ਬੀਬੀ ਬਲਵਿੰਦਰ ਕੌਰ ਨੇ ਜਾਨ ਦੇ ਕੇ ਅਧਿਆਪਕਾਂ ਪ੍ਰਤੀ ਵਿਖਾਈ ਜਾਂਦੀ ਬੇਰੁਖ਼ੀ ਵਲ ਪੰਜਾਬ ਦਾ ਧਿਆਨ ਦਿਵਾਇਆ
Published : Oct 27, 2023, 7:54 am IST
Updated : Oct 27, 2023, 7:54 am IST
SHARE ARTICLE
Bibi Balwinder Kaur
Bibi Balwinder Kaur

ਚੰਨੀ ਸਰਕਾਰ ਦੇ ਆਖ਼ਰੀ 100 ਦਿਨਾਂ ਵਿਚ ਉਨ੍ਹਾਂ ਦੇ ਸਿਖਿਆ ਮੰਤਰੀ ਨੇ 1158 ਅਹੁਦਿਆਂ ਨੂੰ ਭਰਨ ਦੀ ਠਾਣ ਲਈ।

ਸੜਕਾਂ ਦੇ ਕਿਨਾਰੇ ਜਿਥੇ ਦਰੱਖ਼ਤਾਂ ਦੀ ਛਾਂ ਹੇਠ ਠੰਢੀਆਂ ਹਵਾਵਾਂ ਦੀ ਆਸ ਰਖਦੇ ਹਾਂ, ਉਥੇ ਨੌਕਰੀ ਦੀ ਆਸ ਵਿਚ ਬੈਠੇ ਅਧਿਆਪਕਾਂ ਦੇ ਰੋਣ ਦੀ ਆਵਾਜ਼ ਰੂਹ ਨੂੰ ਝੰਜੋੜਦੀ ਰਹਿੰਦੀ ਹੈ। ਇਕ ਅਧਿਆਪਕਾ ਨੇ ਅਪਣੀ ਮੌਤ ਇਸ ਸੰਘਰਸ਼ ਦੇ ਨਾਂ ਕਰ ਦਿਤੀ ਤੇ ਹੁਣ ਮਾਮਲਾ ਤੱਥਾਂ, ਹਕੀਕਤਾਂ, ਨਿਆਂਪਾਲਿਕਾ ਤੇ ਸਿਆਸਤਦਾਨਾਂ ਦੇ ਜਮਘਟੇ ਵਿਚ ਘਿਰ ਕੇ ਗੁੰਝਲਦਾਰ ਬਣ ਗਿਆ ਹੈ। ਜਿਥੇ ਅਧਿਆਪਕਾਂ ਦੀ ਮੰਗ ਦੀ ਗੱਲ ਹੈ, ਉਥੇ ਪਹਿਲਾ ਤੱਥ ਇਹ ਹੈ ਕਿ ਪੰਜਾਬ ਵਿਚ 2,353 ਅਧਿਆਪਕਾਂ ਦੀਆਂ ਆਸਾਮੀਆਂ ਖ਼ਾਲੀ ਹਨ ਤੇ ਇਹ ਅੱਜ ਦੀ ਗੱਲ ਨਹੀਂ ਬਲਕਿ 1996 ਤੋਂ ਖ਼ਾਲੀ ਆਸਾਮੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। 2001 ਵਿਚ ਪੀਪੀਐਸਸੀ ਘਪਲੇ ਕਾਰਨ ਭਰਤੀਆਂ ਰੁਕ ਗਈਆਂ ਸਨ।

ਫਿਰ 2002-2007 ਦੀ ਕਾਂਗਰਸ ਸਰਕਾਰ ਵਿਚ ਮਹਿਜ਼ 64 ਅੰਗਰੇਜ਼ੀ ਅਧਿਆਪਕ ਰੱਖੇ ਗਏ ਤੇ ਫਿਰ ਕਦੇ ਕਦਾਈਂ ਇੱਕਾ ਦੁੱਕਾ ਹੀ ਰੱਖੇ ਗਏ। 2008 ਵਿਚ ਅਕਾਲੀ-ਭਾਜਪਾ ਸਰਕਾਰ ਨੇ 263 ਅਹੁਦੇ ਭਰੇ ਪਰ ਫਿਰ ਕਿਸੇ ਕਾਰਨ ਉਹ ਵੀ ਵਿਵਾਦਾਂ ਵਿਚ ਘਿਰ ਕੇ ਰੁਕ ਗਏ। ਚੰਨੀ ਸਰਕਾਰ ਦੇ ਆਖ਼ਰੀ 100 ਦਿਨਾਂ ਵਿਚ ਉਨ੍ਹਾਂ ਦੇ ਸਿਖਿਆ ਮੰਤਰੀ ਨੇ 1158 ਅਹੁਦਿਆਂ ਨੂੰ ਭਰਨ ਦੀ ਠਾਣ ਲਈ।

Balwinder Kaur Balwinder Kaur

ਜੇ ਉਹ ਪੂਰੇ ਨਿਯਮਾਂ ਅਨੁਸਾਰ ਹੀ ਚਲਦੇ ਤਾਂ ਸਿਰਫ਼ ਇੰਟਰਵਿਊ ਨੂੰ ਹੀ ਤਿੰਨ ਮਹੀਨੇ ਲਗਣੇ ਸਨ। ਸੋ ਉਨ੍ਹਾਂ ਫ਼ੈਸਲਾ ਕੀਤਾ ਕਿ ਸਿਰਫ਼ ਲਿਖਤੀ ਇਮਤਿਹਾਨ ਵਿਚ ਪਾਸ ਹੋਣ ਵਾਲਿਆਂ ਦੀਆਂ ਹੀ ਨਿਯੁਕਤੀਆਂ ਕੀਤੀਆਂ ਜਾਣ। ਕੁੱਝ ਸਿਆਣਿਆਂ ਨੇ ਅਜਿਹਾ ਨਾ ਕਰਨ ਵਾਸਤੇ ਆਖਿਆ ਪਰ ਸਿਆਸਤਦਾਨਾਂ ਨੂੰ ਅਪਣੇ ਕੀਤੇ ਵਾਅਦੇ ਕਰ ਕੇ ਲੋਕਾਂ ਵਿਚ ਜਾਣ ਦਾ ਚਾਅ ਹੁੰਦਾ ਹੈ ਤੇ ਇਹ ਉਨ੍ਹਾਂ ਦੀ, ਬਤੌਰ ਮੰਤਰੀ, ਰਸਤਾ ਕੱਢਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਪਰ ਜਿਥੇ ਕਾਨੂੰਨ ਦੀ ਗੱਲ ਆਉਂਦੀ ਹੈ, ਉਥੇ ਨੀਤੀ ਦਾ ਹੱਥ, ਨੀਅਤ ਤੋਂ ਉਪਰ ਹੋ ਜਾਂਦਾ ਹੈ।

ਸੋ 1158 ਵਿਰੁਧ ਸ਼ਿਕਾਇਤ ਦਰਜ ਹੋਈ ਤੇ ਅਦਾਲਤ ਨੇ ਬੜੇ ਸਖ਼ਤ ਲਫ਼ਜ਼ਾਂ ਵਿਚ ਨਿਯੁਕਤੀ ਰੱਦ ਕਰ ਦਿਤੀ। ਜਿਸ ਦੇਸ਼ ਵਿਚ ਪੜਿ੍ਹਆਂ ਲਿਖਿਆਂ ਵਾਸਤੇ ਨੌਕਰੀਆਂ ਨਹੀਂ ਹਨ, ਉਥੇ ਅਸਾਨ ਨਹੀਂ ਕਿ ਅਦਾਲਤ ਦਾ ਫ਼ੈਸਲਾ ਸਿਰ ਮੱਥੇ ਆਸਾਨੀ ਨਾਲ ਮੰਨ ਲਿਆ ਜਾਵੇ। ਜਦ ਅਦਾਲਤ ਨੇ ਨਿਯੁਕਤੀਆਂ ਰੱਦ ਕਰ ਦਿਤੀਆਂ ਤਾਂ ਸਿਆਸਤਦਾਨ ਦੀ ਨੀਅਤ ਵੀ ਹਾਰ ਜਾਂਦੀ ਹੈ।

CM Bhagwant Mann CM Bhagwant Mann

ਜੇ ਦੁਬਾਰਾ ਕਿਸੇ ਸਿਆਸੀ ਰਸਤੇ ਕੋਈ ਹੋਰ ਜੁਗਾੜ ਲਗਾਇਆ ਜਾਂਦਾ ਵੀ ਤਾਂ ਮਾਹਰ ਮੰਨਦੇ ਹਨ ਕਿ ਦੁਬਾਰਾ ਤੋਂ ਅਦਾਲਤ ਵਿਚ ਕੇਸ ਜਾਵੇਗਾ ਕਿਉਂਕਿ ਬੜੇ ਲੋਕ 1158 ਅਹੁਦਿਆਂ ਦੀ ਤਾਕ ਵਿਚ ਹਨ। ਕਿਉਂਕਿ ਨਿਯੁਕਤੀ ਪਹਿਲਾਂ ਤੋਂ ਹੀ ਕਮਜ਼ੋਰ ਹੈ ਤੇ ਅਦਾਲਤ ਇਕ ਵਾਰ ਰੱਦ ਕਰ ਚੁੱਕੀ ਹੈ, ਦੁਬਾਰਾ ਇਸ ਦਾ ਰੱਦ ਹੋ ਜਾਣਾ ਤੈਅ ਹੈ।

ਅਜਿਹੇ ਹਾਲਾਤ ਵਿਚ ਸਾਰੇ ਵਰਗ ਬੇਬਸ ਹੋ ਗਏ ਪਰ ਅਪਣੀ ਨਿਜੀ ਲੜਾਈ ਲੜਦੀ ਬਲਵਿੰਦਰ ਕੌਰ ਤਾਂ ਪੂਰੀ ਤਰ੍ਹਾਂ ਟੁਟ ਗਈ। ਦੋ ਵਾਰ ਮਾਂ ਬਣਨ ਦਾ ਸੁਪਨਾ ਟੁਟਣ ਨਾਲ ਕੋਈ ਵੀ ਅੰਦਰੋਂ ਟੁਟ ਜਾਂਦਾ ਹੈ ਤੇ ਉਸ ਤੇ ਸ਼ਾਇਦ ਘਰ ਦਾ ਤਣਾਅ ਵੀ ਸੀ ਪਰ ਨੌਕਰੀ ਨਾ ਮਿਲਣ ਦੀ ਨਿਰਾਸ਼ਾ ਉਹ ਆਖ਼ਰੀ ਮਾਰ ਸੀ ਜਿਸ ਨੂੰ ਉਹ ਸਹਾਰ ਨਾ ਸਕੀ। 

ਅੱਜ ਸਿਆਸਤਦਾਨਾਂ ਨੂੰ ਉਸ ਵਾਸਤੇ ਇਨਸਾਫ਼ ਮੰਗਣ ਦਾ ਢੋਂਗ ਰਚਦੇ ਵੇਖ ਕੇ ਪੁਛਣਾ ਬਣਦਾ ਹੈ ਕਿ ਜੇ ਸੱਤਾ ਵਿਚ ਬੈਠਣ ਸਮੇਂ ਤੁਸੀ ਇਹ ਆਸਾਮੀਆਂ 1996 ਤੋਂ ਸਮੇਂ ਸਿਰ ਭਰਦੇ ਆਉਂਦੇ ਤਾਂ ਇਨ੍ਹਾਂ ਅਧਿਆਪਕਾਂ ਦੀ ਸੜਕਾਂ ’ਤੇ ਨਿਰਾਸ਼ ਹੋਣ ਦੀ ਸਥਿਤੀ ਨਾ ਬਣਦੀ। ਹੁਣ ਬਲਵਿੰਦਰ ਕੌਰ ਤਾਂ ਵਾਪਸ ਨਹੀਂ ਆ ਸਕਦੀ ਪਰ ਅਧਿਆਪਕਾਂ ਦੀਆਂ ਕੁਰਸੀਆਂ ਭਰਨ ਦਾ ਸਹੀ ਰਸਤਾ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ।

ਕੱਚੀਆਂ ਭਰਤੀਆਂ ਦੇ ਰਸਤੇ ਛੱਡ ਕੇ ਸਹੀ ਤਰੀਕੇ ਨਾਲ ਨਿਯੁਕਤੀਆਂ ਕਰਨੀਆਂ ਪੈਣਗੀਆਂ ਤਾਕਿ ਅਗਲੀ ਕੋਈ ਨਿਯੁਕਤੀ ਕਿਸੇ ਵੀ ਕਾਨੂੰਨ ਸਾਹਮਣੇ ਹਾਰ ਨਾ ਸਕੇ। ਨਾ ਕੋਈ ਘਪਲੇ ਦਾ ਇਲਜ਼ਾਮ ਉਠ ਸਕੇ, ਨਾ ਕਿਸੇ ਦਾ ਦਿਲ ਦੁਬਾਰਾ ਨਿਰਾਸ਼ ਹੋ ਕੇ ਮੌਤ ਨੂੰ ਚੁਣੇ। ਸਹੀ ਸਮੇਂ ਤੇ ਅਧਿਆਪਕ ਕਾਲਜਾਂ ਵਿਚ ਨਿਯੁਕਤ ਕਰਨ ਦੀ ਪ੍ਰਥਾ ਹੀ ਸਾਡੇ ਨੌਜੁਆਨਾਂ ਦਾ ਭਵਿੱਖ ਸਵਾਰ ਸਕੇਗੀ।

ਆਖ਼ਰੀ ਖ਼ਬਰਾਂ ਜੋ ਮਿਲੀਆਂ ਹਨ, ਉਹ ਦਸਦੀਆਂ ਹਨ ਕਿ ਬਲਵਿੰਦਰ ਕੌਰ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਹੈ ਅਤੇ ਉਸ ਦੇ ਪ੍ਰਵਾਰ ਦੇ ਇਕ ਜੀਅ ਨੂੰ ਉਸ ਦੀ ਥਾਂ ਸਰਕਾਰੀ ਨੌਕਰੀ ਵਿਚ ਲੈ ਲਿਆ ਜਾਏਗਾ। ਜਾਨ ਤਾਂ ਗਈ ਪਰ ਇਕ ਪ੍ਰਵਾਰ ਨੂੰ ਕੁੱਝ ਤਾਂ ਇਨਸਾਫ਼ ਮਿਲਿਆ।
- ਨਿਮਰਤ ਕੌਰ


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement