
ਪਹਿਲਾਂ ਆਪ ਤਾਂ ਬੇਅਦਬੀਆਂ ਕਰਨੀਆਂ ਛੱਡ ਦੇਵੋ!
ਪੰਜਾਬ ਅੰਦਰ ਬੜੀ ਦੇਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਇਨ੍ਹਾਂ ਦੇ ਵਿਰੋਧ ਵਿਚ ਸਿੱਖ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਕਿ ਇਨ੍ਹਾਂ ਨੂੰ ਠੱਲ੍ਹ ਪਵੇ। ਪਤਾ ਸਰਕਾਰਾਂ ਨੂੰ ਵੀ ਹੈ ਕਿ ਇਹ ਘਿਨਾਉਣੀਆਂ ਹਰਕਤਾਂ ਕੌਣ ਕਰ ਰਿਹਾ ਹੈ ਤੇ ਸਿੱਖਾਂ ਨੂੰ ਵੀ ਹੈ ਪਰ ਦੋਹਾਂ ਧਿਰਾਂ ਦੀ ਟੇਕ ਕਾਨੂੰਨ ਉਪਰ ਹੈ ਜੋ ਹੋਣੀ ਵੀ ਚਾਹੀਦੀ ਹੈ।
ਕਾਨੂੰਨ ਹੀ ਉਨ੍ਹਾਂ ਬੇਅਦਬੀ ਕਰਨ ਵਾਲੇ ਮਜ਼ਦੂਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਜੋ ਇਹੋ ਜਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਤਾਕਿ ਅੱਗੇ ਤੋਂ ਕੋਈ ਇਹੋ ਜਹੀ ਹਿੰਮਤ ਨਾ ਕਰ ਸਕੇ।ਪਰ ਕੀ ਸਿੱਖਾਂ ਨੇ ਕਦੇ ਸੋਚਿਆ ਹੈ ਕਿ ਆਪ ਇਹ ਹਰ ਰੋਜ਼ ਗੁਰਦਵਾਰਿਆਂ ਵਿਚ ਸ਼ਬਦ ਗੁਰੂ ਦੇ ਸਾਹਮਣੇ ਹੀ ਉਲਟ ਵਰਤਾਰੇ ਕਰ ਰਹੇ ਹਨ ਜਿਸ ਦੀ ਇਕ ਅੱਧੀ ਨਹੀਂ ਅਣ-ਗਿਣਤ ਹੀ ਉਦਾਹਰਣਾਂ ਅਤੇ ਸਬੂਤ ਹਨ ਪਰ ਇਨ੍ਹਾਂ ਨੇ ''ਮੈਂ ਨਾ ਮਾਨੂ'' ਵਾਲੀ ਰਟ ਹੀ ਲਗਾਈ ਹੋਈ ਹੈ। ਇਨ੍ਹਾਂ ਉਦਾਹਰਣਾਂ ਵਿਚੋਂ ਕੁੱਝ ਕੁ ਬਾਰੇ ਹੇਠ ਲਿਖ ਰਿਹਾ ਹਾਂ :
1. ਕੀ ਕਰਤਾ ਪੁਰਖ ਨੂੰ ਛੱਡ ਕੇ ਭਗੌਤੀ ਨੂੰ ਧਿਆਉਣਾ ਸ਼ਬਦ ਗੁਰੂ ਜੀ ਦੀ ਬੇਅਦਬੀ ਨਹੀਂ?
2. ਕੀ ਬੁੱਤ ਵਾਂਗ ਸ਼ਬਦ ਗੁਰੂ ਨੂੰ ਭੋਗ ਲਗਵਾਉਣਾ ਬੇਅਦਬੀ ਨਹੀਂ?
3. ਕੀ ਸ਼ਬਦ ਗੁਰੂ ਦੇ ਸਿਰਹਾਣੇ ਦੇਸੀ ਘਿਉ ਦੀਆਂ ਜੋਤਾਂ ਜਗਾਉਣੀਆਂ ਬੇਅਦਬੀ ਨਹੀਂ?
4. ਕੀ ਕੀਤੇ ਕਰਾਏ ਪਾਠ ਮੁੱਲ ਵੇਚਣੇ ਬੇਅਦਬੀ ਨਹੀਂ?
5. ਕੀ ਪੁੰਨਿਆਂ, ਮਸਿਆ, ਦਸਵੀਂ, ਦੀਵਾਲੀ ਗੁਰਦਵਾਰੇ ਵਿਚ ਮਨਾਉਣੀ ਬੇਅਦਬੀ ਨਹੀਂ?
6. ਕੀ ਗੁਰ-ਬਿਲਾਸ ਪਾਤਸ਼ਾਹੀ ਛੇਵੀਂ ਅਨਮਤੀ ਕਿਤਾਬ ਨੂੰ ਸ਼ਬਦ ਗੁਰੂ ਦੇ ਸਾਹਮਣੇ ਪੜ੍ਹਨਾ ਬੇਅਦਬੀ ਨਹੀਂ?
7. ਕੀ ਪੰਥ ਪ੍ਰਵਾਨਤ ਦੀ ਆੜ ਹੇਠ ਸਾਕਤਮਤੀ ਰਚਨਾਵਾਂ ਨੂੰ ਸ਼ਬਦ ਗੁਰੂ ਜੀ ਦੇ ਬਰਾਬਰ ਦਾ ਦਰਜਾ ਦੇਣਾ ਬੇਅਦਬੀ ਨਹੀਂ?
ਇਹ ਤਾਂ ਕੁੱਝ ਕੁ ਹੀ ਹਨ ਵਰਨਾ ਇਨ੍ਹਾਂ ਬੇਅਦਬੀਆਂ ਦੀ ਲਿਸਟ ਤਾਂ ਬਹੁਤ ਲੰਮੀ ਹੈ, ਜੋ ਸਿੱਖ, ''ਪੰਥ ਪ੍ਰਵਾਨਤ'' ਦੀ ਆੜ ਹੇਠ ਕਰੀ ਜਾ ਰਹੇ ਹਨ। ਇਹ ਕਿਹੋ ਜਿਹਾ ਪੰਥ ਹੈ ਜੋ ਖ਼ੁਦ ਹੀ ਸ਼ਬਦ ਗੁਰੂ ਜੀ ਦੀ ਵਿਚਾਰਧਾਰਾ ਦੇ ਉਲਟ ਅਪਣਾ ਸਫ਼ਰ ਤਹਿ ਕਰ ਰਿਹਾ ਹੈ। ਸਿੱਖ ਮਤਿ ਦਾ ਬਾਨੀ ਬਾਬਾ ਨਾਨਕ ਤਾਂ ਇਨ੍ਹਾਂ ਫ਼ਾਲਤੂ ਕਰਮਕਾਂਡਾਂ ਤੇ ਫੋਕਟ ਰਚਨਾਵਾਂ ਨੂੰ ਮਾਨਤਾ ਹੀ ਨਹੀਂ ਦਿੰਦਾ।
Disrespect of Sri Guru Granth Sahib Ji
ਮੈਂ ਬਾਬੇ ਨਾਨਕ ਦਾ ਇਕ ਅਦਨਾ ਜਿਹਾ ਸਿੱਖ ਹੋਣ ਦੇ ਨਾਤੇ ਇਹੋ ਬੇਨਤੀ ਕਰ ਸਕਦਾ ਹਾਂ ਕਿ ਪਹਿਲਾਂ ਆਪ ਬੇਅਦਬੀਆਂ ਕਰਨੀਆਂ ਛੱਡੀਏ ਤੇ ਜੋ ਵੀ ਕੰਮ ਕਰਨਾ ਹੈ, ਪਹਿਲਾਂ ਗੁਰਮਤਿ ਦੀ ਕਸਵਟੀ ਉਤੇ ਲਿਆ ਕੇ ਪਰਖੀਏ, ਫਿਰ ਕਰੀਏ। ਜੇ ਸ਼ੇਰਾਂ ਦੀ ਕੌਮ ਹੀ ਭੇਡ ਚਾਲ ਵਿਚ ਪੈ ਗਈ, ਫਿਰ ਤਾਂ ਇਸ ਨੂੰ ਸ਼ਾਇਦ ਕਰਤਾ ਪੁਰਖ ਵੀ ਨਹੀਂ ਬਚਾ ਸਕੇਗਾ ਤੇ ਬਿਪਰਵਾਦ ਦਾ ਅਜਗਰ ਇਸ ਨੂੰ ਨਿਗਲ ਜਾਵੇਗਾ।
ਹਰਬੰਸ ਸਿੰਘ ਸ਼ਾਨ, ਬਗਲੀ ਕਲਾਂ, ਸੰਪਰਕ : 98785-73068