
ਸਾਡਾ ਸੰਵਿਧਾਨ ਕਿਸੇ ਧਰਮ ਦੀ ਗੱਲ ਨਹੀਂ ਕਰਦਾ ਤੇ ਇਹ ਇਕ ਸੋਚਿਆ ਸਮਝਿਆ ਤੇ ਵਿਚਾਰਿਆ ਫ਼ੈਸਲਾ ਸੀ ਕਿ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦੇ ਰਾਹ ਦਾ ਰਾਹੀ ਬਣੇਗਾ।
ਸਾਡਾ ਸੰਵਿਧਾਨ ਕਿਸੇ ਧਰਮ ਦੀ ਗੱਲ ਨਹੀਂ ਕਰਦਾ ਤੇ ਇਹ ਇਕ ਸੋਚਿਆ ਸਮਝਿਆ ਤੇ ਵਿਚਾਰਿਆ ਫ਼ੈਸਲਾ ਸੀ ਕਿ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦੇ ਰਾਹ ਦਾ ਰਾਹੀ ਬਣੇਗਾ। ਪਰ ਅੱਜ ਨਾ ਤਾਂ ਧਰਮ ਨਿਰਪੱਖਤਾ ਹੀ ਬੱਚ ਸਕੀ ਹੈ ਤੇ ਨਾ ਹੀ ਅਹਿੰਸਾ। ਸਾਡੇ ਸਿਆਸਤਦਾਨ ਸਿਆਸੀ ਮੰਚਾਂ ਤੋਂ ਜਦ ਖੁਲੇਆਮ ਹਿੰਸਾ ਤੇ ਨਫ਼ਰਤ ਦਾ ਪ੍ਰਚਾਰ ਕਰਦੇ ਹਨ ਤਾਂ ਫਿਰ ਅਸੀ ਹੁਣ ਅਪਣੇ ਆਪ ਨੂੰ ਅਹਿੰਸਾ ਦੇ ਸੱਚੇ ਪ੍ਰਚਾਰਕਾਂ ਦੇ ਵਾਰਸ ਨਹੀਂ ਅਖਵਾ ਸਕਦੇ। ਪਰ ਸਵਾਲ ਇਹੀ ਹੈ ਕਿ ਜੇ ਹੁਣ ਸਾਰੀਆਂ ਪਾਰਟੀਆਂ ਦੇ ਸਿੱਖ ਆਗੂ ਵੀ ਹਿੰਦੂੁ ਧਰਮ ਦੇ ਪ੍ਰਚਾਰਕ ਬਣ ਰਹੇ ਹਨ ਤਾਂ ਫਿਰ ਘੱਟ ਗਿਣਤੀਆਂ ਦੇ ਆਗੂ ਕਿਥੋਂ ਲੱਭਣਗੇ?
ਕੀ ਭਾਰਤ ਦੀ ਆਰਥਕ ਮੰਦਹਾਲੀ ਦਾ ਹੱਲ ਧਰਮ ਕੋਲ ਹੈ? ਅਰਵਿੰਦ ਕੇਜਰੀਵਾਲ ਵਲੋਂ ਸੁਝਾਅ ਦਿਤਾ ਗਿਆ ਹੈ ਕਿ ਹੁਣ ਨੋਟਾਂ ਉਤੇ ਇਕ ਪਾਸੇ ਮਹਾਤਮਾ ਗਾਂਧੀ ਦੀ ਤੇ ਦੂਜੇ ਪਾਸੇ ਦੇਵੀ ਲਕਸ਼ਮੀ ਦੀ ਤਸਵੀਰ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੰਮ ਕਰਨ ਦੇ ਨਾਲ ਨਾਲ, ਸਫ਼ਲਤਾ ਲਈ ਆਸਥਾ ਵੀ ਜ਼ਰੂਰੀ ਹੈ। ਇਸ ਸੁਝਾਅ ਪਿਛੇ ਗੁਜਰਾਤ ਦੀਆਂ ਚੋਣਾਂ ਅਪਣਾ ਜਲਵਾ ਵਿਖਾ ਰਹੀਆਂ ਲਗਦੀਆਂ ਹਨ ਜਿਥੇ ਹੁਣ ਵੋਟਰ ਸਾਹਮਣੇ ਕੇਵਲ ਇਹ ਸਿੱਧ ਕਰਨ ਦੀ ਲੋੜ ਹੈ ਕਿ ਸੱਭ ਤੋਂ ਵੱਡਾ ਹਿੰਦੂ ਕੌਣ ਹੈ। ਪਰ ਕੀ ‘ਆਪ’ ਪਾਰਟੀ ਅਪਣੇ ਆਪ ਨੂੰ ਸੱਭ ਤੋਂ ਵੱਡੀ ਹਿੰਦੂ ਪੱਖੀ ਪਾਰਟੀ ਸਾਬਤ ਕਰ ਸਕਦੀ ਹੈ?
ਉਨ੍ਹਾਂ ਦਾ ਮੁਕਾਬਲਾ ਗੁਜਰਾਤ ਦੇ ‘ਨਮੋ’ ਨਾਲ ਹੈ ਜਿਸ ਨੇ ਹਿੰਦੂ ਧਰਮ ਦੀ ਛਵੀ ਅਪਣੇ ਆਪ ਅੰਦਰ ਮੁੰਦਰੀ ਵਿਚ ਜੜੇ ਹੀਰੇ ਵਾਂਗ ਜੜ ਲਈ ਹੈ। ਨਰਿੰਦਰ ਮੋਦੀ ਦੇ ਨਾਮ ਤੇ ਮੰਦਰ ਬਣ ਚੁੱਕੇ ਹਨ ਤੇ ਉਨ੍ਹਾਂ ਦੇ ਨਾਮ ਤੇ ਆਰਤੀਆਂ ਤੇ ਹਵਨ ਹੁੰਦੇ ਹਨ। ਉਨ੍ਹਾਂ ਦੇ ਜਨਮ ਦਿਨ ਤੇ ਇਸ ਵਾਰ ਜਿਸ ਤਰ੍ਹਾਂ ਦੇ ਜਸ਼ਨ ਹੋਏ ਸਨ, ਉਨ੍ਹਾਂ ਦੇ ਅਸਰ ਤੋਂ ਲੋਕ ਮਨਾਂ ਨੂੰ ਮੁਕਤ ਕਰਨਾ ਆਸਾਨ ਨਹੀਂ। ਉਨ੍ਹਾਂ ਨੂੰ ਹੁਣ ਹਿੰਦੂ ਧਰਮ ਦਾ ਰਾਖਾ ਮੰਨਿਆ ਜਾਂਦਾ ਹੈ ਜਿਸ ਨੇ ਮੁਗ਼ਲ ਰਾਜ ਦਾ ਬਦਲਾ ਲਿਆ ਹੈ। ਜਿਥੇ ਕਲ ਬਾਬਰੀ ਮਸਜਿਦ ਹੁੰਦੀ ਸੀ, ਉਥੇ ਅੱਜ ਸ਼ਾਨ ਨਾਲ ਰਾਮ ਮੰਦਰ ਬਣ ਰਿਹਾ ਹੈ ਅਤੇ ਇਹ ਸਿਰਫ਼ ਨਰਿੰਦਰ ਮੋਦੀ ਸਦਕੇ ਹੀ ਹੋਇਆ ਹੈ।
ਇਸ ਸਾਰੀ ਪ੍ਰਾਪਤੀ ਨੂੰ ਹਿੰਦੂ ਮਨਾਂ ਵਿਚੋਂ ਕੱਢਣ ਵਾਸਤੇ ‘ਆਪ’ ਜਿਹੜਾ ‘ਹਿੰਦੂਤਵਾ’ ਪੇਸ਼ ਰਹੀ ਹੈ, ਉਸ ਨਾਲ ਭਾਜਪਾ ਨੂੰ ਖ਼ਰਾਸ਼ ਤਕ ਵੀ ਨਹੀਂ ਆਈ। ਪਰ ਇਸ ਨਾਲ ‘ਆਪ’ ਦੇ ਸ਼ਾਸਨ ਦੀ ਛਵੀ ਨੂੰ ਜ਼ਰੂਰ ਸੱਟ ਲੱਗੇਗੀ ਕਿਉਂਕਿ ਜੋ ਲੋਕ ‘ਆਪ’ ਪਾਰਟੀ ਤੋਂ ਧਰਮ ਨਿਰਪੱਖ ਰਾਜਨੀਤੀ ਦੀ ਆਸ ਰੱਖ ਰਹੇ ਸਨ, ਉਹ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਨਿਰਾਸ਼ ਹੋ ਰਹੇ ਹਨ। ਜਦ ਉਹ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਨੋਟਾਂ ਉਤੇ ਸਜਾਉਣ ਦੀ ਗੱਲ ਕਰਨਗੇ, ਫਿਰ ਘੱਟ ਗਿਣਤੀ ਵਾਲੇ ਵੀ ਸਵਾਲ ਪੁਛਣਗੇ ਕਿ ਤੁਸੀ ਸਾਡੇ ਮਹਾਂਪੁਰਸ਼ਾਂ ਪ੍ਰਤੀ ਕੀ ਵਿਚਾਰ ਰਖਦੇ ਹੋ?
‘ਆਪ’ ਇਸ ਸਮੇਂ ਪੰਜਾਬ ਵਿਚ ਸਰਕਾਰ ਚਲਾ ਰਹੀ ਹੈ ਤੇ ਪੰਜਾਬ ਇਕ ਸਿੱਖ ਸੂਬਾ ਹੈ। ਜਦ ‘ਆਪ’ ਪਾਰਟੀ ਦੇ ਸਿੱਖ ਚਿਹਰੇ ਧਰਮ ਦੀ ਸਿਆਸਤ ਵਿਚ ਭਾਰਤ ਨੂੰ ਹਿੰਦੂ ਦੇਸ਼ ਮੰਣਨਗੇ ਤਾਂ ਪੰਜਾਬ ਵਿਚ ਉਨ੍ਹਾਂ ਦੀਆਂ ਮੁਸੀਬਤਾਂ ਵੱਧ ਜਾਣਗੀਆਂ। ‘ਆਪ’ ਇਕ ਪੜ੍ਹੇ ਲਿਖੇ ਨੌਜਵਾਨ ਵਰਗ ਦੀ ਪਾਰਟੀ ਹੈ ਜਿਸ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਆਰਥਕਤਾ ਵਿਚ ਆਏ ਨਿਘਾਰ ਦਾ ਹੱਲ ਕੱਢੇ।
‘ਆਪ’ ਤੇ ਭਾਜਪਾ ਦੇ ਟਕਰਾਅ ਵਿਚ ਕਾਂਗਰਸੀ ਐਮ.ਪੀ. ਮਨੀਸ਼ ਤਿਵਾੜੀ ਨੇ ਸੁਝਾਅ ਦਿਤਾ ਹੈ ਕਿ ਕਿਉਂ ਨਾ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਦਫ਼ਤਰਾਂ ਵਿਚ ਲਗਾਈ ਜਾਵੇ ਜੋ ਕਿ ਅਹਿੰਸਾ ਤੇ ਸੰਵਿਧਾਨ ਦੇ ਅਲੰਬਰਦਾਰ ਸਨ। ਪਰ ਅਫ਼ਸੋਸ ਇਹ ਅੱਜ ਦੇ ਭਾਰਤ ਦੀ ਸੋਚ ਨਹੀਂ ਹੈ। ਅੱਜ ਭਾਰਤ ਦੇ ਸੰਵਿਧਾਨ ਨੂੰ ਸੋਚ ਜਾਂ ਕਰਮ ਵਿਚ ਬਿਲਕੁਲ ਵੀ ਅਪਣਾਇਆ ਨਹੀਂ ਜਾਂਦਾ। ਸਾਡਾ ਸੰਵਿਧਾਨ ਕਿਸੇ ਧਰਮ ਦੀ ਗੱਲ ਨਹੀਂ ਕਰਦਾ ਤੇ ਇਹ ਇਕ ਸੋਚਿਆ ਸਮਝਿਆ ਤੇ ਵਿਚਾਰਿਆ ਫ਼ੈਸਲਾ ਸੀ ਕਿ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦੇ ਰਾਹ ਦਾ ਰਾਹੀ ਬਣੇਗਾ।
ਪਰ ਅੱਜ ਨਾ ਤਾਂ ਧਰਮ ਨਿਰਪੱਖਤਾ ਹੀ ਬੱਚ ਸਕੀ ਹੈ ਤੇ ਨਾ ਹੀ ਅਹਿੰਸਾ। ਸਾਡੇ ਸਿਆਸਤਦਾਨ ਸਿਆਸੀ ਮੰਚਾਂ ਤੋਂ ਜਦ ਖੁਲੇਆਮ ਹਿੰਸਾ ਤੇ ਨਫ਼ਰਤ ਦਾ ਪ੍ਰਚਾਰ ਕਰਦੇ ਹਨ ਤਾਂ ਫਿਰ ਅਸੀ ਹੁਣ ਅਪਣੇ ਆਪ ਨੂੰ ਅਹਿੰਸਾ ਦੇ ਸੱਚੇ ਪ੍ਰਚਾਰਕਾਂ ਦੇ ਵਾਰਸ ਨਹੀਂ ਅਖਵਾ ਸਕਦੇ। ਪਰ ਸਵਾਲ ਇਹੀ ਹੈ ਕਿ ਜੇ ਹੁਣ ਸਾਰੀਆਂ ਪਾਰਟੀਆਂ ਦੇ ਸਿੱਖ ਆਗੂ ਵੀ ਹਿੰਦੂੁ ਧਰਮ ਦੇ ਪ੍ਰਚਾਰਕ ਬਣ ਰਹੇ ਹਨ ਤਾਂ ਫਿਰ ਘੱਟ ਗਿਣਤੀਆਂ ਦੇ ਆਗੂ ਕਿਥੋਂ ਲੱਭਣਗੇ?
-ਨਿਮਰਤ ਕੌਰ