Editorial: ਪੀ.ਟੀ.ਆਈ ਵਲੋਂ ਬੁੱਧਵਾਰ ਸਵੇਰੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਹਕੂਮਤ, ਨਿਰਦੋਸ਼ ਤੇ ਨਿਹੱਥੇ ਲੋਕਾਂ ਦੀਆਂ ਜਾਨਾਂ ਲੈਣ ’ਤੇ ਤੁਲੀ ਹੋਈ ਸੀ
Editorial: ਪਾਕਿਸਤਾਨੀ ਰਾਜਧਾਨੀ ਇਸਲਾਮਾਬਾਦ ਦੀਆਂ ਸੜਕਾਂ ਉੱਤੇ ਅਮਨ-ਚੈਨ ਪਰਤ ਆਇਆ ਹੈ। ਅਜਿਹਾ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ) ਵਲੋਂ ਅਪਣਾ ਧਰਨਾ ਮੁਅੱਤਲ ਕਰਨ ਤੇ ਧਰਨਾਕਾਰੀਆਂ ਨੂੰ ਫ਼ਿਲਹਾਲ ਘਰੋਂ-ਘਰੀਂ ਪਰਤਣ ਦੇ ਐਲਾਨ ਮਗਰੋਂ ਸੰਭਵ ਹੋਇਆ। ਇਹ ਐਲਾਨ ਮੰਗਲ ਤੇ ਬੁੱਧਵਾਰ (26 ਤੇ 27 ਨਵੰਬਰ) ਦੀ ਦਰਮਿਆਨੀ ਰਾਤ ਦੌਰਾਨ ਇਕ-ਡੇਢ ਵਜੇ ਦੇ ਆਸ-ਪਾਸ ਕੀਤਾ ਗਿਆ।
ਪੀ.ਟੀ.ਆਈ ਵਲੋਂ ਬੁੱਧਵਾਰ ਸਵੇਰੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਹਕੂਮਤ, ਨਿਰਦੋਸ਼ ਤੇ ਨਿਹੱਥੇ ਲੋਕਾਂ ਦੀਆਂ ਜਾਨਾਂ ਲੈਣ ’ਤੇ ਤੁਲੀ ਹੋਈ ਸੀ, ਇਸ ਦੇ ਮੱਦੇਨਜ਼ਰ ਪਾਰਟੀ ਦੇ ਸਰਬਰਾਹ ਇਮਰਾਨ ਖ਼ਾਨ ਨਾਲ ਮਸ਼ਵਰੇ ਤੋਂ ਬਾਅਦ ਜੱਦੋਜਹਿਦ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ।
ਪਰ ਬਾਅਦ ਵਿਚ ਕੁੱਝ ਪਾਰਟੀ ਆਗੂਆਂ, ਖ਼ਾਸ ਕਰ ਕੇ ਅਲੀ ਆਮੀਨ ਗੰਡਾਪੁਰ ਨੇ ਮਨਸ਼ੇਰਾ ਵਿਚ ਕਿਹਾ ਕਿ ਜਦੋਜਹਿਦ ਅਜੇ ਵੀ ਜਾਰੀ ਹੈ। ਦੂਜੇ ਪਾਸੇ, ਪਾਕਿਸਤਾਨ ਸਰਕਾਰ, ਖ਼ਾਸ ਕਰ ਕੇ ਅੰਦਰੂਨੀ ਸੁਰੱਖਿਆ ਮੰਤਰੀ ਮੋਹਸਿਨ ਨਕਵੀ ਨੇ ਦਾਅਵਾ ਕੀਤਾ ਕਿ ‘‘ਸਰਕਾਰ ਵਲੋਂ ਅਪਣਾਏ ਸਖ਼ਤ ਰੁਖ਼ ਦੇ ਕਾਰਨ ਹੀ ਬੁਸ਼ਰਾ ਬੀਬੀ (ਇਮਰਾਨ ਦੀ ਬੀਵੀ) ਤੇ ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਰਾਤੋਂ-ਰਾਤ ਖਿਸਕ ਜਾਣਾ ਵਾਜਬ ਸਮਝਿਆ।’’
ਪਾਕਿਸਤਾਨੀ ਮੀਡੀਆ ਅਨੁਸਾਰ ਸੋਮਵਾਰ ਰਾਤੀਂ ਪੀ.ਟੀ.ਆਈ. ਦੇ ਸਮਰਥਕਾਂ ਦੇ ਇਸਲਾਮਾਬਾਦ ਵਿਚ ਜਬਰੀ ਦਾਖ਼ਲੇ ਤੇ ਹਿੰਸਕ ਕਾਰਵਾਈਆਂ ਦੌਰਾਨ ਪੁਲੀਸ ਫਾਇਰਿੰਗ ਨਾਲ ਦੋ ਮੌਤਾਂ ਅਤੇ 50 ਦੇ ਕਰੀਬ ਲੋਕ ਜ਼ਖ਼ਮੀ ਹੋਣ ਵਾਲੀ ਸਥਿਤੀ ਤੋਂ ਬਾਅਦ ਬੁਸ਼ਰਾ ਬੀਬੀ ਤੇ ਹੋਰ ਪੀ.ਟੀ.ਆਈ ਲੀਡਰਾਂ ਦੀਆਂ ਇਮਰਾਨ ਨਾਲ ਅਡਿਆਲਾ ਜੇਲ੍ਹ ਵਿਚ ਦੋ ਮੀਟਿੰਗਾਂ ਹੋਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਤੈਅ ਹੋ ਗਿਆ ਸੀ ਕਿ ‘‘ਜੇਕਰ ਸਰਕਾਰ ਖ਼ੂਨ-ਖ਼ਰਾਬੇ ਵਾਲਾ ਰੁਖ਼ ਅਪਣਾਉਂਦੀ ਹੈ ਤਾਂ ਇਨਸਾਫ਼ ਲਈ ਜੱਦੋਜਹਿਦ ਇਕ ਵਾਰ ਰੋਕ ਦਿੱਤੀ ਜਾਵੇ।’’
ਇਸ ਫ਼ੈਸਲੇ ਬਾਰੇ ਰਸਮੀ ਐਲਾਨ, ਸਰਕਾਰ ਵਲੋਂ ਕੌਮੀ ਰਾਜਧਾਨੀ ਵਿਚ ਫ਼ੌਜ ਤਾਇਨਾਤ ਕੀਤੇ ਜਾਣ ਅਤੇ ‘‘ਦੇਖਦਿਆਂ ਹੀ ਗੋਲੀ ਮਾਰਨ’’ ਦਾ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ। ਇਹ ਵੀ ਮੰਨਿਆ ਜਾਂਦਾ ਹੈ ਕਿ ਉਪਰੋਕਤ ਐਲਾਨ ਤੋਂ ਪਹਿਲਾਂ ਹੀ ਪੀ.ਟੀ.ਆਈ ਦੇ ਹਮਾਇਤੀ ਹਵਾ ਦਾ ਰੁਖ਼ ਦੇਖ ਚੁੱਕੇ ਸਨ ਅਤੇ ਘਰੋਂ ਘਰੀਂ ਪਰਤਣੇ ਸ਼ੁਰੂ ਹੋ ਗਏ ਸਨ। ਰਸਮੀ ਐਲਾਨ ਤੋਂ ਬਾਅਦ ਤਾਂ ਸੜਕਾਂ ਖ਼ਾਲੀ ਹੁੰਦਿਆਂ ਅੱਧੇ ਘੰਟੇ ਦਾ ਸਮਾਂ ਵੀ ਨਹੀਂ ਲੱਗਿਆ।
ਅੰਦੋਲਨ ਖ਼ਤਮ ਹੋਣ ਤੋਂ ਬਾਅਦ ਆਮ ਨਾਗਰਿਕਾਂ ਨੂੰ ਸੁਖ ਦਾ ਸਾਹ ਆਉਣਾ ਸੁਭਾਵਿਕ ਹੈ। ਪਹਿਲਾਂ ਹੀ ਇਹ ਅੰਦੋਲਨ ਘੱਟੋਘੱਟ 6 ਜਾਨਾਂ ਲੈ ਚੁੱਕਾ ਸੀ। ਸਰਕਾਰ ਦਾ ਕਹਿਣਾ ਹੈ ਕਿ ਦੋ ਮੌਤਾਂ ਸੋਮ-ਮੰਗਲ ਦੀ ਰਾਤ ਪੁਲੀਸ ਐਕਸ਼ਨ ਦੌਰਾਨ ਹੋਈਆਂ ਜਦਕਿ ਪੀ.ਟੀ.ਆਈ ਸਮਰਥਕਾਂ ਦੀ ਹਿੰਸਾ ਨੇ ਤਿੰਨ ਰੇਂਜਰਾਂ ਤੇ ਪੰਜਾਬ ਪੁਲੀਸ ਦੇ ਇਕ ਹਵਲਦਾਰ ਦੀਆਂ ਜਾਨਾਂ ਲੈ ਲਈਆਂ।
ਪਾਕਿਸਤਾਨ ਰੇਂਜਰਜ਼ ਇਕ ਨੀਮ-ਫ਼ੌਜੀ ਬਲ ਹੈ ਜੋ ਮੁੱਖ ਤੌਰ ’ਤੇ ਭਾਰਤ-ਪਾਕਿ ਸੀਮਾ ਅਤੇ ਪਾਕਿ-ਇਰਾਨ ਸਰਹੱਦ ’ਤੇ ਰਹਿੰਦਾ ਹੈ। ਪਰ ਵਿਸਫ਼ੋਟਕ ਸੂਰਤੇਹਾਲ ਪੈਦਾ ਹੋਣ ’ਤੇ ਇਸ ਨੂੰ ਪੁਲੀਸ ਦੀ ਮਦਦ ਲਈ ਪੂਰੇ ਮੁਲਕ ਵਿਚ ਕਿਤੇ ਵੀ ਬੀੜ ਦਿੱਤਾ ਜਾਂਦਾ ਹੈ। ਤਿੰਨਾਂ ਰੇਂਜਰਾਂ ਦੀ ਮੌਤ ਇਸਲਾਮਾਬਾਦ ਤੋਂ ਸ਼ੁਰੂ ਹੁੰਦੇ ਸ੍ਰੀਨਗਰ ਸ਼ਾਹਰਾਹ ’ਤੇ ਇਕ ਐਸ.ਯੂ.ਵੀ. ਵਲੋਂ ਕੁਚਲੇ ਜਾਣ ਕਾਰਨ ਹੋਈ। ਸਰਕਾਰ ਨੇ ਇਸ ਹਾਦਸੇ ਤੋਂ ਬਾਅਦ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਕਿ ਐਸ.ਯੂ.ਵੀ. ਚਾਲਕ ਪੀ.ਟੀ.ਆਈ ਦਾ ਹਮਾਇਤੀ ਹੈ ਅਤੇ ਉਸ ਨੇ ਅਪਣੀ ਗੱਡੀ ਜਾਣ-ਬੁੱਝ ਕੇ ਰੇਂਜਰਾਂ ਉੱਤੇ ਚੜ੍ਹਾਈ।
ਦੂਜੇ ਪਾਸੇ, ਪੀ.ਟੀ.ਆਈ ਦਾ ਪੱਖ ਹੈ ਕਿ ਤਿੰਨੋਂ ਰੇਂਜਰ ਸੜਕ ’ਤੇ ਘੁੱਪ ਹਨੇਰੇ ਕਾਰਨ ਮੰਦਭਾਗੇ ਸੜਕ ਹਾਦਸੇ ਦਾ ਸ਼ਿਕਾਰ ਹੋਏ, ਜਾਣ-ਬੁੱਝ ਕੇ ਨਹੀਂ ਮਾਰੇ ਗਏ। ਦਰਅਸਲ, ਇਹ ਘਟਨਾ ਸਰਕਾਰ ਨੂੰ ਖ਼ੂਬ ਰਾਸ ਆਈ ਅਤੇ ਉਸ ਨੂੰ ਧਰਨਾਕਾਰੀਆਂ ਖ਼ਿਲਾਫ਼ ਲਾਠੀ-ਗੋਲੀ ਖੁਲ੍ਹ ਕੇ ਵਰਤਣ ਦਾ ਬਹਾਨਾ ਮਿਲ ਗਿਆ।
ਪੀ.ਟੀ.ਆਈ. ਨੇ ਇਸਲਾਮਾਬਾਦ ਵਲ ਰਾਸ਼ਟਰ-ਵਿਆਪੀ ਰੋਸ ਮਾਰਚ ਇਮਰਾਨ ਖ਼ਾਨ ਦੀ ਫ਼ੌਰੀ ਰਿਹਾਈ ਸਮੇਤ ਚਾਰ ਮੁੱਖ ਮੰਗਾਂ ਮੰਨਵਾਉਣ ਲਈ ਅਰੰਭਿਆ ਸੀ। ਬਾਕੀ ਦੀਆਂ ਤਿੰਨ ਮੰਗਾਂ ਵਿਚ 2024 ਦੀਆਂ ਚੋਣਾਂ ਵਿਚ ਪੀ.ਟੀ.ਆਈ. ਨੂੰ ਮਿਲੇ ਲੋਕ ਫ਼ਤਵੇ ਦੀ ਬਹਾਲੀ ਅਤੇ ਸੁਪਰੀਮ ਕੋਰਟ ਦੀ ਬਣਤਰ ਵਿਚ ਕੀਤੀਆਂ ਗਈਆਂ ਤਰਮੀਮਾਂ ਰੱਦ ਕੀਤੇ ਜਾਣਾ ਸ਼ਾਮਲ ਸੀ।
ਪਰ ਹੁਣ ਵਾਲੀ ਸਥਿਤੀ ਦੇ ਮੱਦੇਨਜ਼ਰ ਇਹੋ ਜਾਪਦਾ ਹੈ ਕਿ ਇਸ ਪਾਰਟੀ ਨੇ ਅਪਣੇ ਸਿਰ ਆਪ ਹੀ ਗੋਲ (ਸੈਲਫ਼ ਗੋਲ) ਕਰ ਲਿਆ ਹੈ। ਉਸ ਦੇ ਹਮਾਇਤੀਆਂ ਦੀ ਹਿੰਸਾ ਨੇ ਸਰਕਾਰ ਨੂੰ ਹੋਰ ਕਰੜਾਈ ਵਰਤਣ ਦਾ ਬਹਾਨਾ ਦੇ ਦਿੱਤਾ ਹੈ। ਉਂਜ, ਇਹ ਵੀ ਚਰਚਾ ਹੈ ਕਿ ਮੰਗਲਵਾਰ ਰਾਤੀਂ ਫ਼ੌਜ ਨੇ ਇਮਰਾਨ ਨੂੰ ਕੁੱਝ ਰਿਆਇਤਾਂ ਦੇਣ ਵਰਗੀ ਸੌਦੇਬਾਜ਼ੀ ਕੀਤੀ ਜਿਸ ਕਾਰਨ ਉਹ ਟਕਰਾਅ ਘਟਾਉਣ ਵਾਸਤੇ ਰਾਜ਼ੀ ਹੋ ਗਿਆ। ਬਹਰਹਾਲ, ਜੋ ਕੁੱਝ ਵੀ ਵਾਪਰਿਆ, ਉਸ ਤੋਂ ਪਾਕਿਸਤਾਨ ਵਿਚ ਬਦਅਮਨੀ ਤੇ ਲਾਕਾਨੂੰਨੀ ਵੱਧਣ ਦਾ ਖ਼ਤਰਾ ਇਕ ਵਾਰ ਤਾਂ ਟਲ ਗਿਆ ਹੈ। ਇਹ ਵੀ ਅਪਣੇ ਆਪ ਵਿਚ ਇਕ ਖ਼ੁਸ਼ਗਵਾਰ ਪੇਸ਼ਕਦਮੀ ਹੈ।