ਰਾਹੁਲ ਗਾਂਧੀ ਦੀਆਂ ਸਿੱਖਾਂ ਤੇ ਸਿੱਖ ਧਰਮ ਬਾਰੇ ਠੰਢੀਆਂ ਤੱਤੀਆਂ ਇਕੋ ਸਮੇਂ
Published : Aug 28, 2018, 12:04 pm IST
Updated : Aug 28, 2018, 12:04 pm IST
SHARE ARTICLE
Rahul gandhi
Rahul gandhi

ਰਾਹੁਲ ਗਾਂਧੀ ਵਲੋਂ ਵਿਦੇਸ਼ੀ ਦੌਰੇ ਦੌਰਾਨ ਮੋਦੀ ਸਰਕਾਰ ਉਤੇ ਕੀਤੀ ਤਾਬੜ ਤੋੜ ਸ਼ਬਦੀ ਗੋਲੀਬਾਰੀ ਦੇ ਜਵਾਬ ਵਿਚ ਭਾਰਤ ਵਿਚ ਸਰਕਾਰ ਤੇ ਬੀ.ਜੇ.ਪੀ. ਦੀਆਂ ਪ੍ਰਚਾਰ-ਤੋਪਾਂ

ਰਾਹੁਲ ਗਾਂਧੀ ਵਲੋਂ ਵਿਦੇਸ਼ੀ ਦੌਰੇ ਦੌਰਾਨ ਮੋਦੀ ਸਰਕਾਰ ਉਤੇ ਕੀਤੀ ਤਾਬੜ ਤੋੜ ਸ਼ਬਦੀ ਗੋਲੀਬਾਰੀ ਦੇ ਜਵਾਬ ਵਿਚ ਭਾਰਤ ਵਿਚ ਸਰਕਾਰ ਤੇ ਬੀ.ਜੇ.ਪੀ. ਦੀਆਂ ਪ੍ਰਚਾਰ-ਤੋਪਾਂ ਨੇ ਵੀ ਰਾਹੁਲ ਨੂੰ ਅਪਣੀ ਮਾਰ ਹੇਠ ਲੈਣ ਦੇ ਭਰਪੂਰ ਯਤਨ ਸ਼ੁਰੂ ਕਰ ਦਿਤੇ ਹਨ। ਸੱਤਾਧਾਰੀ ਧਿਰ ਨੂੰ ਰਾਹੁਲ ਗਾਂਧੀ ਦੇ ਕਈ ਬਿਆਨਾਂ ਤੋਂ ਇਤਰਾਜ਼ ਤਾਂ ਹੋਣਾ ਹੀ ਸੀ ਪਰ ਰਾਹੁਲ ਗਾਂਧੀ ਦੇ ਕੁੱਝ ਬਿਆਨਾਂ ਨੇ ਪੰਜਾਬ ਅਤੇ ਖ਼ਾਸ ਕਰ ਕੇ ਸਿੱਖ ਕੌਮ ਨੂੰ ਵੀ ਪ੍ਰੇਸ਼ਾਨ ਕਰ ਕੇ ਰੱਖ ਦਿਤਾ ਹੈ। ਇਕ ਪਾਸੇ ਰਾਹੁਲ ਦਾ ਕਹਿਣਾ ਹੈ ਕਿ ਕਾਂਗਰਸ ਦਾ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਵਿਚ ਕੋਈ ਹੱਥ ਨਹੀਂ ਸੀ।

ਜਦੋਂ ਡਾ. ਮਨਮੋਹਨ ਸਿੰਘ ਤੋਂ ਲੈ ਕੇ ਸੋਨੀਆ ਗਾਂਧੀ ਤਕ ਖ਼ੁਦ ਇਸ ਵਾਸਤੇ ਮਾਫ਼ੀ ਮੰਗ ਚੁੱਕੇ ਹਨ ਤਾਂ ਅੱਜ ਇਸ ਗੱਲ ਨੂੰ ਛੇੜਨ ਦੀ ਲੋੜ ਕੀ ਸੀ¸ਸਿਵਾਏ ਇਸ ਦੇ ਕਿ ਬੀ.ਜੇ.ਪੀ. ਤੇ ਅਕਾਲੀਆਂ ਨੂੰ, ਕਾਂਗਰਸ ਵਿਰੁਧ ਵਰਤਿਆ ਜਾਣ ਵਾਲਾ ਇਕ ਹਥਿਆਰ ਸਪਲਾਈ ਕਰ ਦਿਤਾ ਜਾਏ? ਉਹ ਭਾਰਤ ਵਿਚ ਵੱਧ ਰਹੀ ਹਿੰਸਾ ਦੀ ਗੱਲ ਕਰਦੇ ਹਨ ਤਾਂ ਇਹ ਵੀ ਮੰਨ ਲੈਣ ਕਿ ਉਹ ਅਪਣੀ ਪਾਰਟੀ ਨੂੰ ਸਿੱਖਾਂ ਦੇ ਕਤਲੇਆਮ ਤੋਂ ਬਰੀ ਨਹੀਂ ਕਰ ਸਕਦੇ। ਪਰ ਇਹ ਕਹਿਣਾ ਕਿ ਕਤਲੇਆਮ ਵਿਚ ਉਨ੍ਹਾਂ ਦੀ ਪਾਰਟੀ ਦਾ ਹੱਥ ਨਹੀਂ ਸੀ, ਦਸਦਾ ਹੈ ਕਿ ਉਹ ਭਾਰਤ ਦੇ ਬਾਕੀ ਸਿਆਸਤਦਾਨਾਂ ਵਾਂਗ ਅਪਣੀ ਪਾਰਟੀ ਦੇ ਕਾਲੇ ਪਲਾਂ ਨੂੰ ਕਬੂਲਣ ਦੀ ਹਿੰਮਤ ਨਹੀਂ ਰਖਦੇ।

ਪਰ ਸਿੱਖ ਉਨ੍ਹਾਂ ਦੇ ਭਾਸ਼ਨ ਵਿਚੋਂ ਕੁਦਰਤੀ ਨਿਆਂ ਦੀ ਖ਼ੁਸ਼ਬੂ ਜ਼ਰੂਰ ਲੈ ਸਕਦੇ ਹਨ। ਰਾਹੁਲ ਗਾਂਧੀ ਨੇ ਉਸੇ ਕੌਮਾਂਤਰੀ ਮੰਚ ਤੋਂ ਜਦੋਂ ਇਹ ਕਿਹਾ ਕਿ ਉਹ ਬਾਬਾ ਨਾਨਕ ਦੇ ਦਰਸਾਏ ਮਾਰਗ ਉਤੇ ਚਲਦੇ ਹਨ ਤਾਂ ਇਹ ਉਨ੍ਹਾਂ ਸਾਰੇ ਲੋਕਾਂ ਦੀ ਹਾਰ ਦਾ ਐਲਾਨ ਸੀ ਜੋ ਕਾਂਗਰਸ ਪਾਰਟੀ ਦੀ ਤਾਕਤ ਨਾਲ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਜਿਹੜੀ ਇੰਦਰਾ ਗਾਂਧੀ ਸਿੱਖਾਂ ਨੂੰ ਨਫ਼ਰਤ ਕਰਦੀ ਸੀ, ਅੱਜ ਉਸ ਦਾ ਪੋਤਾ, ਉਨ੍ਹਾਂ ਸਿੱਖਾਂ ਦੇ ਫ਼ਲਸਫ਼ੇ ਨੂੰ ਘੜਨ ਵਾਲੇ ਬਾਬੇ ਨਾਨਕ ਦੀ ਸੋਚ ਨੂੰ ਦੁਨੀਆਂ ਸਾਹਮਣੇ ਅਪਣੀ ਪ੍ਰੇਰਨਾ ਦਸਦਾ ਹੈ।

ਇਹ ਕੁਦਰਤ ਦਾ ਨਿਆਂ ਹੈ ਕਿ ਕਿੰਨੀਆਂ ਵੀ ਨਫ਼ਰਤ ਦੀਆਂ ਅੱਗਾਂ ਲਗਾਈਆਂ ਗਈਆਂ ਪਰ ਬਾਬੇ ਨਾਨਕ ਦੀ ਸੋਚ ਖ਼ਤਮ ਨਾ ਹੋ ਸਕੀ, ਸਗੋਂ ਉਹ ਖ਼ੁਦ ਹੀ ਬਾਬੇ ਨਾਨਕ ਦੀ ਸੋਚ ਵਿਚ ਢਲ ਗਏ ਜਾਂ ਉਸ ਨਾਲ ਅਪਣੇ ਆਪ ਨੂੰ ਜੋੜਨ ਲਈ ਮਜਬੂਰ ਹੋ ਗਏ।ਰਾਹੁਲ ਗਾਂਧੀ ਨੇ ਜਦੋਂ ਕਿਹਾ ਕਿ ਕਤਲੇਆਮ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਉਹ ਇਸ ਵਿਚ ਰੋੜਾ ਨਹੀਂ ਬਣਨਗੇ ਤਾਂ ਇਹ ਕਹਿ ਕੇ 34 ਸਾਲ ਵਿਚ ਨਿਪੁੰਸਕ ਸਾਬਤ ਹੋਏ ਸਿਆਸਤਦਾਨਾਂ ਅਤੇ ਆਗੂਆਂ ਨੂੰ ਕਟਹਿਰੇ ਵਿਚ ਲਿਆ ਖੜੇ ਕਰਦਾ ਹੈ।

34 ਸਾਲਾਂ ਵਿਚ ਜੇ ਸਾਰੀ ਸਿੱਖ ਕੌਮ ਸਬੂਤ ਪੇਸ਼ ਨਹੀਂ ਕਰ ਸਕੀ ਤਾਂ ਇਹ ਵੀ ਉਨ੍ਹਾਂ ਕਾਤਲ ਭੀੜਾਂ ਵਾਂਗ ਹੀ ਗੁਨਾਹਗਾਰ ਬਣ ਜਾਂਦੀ ਹੈ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਕੋਲ ਸਾਰੇ ਸਿੱਖ ਜਗਤ ਦੀ ਦੌਲਤ ਅਤੇ ਵਿਸ਼ਵਾਸ ਗਹਿਣੇ ਪਏ ਹੋਏ ਸਨ ਅਤੇ ਉਹ ਜੇ ਚਾਹੁੰਦੀਆਂ ਤਾਂ ਦੁਨੀਆਂ ਦੇ ਸੱਭ ਤੋਂ ਵੱਡੇ ਕਾਨੂੰਨੀ ਮਾਹਰਾਂ, ਜਾਸੂਸਾਂ, ਖੋਜੀਆਂ ਦਾ ਸਹਾਰਾ ਲੈ ਕੇ ਭਾਰਤ ਸਰਕਾਰ ਅਤੇ ਭਾਰਤੀ ਨਿਆਂਪਾਲਿਕਾ ਨੂੰ ਹਿਲਾ ਕੇ ਰੱਖ ਦੇਂਦੇ। ਪਰ ਅੱਜ ਤਕ ਇਕ ਵੀ ਇਨਸਾਨ ਗੁਨਾਹਗਾਰ ਸਾਬਤ ਨਾ ਕਰ ਕੇ, ਸਿੱਖ ਆਗੂ ਵੀ ਗੁਨਾਹਗਾਰ ਹੀ ਸਾਬਤ ਹੋਏ ਹਨ।


ਜੇ ਰਾਹੁਲ ਗਾਂਧੀ ਦੀ ਰਾਸ਼ਟਰੀ ਮੁੱਦਿਆਂ ਤੇ ਟਿਪਣੀ ਵਲ ਵੇਖੀਏ ਤਾਂ ਇਕ ਗੱਲ ਮੰਨਣੀ ਪਵੇਗੀ ਕਿ ਰਾਹੁਲ ਨੂੰ ਹੁਣ ਭਾਜਪਾ, 'ਸ਼ਹਿਜ਼ਾਦਾ' ਕਹਿ ਕੇ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਰਾਹੁਲ ਗਾਂਧੀ ਵਿਚ ਆਖ਼ਰ ਇਕ ਸਿਆਸਤਦਾਨ ਬਣਨ ਦੀ ਤਾਂਘ ਦੀ ਠੋਸ ਝਲਕ ਸਾਫ਼ ਨਜ਼ਰ ਆ ਰਹੀ ਹੈ। ਇੰਜ ਜਾਪਦਾ ਹੈ ਕਿ ਉਨ੍ਹਾਂ ਨੇ ਹੁਣ ਇਹ ਮੰਨ ਲਿਆ ਹੈ ਕਿ ਉਨ੍ਹਾਂ ਨੂੰ ਕਾਂਗਰਸ ਵਾਸਤੇ ਕੰਮ ਕਰਨਾ ਪਵੇਗਾ ਅਤੇ ਹੁਣ ਉਹ ਅਪਣੇ ਸਿਆਸੀ ਅਕਸ ਨੂੰ ਅਪਣੀ ਸੋਚ ਮੁਤਾਬਕ ਘੜ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਸਾਫ਼ ਹੈ ਕਿ ਹੁਣ ਉਨ੍ਹਾਂ ਨੂੰ ਭਾਸ਼ਨ ਦੇਣ ਦੀ ਕਲਾ ਆ ਗਈ ਹੈ।

ਵਿਦੇਸ਼ਾਂ ਵਿਚ ਜਾ ਕੇ ਅਪਣੇ ਦੇਸ਼ ਦੇ ਬਾਕੀ ਸਿਆਸਤਦਾਨਾਂ ਦੀ ਨਿੰਦਾ ਕਰਨ ਦੀ ਪ੍ਰਕਿਰਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਸੀ ਅਤੇ ਰਾਹੁਲ ਨੇ ਉਨ੍ਹਾਂ ਵਾਂਗ ਹੀ ਵਿਦੇਸ਼ਾਂ ਵਿਚ ਜਾ ਕੇ ਭਾਜਪਾ ਉਤੇ ਵਾਰ ਕੀਤਾ। ਕੀ ਇਸ ਨਾਲ ਭਾਰਤ ਦਾ ਅਕਸ ਖ਼ਰਾਬ ਹੁੰਦਾ ਹੈ? ਨਹੀਂ, ਕਿਉਂਕਿ ਇੰਟਰਨੈੱਟ ਦੇ ਦੌਰ ਵਿਚ ਹਰ ਖ਼ਬਰ ਵਿਦੇਸ਼ਾਂ ਵਿਚ ਵੀ ਪਹੁੰਚ ਜਾਂਦੀ ਹੈ ਸਗੋਂ ਅਪਣੀਆਂ ਕਮਜ਼ੋਰੀਆਂ ਨੂੰ ਪ੍ਰਵਾਨ ਕਰ ਕੇ ਇਹ ਪ੍ਰਭਾਵ ਦਿਤਾ ਜਾਂਦਾ ਹੈ ਕਿ ਇਨ੍ਹਾਂ ਚਿੰਤਾਜਨਕ ਵਿਸ਼ਿਆਂ ਨੂੰ ਦਰੀ ਹੇਠ ਸਮੇਟ ਦੇਣ ਦੀ ਬਜਾਏ, ਇਨ੍ਹਾਂ ਬਾਰੇ ਖੁਲ੍ਹ ਕੇ ਗੱਲ ਕੀਤੀ ਜਾ ਰਹੀ ਹੈ।

ਸੱਭ ਦੇ 'ਅੱਛੇ ਦਿਨ' ਨਹੀਂ ਆਏ ਵਿਖਾਏ ਜਾ ਸਕਦੇ ਅਤੇ ਇਸ ਬਾਰੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ।ਰਾਹੁਲ ਗਾਂਧੀ ਅਪਣੀ ਸੋਚ ਵਿਚ ਸਹਿਣਸ਼ੀਲਤਾ, ਔਰਤਾਂ, ਨੌਜਵਾਨਾਂ, ਪਿਆਰ ਨੂੰ ਚੁਕ ਰਹੇ ਹਨ ਅਤੇ ਅਪਣੇ ਅਕਸ ਨੂੰ ਭਾਜਪਾ ਦੇ ਪ੍ਰਮੁੱਖ ਚਿਹਰੇ, ਪ੍ਰਧਾਨ ਮੰਤਰੀ ਮੋਦੀ ਤੋਂ ਬਿਲਕੁਲ ਉਲਟ ਬਣਾ ਰਹੇ ਹਨ। 2019 ਵਿਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਅਪਣੀ ਜਿੱਤ ਬਾਰੇ ਆਸਵੰਦ ਸਨ, ਹੁਣ ਉਹ ਜਿੱਤ ਓਨੀ ਆਸਾਨ ਨਹੀਂ ਲੱਗ ਰਹੀ।

ਜੇ ਅੱਜ 40% ਲੋਕ ਪ੍ਰਧਾਨ ਮੰਤਰੀ ਦਾ ਪ੍ਰਭਾਵ ਕਬੂਲ ਕਰਦੇ ਹਨ ਅਤੇ 27% ਰਾਹੁਲ ਨੂੰ ਸਮਰਥਨ ਦਿੰਦੇ ਹਨ ਤਾਂ ਜੇ ਰਾਹੁਲ ਅਪਣੀ ਸੰਜੀਦਗੀ ਨੂੰ ਕਾਇਮ ਰੱਖ ਸਕੇ ਤਾਂ 2019 ਦਾ ਮੁਕਾਬਲਾ ਕਿਸੇ ਦੇ ਪੱਖ ਵਿਚ ਵੀ ਜਾ ਸਕਦਾ ਹੈ। ਹੁਣ ਭਾਜਪਾ ਦੀ ਸੋਚ ਦੇ ਐਨ ਉਲਟ ਵਾਲੀ ਵਿਚਾਰਧਾਰਾ ਪੇਸ਼ ਕੀਤੀ ਜਾ ਰਹੀ ਹੈ। ਇਹ ਲੜਾਈ ਹੁਣ ਵਿਕਾਸ ਤੇ ਨਹੀਂ ਬਲਕਿ ਭਾਰਤ ਦੀ ਸਹਿਣਸ਼ੀਲਤਾ ਦਾ ਇਮਤਿਹਾਨ ਹੋ ਕੇ ਨਿਬੜ ਸਕਦੀ ਹੈ।  -ਨਿਮਰਤ ਕੌਰ

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement