
UNO ਮੁਖੀ ਐਨਟੋਨੀਓ ਗੁਟਰਸ ਨੇ ਬੜੇ ਸਾਫ਼ ਸ਼ਬਦਾਂ ਵਿਚ ਆਖਿਆ ਹੈ ਕਿ ਹਮਾਸ ਦਾ ਹਮਲਾ ਬਿਨਾਂ ਕਾਰਨ ਨਹੀਂ ਸੀ ਬਲਕਿ ਪਿਛਲੇ ਕਈ ਸਾਲਾਂ ਦੇ ਨਾਜਾਇਜ਼ ਕਬਜ਼ੇ ਦਾ ਨਤੀਜਾ ਹੈ।
ਇਜ਼ਰਾਈਲ ਨੇ ਗਾਜ਼ਾ ਵਿਚ ਅਪਣੇ ਹਮਲੇ ਦਾ ਦੂਜਾ ਪੜਾਅ ਸ਼ੁਰੂ ਕਰ ਦਿਤਾ ਹੈ ਤੇ ਉਥੋਂ ਸੁਣਾਈ ਦੇ ਰਹੀਆਂ ਚੀਕਾਂ ਇਹੀ ਸੰਦੇਸ਼ਾ ਦੇਂਦੀਆਂ ਹਨ ਕਿ ਅੱਜ ਦੀ ਦੁਨੀਆਂ ਬਾਰੇ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਇਨਸਾਨ ਦੇ ਅੰਦਰ ਦਿਲ ਖ਼ਤਮ ਹੋ ਚੁੱਕਾ ਹੈ। ਅੱਜ ਦੀ ਦੁਨੀਆਂ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਤਲਾਸ਼ ਹੁਣ ਖ਼ਤਮ ਹੋ ਚੁੱਕੀ ਹੈ ਤੇ ਆਰਟੀਫ਼ੀਸ਼ਲ ਇੰਟੈਂਲੀਜੈਂਸ ਇਨਸਾਨ ਦੇ ਦਿਲ ਤੇ ਦਿਮਾਗ਼ ’ਤੇ ਪੂਰੀ ਤਰ੍ਹਾਂ ਕਾਬੂ ਪਾ ਚੁੱਕੀ ਹੈ।
ਦੁਨੀਆਂ ਦੇ ਕਈ ਭਾਗਾਂ ਵਿਚ ਇਸ ਵਕਤ ਨਸਲਕੁਸ਼ੀ ਚਲ ਰਹੀ ਹੈ ਤੇ ਤਾਕਤਵਰ, ਪੈਸੇ ਵਾਲੇ ਦੇਸ਼ ਜਿਨ੍ਹਾਂ ਤੋਂ ਅਤਿਆਚਾਰ ਵਿਰੁਧ ਅਸਰਦਾਰ ਆਵਾਜ਼ ਚੁੱਕੇ ਜਾਣ ਦੀ ਆਸ ਕੀਤੀ ਜਾਂਦੀ ਸੀ, ਉਨ੍ਹਾਂ ਨੇ ਵੀ ਪੂਰੀ ਤਰ੍ਹਾਂ ਇਨਸਾਨੀਅਤ ਦੇ ਘਾਣ ਲਈ ਅਪਣੀ ਤਾਕਤ ਝੋਂਕ ਦਿਤੀ ਹੈ। ਪਰ ਸੱਭ ਤੋਂ ਜ਼ਿਆਦਾ ਦੁੱਖ ਅਪਣੇ ਦੇਸ਼ ਦੇ ਫ਼ੈਸਲੇ ’ਤੇ ਹੈ ਜਿਸ ਨੇ ਸੱਭ ਕੁੱਝ ਵੇਖ ਕੇ ਵੀ, ਚੁੱਪ ਰਹਿਣ ਤੇ ਕਿਸੇ ਦਾ ਸਾਥ ਦੇਣ ਜਾਂ ਵਿਰੋਧ ਨਾ ਕਰਨ ਦਾ ਫ਼ੈਸਲਾ ਕੀਤਾ।
Israel-Palestine conflict
ਆਜ਼ਾਦੀ ਦੀ ਲੜਾਈ ਵਿਚ ਅਹਿੰਸਾ ਦਾ ਨਾਹਰਾ ਐਸਾ ਸੀ ਜਿਸ ਨੂੰ ਅੰਗਰੇਜ਼ ਦੀ ਸਹਿਮਤੀ ਨਾਲ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਬਣਾਇਆ ਗਿਆ। ਕਈ ਦੇਸ਼ਾਂ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਪਰ ਗਾਂਧੀ ਜਾਂ ਮੰਡੇਲਾ ਜਿੰਨੀ ਪ੍ਰਸਿੱਧੀ ਸ਼ਾਇਦ ਹੀ ਕਿਸੇ ਨੂੰ ਮਿਲੀ ਹੋਵੇ ਤੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਕੂਟਨੀਤੀ ਵਿਚ ਵੀ ਇਸੇ ਸੋਚ ਨੂੰ ਆਧਾਰ ਬਣਾਇਆ ਗਿਆ। ਪਰ ਅੱਜ ਭਾਰਤ ਨੇ ਚੁੱਪ ਰਹਿ ਕੇ ਨਾ ਸਿਰਫ਼ ਨਵੇਂ ਬਣੇ ਮਿੱਤਰਾਂ ਦੀ ਪਿਛਲੱਗਤਾ ਪ੍ਰਵਾਨ ਕਰ ਲਈ ਹੈ ਬਲਕਿ ਅਪਣੀ ਬੁਨਿਆਦੀ ਸੋਚ ਨੂੰ ਵੀ ਤਿਆਗ ਦਿਤਾ ਹੈ।
ਭਾਰਤ ਦੀ ਸਿਆਸਤ ਵਿਚ ਗਾਜ਼ਾ-ਇਜ਼ਰਾਈਲ ਦਾ ਸ਼ੋਕ ਨਜ਼ਰ ਆ ਰਿਹਾ ਹੈ। ਜੋ ਲੋਕ ਗਾਜ਼ਾ ਵਿਚ ਚਲ ਰਹੀ ਨਸਲਕੁਸ਼ੀ ਦੇ ਹੱਕ ਵਿਚ ਬੋਲ ਰਹੇ ਹਨ, ਉਨ੍ਹਾਂ ’ਤੇ ਮੁਸਲਮਾਨਾਂ ਦੀ ਵੋਟ ਲੈਣ ਲਈ ਯਤਨ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਕਿਸੇ ਹੋਰ ਨੂੰ ਸਿਰਫ਼ ਇਜ਼ਰਾਈਲ ਉਤੇ ਹਮਾਸ ਦਾ ਹਮਲਾ ਹੀ ਦਿਸ ਰਿਹਾ ਹੈ।
António Guterres
ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗੁਟਰਸ ਨੇ ਬੜੇ ਸਾਫ਼ ਸ਼ਬਦਾਂ ਵਿਚ ਆਖਿਆ ਹੈ ਕਿ ਹਮਾਸ ਦਾ ਹਮਲਾ ਬਿਨਾਂ ਕਾਰਨ ਨਹੀਂ ਸੀ ਬਲਕਿ ਪਿਛਲੇ ਕਈ ਸਾਲਾਂ ਦੇ ਨਾਜਾਇਜ਼ ਕਬਜ਼ੇ ਦਾ ਨਤੀਜਾ ਹੈ। ਸੰਯੁਕਤ ਰਾਸ਼ਟਰ ਵਲੋਂ ਐਸਾ ਬਿਆਨ ਸਿਆਣਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਸੀ ਪਰ ਜਦ ਦਿਮਾਗ਼ ਦੀ ਥਾਂ ਮਸ਼ੀਨਾਂ ਹੋਣ ਜੋ ਸਿਰਫ਼ ਪੈਸੇ ਤੇ ਮੁਨਾਫ਼ੇ ਦੀ ਬਿਨਾਅ ਤੇ ਫ਼ੈਸਲਾ ਕਰਦੀਆਂ ਹੋਣ ਤਾਂ ਫਿਰ ਅਮਰੀਕੀ ਰਾਸ਼ਟਰਪਤੀ ਬਾਈਡਨ ਵਰਗਾ ਬਿਆਨ ਹੀ ਆਉਣਾ ਸੀ ਜੋ ਆਖਦੇ ਹਨ ਕਿ ਹਮਾਸ ਨੇ ਹਮਲਾ ਅਮਰੀਕਾ ਦਾ ਏਸ਼ੀਆ ਨਾਲ ਆਰਥਕ ਰਿਸ਼ਤਾ ਰੋਕਣ ਵਾਸਤੇ ਕੀਤਾ। ਅਸਲ ਵਿਚ ਅਮਰੀਕਾ ਨੇ ਚੀਨ ਦੇ ਆਰਥਕ ਗਲਿਆਰੇ (economic corridoor) ਨੂੰ ਰੋਕਣ ਵਾਸਤੇ ਭਾਰਤ ਨਾਲ ਰਿਸ਼ਤੇ ਬਣਾਏ ਤਾਕਿ ਅਮਰੀਕਾ ਗਲੋਬਲ ਸ਼ਕਤੀ ਬਣੀ ਰਹੇ।
ਸਾਰੀ ਖੇਡ ਹੀ ਪੈਸੇ ਦੀ ਤਾਕਤ ਦੀ ਖੇਡ ਹੈ ਤੇ ਇਨ੍ਹਾਂ ਕੁੱਝ ਦੇਸ਼ਾਂ ਦੀ ਭੁੱਖ ਹੈ ਜਿਸ ਕਾਰਨ ਅੱਜ ਦੁਨੀਆਂ ਵਿਚ ਜੰਗ ਚਲ ਰਹੀ ਹੈ ਤੇ ਬੇਕਸੂਰ ਮਾਰੇ ਜਾ ਰਹੇ ਹਨ। ਹਮਾਸ, ਇਜ਼ਰਾਈਲ, ਪੁਤਿਨ ਵਿਚਕਾਰ ਅੰਤਰ ਸਿਰਫ਼ ਨਾਵਾਂ ਦਾ ਰਹਿ ਗਿਆ ਹੈ। ਸਾਰੇ ਹੈਵਾਨ ਦੇ ਰੂਪ ਹਨ। ਅੱਜ ਚੰਗਾ ਹੁੰਦਾ ਕਿ ਭਾਰਤ ਦੀ ਆਵਾਜ਼ 200 ਤੋਂ ਵੱਧ ਦੇਸ਼ਾਂ ਨਾਲ ਮਿਲ ਕੇ ਆਖਦੀ ਕਿ ਗਾਜ਼ਾ-ਇਜ਼ਰਾਈਲ ਵਿਚਕਾਰ ਸ਼ਾਂਤੀ ਨਾਲ ਸਮਝੌਤਾ ਹੋਣਾ ਚਾਹੀਦਾ ਹੈ।
- ਨਿਮਰਤ ਕੌਰ