
ਇਸ ਆਜ਼ਾਦ ਭਾਰਤ ਵਿਚ ਜੇ ਇਸ ਐਸ.ਡੀ.ਐਮ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਮਨ ਲਉ ਆਜ਼ਾਦੀ ਦੀ ਲੜਾਈ ਅਜੇ ਬਾਕੀ ਹੈ।
ਜਿਸ ਦਿਨ ਜਲਿਆਂਵਾਲੇ ਬਾਗ਼ ਉਤੇ 20 ਕਰੋੜ ਰੁਪਿਆ ਖ਼ਰਚ ਕੇ ਪ੍ਰਧਾਨ ਮੰਤਰੀ, ਦੇਸ਼ ਨੂੰ ਦਸ ਰਹੇ ਸਨ ਕਿ 20 ਕਰੋੜ ਰੁਪਏ ਖ਼ਰਚ ਕੇ ਉਨ੍ਹਾਂ ਨੇ ਜਲਿਆਂਵਾਲੇ ਬਾਗ਼ ਨੂੰ ਕਿੰਨਾ ਸੁੰਦਰ ਬਣਾ ਦਿਤਾ ਹੈ, ਉਸ ਦਿਨ ਉਹ ਨਾਲ ਹੀ ਇਹ ਵੀ ਕਹਿ ਰਹੇ ਸਨ ਕਿ ਦੇਸ਼ ਨੂੰ ਇਤਿਹਾਸ ਦੇ ਕੀਮਤੀ ਸਬਕ ਨਹੀਂ ਭੁੱਲਣੇ ਚਾਹੀਦੇ ਪਰ ਉਨ੍ਹਾਂ ਦੇ ਨਜ਼ਦੀਕੀ ਪ੍ਰਚਾਰਕ ਸਾਥੀ, ਹਰਿਆਣਾ ਦੇ ਮੁੱਖ ਮੰਤਰੀ, ਹਰਿਆਣੇ ਵਿਚ ਕਿਸਾਨਾਂ ਨਾਲ ਉਹੀ ਕੁੱਝ ਕਰ ਰਹੇ ਸਨ ਜੋ ਅੰਗਰੇਜ਼ਾਂ ਨੇ ਕੀਤਾ ਸੀ। ਮਨੋਹਰ ਲਾਲ ਖੱਟੜ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਕਹੀਆਂ ਗੱਲਾਂ ਨੂੰ ਪ੍ਰਮਾਣਿਤ ਹੀ ਕੀਤਾ ਤੇ ਵਿਖਾਇਆ ਕਿ ਜਦ ਕੋਈ ਇਤਿਹਾਸ ਦੇ ਕੀਮਤੀ ਸਬਕ ਭੁਲਾ ਦੇਂਦਾ ਹੈ ਤਾਂ ਕਿਸ ਤਰ੍ਹਾਂ ਦੀ ਬਰਬਰਤਾ ਜਨਮ ਲੈ ਲੈਂਦੀ ਹੈ।
Manohar Lal Khattar
20 ਕਰੋੜ ਨਾਲ ਨਵਿਆਏ ਗਏ ਜਲਿਆਂਵਾਲੇ ਬਾਗ਼ ਨੂੰ ਰਾਸ਼ਟਰ ਨੂੰ ਸਮਰਪਣ ਕਰਨ ਵਾਲੇ ਦਿਨ ਹੀ ਮਨੋਹਰ ਲਾਲ ਖੱਟੜ ਤੇ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ। ਐਸ.ਡੀ.ਐਮ. ਦਾ ਵੀਡੀਉ ਸਾਹਮਣੇ ਆਇਆ ਜਿਥੇ ਉਹ ਸੁਰੱਖਿਆ ਬਲਾਂ ਨੂੰ ਹਦਾਇਤ ਦੇ ਰਹੇ ਸਨ ਕਿ ਕਿਸਾਨਾਂ ਨੂੰ ਨਾਕਾ ਟੱਪਣ ਨਹੀਂ ਦੇਣਾ ਭਾਵੇਂ ਉਨ੍ਹਾਂ ਦੇ ਸਿਰ ਕਿਉਂ ਨਾ ਪਾੜਨੇ ਪੈਣ ਅਤੇ ਉਹ ਆਦੇਸ਼ ਹੂਬਹੂ ਮੰਨੇ ਵੀ ਗਏ। ਕਿਸਾਨਾਂ ਦੇ ਸਿਰ ਪਾੜੇ ਗਏ ਤੇ ਉਨ੍ਹਾਂ ਨੂੰ ਲਹੂ ਲੁਹਾਨ ਕੀਤਾ ਗਿਆ। ਜਿਸ ਤਰ੍ਹਾਂ ਅੰਗਰੇਜ਼ਾਂ ਦੇ ਲਾਠੀਚਾਰਜ ਬਾਅਦ ਸੈਂਕੜੇ ਲੋਕ ਜਾਨਾਂ ਗੁਆ ਬੈਠੇ ਸਨ, ਉਸੇ ਤਰ੍ਹਾਂ ਹਰਿਆਣਾ ਪੁਲਿਸ ਦੇ ਲਾਠੀਚਾਰਜ ਸਦਕਾ ਇਕ ਕਿਸਾਨ ਸੁਸ਼ੀਲ ਕੁਮਾਰ ਵੀ ਅਪਣੀ ਜਾਨ ਗੁਆ ਬੈਠਾ।
SDM
ਇਸ ਤੋਂ ਬਾਅਦ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਸੜਕਾਂ ’ਤੇ ਜਾਮ ਤੇ ਦਿਲਾਂ ਵਿਚ ਰੋਸ ਅੱਗ ਵਾਂਗ ਫੈਲ ਗਿਆ। ਅਕਸਰ ਕਿਸਾਨੀ ਸੰਘਰਸ਼ ਵਿਚ ਛੋਟੇ-ਛੋਟੇ ਬੱਚੇ ਵੀ ਅੱਜ ਦੀ ਹਕੂਮਤ ਨੂੰ ਕਿਸਾਨਾਂ ਦੀ ਗੱਲ ਸੁਣਨ ਲਈ ਆਖਦੇ ਵੇਖੇ ਹਨ। ਕਈ ਵਾਰ ਬੱਚਿਆਂ ਦੇ ਮੂੰਹੋਂ ਅਪਸ਼ਬਦ ਵੀ ਸੁਣੇ ਪਰ ਇਸ ਹਾਦਸੇ ਦੇ ਬਾਅਦ ਇਕ 14-15 ਸਾਲ ਦੇ ਬੱਚੇ ਦੇ ਮੂੰਹੋਂ ਅੱਗ ਨਿਕਲਦੀ ਵੀ ਵੇਖੀ। ਉਹ ਬੱਚਾ ਭਾਰਤ ਦੇ ਹਿੰਦੂ ਨੂੰ ਪੁਛਦਾ ਸੀ ਕਿ ਜਦ ਸਿੱਖ ਪ੍ਰਧਾਨ ਮੰਤਰੀ ਦਾ ਰਾਜ ਸੀ, ਜਦ ਮੁਸਲਮਾਨ ਰਾਸ਼ਟਰਪਤੀ ਦਾ ਰਾਜ ਸੀ, ਤੁਸੀਂ ਸੁਰੱਖਿਅਤ ਸੀ ਪਰ ਅੱਜ ਹਿੰਦੂ ਰਾਜ ਦਾ ਪ੍ਰਤੀਕ ਰਾਮ ਰਾਜ ਚਲ ਰਿਹਾ ਹੈ ਤੇ ਯੋਗੀ, ਅਮਿਤ ਸ਼ਾਹ ਵਰਗੇ ਸੱਤਾ ਤੇ ਬੈਠੇ ਹਨ ਤਾਂ ਕਿਸਾਨ ਅੰਦੋਲਨ ਤੋਂ ਹਿੰਦੂ ਕਿਉਂ ਘਬਰਾ ਰਿਹਾ ਹੈ? ਉਸ ਦੇ ਸ਼ਬਦਾਂ ਵਿਚੋਂ ਪੰਜਾਬ ਦੀ ਪੀੜ ਝਲਕ ਰਹੀ ਸੀ ਤੇ ਉਹ ਕਿਸਾਨੀ ਤੇ ਹੋ ਰਹੇ ਅਤਿਆਚਾਰ ਵਿਰੁਧ ਅਪਣੇ ਹੱਕਾਂ ਦੀ ਰਾਖੀ ਵਾਸਤੇ ਡਟਿਆ ਹੋਇਆ ਸੀ।
Lathicharge on Farmers
ਉਸ ਬੱਚੇ ਦੀ ਉਮਰ ਪੜ੍ਹਨ ਲਿਖਣ ਦੀ ਸੀ ਪਰ ਉਹ ਸਾਡੇ ਸਿਆਸਤਦਾਨਾਂ ਦੀ ਮਿਹਰਬਾਨੀ ਸਦਕਾ, ਅਪਣੇ ਹੱਕਾਂ ਦੀ ਰਾਖੀ ਲਈ ਅਪਣਾ ਬਚਪਨਾ ਸੜਕਾਂ ’ਤੇ ਗੁਜ਼ਾਰ ਰਿਹਾ ਹੈ ਤੇ ਪ੍ਰਧਾਨ ਮੰਤਰੀ ਇਸ ਸੂਬੇ ਦੇ ਲੋਕਾਂ ਨੂੰ ਇਤਿਹਾਸ ਦੇ ਸਬਕ ਨੂੰ ਯਾਦ ਕਰਨ ਵਾਸਤੇ ਕਹਿ ਰਹੇ ਹਨ। ਜ਼ਰੂਰਤ ਇਸ ਗੱਲ ਦੀ ਸੀ ਕਿ ਮਨੋਹਰ ਲਾਲ ਖੱਟੜ ਨੂੰ ਪ੍ਰਧਾਨ ਮੰਤਰੀ ਆਪ ਹੀ ਇਕ ਸ਼ੀਸ਼ਾ ਵਿਖਾਉਂਦੇ। ਕੀ ਉਹ ਇਸ ਸ਼ੀਸ਼ੇ ਵਿਚ ਇਕ ਲੋਕਤੰਤਰੀ ਦੇਸ਼ ਦੇ ਸੂਬੇ ਦੇ ਮੁੱਖ ਮੰਤਰੀ ਨੂੰ ਵੇਖਦੇ ਹਨ ਜਾਂ ਉਨ੍ਹਾਂ ਨੂੰ ਜਨਰਲ ਡਾਇਰ ਦੀ ਛਵੀ ਨਜ਼ਰ ਆਉਂਦੀ ਹੈ? ਉਸ ਐਸ.ਡੀ.ਐਮ. ਨੂੰ ਹੁਣ ਤਲਬ ਕਰ ਕੇ ਪੁੱਛਣ ਦੀ ਲੋੜ ਹੈ ਕਿ ਉਸ ਨੂੰ ਇਹ ਤਾਕਤ ਕਿਸ ਨੇ ਦਿਤੀ ਕਿ ਉਹ ਨਾਕੇ ਤੋਂ ਅੱਗੇ ਆਉਣ ਵਾਲਿਆਂ ਦੇ ‘ਸਿਰ ਫੋੜ’ ਦੇਣ ਦੇ ਹੁਕਮ ਜਾਰੀ ਕਰ ਦੇਵੇ? ਜਨਰਲ ਡਾਇਰ ਭਾਰਤ ਨੂੰ ਗ਼ੁਲਾਮ ਰੱਖਣ ਵਾਸਤੇ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਤੇ ਗੋਲੀਆਂ ਵਰ੍ਹਾ ਕੇ ਬਾਕੀ ਦੇਸ਼ ਦੇ ਦਿਲ ਵਿਚ ਡਰ ਬਿਠਾਉਣਾ ਚਾਹੁੰਦਾ ਸੀ ਪਰ ਮਨੋਹਰ ਲਾਲ ਖੱਟੜ ਕਿਸ ਨੂੰ ਡਰਾਉਣ ਦਾ ਯਤਨ ਕਰ ਰਹੇ ਸਨ?
Lathicharge on Farmers
ਉਸ ਵਕਤ ਦੇਸ਼ ਗ਼ੁਲਾਮ ਸੀ ਤੇ ਜਨਰਲ ਡਾਇਰ ਨੂੰ ਜਲਿਆਂਵਾਲੇ ਬਾਗ਼ ਦਾ ਸਾਕਾ ਕਰਨ ਬਦਲੇ ਸਨਮਾਨਤ ਕੀਤਾ ਗਿਆ। ਪਰ ਇਸ ਆਜ਼ਾਦ ਭਾਰਤ ਵਿਚ ਜੇ ਇਸ ਐਸ.ਡੀ.ਐਮ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਮਨ ਲਉ ਆਜ਼ਾਦੀ ਦੀ ਲੜਾਈ ਅਜੇ ਬਾਕੀ ਹੈ। ਅੱਜ ਜੇ ਸੁਪਰੀਮ ਕੋਰਟ ਦੀ ਜ਼ਮੀਰ ਜਾਗਦੀ ਹੈ ਤਾਂ ਇਸ ਐਸ.ਡੀ.ਐਮ. ਨੂੰ ਤਲਬ ਕਰ ਕੇ ਇਸ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਕਿਸੇ ਵੀ ਸਰਕਾਰੀ ਨੌਕਰੀ ਲਈ ਜ਼ਿੰਦਗੀ ਭਰ ਵਾਸਤੇ ਨਾਅਹਿਲ ਕਰਾਰ ਦਿਤਾ ਜਾਣਾ ਚਾਹੀਦਾ ਹੈ ਤਾਕਿ ਅੱਜ ਤੋਂ ਬਾਅਦ ਕੋਈ ਸਰਕਾਰੀ ਮੁਲਾਜ਼ਮ ਯਾਨੀ ਲੋਕਾਂ ਦਾ ਨੌਕਰ, ਕਿਸੇ ਸਿਰਫਿਰੇ ਸਿਆਸਤਦਾਨ ਦੀ ਗੱਲ ਮੰਨਣ ਤੋਂ ਪਹਿਲਾਂ ਇਸ ਐਸ.ਡੀ.ਐਮ. ਦਾ ਅੰਜਾਮ ਯਾਦ ਰੱਖੇ।
Injured Farmer
ਇਤਿਹਾਸ ਦੇ ਪੰਨੇ ਸੱਭ ਤੋਂ ਪਹਿਲਾਂ ਭਾਰਤ ਦਾ ਸਿਆਸਤਦਾਨ ਸਮਝ ਲਵੇ ਤਾਂ ਦੇਸ਼ ਵਿਚ ਆਮ ਲੋਕਾਂ ਦਾ ਖ਼ੂਨ ਸੜਕਾਂ ’ਤੇ ਨਹੀਂ ਡੁਲ੍ਹੇਗਾ। ਬੱਚਿਆਂ ਦੇ ਮਨਾਂ ਵਿਚ ਡਰ ਤੇ ਅਸ਼ਾਂਤੀ ਨਹੀਂ ਰਹਿਣਗੇ ਬਲਕਿ ਦੇਸ਼ ਦੀ ਤਰੱਕੀ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣਗੇ ਤੇ ਤੁਸੀਂ ਅਪਣੇ ਕਿਸਾਨ ਵਲੋਂ ਦਿਤੀ ਰੋਟੀ ਦਾ ਕਰਜ਼ ਚੁਕਾ ਸਕੋਗੇ।
-ਨਿਮਰਤ ਕੌਰ