
ਇਕ ਪਾਸੇ ਯੂਕਰੇਨ ਨੂੰ ਰੂਸ ਤੋਂ ਬਚਾਉਣ ਵਾਸਤੇ ਸੱਦਾ ਦਿਤਾ ਗਿਆ ਹੈ ਤੇ ਦੂਜੇ ਪਾਸੇ ਇਜ਼ਰਾਈਲ ਨੂੰ ਫ਼ਿਲਸਤੀਨ ਨੂੰ ਤਬਾਹ ਕਰਨ ਵਾਸਤੇ ਹਥਿਆਰ ਦਿਤੇ ਜਾ ਰਹੇ ਹਨ।
Iran-Israel War: ਇਜ਼ਰਾਈਲ ਅਤੇ ਗਾਜ਼ਾ ਵਿਚ ਅਕਤੂਬਰ ਤੋਂ ਚਲ ਰਹੀ ਜੰਗ ਸ਼ਾਇਦ ਰੁਕ ਸਕਦੀ ਹੈ ਜੇ ਹਮਾਸ ਇਜ਼ਰਾਈਲ ਦੇ ਕੈਦੀਆਂ ਨਾਲ ਕੈਦੀਆਂ ਦਾ ਵਟਾਂਦਰਾ ਸਵੀਕਾਰ ਕਰ ਲਵੇ। ਜਿਸ ਤਰ੍ਹਾਂ ਦੇ ਹਾਲਾਤ ਗਾਜ਼ਾ ਵਿਚ ਪਿਛਲੇ ਕੁੱਝ ਮਹੀਨਿਆਂ ਵਿਚ ਬਣ ਚੁੱਕੇ ਹਨ, ਉਨ੍ਹਾਂ ਵਲ ਨਜ਼ਰ ਮਾਰੀਏ ਤਾਂ ਇਜ਼ਰਾਈਲ ਦੀ ਹੈਵਾਨੀਅਤ ਤਾਂ ਸਾਫ਼ ਨਜ਼ਰ ਆ ਜਾਏਗੀ ਪਰ ਨਾਲ ਹੀ ਉਸ ਵਾਸਤੇ ਸਮਰਥਨ ਵੀ ਦੁਨੀਆਂ ਦੇ ਸੱਭ ਤੋਂ ਤਾਕਤਵਰ ਸਿਆਸਤਦਾਨਾਂ ਅੰਦਰ ਵਧਦਾ ਵੇਖ ਰਹੇ ਹਾਂ।
ਜਿਥੇ ਅਮਰੀਕਾ ਦੇ ਰਾਸ਼ਟਰਪਤੀ ਇਜ਼ਰਾਈਲ ਨੂੰ ਸਮਰਥਨ ਦੇਣ ਸਦਕਾ, ਪਹਿਲਾਂ ਹੀ ਅਪਣੀ ਚੋਣ ਹਾਰਦੇ ਲਗਦੇ ਹਨ ਉਥੇ ਇਹ ਵੀ ਸੱਚ ਹੈ ਕਿ ਉਨ੍ਹਾਂ ਨੂੰ ਦਿਤੇ ਜਾ ਰਹੇ ਸਮਰਥਨ ਵਿਚ ਪਿਛਲੇ ਹਫ਼ਤੇ ਹੋਰ ਵਾਧਾ ਕਰ ਦਿਤਾ ਗਿਆ। ਜਿਥੇ 70 ਮਿਲੀਅਨ ਡਾਲਰ ਯੂਕਰੇਨ ਨੂੰ ਦਿਤੇ ਹਨ, ਉਥੇ ਇਜ਼ਰਾਈਲ ਨੂੰ 17 ਮਿਲੀਅਨ ਡਾਲਰ ਦੀ ਸਹਾਇਤਾ ਦਿਤੀ ਗਈ ਹੈ। ਇਹ ਪੈਸੇ ਇਨ੍ਹਾਂ ਦੋਹਾਂ ਦੇਸ਼ਾਂ ਵਾਸਤੇ ਹਥਿਆਰ ਖ਼ਰੀਦਣ ਲਈ ਭੇਜੇ ਜਾ ਰਹੇ ਹਨ।
ਇਕ ਪਾਸੇ ਯੂਕਰੇਨ ਨੂੰ ਰੂਸ ਤੋਂ ਬਚਾਉਣ ਵਾਸਤੇ ਸੱਦਾ ਦਿਤਾ ਗਿਆ ਹੈ ਤੇ ਦੂਜੇ ਪਾਸੇ ਇਜ਼ਰਾਈਲ ਨੂੰ ਫ਼ਿਲਸਤੀਨ ਨੂੰ ਤਬਾਹ ਕਰਨ ਵਾਸਤੇ ਹਥਿਆਰ ਦਿਤੇ ਜਾ ਰਹੇ ਹਨ। ਪਿਛਲੇ ਕੁੱਝ ਮਹੀਨਿਆਂ ਵਿਚ ਜਿਥੇ ਇਜ਼ਰਾਈਲ ਵਿਚ 1139 ਲੋਕ ਮਾਰੇ ਜਾ ਚੁੱਕੇ ਹਨ, ਗ਼ਾਜ਼ਾ ਵਿਚ 34,356 ਦੀਆਂ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ 14,500 ਬੱਚੇ ਹਨ ਤੇ 8,400 ਔਰਤਾਂ ਹਨ। ਇਸ ਹਕੀਕਤ ਵਲ ਵੇਖਣ ਮਗਰੋਂ ਵੀ ਅਮਰੀਕਾ ਨੇ ਇਜ਼ਰਾਈਲ ਨੂੰ ਪੈਸੇ ਦਿਤੇ ਹਨ ਤਾਕਿ ਉਹ ਅਪਣਾ ਹਮਲਾ ਹੋਰ ਤੇਜ਼ ਕਰ ਦੇਵੇ।
ਅਪਣੀ ਮਸ਼ਹੂਰੀ ਲਈ ਅਮਰੀਕਾ ਨੇ ਫ਼ਿਲਸਤੀਨ ਨੂੰ ਵੀ 4 ਮਿਲੀਅਨ ਦਿਤੇ ਹਨ ਤਾਕਿ ਉਨ੍ਹਾਂ ਵਾਸਤੇ ਖਾਣਾ ਅਤੇ ਦਵਾਈਆਂ ਭੇਜੀਆਂ ਜਾ ਸਕਣ। ਪਿਛਲੇ ਹਫ਼ਤੇ ਇਜ਼ਰਾਈਲ ਨੇ ਮਨੁੱਖੀ ਸੇਵਾ ਵਿਚ ਜੁਟੇ 7 ਲੋਕਾਂ ਨੂੰ ਵੀ ਅਪਣੀ ਬੰਬਾਰੀ ਨਾਲ ਮਾਰਿਆ ਤੇ ਅੱਜ ਵੀ ਗਫ਼ਾਹ ਵਿਚ ਹਮਲੇ ਵਾਸਤੇ ਤਿਆਰ ਹਨ। ਗਫ਼ਾਹ ਇਕ ਪਾਸੇ ਗ਼ਾਜ਼ਾ ਨਾਲ ਲਗਦਾ ਹੈ ਤੇ ਦੂਜੇ ਪਾਸੇ ਸਮੁੰਦਰ ਦਾ ਤੱਟ ਹੈ।
ਇਜ਼ਰਾਈਲ ਦੇ ਗਾਜ਼ਾ ਤੇ ਹਮਲਿਆਂ ਤੋਂ ਜਾਨ ਬਚਾਉਣ ਵਾਸਤੇ ਫ਼ਿਲਸਤੀਨੀ ਗਫ਼ਾਹ ਵਿਚ ਆਸਰਾ ਲੱਭ ਰਹੇ ਹਨ ਅਤੇ ਜੇ ਹਮਾਸ ਨੇ ਇਜ਼ਰਾਈਲ ਨਾਲ ਕੈਦੀਆਂ ਦਾ ਵਟਾਂਦਰਾ ਮੰਜ਼ੂਰ ਨਾ ਕੀਤਾ ਤਾਂ ਗਫ਼ਾਹ ਵਿਚ ਹੋਰ ਵਧੇਰੇ ਬੱਚਿਆਂ ਅਤੇ ਔਰਤਾਂ ਦਾ ਕਤਲ ਹੋਵੇਗਾ। ਅੱਜ ਸਾਰੀ ਸਥਿਤੀ ਨੂੰ ਵੇਖਦੇ ਹੋਏ ਸੱਭ ਤੋਂ ਵੱਡਾ ਸਵਾਲ ਇਹ ਉਠਦਾ ਹੈ ਕਿ ਆਖ਼ਰ ਅੱਜ ਦੀ ਦੁਨੀਆਂ ਵਿਚ ਜ਼ਮੀਰ ਕਿਧਰੇ ਬਾਕੀ ਵੀ ਹੈ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ?
ਅਮਰੀਕੀ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਵਲੋਂ ਕੁੱਝ ਵਿਰੋਧ ਹੋਇਆ ਹੈ ਜਿਥੇ ਉਨ੍ਹਾਂ ਅਪਣੀ ਸਰਕਾਰ ਦੇ ਨਾਲ ਨਾਲ ਉਨ੍ਹ੍ਹਾਂ ਹਥਿਆਰ ਬਣਾਉਣ ਵਾਲੇ ਉਦਯੋਗਪਤੀਆਂ ਦਾ ਵੀ ਵਿਰੋਧ ਕੀਤਾ ਹੈ ਜੋ ਇਜ਼ਰਾਈਲ ਨੂੰ ਸਮਰਥਨ ਦੇ ਰਹੇ ਹਨ। ਉਨ੍ਹਾਂ ਦਾ ਵਿਰੋਧ ਉਨ੍ਹਾਂ ਦੀ ਸਰਕਾਰ ਵਲੋਂ ਇਜ਼ਰਾਈਲ ਨੂੰ ਭੇਜੇ ਪੈਸੇ ਬਾਅਦ ਸ਼ੁਰੂ ਹੋਇਆ ਹੈ ਤੇ ਜਿਥੇ ਸਾਰੀ ਦੁਨੀਆਂ ਤੇ ਸੰਯੁਕਤ ਰਾਸ਼ਟਰ ਹੁਣ ਮੂਕ ਦਰਸ਼ਕ ਬਣ ਕੇ ਰਹਿ ਗਏ ਹਨ, ਉਥੇ ਇਨ੍ਹਾਂ ਵਿਦਿਆਰਥੀਆਂ ਦਾ ਵਿਰੋਧ ਕੁੱਝ ਸ਼ੋਰ ਤਾਂ ਪੈਦਾ ਕਰਦਾ ਹੀ ਹੈ।
ਪਰ ਜੇ ਦੁਨੀਆਂ ਭਰ ਦੇ ਆਗੂਆਂ ਵਲ ਵੇਖੀਏ ਤਾਂ ਪਿਛਲੀ ਸਦੀ ਵਿਚ ਜ਼ਮੀਰ ਮਰ ਜਾਣ ਵਿਚ ਵਾਧਾ ਹੀ ਹੋਇਆ ਜਾਪਦਾ ਹੈ। ਦੂਜੀ ਵਿਸ਼ਵ ਜੰਗ ਦੇ ਆਗੂਆਂ ਤੇ ਚਰਚ ਮੁਖੀਆਂ ਤੇ ਅੱਜ ਦੇ ਚਰਚ ਮੁਖੀਆਂ ਵਿਚ ਜ਼ਮੀਨ ਅਸਮਾਨ ਦਾ ਨਹੀਂ ਬਲਕਿ ਨਰਕ ਅਤੇ ਸਵਰਗ ਦਾ ਅੰਤਰ ਜਾਪਦਾ ਹੈ। ਅੱਜ ਦੀ ਦੁਨੀਆਂ ਅਸਲ ਵਿਚ ਇਕ ਸੌਦੇਬਾਜ਼ੀ ਮੁਤਾਬਕ ਹੀ ਚਲਦੀ ਹੈ। ਮਾਹਰ ਚੇਤਾਵਨੀ ਦਿੰਦੇ ਹਨ ਕਿ ਤੀਜੀ ਜੰਗ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਹੈ।
-ਨਿਮਰਤ ਕੌਰ