
ਸੀ.ਬੀ.ਐਸ.ਈ. ਖ਼ਾਸ ਕਰ ਕੇ ਇਸ ਕਮਜ਼ੋਰੀ ਦਾ ਸ਼ਿਕਾਰ ਹੈ ਜਿੱਥੇ ਧਿਆਨ ਸਿਰਫ਼ ਅੰਕਾਂ ਵਲ ਹੀ ਦਿਤਾ ਜਾਂਦਾ ਹੈ।
ਭਾਰਤ ਦਾ ਸਿਖਿਆ ਤੰਤਰ ਕਮਜ਼ੋਰੀਆਂ ਨਾਲ ਭਰਿਆ ਪਿਆ ਹੈ। ਇਸ ਸਿਖਿਆ ਤੰਤਰ ਨੂੰ ਅਜੇ ਤਕ ਸਮਝ ਹੀ ਨਹੀਂ ਆਇਆ ਕਿ ਬੱਚੇ ਨੂੰ ਉਸ ਦੇ ਬੁਨਿਆਦੀ ਸਾਲਾਂ ਵਿਚ ਕਿਸ ਤਰ੍ਹਾਂ ਦੀ ਸਿਖਲਾਈ ਦਿਤੀ ਜਾਣੀ ਚਾਹੀਦੀ ਹੈ ਤਾਕਿ ਉਹ ਅਪਣੇ ਅੰਦਰ ਲੁਕੀ ਕੁਦਰਤੀ ਕਾਬਲੀਅਤ ਨੂੰ ਪੂਰੀ ਤਰ੍ਹਾਂ ਬਾਹਰ ਲਿਆ ਸਕੇ? ਸੀ.ਬੀ.ਐਸ.ਈ. ਖ਼ਾਸ ਕਰ ਕੇ ਇਸ ਕਮਜ਼ੋਰੀ ਦਾ ਸ਼ਿਕਾਰ ਹੈ ਜਿੱਥੇ ਧਿਆਨ ਸਿਰਫ਼ ਅੰਕਾਂ ਵਲ ਹੀ ਦਿਤਾ ਜਾਂਦਾ ਹੈ। ਜਦੋਂ ਬੱਚਾ ਦਸਵੀਂ/ਬਾਰ੍ਹਵੀਂ ਵਿਚ ਦਾਖ਼ਲਾ ਲੈਂਦਾ ਹੈ ਤਾਂ ਉਸ ਦੇ ਸਾਹਮਣੇ ਉਸ ਦਾ ਪੂਰਾ ਭਵਿੱਖ ਇਨ੍ਹਾਂ ਇਮਤਿਹਾਨਾਂ ਦੇ ਨਤੀਜਿਆਂ ਦੀ ਸਲੀਬ ਉਤੇ ਟੰਗਿਆ ਹੁੰਦਾ ਹੈ। ਜੇ ਨੰਬਰ ਚੰਗੇ ਨਾ ਆਏ ਤਾਂ ਕਿਸੇ ਚੰਗੇ ਸਰਕਾਰੀ ਕਾਲਜ ਵਿਚ ਦਾਖ਼ਲਾ ਨਹੀਂ ਮਿਲੇਗਾ। ਜੋ ਇਹ ਜਾਣਦੇ ਹਨ, ਉਨ੍ਹਾਂ ਨੂੰ ਅਪਣੇ ਪੈਸੇ ਨਾਲ ਜਾਂ ਤਾਂ ਪੜ੍ਹਾਈ ਵਾਸਤੇ ਵਿਦੇਸ਼ ਦਾ ਰਾਹ ਫੜਨਾ ਪੈਂਦਾ ਹੈ ਜਾਂ ਨਿਜੀ ਕਾਲਜਾਂ ਦੀ ਭਾਰੀ ਫ਼ੀਸ ਭਰਨੀ ਪੈਂਦੀ ਹੈ। 10ਵੀਂ/12ਵੀਂ ਦੇ ਇਮਤਿਹਾਨ ਨਾ ਸਿਰਫ਼ ਅਜਿਹੇ ਬੱਚਿਆਂ ਵਾਸਤੇ ਬਲਕਿ ਪੂਰੇ ਪ੍ਰਵਾਰ ਵਾਸਤੇ ਇਕ ਤਣਾਅ ਦਾ ਕਾਰਨ ਬਣ ਜਾਂਦੇ ਹਨ। ਅਜਿਹੇ ਵਿਚ ਬੱਚਿਆਂ ਵਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲੇ ਵੀ ਵੱਧ ਰਹੇ ਹਨ ਜੋ ਕਿ ਚਿੰਤਾ ਦਾ ਵੱਡਾ ਵਿਸ਼ਾ ਹੈ। ਸ਼ਾਇਦ ਇਸੇ ਔਕੜ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਨੇ ਇਮਤਿਹਾਨਾਂ ਵਿਚ ਤਣਾਅ ਨਾਲ ਜੂਝਣ ਵਾਸਤੇ ਇਕ ਕਿਤਾਬ ਵੀ ਕੱਢੀ ਸੀ। ਹਾਕਮ ਲੋਕਾਂ ਦੀ ਗੱਲ ਕਰੀਏ ਤਾਂ ਸਿਆਸੀ ਭਾਸ਼ਣਬਾਜ਼ੀ ਰਾਹੀਂ ਹਰ ਹੱਲ ਲਭਣਾ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ। ਨਾ ਇਹ ਉਨ੍ਹਾਂ ਦੇ ਗਿਆਨ ਦੇ ਦਾਇਰੇ ਵਿਚ ਆਉਂਦੀ ਸਮੱਸਿਆ ਹੈ, ਨਾ ਉਹ ਆਪ ਪਿਤਾ ਹਨ ਜੋ ਕਿਸੇ ਬੱਚੇ ਦੇ ਮਨ ਉਤੇ ਬਣੇ ਤਣਾਅ ਦਾ ਅੰਦਾਜ਼ਾ ਲਾ ਸਕਣ।
Students
ਭਾਰਤ ਵਿਚ ਬੁਨਿਆਦੀ ਤੌਰ ਤੇ ਕਮਜ਼ੋਰ ਸਿਖਿਆ ਸਿਸਟਮ ਦਾ ਹੱਲ ਸਿਆਸੀ ਤਰੀਕੇ ਨਾਲ ਹੀ ਕਢਿਆ ਜਾਂਦਾ ਹੈ। ਨਤੀਜਾ ਇਹ ਕਿ ਇਕ ਵਾਰ ਫਿਰ ਇਮਤਿਹਾਨਾਂ ਤੋਂ ਕੁੱਝ ਸਮਾਂ ਪਹਿਲਾਂ ਗਣਿਤ (10ਵੀਂ) ਅਤੇ ਅਰਥਸ਼ਾਸਤਰ (12ਵੀਂ) ਦਾ ਪੇਪਰ 'ਲੀਕ' ਹੋ ਗਿਆ। ਅਜੇ ਹੋਰ ਪੇਪਰ ਲੀਕ ਹੋਣ ਦੀਆਂ ਗੱਲਾਂ ਵੀ ਚਲ ਰਹੀਆਂ ਹਨ ਪਰ ਇਨ੍ਹਾਂ ਦੋ ਪੇਪਰਾਂ ਦੇ ਲੀਕ ਹੋਣ ਦੀ ਗੱਲ ਸਰਕਾਰ ਵੀ ਮੰਨ ਚੁੱਕੀ ਹੈ। ਸਰਕਾਰ ਵਲੋਂ ਇਸ ਬਾਰੇ ਡਿਜੀਟਲ ਤਰੀਕਿਆਂ ਨਾਲ ਹੱਲ ਕੱਢਣ ਦਾ ਭਰੋਸਾ ਤਾਂ ਦਿਤਾ ਗਿਆ ਪਰ ਇਸ ਸਾਲ 10ਵੀਂ ਅਤੇ 12ਵੀਂ ਦੇ 20 ਲੱਖ ਤੋਂ ਵੱਧ ਬੱਚਿਆਂ ਨੂੰ ਇਮਤਿਹਾਨ ਮੁੜ ਤੋਂ ਦੇਣਾ ਪਵੇਗਾ। ਕੀ ਸਿਖਿਆ ਨੂੰ ਸਿਆਸਤਦਾਨਾਂ ਦੇ ਹੱਥਾਂ ਵਿਚ ਦੇ ਦੇਣਾ ਠੀਕ ਹੈ? ਕਮਜ਼ੋਰੀਆਂ ਪਹਿਲਾਂ ਵੀ ਸਨ, ਪੇਪਰ ਪਿਛਲੀ ਯੂ.ਪੀ.ਏ. ਸਰਕਾਰ ਵੇਲੇ ਵੀ ਲੀਕ ਹੁੰਦੇ ਸਨ ਪਰ ਭਾਜਪਾ ਦੇ ਆਉਣ ਨਾਲ ਕੀ ਬਦਲਿਆ ਹੈ? ਉਨ੍ਹਾਂ ਚਾਰ ਸਾਲ ਅਪਣੀ ਪਾਰਟੀ ਦੀ ਵਿਚਾਰਧਾਰਾ (ਹਿੰਦੂਤਵਾ) ਨੂੰ ਸਿਖਿਆ ਵਿਚ ਸ਼ਾਮਲ ਕਰਨ ਤੇ ਲਾ ਦਿਤੇ ਪਰ ਸਿਖਿਆ-ਢਾਂਚੇ ਦੀ ਬੁਨਿਆਦੀ ਕਮਜ਼ੋਰੀ ਵਲ ਧਿਆਨ ਹੀ ਨਾ ਦਿਤਾ ਗਿਆ। ਬੱਚਿਆਂ ਦਾ ਭਵਿੱਖ ਸਿਆਸਤਦਾਨਾਂ ਦੇ ਹੱਥੋਂ ਕੱਢ ਕੇ ਮਾਹਰਾਂ ਦੇ ਹੱਥ ਵਿਚ ਦੇਣ ਦੀ ਬੜੀ ਲੋੜ ਹੈ ਕਿਉਂਕਿ ਇਨ੍ਹਾਂ ਸਿਆਸੀ ਮਹਾਂਪੁਰਸ਼ਾਂ ਦੀ ਨਜ਼ਰ ਵਿਚ ਉਹੀ ਕਦਮ ਠੀਕ ਹੁੰਦਾ ਹੈ ਜੋ ਵੋਟਾਂ ਦੇ ਢੇਰ ਤਕ ਲੈ ਕੇ ਜਾਂਦਾ ਹੈ। -ਨਿਮਰਤ ਕੌਰ