Editorial : ਮਾਲਦੀਵੀ ਹਿਰਦੇ-ਪਰਿਵਰਤਨ ਤੋਂ ਭਾਰਤ ਨੂੰ ਵੀ ਫ਼ਾਇਦਾ
Published : Jul 30, 2025, 6:56 am IST
Updated : Jul 30, 2025, 7:04 am IST
SHARE ARTICLE
India also benefits from the Maldivian change of heart Editorial
India also benefits from the Maldivian change of heart Editorial

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਲਦੀਵ ਦਾ ਦੋ-ਰੋਜ਼ਾ ਸਫ਼ਲ ਦੌਰਾ ਭਾਰਤੀ ਸਫ਼ਾਰਤ ਤੇ ਸਦਾਕਤ ਦੀ ਕਾਮਯਾਬੀ ਦੀ ਮਿਸਾਲ ਹੈ।

India also benefits from the Maldivian change of heart Editorial: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਲਦੀਵ ਦਾ ਦੋ-ਰੋਜ਼ਾ ਸਫ਼ਲ ਦੌਰਾ ਭਾਰਤੀ ਸਫ਼ਾਰਤ ਤੇ ਸਦਾਕਤ ਦੀ ਕਾਮਯਾਬੀ ਦੀ ਮਿਸਾਲ ਹੈ। ਇਕ ਸਾਲ ਪਹਿਲਾਂ ਦੋਵਾਂ ਦੇਸ਼ਾਂ ਦੇ ਸਬੰਧ ਅਤਿਅੰਤ ਨਿੱਘਰੇ ਹੋਏ ਸਨ। ਹੁਣ ਸ੍ਰੀ ਮੋਦੀ ਨਾ ਸਿਰਫ਼ ਮਾਲਦੀਵ ਦੇ ਆਜ਼ਾਦੀ ਦਿਵਸ ਜਸ਼ਨਾਂ ਦੇ ਮੁੱਖ ਮਹਿਮਾਨ ਸਨ ਬਲਕਿ ਉਨ੍ਹਾਂ ਨੂੰ ਉਸ ਮੁਲਕ ਦੇ ਸਭ ਤੋਂ ਵੱਡੇ ਕੌਮੀ ਐਜਾਜ਼ ਨਾਲ ਸਨਮਾਨਿਤ ਵੀ ਕੀਤਾ ਗਿਆ। ਇਹ ਉਲਟ-ਫੇਰ ਦੋਵਾਂ ਦੇਸ਼ਾਂ, ਖ਼ਾਸ ਤੌਰ ’ਤੇ ਮਾਲਦੀਵ ਦੀ ਹੁਕਮਰਾਨੀ ਵਿਚ ਇਹ ਅਹਿਸਾਸ ਪਕੇਰਾ ਹੋਣ ਕਰ ਕੇ ਸੰਭਵ ਹੋਇਆ ਕਿ ਆਪਸੀ ਸਾਂਝ-ਭਿਆਲੀ ਤੋਂ ਬਿਨਾਂ ਦੋਵਾਂ ਦਾ ਗੁਜ਼ਾਰਾ ਨਹੀਂ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਅਪਣੀ ਭਾਰਤੀ-ਵਿਰੋਧੀ ਮੁਹਿੰਮ ਦੀ ਬਦੌਲਤ ਰਾਜ ਸੱਤਾ ’ਤੇ ਆਏ ਸਨ। ਉਨ੍ਹਾਂ ਨੇ ਸਤੰਬਰ 2023 ਵਿਚ ਤਤਕਾਲੀ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ‘ਭਾਰਤ ਦਾ ਗ਼ੁਲਾਮ’ ਦੱਸ ਕੇ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ।

ਚੋਣ ਜਿੱਤਣ ਮਗਰੋਂ ਉਨ੍ਹਾਂ ਨੇ ਜਿੰਨੇ ਭਾਰਤ-ਵਿਰੋਧੀ ਕਦਮ ਫ਼ੌਰੀ ਤੌਰ ’ਤੇ ਸੰਭਵ ਹੋ ਸਕਦੇ ਸਨ, ਉਹ ਸਾਰੇ ਚੁੱਕੇ। ਇਹ ਇਕ ਰਾਜਸੀ ਰਵਾਇਤ ਸੀ ਕਿ ਮਾਲਦੀਵ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲਾ ਆਗੂ ਅਪਣੇ ਵਿਦੇਸ਼ੀ ਦੌਰਿਆਂ ਦੀ ਸ਼ੁਰੂਆਤ ਭਾਰਤ ਤੋਂ ਕਰਦਾ ਸੀ। ਮੁਇਜ਼ੂ ਨੇ ਇਹ ਰਵਾਇਤ ਤੋੜਦਿਆਂ ਜਨਵਰੀ 2024 ਵਿਚ ਸਭ ਤੋਂ ਪਹਿਲਾਂ ਚੀਨ ਜਾਣਾ ਬਿਹਤਰ ਸਮਝਿਆ। ਉੱਥੇ ਪਹੁੰਚਣ ’ਤੇ ਉਨ੍ਹਾਂ ਨੇ ਮਾਲਦੀਵ ਦੀ ਧਰਤੀ ਤੋਂ ਸਾਰੇ ਭਾਰਤੀ ਫ਼ੌਜੀ ਵਾਪਸ ਭੇਜੇ ਜਾਣ ਦਾ ਐਲਾਨ ਕੀਤਾ। ਉਸ ਸਮੇਂ 70 ਭਾਰਤੀ ਫ਼ੌਜੀ ਮਾਲਦੀਵ ਦੀ ਕੌਮੀ ਰਾਜਧਾਨੀ ਮਾਲੇ ਨੇੜਲੇ ਇਕ ਜਜ਼ੀਰੇ ’ਤੇ ਰਾਡਾਰ ਕੇਂਦਰ ਸਥਾਪਿਤ ਕਰਨ ਅਤੇ ਇਸ ਦੇ ਸੰਚਾਲਣ ਦੀ ਸਿਖਲਾਈ ਮਾਲਦੀਵੀ ਕਰਮੀਆਂ ਨੂੰ ਦੇਣ ਵਾਸਤੇ ਤਾਇਨਾਤ ਸਨ। ਭਾਰਤੀ ਫ਼ੌਜੀ ਉਥੋਂ ਵਾਪਸ ਆਏ, ਪਰ ਰਾਸ਼ਟਰਪਤੀ ਮੁਇਜ਼ੂ ਵਲੋਂ ਨਿਰਧਾਰਤ ਡੈੱਡਲਾਈਨ ਤੋਂ ਬਾਅਦ। ਉਹ ਅਪਣਾ ਕਾਰਜ ਪੂਰਾ ਕਰ ਕੇ ਹੀ ਉਥੋਂ ਆਏ।

ਅਜਿਹੀਆਂ ਡੰਗਾਂ-ਚੋਭਾਂ ਦੇ ਬਾਵਜੂਦ ਭਾਰਤ ਸਰਕਾਰ ਨੇ ਤਹੱਮਲ ਦਾ ਪੱਲਾ ਨਹੀਂ ਛਡਿਆ। ਵਿਦੇਸ਼ ਮੰਤਰਾਲੇ ਨੇ ਰਾਸ਼ਟਰਪਤੀ ਮੁਇਜ਼ੂ ਤੇ ਕੁੱਝ ਹੋਰ ਸੱਤਾਧਾਰੀ ਸਿਆਸਤਦਾਨਾਂ ਦੀ ਉਕਸਾਊ ਬਿਆਨਬਾਜ਼ੀ ਦਾ ਜਵਾਬ ਦੇਣ ਦਾ ਕੰਮ ਕੁੱਝ ਮਾਲਦੀਵੀ ਸਿਆਸਤਦਾਨਾਂ ਉੱਤੇ ਛੱਡ ਦਿਤਾ, ਖ਼ੁਦ ਅਜਿਹੀ ਬਿਆਨਬਾਜ਼ੀ ਤੋਂ ਪਰਹੇਜ਼ ਕੀਤਾ ਗਿਆ। ਜਦੋਂ ਸੋਸ਼ਲ ਮੀਡੀਆ ਉੱਤੇ ‘‘ਬਾਇਕਾਟ ਮਾਲਦੀਵ’’ ਪ੍ਰਚਾਰ ਮੁਹਿੰਮ ਸ਼ੁਰੂ ਹੋਈ ਅਤੇ ਲੋਕਾਂ ਨੇ ਅਪਣੀਆਂ ਹਵਾਈ ਟਿਕਟਾਂ ਤੇ ਹੋਟਲ ਬੁਕਿੰਗਜ਼ ਵੱਡੇ ਪੱਧਰ ’ਤੇ ਮਨਸੂਖ਼ ਕਰਵਾਈਆਂ ਤਾਂ ਭਾਰਤੀ ਨੇਤਾਵਾਂ ਨੇ ਉਨ੍ਹਾਂ ਨੂੰ ਸੰਜਮ ਤੋਂ ਕੰਮ ਲੈਣ ਦਾ ਮਸ਼ਵਰਾ ਦਿਤਾ। ਅਜਿਹੀ ਪਹੁੰਚ ਨੇ ਮਾਲਦੀਵ ਦੀ ਲੀਡਰਸ਼ਿਪ ਨੂੰ ਅਹਿਸਾਸ ਕਰਵਾ ਦਿਤਾ ਕਿ ਉਹ ਚੰਗੇ ਗੁਆਂਢੀਆਂ ਵਾਂਗ ਨਹੀਂ ਵਿਚਰ ਰਹੀ।

ਇਸ ਅਹਿਸਾਸ ਤੋਂ ਬਾਅਦ ਵੀ ਜਦੋਂ ਦੋ ਮਾਲਦੀਵੀ ਜੂਨੀਅਰ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਤਾਂ ਪਹਿਲੀ ਵਾਰ ਉੱਚ-ਲੀਡਰਸ਼ਿਪ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਦੋਵਾਂ ਦੀ ਛਾਂਟੀ ਕਰ ਦਿਤੀ। ਇਸ ਕਦਮ ਨੇ ਦੁਵੱਲੇ ਸਬੰਧਾਂ ਦਾ ਨਿਘਾਰ ਠਲ੍ਹਦਿਆਂ ਇਨ੍ਹਾਂ ਨੂੰ ਸੁਖਾਵਾਂ ਮੋੜਾ ਦੇ ਦਿਤਾ। ਹੁਣ ਸਥਿਤੀ ਇਹ ਹੈ ਕਿ ਰਾਸ਼ਟਰਪਤੀ ਮੁਇਜ਼ੂ ਨੇ ਖੁਲ੍ਹੇਆਮ ਤਸਲੀਮ ਕੀਤਾ ਹੈ ਕਿ ਭਾਰਤ ਨਾਲ ਦੋਸਤੀ ਤੋਂ ਬਿਨਾਂ ਮਾਲਦੀਵ ਦਾ ਗੁਜ਼ਾਰਾ ਹੀ ਨਹੀਂ। ਅਜਿਹੇ ਇਕਬਾਲ ਦੀ ਹੀ ਭਾਰਤ ਨੂੰ ਉਡੀਕ ਸੀ। 

ਹਿੰਦ ਮਹਾਂਸਾਗਰ ਵਿਚ 23 ਛੋਟੇ-ਛੋਟੇ ਟਾਪੂਆਂ ਉੱਤੇ ਆਧਾਰਿਤ ਨਿੱਕਾ ਜਿਹਾ ਮੁਲਕ ਹੈ ਮਾਲਦੀਵ। ਇਸ ਦਾ ਕੁਲ ਰਕਬਾ 296 ਵਰਗ ਕਿਲੋਮੀਟਰ ਹੈ। ਇਨ੍ਹਾਂ ਟਾਪੂਆਂ ਦੀ ਸਮੁੰਦਰੀ ਜਲ ਸਤਹਿ ਤੋਂ ਔਸਤ ਉਚਾਈ 1.5 ਮੀਟਰ (ਭਾਵ 5 ਫੁੱਟ) ਹੈ। ਇਸ ਨੂੰ ਦੁਨੀਆਂ ਦਾ 9ਵਾਂ ਸਭ ਤੋਂ ਛੋਟਾ ਮੁਲਕ ਮੰਨਿਆ ਜਾਂਦਾ ਹੈ। ਥਾਂ ਥੋੜ੍ਹੀ ਤੇ ਵਸੋਂ ਜ਼ਿਆਦਾ (5.26 ਲੱਖ) ਹੈ, ਪਰ ਭੂਗੋਲਿਕ ਤੌਰ ’ਤੇ ਅਤਿਅੰਤ ਰਮਣੀਕ ਹੋਣ ਕਾਰਨ ਟੂਰਿਜ਼ਮ ਹੀ ਇਸ ਮੁਲਕ ਦੀ ਆਮਦਨ ਦਾ ਮੁੱਖ ਸਾਧਨ ਹੈ। ਭਾਰਤ ਤੋਂ ਜਾਣ ਵਾਲੇ ਸੈਲਾਨੀ, ਕੌਮਾਂਤਰੀ ਟੂਰਿਸਟਾਂ ਦੀ ਕੁਲ ਆਮਦ ਦਾ 27 ਫ਼ੀਸਦੀ ਤੋਂ ਵੱਧ ਹਿੱਸਾ ਬਣਦੇ ਹਨ। ਭਾਰਤੀਆਂ ਲਈ ਵੀ ਸ੍ਰੀਲੰਕਾ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਧ ਨਜ਼ਦੀਕੀ ਸਮੁੰਦਰੀ ਮੁਲਕ ਹੈ। ਭਾਰਤੀ ਤੱਟ ਤੋਂ ਇਹ 750 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਇਸਲਾਮੀ ਮੁਲਕ 16ਵੀਂ ਸਦੀ ਵਿਚ ਪਹਿਲਾ ਪੁਰਤਗੀਜ਼ ਤੇ ਫਿਰ ਡਚਾਂ ਦਾ ਗ਼ੁਲਾਮ ਰਿਹਾ ਅਤੇ ਫਿਰ 200 ਸਾਲਾਂ ਤਕ ਬ੍ਰਿਟੇਨ ਦੀ ਗ਼ੁਲਾਮੀ ਭੋਗਦਾ ਰਿਹਾ। 1965 ਵਿਚ ਆਜ਼ਾਦੀ ਤੋਂ ਬਾਅਦ ਇਸ ਨੇ ਜਮਹੂਰੀਅਤ ਦਾ ਪੱਲਾ ਫੜ ਲਿਆ। ਇਸੇ ਲਈ ਇਸ ਦਾ ਅਸਲ ਨਾਮ ‘ਧੀਵੇਹੀ ਰਾਜਯਗੇ ਜਮਹੂਰੀਆ ਮਾਲਦੀਵ’ ਹੈ।

ਭਾਰਤ ਨੇ ‘ਗੁਆਂਢੀ ਪ੍ਰਥਮ’ ਦੀ ਨੀਤੀ ਤੇ ਨੀਅਤ ਦੇ ਤਹਿਤ 1965 ਤੋਂ ਹੀ ਇਸ ਮੁਲਕ ਦੀ ਹਰ ਕਿਸਮ ਦੀ ਮਦਦ ਕੀਤੀ ਹੈ। ਇਸ ਵਿਚ 1980, 1983 ਤੇ 1988 ਵਿਚ ਰਾਜ ਪਲਟਿਆਂ ਦੀਆਂ ਤਿੰਨ ਕੋਸ਼ਿਸ਼ਾਂ ਹੋਈਆਂ। ਦੋ ਸਥਾਨਕ ਪੱਧਰ ’ਤੇ ਨਾਕਾਮ ਬਣਾ ਦਿਤੀਆਂ ਗਈਆਂ, ਪਰ ਤੀਜੀ ਵਿਦੇਸ਼ੀ ਮਰਸਨਰੀਜ਼ ਦੀ ਮਦਦ ਨਾਲ 1988 ਵਿਚ ਕਾਮਯਾਬ ਹੋ ਗਈ ਸੀ ਕਿ 1600 ਭਾਰਤੀ ਫ਼ੌਜੀ ਹਵਾਈ ਜਹਾਜ਼ਾਂ ਰਾਹੀਂ ਮਾਲੇ ਤੇ ਹੋਰ ਟਾਪੂਆਂ ’ਤੇ ਪਹੁੰਚ ਗਏ। ਉਨ੍ਹਾਂ ਦੀ ਆਮਦ ਦਾ ਪਤਾ ਲਗਦਿਆਂ ਹੀ ਭਾੜੇ ਦੇ ਵਿਦੇਸ਼ੀ ਫ਼ੌਜੀਆਂ ਨੇ ਖਿਸਕਣਾ ਵਾਜਬ ਸਮਝਿਆ।

ਇਸ ਕਾਰਵਾਈ ਨੇ ਮਾਲਦੀਵ ਦੇ ਲੋਕਾਂ ਅੰਦਰ ਭਾਰਤ ਪ੍ਰਤੀ ਸਨੇਹ ਵਧਾਇਆ। ਪਰ ਅਗਲੇ ਦੋ-ਤਿੰਨ ਦਹਾਕਿਆਂ ਦੌਰਾਨ ਹਾਕਮਾਂ ਦੀ ਕੁਰੱਪਸ਼ਨ ਤੇ ਕੁਸ਼ਾਸਨ ਅਤੇ ਭਾਰਤ ਸਰਕਾਰ ਵਲੋਂ ਅਜਿਹੇ ਹਾਕਮਾਂ ਦੀ ਪੁਸ਼ਤਪਨਾਹੀ ਨੇ ਲੋਕ-ਮਨਾਂ ਵਿਚੋਂ ਭਾਰਤ ਪ੍ਰਤੀ ਸਨੇਹ ਘਟਾਉਣ ਦਾ ਕੰਮ ਕੀਤਾ। ਇਸ ਨੂੰ ਮੁਹੰਮਦ ਮੁਇਜ਼ੂ ਨੇ 2023 ਵਾਲੀਆਂ ਚੋਣਾਂ ਵੇਲੇ ਖ਼ੂਬ ਭੁਨਾਇਆ। ਪਰ ਹੁਣ ਜੋ ਨੇੜਤਾ ਨਵੇਂ ਸਿਰਿਉਂ ਪੈਦਾ ਹੋਈ ਹੈ, ਉਸ ਨੂੰ ਹੋਰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਕੌਮਾਂਤਰੀ ਪੱਧਰ ’ਤੇ ਭਾਰਤੀ ਅਕਸ ਤਾਂ ਸੁਧਰੇਗਾ ਹੀ, ਮਾਲਦੀਵ ਨੂੰ ਆਰਥਿਕ ਲਾਭ ਵੀ ਮਿਲੇਗਾ ਅਤੇ ਸਥਾਈ ਸੁਰੱਖਿਆ ਵੀ। 

"(For more news apart from “India also benefits from the Maldivian change of heart Editorial, ” stay tuned to Rozana Spokesman.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement