
ਕਿਸਮਤ ਵਾਲੇ ਹੁੰਦੇ ਨੇ ਉਹ ਯੋਧੇ ਜਿਨ੍ਹਾਂ ਦੀ ਸ਼ਹਾਦਤ ਦੁਨੀਆਂ ਦੇ ਸਾਹਮਣੇ ਆਉਂਦੀ ਹੈ ਤੇ ਰਹਿੰਦੀ ਦੁਨੀਆਂ ਤਕ ਉਨ੍ਹਾਂ ਦਾ ਨਾਂ ਬਣਿਆ ਰਹਿੰਦਾ ਹੈ ਤੇ ਸਰਕਾਰ ਵਲੋਂ...
ਕਿਸਮਤ ਵਾਲੇ ਹੁੰਦੇ ਨੇ ਉਹ ਯੋਧੇ ਜਿਨ੍ਹਾਂ ਦੀ ਸ਼ਹਾਦਤ ਦੁਨੀਆਂ ਦੇ ਸਾਹਮਣੇ ਆਉਂਦੀ ਹੈ ਤੇ ਰਹਿੰਦੀ ਦੁਨੀਆਂ ਤਕ ਉਨ੍ਹਾਂ ਦਾ ਨਾਂ ਬਣਿਆ ਰਹਿੰਦਾ ਹੈ ਤੇ ਸਰਕਾਰ ਵਲੋਂ, ਦੇਸ਼ ਵਲੋਂ, ਰਾਜ ਵਲੋਂ, ਪਿੰਡ ਤੇ ਅਪਣੇ ਭਾਈਚਾਰੇ ਵਲੋਂ ਉਨ੍ਹਾਂ ਨੂੰ ਵਧੀਆ ਢੰਗ ਨਾਲ ਨਿਵਾਜਿਆ ਜਾਂਦਾ ਹੈ। ਉਂਜ ਕਈ ਦੇਸ਼-ਭਗਤ ਅਪਣਾ ਪੂਰਾ ਜੀਵਨ ਅਪਣੇ ਦੇਸ਼ ਦੇ ਨਾਂ ਕਰ ਦਿੰਦੇ ਹਨ ਪਰ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਜ਼ਿਆਦਾਤਰ ਲੋਕਾਂ ਤਕ ਪਹੁੰਚਦੀ ਹੀ ਨਹੀਂ। ਉਨ੍ਹਾਂ ਵਿਚ ਉਹ ਵੀ ਹੁੰਦੇ ਹਨ ਜੋ ਕਿਸੇ ਲੜਾਈ ਦੌਰਾਨ ਵਿਰੋਧੀ ਦੇਸ਼ ਦੁਆਰਾ ਕੈਦ ਕਰ ਲਏ ਜਾਂਦੇ ਹਨ। ਅਜਿਹੇ ਸ਼ਹੀਦਾਂ ਵਿਚੋਂ ਇਕ ਨਾਂ ਸਿਪਾਹੀ ਹਰਪ੍ਰੀਤ ਸਿੰਘ ਦਾ ਹੈ ਜੋ ਪਿਛਲੇ ਦਿਨੀਂ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਵਿਚ ਤਾਇਨਾਤ ਸੀ।
Pic-2
ਕੁੱਝ ਅਤਿਵਾਦੀਆਂ ਵਲੋਂ ਪਿੰਡ ਦੇ ਇਕ ਘਰ ਵਿਚ ਹੋਣ ਦੀ ਸੂਚਨਾ ਮਿਲਣ ਉਪਰੰਤ ਫ਼ੌਜ ਦੀ ਟੁਕੜੀ ਤੇ ਪਿੰਡ ਨੂੰ ਘੇਰਾ ਪਾ ਲਿਆ। ਅਤਿਵਾਦੀਆਂ ਵਲੋਂ ਗੋਲੀਬਾਰੀ ਸ਼ੁਰੂ ਹੋਣ ਤੇ ਫ਼ੌਜ ਨੇ ਜਵਾਬੀ ਗੋਲੀਬਾਰੀ ਕੀਤੀ ਤੇ ਆਪਰੇਸ਼ਨ ਕਈ ਘੰਟੇ ਚਲਦਾ ਰਿਹਾ। ਕੁਦਰਤ ਵੀ ਸ਼ਾਇਦ ਸੈਨਾ ਦੇ ਜਵਾਨਾਂ ਦੀ ਪ੍ਰੀਖਿਆ ਲੈ ਰਹੀ ਸੀ ਤੇ ਲਗਾਤਾਰ ਤੇਜ਼ ਬਾਰਿਸ਼ ਵੀ ਹੁੰਦੀ ਰਹੀ। ਮੀਂਹ ਵਿਚ ਲੱਥ-ਪੱਥ ਜਵਾਨ ਅਪਣੇ ਵਲੋਂ ਟ੍ਰੇਨਿੰਗ ਸਮੇਂ ਖਾਧੀ ਕਸਮ ਉੱਪਰ ਖਰੇ ਉਤਰ ਰਹੇ ਸਨ। ਤੇਜ਼ ਬਾਰਿਸ਼ ਤੇ ਠੰਢ ਕਾਰਨ ਹਰਪ੍ਰੀਤ ਦਾ ਬੁਖ਼ਾਰ ਵੀ ਤੇਜ਼ ਹੋ ਰਿਹਾ ਸੀ। ਅਪਣੇ ਸਾਥੀ ਦੁਆਰਾ ਪਿੱਛੇ ਅਰਾਮ ਕਰਨ ਲਈ ਕਹਿਣ ਤੇ ਹਰਪ੍ਰੀਤ ਨੇ ਵੀਰਤਾ ਨਾਲ ਕਿਹਾ ''ਹਾਲੇ ਜਾਨ ਤਾਂ ਨਹੀਂ ਗਈ ਯਾਰਾ, ਫਿਰ ਮੈਂ ਅਰਾਮ ਕਿਉਂ ਕਰਾਂ?'' ਆਪ੍ਰੇਸ਼ਨ ਚਾਰ ਦਿਨ ਤਕ ਚਲਦਾ ਰਿਹਾ।
Indian army
ਕੁੱਝ ਫ਼ੌਜੀ ਜ਼ਖ਼ਮੀ ਹੋਏ ਪਰ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ ਤੇ ਆਪ੍ਰੇਸ਼ਨ ਸਫ਼ਲ ਰਿਹਾ ਦੇ ਸੁਨੇਹੇ ਫੈਲ ਗਏ। ਪਰ ਹਰਪ੍ਰੀਤ ਸਿੰਘ ਦੀ ਸਿਹਤ ਵਿਗੜਦੀ ਜਾ ਰਹੀ ਸੀ। ਉਸ ਪਿੱਛੋਂ ਹਰਪ੍ਰੀਤ ਨੂੰ ਸ੍ਰੀਨਗਰ ਦੇ ਫ਼ੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕੁੱਝ ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹਰਪ੍ਰੀਤ ਨੂੰ ਦਿੱਲੀ ਫ਼ੌਜੀ ਹਸਪਤਾਲ ਭੇਜਿਆ ਗਿਆ। ਉਸ ਤੋਂ 5-6 ਦਿਨਾਂ ਬਾਅਦ ਹਰਪ੍ਰੀਤ ਸਦੀਵੀ ਵਿਛੋੜਾ ਦੇ ਗਿਆ। ਹਰਪ੍ਰੀਤ ਸਿੰਘ ਦਾ ਵਿਆਹ ਨਵੰਬਰ 2018 ਵਿਚ ਹੋਇਆ ਸੀ। ਹਰਪ੍ਰੀਤ ਦੀ 23 ਕੁ ਸਾਲਾਂ ਦੀ ਪਤਨੀ ਗਰਭਵਤੀ ਹੈ। ਵਿਆਹ ਤੋਂ 16 ਕੁ ਦਿਨ ਬਾਅਦ ਹੀ ਹਰਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਸੀ। ਕੌਣ ਸ਼ਹੀਦ ਹੋਇਆ? ਹਰਪ੍ਰੀਤ ਜਾਂ ਉਸ ਦੀ ਪਤਨੀ ਜਾਂ ਫਿਰ ਉਸ ਦੀ ਮਾਂ? ਸਾਨੂੰ ਸਾਡੇ ਦੇਸ਼ ਦੇ ਫ਼ੌਜੀਆਂ ਤੇ ਮਾਣ ਕਰਨਾ ਚਾਹੀਦਾ ਹੈ, ਚਾਹੇ ਉਹ ਸੇਵਾ ਵਿਚ ਹੋਣ ਚਾਹੇ ਸ਼ਹੀਦ ਹੋ ਚੁੱਕੇ ਹੋਣ ਅਤੇ ਦੇਸ਼ ਦੇ ਗ਼ੁਮਨਾਮ ਸ਼ਹੀਦਾਂ ਨੂੰ ਉਨ੍ਹਾਂ ਦੀ ਪਹਿਚਾਣ ਦਿਵਾਉਣੀ ਚਾਹੀਦੀ ਹੈ।
- ਰਮਨਦੀਪ ਸਿੰਘ, ਸੰਪਰਕ : 87260-60041