
ਪ੍ਰਧਾਨ ਮੰਤਰੀ ਵਲੋਂ ਜ਼ੋਰਾਂ ਸ਼ੋਰਾਂ ਨਾਲ ਫ਼ਿਟ ਇੰਡੀਆ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸਵੱਛ ਭਾਰਤ, ਸਮਾਰਟ ਸਿਟੀ ਵਾਂਗ ਇਹ ਮੁਹਿੰਮ ਵੀ ਭਾਰਤ ਦੀ ਜ਼ਰੂਰਤ ਹੈ। ਜਿਹੜਾ....
ਪ੍ਰਧਾਨ ਮੰਤਰੀ ਵਲੋਂ ਜ਼ੋਰਾਂ ਸ਼ੋਰਾਂ ਨਾਲ ਫ਼ਿਟ ਇੰਡੀਆ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸਵੱਛ ਭਾਰਤ, ਸਮਾਰਟ ਸਿਟੀ ਵਾਂਗ ਇਹ ਮੁਹਿੰਮ ਵੀ ਭਾਰਤ ਦੀ ਜ਼ਰੂਰਤ ਹੈ। ਜਿਹੜਾ ਇਨਸਾਨ ਸਿਹਤਮੰਦ ਹੋਵੇਗਾ, ਉਹ ਬਿਮਾਰੀਆਂ ਤੋਂ ਦੂਰ ਰਹੇਗਾ। ਭਾਰਤ ਵਿਚ ਨਵੇਂ ਗੋਡੇ ਪਾਉਣ ਦਾ ਫ਼ੈਸ਼ਨ ਚਲ ਰਿਹਾ ਹੈ ਜੋ ਕਿ ਫ਼ਿਟ ਹੋਣ ਨਾਲ ਦੂਰ ਕੀਤਾ ਜਾ ਸਕਦਾ ਹੈ। ਗੋਡਾ ਬਦਲਵਾਉਣ ਦੀ ਜ਼ਰੂਰਤ ਜ਼ਿਆਦਾਤਰ ਉਨ੍ਹਾਂ ਨੂੰ ਪੈਂਦੀ ਹੈ ਜਿਨ੍ਹਾਂ ਦਾ ਭਾਰ ਵੱਧ ਹੁੰਦਾ ਹੈ ਅਤੇ ਉਨ੍ਹਾਂ ਦੇ ਗੋਡੇ ਉਸ ਭਾਰ ਹੇਠ ਟੁੱਟ ਜਾਂਦੇ ਹਨ। ਮੋਟਾਪਾ ਅਪਣੇ ਆਪ ਵਿਚ ਇਕ ਬਿਮਾਰੀ ਹੋ ਸਕਦੀ ਹੈ ਪਰ ਫ਼ਿਟ ਯਾਨੀ ਕਿ ਤੰਦਰੁਸਤ ਹੋਣ ਨਾਲ ਕਈ ਹਲ ਨਿਕਲ ਸਕਦੇ ਹਨ।
Fit India Movement
ਇਥੇ ਇਕ ਸਵਾਲ ਉਠਦਾ ਹੈ ਕਿ ਇਕ ਨਠਦਾ-ਭਜਦਾ ਇਨਸਾਨ ਜੇਕਰ ਤੰਦਰੁਸਤ ਹੈ ਤਾਂ ਕੀ ਉਹ ਬਿਮਾਰੀਆਂ ਤੋਂ ਬਚਿਆ ਰਹਿ ਜਾਵੇਗਾ? ਅੱਜ ਜੋ ਬਿਮਾਰੀਆਂ ਦਾ ਕਾਰਨ ਮੰਨਿਆ ਜਾ ਰਿਹਾ ਹੈ, ਉਹ ਗ਼ਲਤ ਖਾਣਾ ਅਤੇ ਇੰਟਰਨੈੱਟ ਦੀ ਦੁਨੀਆਂ ਵਿਚ ਵਧਦੀ ਸਾਡੀ ਦਿਲਚਸਪੀ ਹੈ। ਪਰ ਜੇ ਡੂੰਘਾ ਜਾ ਕੇ ਵੇਖੀਏ ਤਾਂ ਕਾਰਨ ਕੁੱਝ ਹੋਰ ਵੀ ਹਨ। ਤੰਦਰੁਸਤੀ ਨੂੰ ਸਿਰਫ਼ ਸਰੀਰਕ ਤੰਦਰੁਸਤੀ ਤਕ ਸੀਮਤ ਨਹੀਂ ਰਖਿਆ ਜਾ ਸਕਦਾ। ਹਰ ਸਾਲ ਦੁਨੀਆਂ ਦੇ ਦੇਸ਼ਾਂ ਦੇ ਨਾਗਰਿਕਾਂ ਉਤੇ ਅਧਾਰਤ ਖ਼ੁਸ਼ੀ ਦਾ ਸੂਚਕ ਅੰਕ ਕਢਿਆ ਜਾਂਦਾ ਹੈ। ਇਸ ਸਾਲ 150 ਦੇਸ਼ਾਂ ’ਚੋਂ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਸੱਤ ਅੰਕ ਡਿੱਗ ਕੇ 140ਵੇਂ ਸਥਾਨ ਤੇ ਆ ਗਿਆ ਹੈ। ਹੁਣ ਕੀ ਸਿਰਫ਼ ਕਸਰਤ ਕਰਨ ਨਾਲ ਖ਼ੁਸ਼ੀ ਵੱਧ ਸਕਦੀ ਹੈ? ਕਸਰਤ ਕਰਨ ਵਾਸਤੇ ਪ੍ਰਧਾਨ ਮੰਤਰੀ ਦਾ ਉਤਸ਼ਾਹ ਮਾੜਾ ਕਿਸੇ ਗੱਲੋਂ ਵੀ ਨਹੀਂ ਆਖਿਆ ਜਾ ਸਕਦਾ। ਪਰ ਅਪਣੇ ਆਪ ਵਿਚ ਇਹ ਭਾਰਤ ਨੂੰ ਤੰਦਰੁਸਤ ਨਹੀਂ ਬਣਾ ਸਕਦਾ।
Narendra Modi
ਭਾਰਤ ਵਿਚ ਉਦਾਸੀ ਵਧਦੀ ਜਾ ਰਹੀ ਹੈ ਅਤੇ ਇਹ ਦੁਨੀਆਂ ਦਾ ਛੇਵਾਂ ਸੱਭ ਤੋਂ ਮਾਨਸਿਕ ਤੌਰ ’ਤੇ ਉਦਾਸ ਦੇਸ਼ ਹੈ। ਹੁਣ ਕੀ ਫ਼ੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਦੀ ਨਕਲੀ ਦੁਨੀਆਂ ਇਸ ਉਦਾਸੀ ਦਾ ਕਾਰਨ ਹੈ? ਕੀ ਗ਼ਲਤ ਖਾਣਾ ਖਾਣ ਨਾਲ ਸਾਡੇ ਅੰਦਰ ਬਿਮਾਰੀਆਂ ਵੱਧ ਰਹੀਆਂ ਹਨ? ਤਸਵੀਰ ਏਨੀ ਸੁਲਝੀ ਹੋਈ ਨਹੀਂ ਕਿ ਇਕਦਮ ਸਾਫ਼ ਹੋ ਜਾਵੇ। ਉੱਤਰ ਪ੍ਰਦੇਸ਼ ਵਲ ਵੇਖੋ। ਭਾਰਤ ਦੇ ਸੱਭ ਤੋਂ ਵੱਧ ਨਫ਼ਰਤੀ ਅਪਰਾਧਾਂ ਦਾ ਘਰ ਬਣ ਗਿਆ ਹੈ। ਉੱਤਰ ਪ੍ਰਦੇਸ਼ ਨੂੰ ਹਿੰਸਕ ਭੀੜਾਂ ਦਾ ਸੂਬਾ ਆਖ ਸਕਦੇ ਹਾਂ। ਕਦੇ ਗਊ ਦੇ ਨਾਂ ਤੇ ਇਹ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ ਅਤੇ ਹੁਣ ਬੱਚਾ ਚੋਰੀ ਦੇ ਡਰ ਨਾਲ ਭੀੜਾਂ ਹਿੰਸਕ ਹੋ ਰਹੀਆਂ ਹਨ।
Mob lynching
ਇਕ ਦਾਦੀ ਨੂੰ ਅਪਣੇ ਪੋਤੇ ਦੀ ਚੋਰ ਇਸ ਲਈ ਮੰਨਿਆ ਗਿਆ ਕਿਉਂਕਿ ਉਹ ਕਾਲੀ ਸੀ ਅਤੇ ਬੱਚਾ ਗੋਰਾ। ਕਿਸੇ ਨੇ ਉਸ ਤੋਂ ਪੁਛ ਪੜਤਾਲ ਨਾ ਕੀਤੀ ਅਤੇ ਉਸ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿਤਾ। ਤਸਵੀਰਾਂ ਗਵਾਹ ਹਨ ਕਿ ਕਿਸ ਤਰ੍ਹਾਂ ਜਵਾਨ ਮੁੰਡੇ ਇਕ 60-65 ਸਾਲ ਦੀ ਔਰਤ ਨੂੰ ਜ਼ਮੀਨ ਉਤੇ ਡੇਗ ਕੇ ਲੱਤਾਂ ਨਾਲ ਕੁੱਟ ਰਹੇ ਹਨ। ਵੇਖਣ ਨੂੰ ਨੌਜੁਆਨ ਤੰਦਰੁਸਤ ਸਨ। ਉਸ ਔਰਤ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ‘ਸਾਂਵਲੇ’ ਰੰਗ ਦੀ ਸੀ। ਅਤੇ ਅਪਰਾਧਾਂ ਵਿਚ ਆਏ ਇਸ ਉਬਾਲ ਦਾ ਕਾਰਨ ਸਿਰਫ਼ ਯੋਗੀ ਨਹੀ, ਭਾਵੇਂ ਉਨ੍ਹਾਂ ਉੱਤਰ ਪ੍ਰਦੇਸ਼ ਦੇ ਅਪਰਾਧਾਂ ਨੂੰ ਵਧਾਉਣ ਦਾ ਕੰਮ ਤੇਜ਼ ਜ਼ਰੂਰ ਕੀਤਾ ਹੈ। ਸਾਡੇ ਭਾਰਤ ਵਿਚ ਅੱਜ ਫ਼ਿਟ ਸਰੀਰ ਦੀ ਜ਼ਰੂਰਤ ਹੈ ਪਰ ਉਸ ਸਰੀਰ ਨੂੰ ਫਿਟ ਬਣਾਉਣ ਵਾਸਤੇ ਮਾਨਸਿਕ ਪੱਧਰ ਉਤੇ ਵੀ ਕੰਮ ਹੋਣਾ ਚਾਹੀਦਾ ਹੈ। ਸਾਡੇ ਸਮਾਜ ਵਿਚ ਇਕ ਦੂਜੇ ਵਾਸਤੇ ਨਫ਼ਰਤ ਪੈਦਾ ਹੋ ਗਈ ਹੈ। ਇਕ ਦੂਜੇ ਦਾ ਦੁੱਖ ਵੇਖ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ।
Demonetization
ਨੋਟਬੰਦੀ ਭਾਰਤ ਨੂੰ ਇਸ ਕਰ ਕੇ ਮਨਜ਼ੂਰ ਹੈ ਕਿਉਂਕਿ ਅਮੀਰਾਂ ਨੂੰ ਵੀ ਨੁਕਸਾਨ ਹੋਇਆ। ਯੋਗ ਦੇ ਮਾਹਰ ਬਾਬਾ ਰਾਮਦੇਵ ਦੇ ਸਾਥੀ ਬਾਲਕਿ੍ਰਸ਼ਨ ਦੀ ਤੰਦਰੁਸਤੀ ਉਨ੍ਹਾਂ ਨੂੰ ਦਿਲ ਦੇ ਦੌਰੇ ਤੋਂ ਬਚਾ ਸਕੀ। ਸਾਡੇ ਸਮਾਜ ਵਿਚ ਚੰਗੀ ਸੋਚ ਹਾਰ ਜਾਂਦੀ ਹੈ ਅਤੇ ਨਫ਼ਰਤ, ਈਰਖਾ, ਦੁਸ਼ਮਣੀ ਵਿਖਾਵੇ ਦੀ ਸੋਚ ਅੱਗ ਵਾਂਗ ਫੈਲ ਜਾਂਦੀ ਹੈ। ਸਾਡੇ ਸਮਾਜ ਦੀ ਮਾਨਸਕਤਾ ਕਮਜ਼ੋਰ ਹੈ, ਭਿ੍ਰਸ਼ਟ ਹੈ ਅਤੇ ਉਸ ਕਮਜ਼ੋਰ ਮਾਨਸਿਕਤਾ ’ਚ ਇਕ ਤੰਦਰੁਸਤ ਸਰੀਰ ਦਾ ਢਾਂਚਾ ਕਿਸ ਤਰ੍ਹਾਂ ਰਖਿਆ ਜਾ ਸਕਦਾ ਹੈ? ਮਿਸ਼ਨ ਤਾਂ ਸਹੀ ਹੈ ਪਰ ਪਹਿਲਾ ਕਦਮ ਸਰੀਰ ਨਹੀਂ, ਅੰਦਰੂਨੀ ਕਮਜ਼ੋਰੀਆਂ ਉਤੇ ਹਾਵੀ ਹੋਣਾ ਮੰਗਦਾ ਹੈ। -ਨਿਮਰਤ ਕੌਰ