ਅਦਾਲਤਾਂ ਜਦ ਕਹਿਣ ਲੱਗ ਜਾਣ ਕਿ ਔਰਤ ਦਾ ਸ੍ਰੀਰਕ ਸ਼ੋਸ਼ਣ ਉਦੋਂ ਹੀ ਸਾਬਤ ਹੁੰਦਾ ਹੈ ਜਦ ਮਰਦ ਦੇ ਹੱਥ ...
Published : Jan 30, 2021, 7:24 am IST
Updated : Jan 30, 2021, 7:24 am IST
SHARE ARTICLE
girl Rape
girl Rape

girl Rape

ਨਵੀਂ ਦਿੱਲੀ: ਜਦ ਮੈਂ ਦਿੱਲੀ ਵਿਚ ਅਪਣੇ ਵਿਦਿਆਰਥੀ ਜੀਵਨ ਦੌਰਾਨ ਐਨਸੀਆਰਟੀ ਦੀ ਪੜ੍ਹਾਈ ਕਰ ਰਹੀ ਸੀ ਤਾਂ ਮੈਨੂੰ ਦਿੱਲੀ ਟਰਾਂਸਪੋਰਟ ਦੀਆਂ ਬਸਾਂ ਵਿਚ ਸਫ਼ਰ ਕਰਨਾ ਪੈਂਦਾ ਸੀ। ਭਰੀ ਹੋਈ ਬੱਸ ਵਿਚ ਇਕ ਵਾਰ ਕਿਸੇ ਮਰਦ ਨੇ ਮੇਰੀ ਕਮਰ ’ਤੇ ਹੱਥ ਰੱਖ ਦਿਤਾ ਤਾਂ ਮੈਂ ਅਪਣੇ ਤਿੱਖੇ ਨਹੁੰਆਂ ਨਾਲ ਉਸ ਦੀ ਬਾਂਹ ਦਾ ਮਾਸ ਨੋਚ ਲਿਆ ਅਤੇ ਉਸ ਦਾ ਖ਼ੂਨ ਕੱਢ ਦਿਤਾ। ਹੋਸਟਲ ਵਾਪਸ ਆ ਕੇ ਮੈਂ ਅਪਣੇ ਆਪ ਨੂੰ ਕਈ ਵਾਰ ਸਾਫ਼ ਕੀਤਾ। ਉਹ ਹਾਦਸਾ ਅੱਜ ਵੀ ਮੈਨੂੰ ਅਪਣੇ ਹੌਸਲੇ ਅਤੇ ਸ਼ਕਤੀ ਦੀ ਯਾਦ ਕਰਾਉਂਦਾ ਹੈ ਅਤੇ ਕਮਰ ’ਤੇ ਉਸ ਦੇ ਹੱਥ ਦੀ ਘਟਨਾ ਇਕ ਮਾੜੇ ਸੁਪਨੇ ਦੀ ਤਰ੍ਹਾਂ ਮੇਰੇ ਦਿਮਾਗ਼ ਵਿਚ ਹਮੇਸ਼ਾ ਬਣੀ ਰਹਿੰਦੀ ਹੈ।

RapeRape

ਕੁਦਰਤ ਨੇ ਚਮੜੀ ਨੂੰ ਇਨਸਾਨਾਂ ਨਾਲ ਐਸਾ ਜੋੜਿਆ ਹੈ ਕਿ ਕਈ ਵਾਰ ਦਹਾਕੇ ਬੀਤ ਜਾਣ ਮਗਰੋਂ ਵੀ ਲਗਦਾ ਹੈ ਕਿ ਜਿਵੇਂ ਉਸੇ ਤਰ੍ਹਾਂ ਕੋਈ ਛੂਹ ਰਿਹਾ ਹੋਵੇ। ਜਦ ਮੇਰਾ ਬੇਟਾ ਪੈਦਾ ਹੋਇਆ ਤਾਂ ਮੈਨੂੰ ਪੂਰੀ ਤਰ੍ਹਾਂ ਬੇਹੋਸ਼ ਕਰਨ ਤੋਂ ਪਹਿਲਾਂ ਡਾਕਟਰ ਨੇ ਉਸ ਦੇ ਨਰਮ ਤੇ ਕੋਮਲ ਪੈਰ ਮੇਰੀ ਗਲ੍ਹ ਨਾਲ ਛੁਹਾ ਦਿਤੇ। ਅੱਜ ਮੇਰਾ ਉਹ ਬੇਟਾ ਜਵਾਨ ਹੋ ਗਿਆ ਹੈ ਪਰ ਮੈਂ ਅੱਖਾਂ ਬੰਦ ਕਰ ਕੇ ਉਸ ਦੇ ਪੈਰਾਂ ਦੀ ਛੋਹ ਨੂੰ ਅੱਜ ਵੀ ਮਹਿਸੂਸ ਕਰ ਸਕਦੀ ਹਾਂ। ਪਰ ਜਦ ਅਖ਼ਬਾਰ ਵਿਚ ਅੱਜ ਇਹ ਪੜਿ੍ਹਆ ਕਿ ਇਕ ਅਦਾਲਤ ਨੇ ਇਹ ਨਿਰਣਾ ਦਿਤਾ ਹੈ ਕਿ ਇਕ 13 ਸਾਲ ਦੀ ਬੱਚੀ ਦਾ ਸਰੀਰਕ ਸ਼ੋਸ਼ਣ ਹੋਇਆ ਇਸ ਲਈ ਨਹੀਂ ਮੰਨਿਆ ਜਾ ਸਕਦਾ ਕਿ ਇਕ 39 ਸਾਲ ਦੇ ਮਰਦ ਨੇ ਉਸ ਦੇ ਕਪੜੇ ਉਤਾਰਨ ਦਾ ਯਤਨ ਤਾਂ ਕੀਤਾ ਸੀ ਪਰ ਅਜਿਹਾ ਕਰਨ ਵਿਚ ਉਹ ਸਫ਼ਲ ਨਹੀਂ ਸੀ ਹੋਇਆ।

RAPERAPE

ਸੋ ਅਦਾਲਤ ਦਾ ਤਰਕ ਹੈ ਕਿ ਭਾਵੇਂ ਉਸ ਮਰਦ ਦਾ ਸਰੀਰਕ ਸ਼ੋਸ਼ਣ ਕਰਨ ਦਾ ਇਰਾਦਾ ਤਾਂ ਸੀ ਤੇ ਇਸੇ ਲਈ ਉਹ ਬੱਚੀ ਦੇ ਅੰਦਰੂਨੀ ਕਪੜੇ ਉਤਾਰਨ ਲੱਗਾ ਸੀ ਪਰ  ਕਿਉਂਕਿ ਉਸ ਮਰਦ ਦੇ ਹੱਥ ਉਸ ਬੱਚੀ ਦੀ ਚਮੜੀ ’ਤੇ ਨਹੀਂ ਸਨ ਲੱਗੇ ਤੇ ਕੱਛੀ ਨੂੰ ਹੀ ਲੱਗੇ, ਇਸ ਲਈ ਸ੍ਰੀਰਕ ਸ਼ੋਸ਼ਣ ਨਹੀਂ ਹੋਇਆ। ਇਕ ਲੜਕੀ ਦਾ ਅੰਦਰੂਨੀ ਕਪੜਾ (ਅੰਡਰਵੇਅਰ) ਇਕ ਹੈਲਮਟ ਵਾਂਗ ਹੈ ਜਿਸ ਵਿਚੋਂ ਕੁੱਝ ਮਹਿਸੂਸ ਨਹੀਂ ਹੁੰਦਾ? ਜੇ ਕਤਲ ਦਾ ਇਰਾਦਾ ਤੇ ਕੋਸ਼ਿਸ਼ ਵੀ ਜੁਰਮ ਹੈ ਤਾਂ ਮੰਦੇ ਇਰਾਦੇ ਨਾਲ ਔਰਤ ਵਲ ਵਧਣ, ਛੂਹਣ ਅਤੇ ਨਿਰਵਸਤਰ ਕਰਨ ਦੀ ਕੋਸ਼ਿਸ਼ ਜੁਰਮ ਕਿਉਂ ਨਹੀਂ? ਡਰ, ਖ਼ੌਫ਼ ਤੇ ਸ਼ਰਮ ਨਾਲ ਇਕ ਹਵਸੀ ਬੰਦੇ ਦੇ ਹੱਥ ਕਪੜਿਆਂ ਵਿਚ ਲਿਪਟੀ ਉਸ ਬੱਚੀ ਦੇ ਦਿਲ ਤੇ ਦਿਮਾਗ਼ ਉਤੇ ਕਿੰਨਾ ਭੈੜਾ ਅਸਰ ਛੱਡ ਗਏ ਹੋਣਗੇ, ਇਸ ਬਾਰੇ ਸੋਚ ਕੇ ਹੀ ਘਬਰਾਹਟ ਹੋ ਜਾਂਦੀ ਹੈ। ਸ਼ਰਮ ਆਉਂਦੀ ਹੈ ਜਦੋਂ ਇਕ ਜੱਜ, ਨਿਆਂ ਪਾਲਿਕਾ ਦੀ ਕੁਰਸੀ ’ਤੇ ਬੈਠ ਕੇ ਅਜਿਹੇ ਸ਼ਬਦ ਬੋਲਦਾ ਹੈ। ਭਾਵੇਂ ਉੱਚ ਅਦਾਲਤ ਵਲੋਂ ਇਸ ਫ਼ੈਸਲੇ ’ਤੇ ਰੋਕ ਲਗਾ ਦਿਤੀ ਗਈ ਹੈ ਪਰ ਸੋਚਣਾ ਪਵੇਗਾ ਕਿ ਆਖ਼ਰ ਇਹ ਸੋਚ ਕਦੋਂ ਬਦਲੇਗੀ?

rape caserape case

ਜੋ ਲੋਕ ਇਸ ਗੱਲ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਮੈਂ ਖ਼ੁਦ ਇਕ ਔਰਤ ਹੋਣ ਦੇ ਨਾਤੇ, ਔਰਤ ਦਾ ਪੱਖ ਸਮਝਾਉਣ ਦਾ ਯਤਨ ਕਰ ਰਹੀ ਹਾਂ। ਜਿਸ ਤਰ੍ਹਾਂ ਇਸ ਸਮਾਜ ਵਿਚ ਬੱਚੀਆਂ ਦਾ ਪਾਲਣ ਪੋਸਣ ਹੁੰਦਾ ਹੈ, ਅਸੀ ਅਪਣੇ ਜਿਸਮ ਨੂੰ ਇਕ ਖ਼ਜ਼ਾਨੇ ਵਾਂਗ ਲੈਂਦੇ ਹਾਂ, ਜਿਸ ਨੂੰ ਅਸੀ ਸੰਭਾਲ ਕੇ ਰਖਣਾ ਹੁੰਦਾ ਹੈ। ਔਰਤ ਦਾ ਜਿਸਮ ਐਸਾ ਖ਼ਜ਼ਾਨਾ ਹੁੰਦਾ ਹੈ ਜਿਹੜਾ ਅੱਖਾਂ ਨਾਲ ਵੀ ਮੈਲਾ ਹੋ ਜਾਂਦਾ ਹੈ ਕਿਉਂਕਿ ਭਾਰਤੀ ਔਰਤ ਦੁਪੱਟੇ, ਸਲਵਾਰਾਂ, ਪਰਦੇ ਅਤੇ ਘੁੰਡ ਵਿਚ ਹੀ ਡੱਕੀ ਰਹੀ ਹੈ। ਉਹ ਹੌਲੀ ਹੌਲੀ ਬਾਹਰ ਨਿਕਲ ਰਹੀ ਹੈ ਪਰ ਅੱਜ ਵੀ ਅਪਣੇ ਰਵਾਇਤੀ ਸੁਰੱਖਿਆ ਕਵਚ ਬਿਨਾਂ ਪਰ ਅੱਧ-ਨੰਗੀ ਹੀ ਮਹਿਸੂਸ ਕਰਦੀ ਹੈ। ਪਰ ਦਲੇਰ ਔਰਤਾਂ ਕੁੱਝ ਕਦਮ ਅੱਗੇ ਵਧ ਕੇ ਅਪਣੇ ਜਿਸਮ ਨੂੰ ਮਰਦਾਂ ਵਾਂਗ ਖੁਲ੍ਹੀ ਹਵਾ ਲੈਣ ਦੇਂਦੀਆਂ ਹਨ। ਮਾਵਾਂ ਭਾਵੇਂ ਆਪ ਸਾਰੀਆਂ ਸੂਟਾਂ ਵਿਚ ਲਿਪਟੀਆਂ ਰਹਿੰਦੀਆਂ ਹਨ ਪਰ ਅਪਣੀਆਂ ਬੱਚੀਆਂ ਨੂੰ ਫ਼ਰਾਕਾਂ ਪੁਆ ਕੇ ਖੁਲ੍ਹੀ ਹਵਾ ਲੈਣ ਦੇਂਦੀਆਂ ਹਨ।

Rape with 3 year old girlRape 

ਪਰ ਨਾਲ ਨਾਲ ਇਹ ਸਿਖਿਆ ਵੀ ਹਰ ਬੱਚੀ ਨੂੰ ਮਿਲਦੀ ਹੈ ਕਿ ਤੂੰ ਅਪਣੇ ਆਪ ਨੂੰ ਸੰਭਾਲ ਕੇ ਰਖਣਾ ਹੈ ਤੇ ਕਿਸੇ ਨੂੰ ਜ਼ਿਆਦਾ ਨੇੜੇ ਨਹੀਂ ਆਉਣ ਦੇਣਾ। ਸ਼ਾਇਦ ਹੀ ਕੋਈ ਐਸੀ ਔਰਤ ਹੋਵੇਗੀ ਜਿਸ ਦੇ ਮਨ ਵਿਚ ਅਣਚਾਹੀ ਨਜ਼ਰ ਜਾਂ ਅਣਚਾਹੀ ਛੋਹ ਪ੍ਰਤੀ ਘਿਰਣਾ ਜਾਂ ਖ਼ੌਫ਼ ਨਾ ਹੋਵੇ। ਜਿਹੜੀਆਂ ਔਰਤਾਂ ਅਪਣੇ ਜਿਸਮ ਦਾ ਵਪਾਰ ਵੀ ਕਰਦੀਆਂ ਹਨ, ਉਹ ਅਪਣੀ ਮਜਬੂਰੀ ਕਾਰਨ ਅਪਣੀ ਰੂਹ ਨੂੰ ਮਾਰਦੀਆਂ ਹਨ ਅਤੇ ਰਾਤ ਨੂੰ ਉਹ ਵੀ, ਮੌਕਾ ਮਿਲਣ ’ਤੇ, ਅਪਣੇ ਆਪ ਨੂੰ ਧੋ ਪੂੰਝ ਕੇ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਜ਼ਰੂਰ ਕਰਦੀਆਂ ਹਨ। ਔਰਤ ਨੂੰ ਪਿਆਰ ਵਿਚ ਪਾਲਿਆ ਜਾਂਦਾ ਹੈ। ਆਖਿਆ ਤਾਂ ਇਹ ਜਾਂਦਾ ਹੈ ਕਿ ਔਰਤ ਪਿਆਰ ਲਈ ਰੱਬ ਵਲੋਂ ਬਣਾਈ ਖ਼ੂਬਸੂਰਤੀ, ਸਹਿਣਸ਼ੀਲਤਾ ਤੇ ਤਿਆਗ ਦੀ ਮੂਰਤ ਹੈ।

4-year-old girl Rapegirl Rape

ਜਦ ਐਸੇ ਪਾਲਣ ਪੋਸ਼ਣ ਤੋਂ ਬਾਅਦ  ਜਾਣੇ ਅਣਜਾਣੇ ਹੱਥ ਤੇ ਅੱਖਾਂ ਸਰੀਰ ਨੂੰ ਨੋਚਣ ਲਈ ਮੰਦ ਇਰਾਦੇ ਨਾਲ, ਇਕ ਬਦਮਾਸ਼ ਛੋਹ ਲਈ ਔਰਤ ਵਲ ਵਧਦੀਆਂ ਹਨ ਤਾਂ ਉਹ ਠੇਸ ਜ਼ਿੰਦਗੀ ਭਰ ਲਈ ਦਿਲ ਵਿਚ ਵਸ ਜਾਂਦੀ ਹੈ। ਅੱਜ ਦੀ ਆਧੁਨਿਕ ਤਰੱਕੀ ਦੇ ਦੌਰ ਵਿਚ ਵੀ ਇਕ ਜੱਜ 13 ਸਾਲ ਦੀ ਬੱਚੀ ਦੇ ਡਰ ਅਤੇ ਦਰਦ ਨੂੰ ਸਮਝ ਨਹੀਂ ਸਕਦਾ ਅਤੇ ਉਸ ਦੀ ਪੀੜ ਨੂੰ ਨਿਆਂ ਨਹੀਂ ਦੇ ਸਕਦਾ ਤਾਂ ਫਿਰ ਇਹੀ ਸੋਚਣਾ ਬਣਦਾ ਹੈ ਕਿ ਕੀ ਸਾਡੀ ਤਰੱਕੀ ਸੱਚੀ ਮੁੱਚੀ ਹੋਈ ਵੀ ਹੈ? ਉਸ ਪੜ੍ਹਾਈ ਦਾ ਕੀ ਫ਼ਾਇਦਾ ਜੋ ਤੁਹਾਡੇ ਦਿਮਾਗ ਨੂੰ ਇੰਨੀ ਛੋਟੀ ਸੋਚ ਦੀ ਕੈਦ ’ਚੋਂ ਬਾਹਰ ਨਾ ਨਿਕਲਣ ਦੇਵੇ? ਫਿਰ ਕਿਉਂ ਨਾ ਮਾਪੇ ਅਪਣੀਆਂ ਬਚੀਆਂ ਨੂੰ ਕੁੱਖਾਂ ਵਿਚ ਹੀ ਮਾਰਨ ਜਦ ਇਸ ਤਰ੍ਹਾਂ ਦੇ ਸ਼ਬਦ ਦੇਸ਼ ਦੀਆਂ ਵੱਡੀਆਂ ਅਦਾਲਤਾਂ ’ਚੋਂ ਸੁਣਾਈ ਦੇਣ ਲੱਗ ਪੈਣ? ਇਸ ਫ਼ੈਸਲੇ ਨਾਲ ਉਸ ਬੱਚੀ ’ਤੇ ਕੀ ਬੀਤ ਰਹੀ ਹੋਵੇਗੀ? ਹੁਣ ਦੱਸੋ ਕਿ ਵੱਡਾ ਕਸੂਰਵਾਰ ਉਹ 39 ਸਾਲ ਦਾ ਹਵਸ ਮਾਰਿਆ ਮਰਦ ਹੈ ਜਾਂ ਨਿਆਂ ਪਾਲਿਕਾ ਦੇ ਬੈਂਚਾਂ ਤੇ ਬੈਠੇ ਕੁੱਝ ਜੱਜ?
                                                                                                                              ਨਿਮਰਤ ਕੌਰ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement