
ਮਨੁੱਖੀ ਸ੍ਰੋਤਾਂ ਦੇ ਮੰਤਰਾਲੇ ਦੇ ਅੰਕੜੇ ਦਸਦੇ ਹਨ ਕਿ ਛੇ ਸਾਲ ਤੋਂ ਵੱਡੀ ਉਮਰ ਦੇ ਲੋਕ ਕਿੰਨਾ ਵਕਤ ਘਰ ਜਾਂ ਪ੍ਰਵਾਰ ਦੇ ਉਨ੍ਹਾਂ ਕੰਮਾਂ ਵਿਚ ਬਿਤਾਉਂਦੇ ਹਨ
ਬਲਾਤਕਾਰ ਸਾਡੀ ਰੋਜ਼ ਮਰ੍ਹਾ ਦੀ ਜ਼ਿੰਦਗੀ ਦਾ ਇਕ ਅਜਿਹਾ ਹਿੱਸਾ ਬਣਦਾ ਜਾ ਰਿਹਾ ਹੈ ਕਿ ਹੁਣ 6 ਜਾਂ 4 ਸਾਲ ਦੀ ਕਿਸੇ ਬੱਚੀ ਦਾ ਬਲਾਤਕਾਰ ਸਮਾਜ ਨੂੰ ਹੈਰਾਨ ਨਹੀਂ ਕਰਦਾ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਦੀ ਸੋਚ ਹਰਿਆਣਾ ਜਾਂ ਉੱਤਰ ਪ੍ਰਦੇਸ਼ ਤੋਂ ਵਖਰੀ ਹੈ। ਹਾਥਰਸ ਵਿਚ ਦਲਿਤ ਬੇਟੀ ਦੀ ਚੀਰ-ਫਾੜ ਹੋਈ ਤਾਂ ਟਾਂਡਾ ਵਿਚ ਇਕ ਛੇ ਸਾਲ ਦੀ ਬੇਟੀ ਦਾ ਬਲਾਤਕਾਰ ਹੋਇਆ ਤੇ ਫਿਰ ਇਕ 'ਅਮੀਰ ਦਾਦੇ' ਨੇ ਅਪਣੇ ਪੋਤਰੇ ਦੀ ਕਰਤੂਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ।
Rape
ਰੋਹਤਕ ਵਿਚ ਇਕ ਲੜਕੀ ਨੇ ਜਦ ਅਪਣੇ ਮਿੱਤਰ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਨੂੰ ਗੋਲੀ ਮਾਰ ਦਿਤੀ ਗਈ। ਮੁੱਦਾ ਹੁਣ ਭਾਵੇਂ ਦਲਿਤ, ਮੁਸਲਿਮ, ਕਾਂਗਰਸ, ਭਾਜਪਾ ਦਾ ਬਣ ਜਾਵੇ ਪਰ ਅਸਲ ਮੁੱਦਾ ਔਰਤ ਦੇ ਸਤਿਕਾਰ ਬਨਾਮ ਤ੍ਰਿਸਕਾਰ ਦਾ ਹੀ ਰਹੇਗਾ। ਮਰਦਾਂ ਨੂੰ ਨਾਂਹ ਸੁਣਨ ਦੀ ਆਦਤ, ਭਾਰਤੀ ਸਮਾਜ ਨੇ ਕਦੇ ਸਿਖਾਈ ਹੀ ਨਹੀਂ ਜੋ ਹੁਣ ਸਿਖਾਉਣੀ ਪਵੇਗੀ ਤੇ ਇਸ ਪਾਠ ਵਿਚ ਸੱਭ ਮਰਦ ਬਰਾਬਰ ਹਨ, ਖ਼ਾਸ ਕਰ ਕੇ ਉੱਤਰ ਭਾਰਤ ਦੇ ਮਰਦਾਂ ਵਿਚ ਅਪਣੀ ਜ਼ਿੱਦ ਤੇ ਹਉਮੈ ਮੁਤਾਬਕ ਜ਼ਿੰਦਗੀ ਜਿਊਣ ਦੀ ਆਦਤ ਇਸ ਮੁੱਦੇ ਨੂੰ ਹਵਾ ਦੇ ਰਹੀ ਹੈ।
Congress And BJP
ਮਨੁੱਖੀ ਸ੍ਰੋਤਾਂ ਦੇ ਮੰਤਰਾਲੇ ਦੇ ਅੰਕੜੇ ਦਸਦੇ ਹਨ ਕਿ ਛੇ ਸਾਲ ਤੋਂ ਵੱਡੀ ਉਮਰ ਦੇ ਲੋਕ ਕਿੰਨਾ ਵਕਤ ਘਰ ਜਾਂ ਪ੍ਰਵਾਰ ਦੇ ਉਨ੍ਹਾਂ ਕੰਮਾਂ ਵਿਚ ਬਿਤਾਉਂਦੇ ਹਨ ਜਿਨ੍ਹਾਂ ਬਦਲੇ ਪੈਸਾ ਨਹੀਂ ਮਿਲਦਾ। ਘਰ-ਪ੍ਰਵਾਰ ਦੇ ਕੰਮਾਂ ਵਿਚ ਸੱਭ ਤੋਂ ਘੱਟ ਯੋਗਦਾਨ ਉੱਤਰ ਦੇ ਮਰਦ ਹੀ ਪਾਉਂਦੇ ਹਨ। ਹਰਿਆਣਾ, ਹਿਮਾਚਲ, ਗੁਜਰਾਤ, ਪੰਜਾਬ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਦੇ ਮਰਦ ਮੁਫ਼ਤ ਵਿਚ ਡੱਕਾ ਵੀ ਤੋੜਨ ਲਈ ਤਿਆਰ ਨਹੀਂ, ਭਾਵੇਂ ਇਹ ਉਨ੍ਹਾਂ ਦਾ ਅਪਣਾ ਹੀ ਕੰਮ ਕਿਉਂ ਨਾ ਹੋਵੇ।
Daughters
ਉਨ੍ਹਾਂ ਨੂੰ ਜਾਪਦਾ ਹੈ ਕਿ ਘਰ ਵਿਚ ਔਰਤਾਂ, ਮਾਵਾਂ, ਧੀਆਂ, ਨੂੰਹ ਰਾਣੀਆਂ ਇਸੇ ਕੰਮ ਵਾਸਤੇ ਹੀ ਤਾਂ ਹਨ ਤੇ ਇਥੋਂ ਹੀ ਸ਼ੁਰੂ ਹੁੰਦੀ ਹੈ ਮਰਦਾਂ ਦੇ ਕਿਰਦਾਰ ਦੀ ਕਮਜ਼ੋਰੀ ਦੀ ਕਹਾਣੀ। ਆਮ ਵੇਖੀਦਾ ਹੈ ਕਿ ਇਕ ਮਰਦ ਅਪਣੀ ਕਮੀਜ਼ ਨੂੰ ਇਸਤਰੀ ਕਰਨ ਦੀ ਕਾਬਲੀਅਤ ਵੀ ਨਹੀਂ ਰਖਦਾ। ਖਾਣਾ ਬਣਾਉਣਾ ਤਾਂ ਦੂਰ, ਪਾਣੀ ਉਬਾਲਣਾ ਵੀ ਨਹੀਂ ਆਉਂਦਾ। ਕਈ ਪ੍ਰਵਾਰ ਬੇਟਿਆਂ ਨੂੰ ਘਰ ਦੇ ਕੰਮ ਸਿਖਣ ਹੀ ਨਹੀਂ ਦਿੰਦੇ ਤੇ ਪੜ੍ਹਾਈ ਲਿਖਾਈ ਵਲ ਪਾ ਦਿੰਦੇ ਹਨ ਕਿਉਂਕਿ ਸਾਡੇ ਸਮਾਜ ਵਿਚ ਇਹੀ ਵਡਿਆਈ ਮੰਨੀ ਜਾਂਦੀ ਹੈ। ਵੱਡਾ ਬੰਦਾ ਕੰਮ ਨਹੀਂ ਕਰਦਾ, ਉਸ ਦੀ ਸੇਵਾ ਹੁੰਦੀ ਹੈ ਤੇ ਮਰਦ ਤਾਂ ਹਮੇਸ਼ਾ ਹੀ 'ਵੱਡੇ' ਹੁੰਦੇ ਹਨ।
Rape
ਅਮੀਰ, ਉੱਚ ਜਾਤੀ, ਤਾਕਤਵਰ ਮਰਦ ਦੀ 'ਵਡਿਆਈ' ਹੋਰ ਵੀ 'ਵੱਡੀ' ਹੋ ਜਾਂਦੀ ਹੈ। ਪਰ ਕਿਉਂਕਿ ਅਸੀ ਬਚਪਨ ਵਿਚ ਅਪਣੇ ਮੁੰਡਿਆਂ ਨੂੰ ਸਤਿਕਾਰ ਕਰਨਾ ਨਹੀਂ ਸਿਖਾਉਂਦੇ, ਧੌਂਸ ਜਮਾਉਣਾ ਉਨ੍ਹਾਂ ਦੇ ਕਿਰਦਾਰ ਦਾ ਹਿੱਸਾ ਬਣ ਜਾਂਦਾ ਹੈ। ਉਹ ਮੂੰਹੋਂ ਮੰਗਦੇ ਨਹੀਂ ਕਿ ਘਰ ਦੀਆਂ ਸਾਰੀਆਂ 'ਗ਼ੁਲਾਮ' ਔਰਤਾਂ ਉਨ੍ਹਾਂ ਦੀ ਖ਼ਾਹਿਸ਼ ਪੂਰੀ ਕਰਨ ਵਿਚ ਲੱਗ ਜਾਂਦੀਆਂ ਹਨ। ਜੇਕਰ ਕੁੱਝ ਮਰਦ ਕੰਮ ਕਰਨਾ ਚਾਹੁੰਦੇ ਵੀ ਹਨ ਤਾਂ ਉਨ੍ਹਾਂ ਨੂੰ ਉਸ ਵਾਸਤੇ ਮਿਹਨਤ ਕਰਨੀ ਸਿਖਾਈ ਹੀ ਨਹੀਂ ਗਈ ਹੁੰਦੀ।
Rape
ਸਵਾਦਿਸ਼ਟ ਭੋਜਨ ਖਾਣਾ ਹੈ ਤਾਂ ਬਸ ਮੰਗ ਲਵੋ ਤੇ ਮਿਲ ਜਾਵੇਗਾ। ਜਿਸਮ ਦੀ ਚਾਹਤ ਵਾਸਤੇ ਪਿਆਰ ਦੀ ਮਿਹਨਤ ਨਹੀਂ ਕਰਨੀ ਆਉਂਦੀ। ਬਸ ਮੇਰੀ ਇੱਛਾ ਹੈ ਤੇ ਹੁਣ ਜਿਹੜੀ ਕੁੜੀ ਹੈ, ਉਸ ਦਾ ਕੰਮ ਹੈ ਕਿ ਉਹ ਮਰਦ ਦੀ ਇੱਛਾ ਪੂਰੀ ਕਰ ਦੇਵੇ, ਭਾਵੇਂ ਉਹ ਛੇ ਸਾਲ ਦੀ ਹੀ ਕਿਉਂ ਨਾ ਹੋਵੇ। ਮਰਦ ਦਾ ਧਿਆਨ ਸਿਰਫ਼ ਅਪਣੀ ਕਾਮੁਕ ਇੱਛਾ ਦੀ ਪੂਰਤੀ ਵਲ ਹੁੰਦਾ ਹੈ, ਦੂਜੇ ਦੀ ਇੱਛਾ ਜਾਂ ਸਤਿਕਾਰ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ।
Rape
ਨਾਂਹ ਸੁਣਨੀ ਤਾਂ ਹੀ ਸਿਖਣਗੇ, ਜੇਕਰ ਹਮਦਰਦੀ ਕਰਨੀ ਸਿਖਣਗੇ। ਅਪਣੀ ਜ਼ਿੰਮੇਵਾਰੀ ਚੁਕਣ ਦੀ ਆਦਤ ਪਵੇਗੀ ਤਾਂ ਘਰ ਪ੍ਰਵਾਰ ਦੇ ਕੰਮਾਂ ਵਿਚ ਯੋਗਦਾਨ ਪਾਉਣਾ ਸਿਖਣਗੇ। ਸਾਡਾ ਇਹੋ ਜਿਹਾ ਪਾਲਣ ਪੋਸਣ ਹੀ ਮੁੰਡਿਆਂ ਨੂੰ ਪੁੱਠੇ ਰਾਹਾਂ ਵਲ ਲੈ ਕੇ ਜਾ ਰਿਹਾ ਹੈ।
-ਨਿਮਰਤ ਕੌਰ