Editorial: ਮਾਣਯੋਗ ਪ੍ਰਾਪਤੀ ਹੈ ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਫੇਰੀ
Published : Jun 27, 2025, 9:25 am IST
Updated : Jun 27, 2025, 9:26 am IST
SHARE ARTICLE
Subhanshu Shukla's space trip is a proud achievement Editorial
Subhanshu Shukla's space trip is a proud achievement Editorial

Editorial: ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹੋਣ ਦੇ ਬਾਵਜੂਦ ਉਹ ਹੁਣ ਤਾਮਿਲ ਨਾਡੂ ਦੇ ਕੁੱਨੂਰ ਜ਼ਿਲ੍ਹੇ ਵਿਚ ਰਹਿੰਦੇ ਹਨ

Subhanshu Shukla's space trip is a proud achievement Editorial: ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦਾ ਕੌਮਾਂਤਰੀ ਪੁਲਾੜ ਕੇਂਦਰ (ਆਈ.ਐੱਸ.ਐੱਸ) ਵਿਚ ਪੁੱਜਣਾ ਪੁਲਾੜ ਯਾਤਰਾਵਾਂ ਦੇ ਖੇਤਰ ਵਿਚ ਇਕ ਸਵਾਗਤਯੋਗ ਪ੍ਰਾਪਤੀ ਹੈ। ਉਹ ਤੇ ਉਨ੍ਹਾਂ ਨਾਲ ਆਏ ਤਿੰਨ ਹੋਰ ਪੁਲਾੜ ਯਾਤਰੀ ਦੋ ਹਫ਼ਤੇ ਆਈ.ਐੱਸ.ਐੱਸ ਵਿਚ ਰਹਿਣਗੇ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਨਾਗਰਿਕ ਆਈ.ਐੱਸ.ਐੱਸ. ਵਿਚ ਠਹਿਰ ਕੇ ਘਟੋਘੱਟ ਸੱਤ ਅਜਿਹੇ ਤਜਰਬੇ ਕਰੇਗਾ ਜੋ ਭਵਿੱਖ ਵਿਚ ਪੁਲਾੜ ਯਾਤਰਾਵਾਂ ਅਤੇ ਪੁਲਾੜ ਵਿਚ ਮਨੁੱਖੀ ਕਿਆਮ ਨੂੰ ਆਸਾਨ ਬਣਾਉਣ ਵਿਚ ਸਹਾਈ ਹੋਣਗੇ।

ਸ਼ੁਭਾਂਸ਼ੂ ਤੋਂ ਪਹਿਲਾਂ (ਸਵਰਗੀ) ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਜ਼ ਕੌਮਾਂਤਰੀ ਪੁਲਾੜ ਕੇਂਦਰ ਵਿਚ ਰਹਿ ਚੁੱਕੀਆਂ ਹਨ, ਪਰ ਭਾਰਤੀ ਮੂਲ ਦੀਆਂ ਹੋਣ ਦੇ ਬਾਵਜੂਦ ਉਨ੍ਹਾਂ ਦੀ ਨਾਗਰਿਕਤਾ ਅਮਰੀਕੀ ਸੀ ਅਤੇ ਪੁਲਾੜ ਵਿਚ ਵੀ ਉਹ ਅਮਰੀਕੀਆਂ ਵਜੋਂ ਹੀ ਵਿਚਰੀਆਂ। ਇਨ੍ਹਾਂ ਦੋਵਾਂ ਤੋਂ ਪਹਿਲਾਂ 1984 ਵਿਚ ਰਾਕੇਸ਼ ਸ਼ਰਮਾ ਸੋਵੀਅਤ ਸੋਯੂਜ਼-9 ਰਾਕੇਟ ਰਾਹੀਂ 21 ਘੰਟੇ ਪੁਲਾੜ ਵਿਚ ਰਹੇ। ਉਹ ਪੁਲਾੜ ਵਿਚ ਪੁੱਜਣ ਵਾਲੇ ਪਹਿਲੇ ਭਾਰਤੀ ਨਾਗਰਿਕ ਬਣੇ, ਪਰ ਉਸ ਤੋਂ ਬਾਅਦ ਪੁਲਾੜੀ ਸਰਗਰਮੀਆਂ ਤੋਂ ਦੂਰ ਹੀ ਰਹੇ। ਭਾਰਤੀ ਹਵਾਈ ਸੈਨਾ ਵਿਚੋਂ ਗਰੁੱਪ ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਉਹ ਹਿੰਦੋਸਤਾਨ ਏਅਰੋਨੌਟਿਕਸ ਲਿਮਟਿਡ (ਹਾਲ) ਵਿਚ ਚੀਫ਼ ਟੈਸਟ ਪਾਇਲਟ ਵਜੋਂ ਕੰਮ ਕਰਦੇ ਰਹੇ।

ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹੋਣ ਦੇ ਬਾਵਜੂਦ ਉਹ ਹੁਣ ਤਾਮਿਲ ਨਾਡੂ ਦੇ ਕੁੱਨੂਰ ਜ਼ਿਲ੍ਹੇ ਵਿਚ ਰਹਿੰਦੇ ਹਨ। ਉਨ੍ਹਾਂ ਵਾਂਗ ਸ਼ੁਭਾਂਸ਼ੂ ਵੀ ਭਾਰਤੀ ਹਵਾਈ ਸੈਨਾ ਨਾਲ ਸਬੰਧਿਤ ਹਨ, ਪਰ ਪਿਛਲੇ ਤਿੰਨ ਵਰਿ੍ਹਆਂ ਤੋਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਿਚ ਕੰਮ ਕਰਦੇ ਆ ਰਹੇ ਹਨ। ਦਰਅਸਲ, ਉਨ੍ਹਾਂ ਦੀ ਚੋਣ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ (ਗਗਨਯਾਨ-1) ਲਈ ਕੀਤੀ ਗਈ ਸੀ। ਇਸੇ ਚੋਣ ਨੇ ਹੀ ਆਈ.ਐੱਸ.ਐੱਸ ਜਾਣ ਦਾ ਰਾਹ ਖੋਲ੍ਹਿਆ। ਆਈ.ਐੱਸ.ਐੱਸ ਤੋਂ ਵਾਪਸੀ ਮਗਰੋਂ ਅਗਲੇ ਸਾਲ ਉਹ ਗਗਨਯਾਨ ਮਿਸ਼ਨ ਵਿਚ ਵੀ ਸ਼ਾਮਲ ਹੋਣਗੇ। ਉਨ੍ਹਾਂ ਨੂੰ ਹੁਣ ਪੁਲਾੜ ਵਿਚ ਭੇਜਣ ਦਾ ਮਕਸਦ ਇੱਕੋ ਹੀ ਸੀ : ਗਗਨਯਾਨ ਮਿਸ਼ਨ ਵਾਸਤੇ ਉਨ੍ਹਾਂ ਦੇ ਤਜਰਬੇ ਦਾ ਲਾਭ ਲੈਣਾ।

ਸ਼ੁਕਲਾ ਤੇ ਉਨ੍ਹਾਂ ਦੇ ਤਿੰਨ ਸਾਥੀ ਪੁਲਾੜ ਯਾਤਰੀਆਂ ਨੂੰ ਆਈ.ਐੱਸ.ਐੱਸ ਵਲ ਰਵਾਨਗੀ ਤੋਂ ਪਹਿਲਾਂ ਤਕਰੀਬਨ ਦੋ ਹਫ਼ਤਿਆਂ ਤਕ ਅਨਿਸ਼ਚਿਤਤਾ ਵਾਲੇ ਦੌਰ ਵਿਚੋਂ ਗੁਜ਼ਰਨਾ ਪਿਆ। ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਇਸ ‘ਐਕਸੀਅਮ ਮਿਸ਼ਨ-4’ ਵਾਸਤੇ ‘ਫੈਲਕਨ-9’ ਰਾਕੇਟ ਦੀ ਵਰਤੋਂ ਕੀਤੀ ਜਾਣੀ ਸੀ। ਉਸ ਵਿਚ ਪਹਿਲਾਂ 11 ਜੂਨ ਤੇ ਫਿਰ 13 ਜੂਨ ਨੂੰ ਨੁਕਸ ਪੈਂਦੇ ਰਹੇ। ਇਸੇ ਕਾਰਨ ਇਹ ਮਿਸ਼ਨ ਮੁਲਤਵੀ ਹੁੰਦਾ ਗਿਆ। ਅਖ਼ੀਰ 25 ਜੂਨ ਨੂੰ ਰਾਕੇਟ ਲਾਂਚ ਕਰਨ ਦਾ ਕੰਮ ਸਿਰੇ ਚੜਿ੍ਹਆ। ਇਸ ਰਾਕੇਟ ਦੀ ਮਦਦ ਨਾਲ ਜਿਹੜਾ ਪੁਲਾੜੀ ਯਾਨ ‘ਗਰੇਸ’ ਧਰਤੀ ਦੇ ਗ੍ਰਹਿ-ਪੰਧ ਤੋਂ ਆਈ.ਐੱਸ.ਐੱਸ. ਤਕ ਪਹੁੰਚਿਆ, ਉਸ ਨੇ ਅਪਣਾ ਕੰਮ ਕਰਦਿਆਂ ਸਾਢੇ ਵੀਹ ਘੰਟਿਆਂ ਦਾ ਸਮਾਂ ਲਿਆ। ਇਸ ਮਿਸ਼ਨ ਦੀ ਮੁਖੀ ਪੈਗੀ ਵਿੱ੍ਹਟਸਨ ਅਮਰੀਕੀ ਹੈ। ਉਹ ਪਹਿਲਾਂ ਵੀ ਚਾਰ ਵਾਰ ਪੁਲਾੜ ਯਾਤਰਾ ਕਰ ਚੁੱਕੀ ਹੈ। ਸ਼ੁਭਾਂਸ਼ੂ ਸ਼ੁਕਲਾ ਦਾ ਰੁਤਬਾ ਇਸ ਮਿਸ਼ਨ ਦੇ ਕੈਪਟਨ ਭਾਵ ਪੁਲਾੜੀ ਯਾਨ ਦੇ ਪਾਇਲਟ ਵਾਲਾ ਹੈ। ਬਾਕੀ ਦੇ ਦੋ ਮਿਸ਼ਨ ਮੈਂਬਰ ਕ੍ਰਮਵਾਰ ਪੋਲੈਂਡ ਤੇ ਹੰਗਰੀ ਨਾਲ ਸਬੰਧਤ ਹਨ। ਸ਼ੁਕਲਾ ਵਾਂਗ ਉਹ ਵੀ ਪਹਿਲੀ ਵਾਰ ਪੁਲਾੜ ਯਾਤਰਾ ਕਰ ਰਹੇ ਹਨ। 

ਸਮੁੱਚਾ ਮਿਸ਼ਨ ਐਲੋਨ ਮਸਕ ਦੀ ਕੰਪਨੀ ਸਪੇਸ-ਐਕਸ, ਨਾਸਾ, ‘ਇਸਰੋ’ ਤੇ ਇਕ ਹੋਰ ਪ੍ਰਾਈਵੇਟ ਕੰਪਨੀ ਐਕਸੀਅਮ ਦਰਮਿਆਨ ਸਹਿਯੋਗ ਦਾ ਨਤੀਜਾ ਹੈ। ਮਿਸ਼ਨ ਮੈਂਬਰਾਂ ਨੇ ਪੁਲਾੜ ਵਿਚ ਨਿਵਾਸ ਦੌਰਾਨ 23 ਤਜਰਬੇ ਕਰਨੇ ਹਨ ਜਿਨ੍ਹਾਂ ਦੇ ਨਤੀਜਿਆਂ ਨੂੰ ਚੌਹਾਂ ਭਾਈਵਾਲਾਂ ਨਾਲ ਸਾਂਝਾ ਕੀਤਾ ਜਾਵੇਗਾ। ਭਾਰਤੀ ਤਜਰਬੇ ਮਾਈਕਰੋਬਾਂ ਦੇ ਪੁਲਾੜ ਵਿਚ ਵਿਵਹਾਰ, ਸਬਜ਼ੀਆਂ ਦੇ ਬੀਜ ਪੁਲਾੜ ਵਿਚ ਪੁੰਗਰਾਉਣ, ਉਨ੍ਹਾਂ ਦੀ ਪੌਸ਼ਟਿਕਤਾ ਦੀ ਜਾਂਚ-ਪਰਖ, ਕੈਂਸਰਾਂ ਦੇ ਜੀਵਾਣੂਆਂ ਦੇ ਪੁਲਾੜ ਵਿਚ ਵਿਵਹਾਰ ਅਤੇ ਉਨ੍ਹਾਂ ਉਪਰ ਦਵਾਈਆਂ ਦੇ ਅਸਰਾਤ ਆਦਿ ਨਾਲ ਸਬੰਧਤ ਹਨ। ‘ਇਸਰੋ’ ਖ਼ਾਸ ਤੌਰ ’ਤੇ ਇਹ ਜਾਨਣਾ ਚਾਹੁੰਦੀ ਹੈ ਕਿ ਭਾਰਤੀ ਪੁਲਾੜ ਯਾਤਰੀ ਕਿੰਨਾ ਕੁ ਲੰਮਾ ਸਮਾਂ ਪੁਲਾੜ ਵਿਚ ਗੁਜ਼ਾਰ ਸਕਦੇ ਹਨ ਅਤੇ ਕਿਸ ਹੱਦ ਤਕ ਮਾਨਸਿਕ ਤਣਾਅ ਝੱਲ ਸਕਦੇ ਹਨ। ਇਹ ਸਾਰੇ ਤਜਰਬੇ ਭਵਿੱਖ ਵਿਚ ‘ਇਸਰੋ’ ਦੇ ਮਿਸ਼ਨਾਂ ਦੀ ਵਿਵਿਧਤਾ ਤੇ ਕਾਮਯਾਬੀ ਦਾ ਆਧਾਰ ਸਾਬਤ ਹੋ ਸਕਦੇ ਹਨ।

    ਬਹਰਹਾਲ, ਇਹ ਵੀ ਅਜਬ ਵਿਰੋਧਾਭਾਸ ਹੈ ਕਿ ਜਿੱਥੇ ਇਸ ਸਮੇਂ ਜ਼ਮੀਨ ’ਤੇ ਇਕ ਪਾਸੇ ਵਿਗਿਆਨਕ ਖੋਜਾਂ ਦੀ ਵਰਤੋਂ ਬੇਲੋੜੀਆਂ ਜੰਗਾਂ ਰਾਹੀਂ ਮਨੁੱਖੀ ਵਿਨਾਸ਼ ਲਈ ਕੀਤੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਉਚੇਰੇ ਤੋਂ ਉਚੇਰੇ ਗਗਨਾਂ ਤਕ ਮਨੁੱਖੀ ਉਡਾਣ ਸੰਭਵ ਬਣਾਉਣ ਦੇ ਢੰਗ-ਤਰੀਕੇ ਵੀ ਵੱਖ ਵੱਖ ਮੁਲਕਾਂ ਵਲੋਂ ਮਿਲ ਕੇ ਖੋਜੇ ਜਾ ਰਹੇ ਹਨ। ‘ਐਕਸੀਅਮ-4’ ਮਿਸ਼ਨ ਦਰਸਾਉਂਦਾ ਹੈ ਕਿ ਵਿਗਿਆਨ ਦੀ ਵਰਤੋਂ ਵਿਨਾਸ਼ ਵਾਸਤੇ ਨਹੀਂ, ਵਿਕਾਸ ਵਾਸਤੇ ਕੀਤੀ ਜਾਣੀ ਚਾਹੀਦੀ ਹੈ। ਇਹ ਸੁਨੇਹਾ ਅਸਰਦਾਰ ਢੰਗ ਨਾਲ ਦੇਣ ਵਿਚ ਸ਼ੁਭਾਂਸ਼ੂ ਸ਼ੁਕਲਾ ਅਹਿਮ ਭੂਮਿਕਾ ਨਿਭਾ ਰਹੇ ਹਨ, ਇਹ ਭਾਰਤ ਲਈ ਫ਼ਖ਼ਰ ਵਾਲੀ ਗੱਲ ਹੈ।  

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement