੱਜ ਤਸਵੀਰਾਂ ਸਾਂਝੀਆਂ ਕਰਦੇ ਪਏ ਹਨ ਪਰ ਜੇ ਇਹ ਸਕੂਲ ਚੰਗੇ ਹੁੰਦੇ ਤਾਂ ਕਿਉਂ ਅੱਜ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਮਜ਼ਦੂਰੀਆਂ ਕਰਦੇ? ਅੱਜ ਤੋਂ 20 ਸਾਲ ਪਹਿਲਾਂ ਵਾਂਗ ਵਿਦੇਸ਼ਾਂ ਵਿਚ ਪੰਜਾਬ ਦੇ ਡਾਕਟਰ ਕਿਉਂ ਨਜ਼ਰ ਨਹੀਂ ਆਉਂਦੇ? ਕਿਉਂ ਅੱਜ ਪੰਜਾਬ ਤੋਂ ਅਫ਼ਸਰ ਗ਼ਾਇਬ ਹੁੰਦੇ ਜਾ ਰਹੇ ਹਨ?
Sonia Gandhi
ਜਿਹੜੀ ਕਾਂਗਰਸ ਸੋਨੀਆ ਗਾਂਧੀ ਜਾਂ ਅਕਾਲੀ ਦਲ ਬਾਦਲ ਪ੍ਰਵਾਰ ਅੱਗੇ ਝੁਕਦੀ ਸੀ, ਉਹ ਅੱਜ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵਿਰੁਧ ਕਿਉਂ ਬੋਲ ਰਹੀ ਹੈ? ਸ਼ਾਇਦ ਪਹਿਲੀ ਵਾਰ ਦਿੱਲੀ ਤੋਂ ਇਕ ਨਵੀਂ ਸੋਚ ਪੰਜਾਬ ਨੂੰ ਉਪਰ ਚੁਕਣ ਵਾਸਤੇ ਆ ਰਹੀ ਹੈ ਕਿਉਂਕਿ ਉਨ੍ਹਾਂ ਪੰਜਾਬ ਦੀ ਤਾਕਤ ਤੋਂ ਡਰਨ ਦੀ ਬਜਾਏ ਇਸ ਨੂੰ ਅਪਣੀ ਤਾਕਤ ਬਣਾਇਆ |
ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਨੇ ਦਿੱਲੀ ਬੈਠੇ ਆਗੂ ਨੂੰ ਅਪਣੇ ਉਤੇ ਰਾਜ ਕਰਨ ਵਾਸਤੇ ਆਪ ਬੁਲਾਇਆ ਪਰ ਇਸ ਦਾ ਕਾਰਨ ਸਾਡੇ ਅਪਣੇ ਆਗੂ ਹਨ ਜਿਨ੍ਹਾਂ ਪੰਜਾਬ ਨੂੰ ਨਿਜੀ ਸਵਾਰਥਾਂ ਵਾਸਤੇ ਰੋਲ ਦਿਤਾ | ਇਹ ਮੌਕਾ ਪੰਜਾਬ ਨੇ 92 ਸੀਟਾਂ ਜਿਤਾ ਕੇ ਕੇਜਰੀਵਾਲ ਨੂੰ ਦਿਤਾ ਹੈ, ਹੁਣ ਉਸ ਦਾ ਅਸਰ ਵੇਖਣਾ ਹੀ ਪਵੇਗਾ | ਫ਼ਾਲਤੂ ਡਰ ਤੇ ਅਫ਼ਵਾਹਾਂ ਵਿਚ ਲੋਕਾਂ ਨੂੰ ਗੁਮਰਾਹ ਕਰਨ ਦੀ ਬਜਾਏ ਹੁਣ ਅਪਣਾ ਆਪਾ ਫਰੋਲਣ ਦੀ ਲੋੜ ਹੈ |
-ਨਿਮਰਤ ਕੌਰ