ਕਿਸੇ ਔਰਤ ਨੂੰ ਮੌਕਾ ਦਿਉ ਭਾਰਤ ਨੂੰ ਮੋਦੀ, ਨਿਤੀਸ਼ ਤੇ ਰਾਹੁਲ ਨਾਲੋਂ ਜ਼ਿਆਦਾ ਚੰਗੀ ਅਗਵਾਈ ਦੇ ਸਕੇਗੀ!
Published : Aug 4, 2017, 5:50 pm IST
Updated : Mar 30, 2018, 4:21 pm IST
SHARE ARTICLE
Mamata Banerjee
Mamata Banerjee

56 ਇੰਚ ਦੀ ਛਾਤੀ ਵੀ ਵੇਖ ਲਈ ਤੇ 40 ਇੰਚ ਦੀ ਪਿੱਠ ਵੀ ਵੇਖ ਲਈ, ਹੁਣ ਕਿਸੇ ਦਾ ਦਿਲ ਵੇਖਣ ਦੀ ਜ਼ਰੂਰਤ ਹੈ ਜੋ ਭਾਰਤ ਦੀ ਵਿਸ਼ਾਲ ਆਬਾਦੀ ਦਾ ਦਰਦ ਸਮਝਦਾ ਹੋਵੇ।


 


ਨਿਤੀਸ਼ ਕੁਮਾਰ ਨੇ 17 ਸਾਲ ਭਾਜਪਾ ਨਾਲ ਕੰਮ ਕੀਤਾ ਪਰ ਕਾਂਗਰਸ ਨਾਲ ਉਨ੍ਹਾਂ ਦੀ 17 ਮਹੀਨੇ ਵੀ ਨਾ ਨਿਭ ਸਕੀ। ਇਹ ਉਹੀ ਨਿਤੀਸ਼ ਕੁਮਾਰ ਹਨ ਜੋ ਪ੍ਰਧਾਨ ਮੰਤਰੀ ਵਿਰੁਧ ਅਪਣੇ ਆਪ ਨੂੰ ਇਕ ਸਰਬ-ਸਾਂਝਾ ਤੇ ਸ਼ਕਤੀਸ਼ਾਲੀ ਉਮੀਦਵਾਰ ਮੰਨਦੇ ਸਨ ਅਤੇ ਸ਼ਾਇਦ ਉਨ੍ਹਾਂ ਅਪਣਾ ਸਾਰਾ ਰਾਜਸੀ ਜੀਵਨ, ਇਸ ਟੀਚੇ ਦੀ ਪ੍ਰਾਪਤੀ ਲਈ ਹੀ ਵਕਫ਼ ਕੀਤਾ ਹੋਇਆ ਸੀ। ਅਪਣੀ ਮੁੱਖ ਮੰਤਰੀ ਦੀ ਕੁਰਸੀ ਨੂੰ ਬਚਾਉਣ ਦੀ ਕੋਸ਼ਿਸ਼, ਸ਼ਾਇਦ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਖ਼ਾਤਮਾ ਸਾਬਤ ਹੋਵੇਗੀ ਪਰ ਇਸ ਤੋਂ ਵੀ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਕਾਂਗਰਸ ਵਿਚ ਕਿਹੜੀਆਂ ਅਜਿਹੀਆਂ ਕਮੀਆਂ ਵੇਖੀਆਂ ਕਿ ਉਨ੍ਹਾਂ ਨੇ ਅਪਣੀ ਸਾਰੀ ਜ਼ਿੰਦਗੀ ਦੇ ਟੀਚੇ ਨੂੰ ਹੀ ਕੁਰਬਾਨ ਕਰ ਦਿਤਾ? ਇਸ ਫ਼ੈਸਲੇ ਪਿਛੇ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਹੱਥ ਵੀ ਮੰਨਿਆ ਜਾਂਦਾ ਹੈ। ਪ੍ਰਸ਼ਾਂਤ ਨੂੰ ਵੀ ਕਾਂਗਰਸ ਨਾਲ ਕੰਮ ਕਰ ਕੇ ਐਨੀ ਮਾਯੂਸੀ ਹੋਈ ਕਿ ਉਹ ਮੁੜ ਭਾਜਪਾ ਦੇ ਦਾਮਨ ਵਿਚ ਵਾਪਸ ਜਾਣ ਨੂੰ ਮਜਬੂਰ ਹੋ ਗਏ। ਜਨਤਾ ਅੱਜ ਸਮਝਦੀ ਹੈ ਕਿ ਦੇਸ਼ ਵਿਚ ਇਕ ਵਖਰੀ ਤਰ੍ਹਾਂ ਦੀ ਐਮਰਜੈਂਸੀ ਚਲ ਰਹੀ ਹੈ ਅਤੇ ਭਾਜਪਾ ਜਾਂ ਪ੍ਰਧਾਨ ਮੰਤਰੀ ਦੇ ਸਾਹਮਣੇ ਖੜੇ ਹੋਣ ਵਾਲਾ ਕੋਈ ਨਹੀਂ ਬਚਿਆ। ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ 100 ਕਰੋੜ ਦੀ ਆਬਾਦੀ ਵਿਚੋਂ ਦੂਜੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਲਾ ਇਕ ਵੀ ਕਾਬਲ ਭਾਰਤੀ ਨਹੀਂ ਰਹਿ ਗਿਆ। ਦੇਸ਼ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਕਦੋਂ ਤਕ ਗਾਂਧੀ ਪ੍ਰਵਾਰ ਪਿੱਛੇ ਅਪਣਾ ਪੂਰਾ ਭਵਿੱਖ ਖ਼ਤਰੇ ਵਿਚ ਪਾਈ ਰਖੇਗੀ?
ਰਾਹੁਲ ਗਾਂਧੀ ਵਿਚ ਬਹੁਤ ਕਾਬਲੀਅਤਾਂ ਹੋਣਗੀਆਂ ਪਰ ਉਨ੍ਹਾਂ ਵਿਚ ਸਿਆਸਤਦਾਨ ਬਣਨ ਦੀ ਕਾਬਲੀਅਤ ਬਿਲਕੁਲ ਨਹੀਂ ਦਿਸਦੀ। ਇਹ ਪੇਸ਼ਾ ਨਿਜੀ ਜੀਵਨ ਦੀ ਕੁਰਬਾਨੀ ਮੰਗਦਾ ਹੈ ਜਿਥੇ ਤੁਹਾਡਾ ਇਕ-ਇਕ ਪਲ ਜਨਤਾ ਨੂੰ ਸਮਰਪਿਤ ਹੁੰਦਾ ਹੈ। ਰਾਜਨੀਤੀ, ਹਫ਼ਤੇ ਦੇ ਪੰਜ ਦਿਨਾਂ ਦੀ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਦੀ ਨੌਕਰੀ ਨਹੀਂ ਤੇ ਰਾਹੁਲ ਵੀ ਪ੍ਰਧਾਨ ਮੰਤਰੀ ਬਣਨ ਵਾਸਤੇ ਸੰਜੀਦਾ ਨਹੀਂ ਲਗਦੇ।
ਕਾਂਗਰਸੀ ਅੱਜ ਅਣਐਲਾਨੀ ਐਮਰਜੈਂਸੀ ਦੀ ਦੁਹਾਈ ਦੇਈ ਜਾ ਰਹੇ ਹਨ ਪਰ ਉਹ ਇਹ ਵੀ ਤਾਂ ਸਵੀਕਾਰ ਕਰਨ ਕਿ ਦੇਸ਼ ਦੀ ਪਹਿਲੀ ਐਂਮਰਜੈਂਸੀ ਲਾਉਣ ਵਾਲੀ ਉਨ੍ਹਾਂ ਦੀ ਚਹੇਤੀ ਇੰਦਰਾ ਗਾਂਧੀ ਹੀ ਸਨ। ਜਿਨ੍ਹਾਂ ਧੱਕਿਆਂ ਬਾਰੇ ਅੱਜ ਉਹ ਉੱਚੀ ਉੱਚੀ ਰੌਲਾ ਪਾ ਰਹੇ ਹਨ, ਭਾਜਪਾ ਨੇ ਉਹ ਪਾਠ ਤਾਂ ਇੰਦਰਾ ਗਾਂਧੀ ਤੋਂ ਹੀ ਸਿਖਿਆ ਸੀ। ਜਿਨ੍ਹਾਂ ਫ਼ਰਜ਼ੀ ਮੁਕਾਬਲਿਆਂ, ਦੰਗਿਆਂ, ਵੱਡੇ ਆਗੂਆਂ ਨੂੰ ਬਖਸ਼ਣ ਦੀ ਪ੍ਰਥਾ ਬਾਰੇ ਅੱਜ ਕਾਂਗਰਸ ਹੰਗਾਮਾ ਕਰ ਰਹੀ ਹੈ, ਉਨ੍ਹਾਂ ਦੀ ਸ਼ੁਰੂਆਤ ਵੀ ਕਾਂਗਰਸ ਨੇ ਹੀ ਕੀਤੀ ਸੀ। ਭਾਰਤੀ ਇਤਿਹਾਸ ਨੂੰ ਤੋੜ ਮਰੋੜ ਕੇ ਕਿਸੇ ਨੂੰ ਵੀ ਅਤਿਵਾਦੀ ਆਖ ਦੇਣ ਵਾਲੀ ਪ੍ਰਥਾ ਇੰਦਰਾ ਗਾਂਧੀ ਨੇ ਹੀ ਸ਼ੁਰੂ ਕੀਤੀ ਸੀ। ਵਿਸ਼ਵ ਇਤਿਹਾਸ ਵਿਚ ਇੰਦਰਾ ਗਾਂਧੀ ਦਾ ਨਾਂ ਹਿਟਲਰ ਦੇ ਨਾਂ ਨਾਲ ਹੀ ਜੋੜਿਆ ਜਾਵੇਗਾ।
ਅੱਜ ਜੇ ਕਾਂਗਰਸ, ਭਾਜਪਾ ਦੇ ਤੌਰ ਤਰੀਕਿਆਂ ਨੂੰ ਲੋਕਤੰਤਰ ਵਿਰੋਧੀ ਮੰਨਦੀ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਅਪਣੇ ਇਤਿਹਾਸ ਦੀ ਸਚਾਈ ਮੰਨਣੀ ਪਵੇਗੀ। ਇੰਦਰਾ ਅਤੇ ਰਾਜੀਵ ਗਾਂਧੀ ਦੀਆਂ ਸਿਫ਼ਤਾਂ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਵੀ ਸਵੀਕਾਰ ਕਰਨਾ ਪਵੇਗਾ। ਮੰਨਣਾ ਪਵੇਗਾ ਕਿ ਗਾਂਧੀ ਪ੍ਰਵਾਰ ਕੋਲੋਂ ਭਾਰਤ ਦੇ ਲੋਕਤੰਤਰ ਵਿਰੁਧ ਗ਼ਲਤੀਆਂ ਹੋਈਆਂ। ਅੱਜ ਜਿਹੜੀ ਕਾਂਗਰਸ ਬਚੀ ਹੋਈ ਨਜ਼ਰ ਆ ਰਹੀ ਹੈ, ਉਹ ਨਰਸਿਮ੍ਹਾ ਰਾਉ ਅਤੇ ਡਾ. ਮਨਮੋਹਨ ਸਿੰਘ ਦੀ ਕਮਾਨ ਹੇਠ ਮੁੜ ਕੇ ਜਨਮੀ ਕਾਂਗਰਸ ਹੈ। ਜੇ ਉਸ ਵੇਲੇ ਕਾਂਗਰਸ, ਗਾਂਧੀ ਪ੍ਰਵਾਰ ਤੋਂ ਬਗ਼ੈਰ ਦੇਸ਼ ਨੂੰ ਵਿਕਾਸ ਦੇ ਰਾਹ ਉਤੇ ਲਿਜਾ ਸਕਦੀ ਸੀ ਤਾਂ ਅੱਜ ਕਿਉਂ ਨਹੀਂ?
ਭਾਰਤ ਦੀ ਜਨਤਾ ਨੂੰ ਅੱਜ ਦੋਵੇਂ ਸਿਆਸੀ ਮਹਾਂਰਥੀ ਸਮਝ ਨਹੀਂ ਪਾ ਰਹੇ। ਕਾਂਗਰਸ ਗਾਂਧੀ ਪ੍ਰਵਾਰ ਨਾਲ ਜੁੜੀ ਹੋਈ ਹੈ ਅਤੇ ਭਾਜਪਾ, ਹਿੰਦੂ ਰਾਜ ਨੂੰ ਸੁਰਜੀਤ ਕਰਨਾ ਚਾਹ ਰਹੀ ਹੈ। ਪਰ ਭਾਜਪਾ ਨੂੰ ਭੁਲ ਗਿਆ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਵੋਟ, ਧਰਮ ਕਰ ਕੇ ਨਹੀਂ, ਬਲਕਿ ਵਿਕਾਸ ਲਈ ਦਿਤੀ ਸੀ। 2019 ਵਿਚ ਲੋਕ ਪੁੱਛਣਗੇ ਕਿ ਕਿਥੇ ਗਿਆ ਕਾਲਾ ਧਨ? ਕਿਥੇ ਗਿਆ ਭ੍ਰਿਸ਼ਟਾਚਾਰ ਦਾ ਸਫ਼ਾਇਆ? ਕੀ ਬਣਾਇਆ ਭਾਰਤ ਵਿਚ? ਕੀ ਵਸਾਇਆ ਕਸ਼ਮੀਰ ਨੂੰ? ਕੀ ਕੀਤਾ ਕਿਸਾਨਾਂ ਵਾਸਤੇ? ਕਿਹੜੀ ਗੰਗਾ ਸਾਫ਼ ਹੋਈ? ਕਿਥੇ ਨੇ ਨਵੀਆਂ ਨੌਕਰੀਆਂ? ਪਟਰੌਲ, ਦਾਲਾਂ ਦੀਆਂ ਕੀਮਤਾਂ... ਕਿੰਨੇ ਹੀ ਅਧੂਰੇ ਵਾਅਦੇ, ਧਾਰਮਕ ਕੱਟੜਪੁਣੇ ਨੂੰ ਲਾਗੂ ਕਰਨ ਲਈ ਕੁਰਬਾਨ ਕੀਤੇ ਜਾ ਰਹੇ ਹਨ। ਅੰਤਮ ਫ਼ੈਸਲਾ ਤਾਂ 2019 ਵਿਚ ਜਨਤਾ ਹੀ ਦੇਵੇਗੀ। ਪਰ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਭਾਰਤੀ ਜਨਤਾ ਦੇ 'ਮਨ ਕੀ ਬਾਤ' ਸਮਝਣ ਦੀ ਜ਼ਰੂਰਤ ਹੈ। ਉਸ ਦੀਆਂ ਲੋੜਾਂ ਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਅਪਣੇ ਵਾਅਦਿਆਂ ਉਤੇ ਖਰੇ ਉਤਰਨ ਦੀ ਜ਼ਰੂਰਤ ਹੈ। 56 ਇੰਚ ਦੀ ਛਾਤੀ ਵੀ ਵੇਖ ਲਈ ਤੇ 40 ਇੰਚ ਦੀ ਪਿੱਠ ਵੀ ਵੇਖ ਲਈ, ਹੁਣ ਕਿਸੇ ਦਾ ਦਿਲ ਵੇਖਣ ਦੀ ਜ਼ਰੂਰਤ ਹੈ ਜੋ ਭਾਰਤ ਦੀ ਵਿਸ਼ਾਲ ਆਬਾਦੀ ਦਾ ਦਰਦ ਸਮਝਦਾ ਹੋਵੇ। ਸ਼ਾਇਦ ਬੰਗਾਲੀ ਦੀਦੀ ਹੀ ਇਸ ਕਾਰਜ ਨੂੰ ਪੂਰੀ ਤਰ੍ਹਾਂ ਨਿਭਾ ਸਕੇ ਕਿਉਂਕਿ ਉਹ ਸਾਫ਼ ਵੀ ਹੈ, ਨਿਡਰ ਵੀ ਹੈ ਤੇ ਦੂਰਅੰਦੇਸ਼ੀ ਵਾਲੀ ਸੋਚ ਵੀ ਰਖਦੀ ਹੈ। ਸ਼ਾਇਦ ਇਕ ਵਾਰ ਫਿਰ ਤੋਂ ਭਾਰਤ ਦੀ ਵਾਗਡੋਰ ਔਰਤ ਦੇ ਹੱਥਾਂ ਵਿਚ ਦੇਣ ਦਾ ਸਮਾਂ ਆ ਗਿਆ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement