 
          	ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਵਲੋਂ ਅਮਰੀਕਾ ਨੂੰ ਅੱਡੇ ਵਜੋਂ ਵਰਤਣ ਲਈ ਦਿਤੀ ਜ਼ਮੀਨ ਅਤੇ ਉਥੇ ਅਪਣੀ ਫ਼ੌਜ ਰੱਖਣ ਦੀ ਕੀਮਤ ਹੈ। ਅਮਰੀਕਾ ਅਤੇ ਅਫ਼ਗ਼ਾਨਿਸਤਾਨ ਵਿਚਕਾਰ ਲੜਾਈ ਵਿਚ ਉਸ ਦੇ 70,000 ਤੋਂ ਵੱਧ ਪਾਕਿਸਤਾਨੀ ਫ਼ੌਜੀ ਵੀ ਕੁਰਬਾਨ ਹੋ ਚੁੱਕੇ ਹਨ। ਡੋਨਾਲਡ ਟਰੰਪ ਦੀ ਨਾਰਾਜ਼ਗੀ ਦਾ ਕਾਰਨ ਹਾਲ ਵਿਚ ਹੀ ਅਫ਼ਗਾਨਿਸਤਾਨ ਵਿਚ ਹੋਈ ਅਮਰੀਕੀ ਫ਼ੌਜ ਦੀ ਪਸਪਾਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ਵਿਚ ਆਰਥਕ ਮਦਦ 'ਹੋਰ ਨਹੀਂ' ਕਹਿਣ ਤੇ ਭਾਰਤ ਵਿਚ ਜਸ਼ਨ ਮਨਾਏ ਜਾਣ ਲੱਗ ਪਏ ਹਨ। ਭਾਰਤੀਆਂ ਦਾ ਇਹ ਪ੍ਰਤੀਕਰਮ ਪਾਕਿਸਤਾਨ ਦੀ ਹੋਈ ਬਦਨਾਮੀ ਦੇ ਸੰਦਰਭ ਵਿਚ, ਸਮਝ ਵਿਚ ਆ ਸਕਦਾ ਹੈ ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਇਸ ਇਕ ਮੂੰਹ-ਫੱਟ ਬਿਆਨ ਨਾਲ, ਅਮਰੀਕਾ ਬਹੁਤ ਨੀਵਾਂ ਹੋ ਗਿਆ ਹੈ। ਵੱਡੇ ਦੇਸ਼ ਦਾ ਵੱਡਾ ਆਗੂ ਡਿਪਲੋਮੈਟਿਕ ਭਾਸ਼ਾ ਵਿਚ ਬੋਲਦਾ ਹੈ, ਗਲੀ ਬਾਜ਼ਾਰ ਦੀ ਭਾਸ਼ਾ ਵਿਚ ਨਹੀਂ। ਅਮਰੀਕਾ ਦੇ ਦੂਜੇ ਮਿੱਤਰ ਵੀ ਸੁਚੇਤ ਹੋ ਗਏ ਹੋਣਗੇ ਕਿ ਅਮਰੀਕੀ ਨੇਤਾ ਜਦੋਂ ਕਿਸੇ ਗੱਲ ਤੋਂ ਛਿੱਥੇ ਪੈ ਜਾਂਦੇ ਹਨ ਤਾਂ ਉਹ ਆਪਸੀ ਭਾਈਵਾਲੀ ਵੇਲੇ ਦਾ ਕੋਈ ਵੀ ਭੇਤ, ਗਲੀ ਵਿਚ ਲੜ ਰਹੀਆਂ ਸੰਤੋ ਬੰਤੋ ਵਾਂਗ, ਜ਼ਬਾਨ ਤੇ ਲਿਆ ਸਕਦੇ ਹਨ। ਗਏ ਉਹ ਜ਼ਮਾਨੇ ਜਦ ਅਮਰੀਕੀ ਰਾਸ਼ਟਰਪਤੀ, ਦੇਸ਼ ਦਾ ਸੱਭ ਤੋਂ ਸੂਝਵਾਨ ਨੇਤਾ ਹੋਇਆ ਕਰਦਾ ਸੀ। ਆਜ਼ਾਦੀ ਤੋਂ ਛੇਤੀ ਮਗਰੋਂ, ਭਾਰਤ ਰੂਸ ਵਲ ਝੁਕ ਰਿਹਾ ਸੀ ਤੇ ਪਾਕਿਸਤਾਨ ਅਮਰੀਕਾ ਵਲ। ਫਿਰ ਵੀ ਇਕ ਵੱਡੇ ਭਾਰਤੀ ਨੇਤਾ ਨੇ ਰਾਸ਼ਟਰਪਤੀ ਆਈਜ਼ਨਹਾਵਰ ਨੂੰ ਗਿਲਾ ਕੀਤਾ ਕਿ ''ਤੁਸੀ ਭਾਰਤ ਨੂੰ ਦੁਨੀਆਂ ਦਾ ਸੱਭ ਤੋਂ ਵੱਡਾ ਲੋਕ-ਰਾਜ ਤਾਂ ਕਹਿੰਦੇ ਹੋ ਪਰ ਹਥਿਆਰਾਂ ਨਾਲ ਪਾਕਿਸਤਾਨ ਨੂੰ ਲੈਸ ਕਰ ਰਹੇ ਹੋ...?'' ਅਮਰੀਕੀ ਰਾਸ਼ਟਰਪਤੀ ਨੇ ਬੜੇ ਠਰੰਮੇ ਨਾਲ ਜਵਾਬ ਦਿਤਾ, ''ਪਰ ਦੁਨੀਆਂ ਦੇ ਸੱਭ ਤੋਂ ਵੱਡੇ ਲੋਕ-ਰਾਜ ਨੂੰ ਪੈਰਾਂ ਤੇ ਖੜਾ ਕਰਨ ਲਈ ਸੱਭ ਤੋਂ ਵੱਧ ਪੈਸਾ ਵੀ ਅਸੀ ਹਿੰਦੁਸਤਾਨ ਨੂੰ ਹੀ ਦੇਂਦੇ ਹਾਂ, ਭਾਵੇਂ ਤੁਹਾਡੇ ਤੋਂ ਬਿਨਾਂ ਅਸੀ ਹੋਰ ਕਿਸੇ ਨੂੰ ਨਹੀਂ ਦਸਦੇ।'' ਹੁਣ ਜਿਸ ਤਰ੍ਹਾਂ ਟਰੰਪ ਨੇ ਇਕ ਸਾਥੀ ਦੇਸ਼ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਉਸ ਦੇ ਦੂਜੇ ਸਾਥੀ ਦੇਸ਼ ਵੀ ਚੌਕੰਨੇ ਹੋ ਗਏ ਹੋਣਗੇ।ਪਰ ਅਮਰੀਕੀ ਰਾਸ਼ਟਰਪਤੀ ਦੇ ਤਿੱਖੇ ਸੰਦੇਸ਼ ਅਤੇ ਆਰਥਕ ਮਦਦ ਰੋਕਣ ਦੀ ਧਮਕੀ ਨਾਲ ਪਾਕਿਸਤਾਨ ਵਿਚ ਜ਼ਰਾ ਜਿੰਨੀ ਵੀ ਘਬਰਾਹਟ ਨਹੀਂ ਮਹਿਸੂਸ ਕੀਤੀ ਜਾ ਰਹੀ। ਪਾਕਿਸਤਾਨ ਅਤੇ ਅਮਰੀਕਾ ਵਿਚਕਾਰ 2002 ਤੋਂ ਫ਼ੌਜੀ ਰਿਸ਼ਤਿਆਂ ਦੀ ਸ਼ੁਰੂਆਤ ਹੋਈ ਸੀ ਜਦੋਂ ਪਾਕਿਸਤਾਨ ਨੇ ਅਪਣੀ ਧਰਤੀ ਨੂੰ ਤਾਲਿਬਾਨ ਵਿਰੁਧ ਜੰਗ 'ਚ ਅਮਰੀਕਾ ਦਾ ਫ਼ੌਜੀ ਅੱਡਾ ਬਣਨ ਦਿਤਾ। ਟਰੰਪ ਵਲੋਂ ਪਾਕਿਸਤਾਨ ਨੂੰ 33 ਮਿਲੀਅਨ ਡਾਲਰ ਦੀ ਮਦਦ ਦਿਤੀ ਹੋਣ ਦੇ ਨਿਹੋਰੇ ਨੂੰ ਪਾਕਿਸਤਾਨ ਨੇ ਵੀ ਚੁਪਚਾਪ ਨਹੀਂ ਸਹਿ ਲਿਆ ਅਤੇ ਪਾਕਿਸਤਾਨ ਵਿਚ ਬੈਠੇ ਅਮਰੀਕੀ ਸਫ਼ੀਰ ਨੂੰ ਸੱਦ ਕੇ ਇਸ ਸੁਨੇਹੇ ਦੀ ਪੁਸ਼ਟੀ ਮੰਗੀ ਹੈ। ਪਾਕਿਸਤਾਨ ਨੇ ਇਹ ਵੀ ਕਹਿ ਦਿਤਾ ਹੈ ਕਿ ਉਹ ਇਸ ਲੇਖੇ ਜੋਖੇ ਦਾ ਹਿਸਾਬ ਕੱਢ ਕੇ ਪੇਸ਼ ਕਰੇਗਾ ਕਿਉਂਕਿ ਉਨ੍ਹਾਂ ਮੁਤਾਬਕ ਅਜੇ ਅਮਰੀਕਾ ਵਲੋਂ 8 ਬਿਲੀਅਨ ਡਾਲਰ ਦੀ ਰਕਮ ਦੀ ਅਦਾਇਗੀ ਬਾਕੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਵਲੋਂ ਅਮਰੀਕਾ ਨੂੰ ਅੱਡੇ ਵਜੋਂ ਵਰਤਣ ਲਈ ਦਿਤੀ ਜ਼ਮੀਨ ਅਤੇ ਉਥੇ ਅਪਣੀ ਫ਼ੌਜ ਰੱਖਣ ਦੀ ਕੀਮਤ ਹੈ। ਅਮਰੀਕਾ ਅਤੇ ਅਫ਼ਗ਼ਾਨਿਸਤਾਨ ਵਿਚਕਾਰ ਲੜਾਈ ਵਿਚ ਉਸ ਦੇ 70,000 ਤੋਂ ਵੱਧ ਪਾਕਿਸਤਾਨੀ ਫ਼ੌਜੀ ਵੀ ਕੁਰਬਾਨ ਹੋ ਚੁੱਕੇ ਹਨ। ਡੋਨਲਡ ਟਰੰਪ ਦੀ ਨਾਰਾਜ਼ਗੀ ਦਾ ਕਾਰਨ ਹਾਲ ਵਿਚ ਹੀ ਅਫ਼ਗਾਨਿਸਤਾਨ ਵਿਚ ਹੋਈ ਅਮਰੀਕੀ ਫ਼ੌਜ ਦੀ ਪਸਪਾਈ ਹੈ। ਪਰ ਟਰੰਪ ਜੋ ਕਿ ਹਲਕੀ ਕਿਸਮ ਦੇ ਮੂੰਹ-ਫੱਟ ਆਗੂ ਵਜੋਂ ਬੋਲਣ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ, ਇਹ ਵੀ ਭੁੱਲ ਗਏ ਕਿ ਜੇ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ਅਪਣੀ ਧੌਂਸ ਜਮਾਉਣੀ ਹੈ ਤਾਂ ਅਜਿਹਾ ਉਹ ਪਾਕਿਸਤਾਨ ਤੋਂ ਬਗ਼ੈਰ ਨਹੀਂ ਕਰ ਸਕਦੇ। ਭਾਰਤ ਨਾਲ ਇਸ ਤਰ੍ਹਾਂ ਦੇ ਫ਼ੌਜੀ ਰਿਸ਼ਤੇ ਸਥਾਪਤ ਕਰਨ ਵਿਚ ਸਫ਼ਲਤਾ ਨਹੀਂ ਮਿਲ ਸਕਦੀ ਕਿਉਂਕਿ ਭਾਰਤ ਦਾ ਲੋਕਤੰਤਰੀ ਪ੍ਰਬੰਧ, ਇਸ ਤਰ੍ਹਾਂ ਦੇ ਸਮਝੌਤੇ ਨੂੰ ਬਰਦਾਸ਼ਤ ਨਹੀਂ ਕਰੇਗਾ।

ਡੋਨਲਡ ਟਰੰਪ ਦੇ ਪਾਕਿਸਤਾਨ ਉਤੇ ਵਾਰ ਦਾ ਅਸਰ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਟਰੰਪ ਨੇ ਸੋਚਿਆ ਸੀ। ਕਾਰਨ, ਚੀਨ ਦੀ ਬਦਲੀ ਰਣਨੀਤੀ ਹੈ। ਇਕ ਸਮਾਂ ਸੀ ਜਦ ਚੀਨ ਵਲੋਂ ਵਿਦੇਸ਼ੀ ਮੁਲਕਾਂ ਦੀ ਮਦਦ ਵਾਸਤੇ 10 ਸਾਲਾਂ ਵਿਚ ਖ਼ਰਚੀ ਜਾਂਦੀ ਰਕਮ, ਅਮਰੀਕਾ ਵਲੋਂ ਖ਼ਰਚੀ ਜਾਂਦੀ ਇਕ ਸਾਲ ਦੀ ਰਕਮ ਤੋਂ ਵੀ ਘੱਟ ਹੁੰਦੀ ਸੀ ਪਰ ਅੱਜ ਚੀਨ ਅਪਣੇ ਲਈ ਵੱਡੀ ਆਰਥਕ ਸ਼ਕਤੀ ਵਾਲਾ ਅਕਸ ਬਣਾਉਣ ਵਿਚ ਮਸਰੂਫ਼ ਹੈ। ਭਾਰਤ ਨਾਲ ਹੋਈ ਲੜਾਈ ਵਿਚ, ਪਾਕਿਸਤਾਨ ਨੂੰ ਅਪਣਾ ਮਿੱਤਰ ਬਣਾਉਣ ਦੀ ਰਣਨੀਤੀ ਤਿਆਰ ਕਰ ਕੇ ਚੀਨ ਨੇ ਪਾਕਿਸਤਾਨ ਨੂੰ ਅਰਬਾਂ ਰੁਪਏ ਦੀ ਰਕਮ ਆਰਥਕ ਲਾਂਘੇ ਰਾਹੀਂ ਦੇ ਕੇ, ਉਸ ਉਤੇ ਕੰਮ ਵੀ ਸ਼ੁਰੂ ਕਰ ਦਿਤਾ ਹੈ। ਪਾਕਿਸਤਾਨ ਵਿਚ ਇਕ ਸਮੁੰਦਰੀ ਸ਼ਹਿਰ ਨੂੰ ਵਸਾਉਣ ਵਾਸਤੇ ਚੀਨ ਨੇ ਪਾਕਿਸਤਾਨ ਨੂੰ 500 ਮਿਲੀਅਨ ਡਾਲਰ ਦੀ ਰਕਮ ਭੇਂਟ ਕੀਤੀ ਹੈ। ਜੇ ਅੱਜ ਅਮਰੀਕਾ, ਪਾਕਿਸਤਾਨ ਨੂੰ ਆਰਥਕ ਮਦਦ ਦੇਣੀ ਬੰਦ ਵੀ ਕਰ ਦੇਂਦਾ ਹੈ ਤਾਂ ਪਾਕਿਸਤਾਨ ਨੂੰ ਕੋਈ ਘਬਰਾਹਟ ਨਹੀਂ ਹੋਵੇਗੀ ਕਿਉਂਕਿ ਉਸ ਨੂੰ ਅਰਬਾਂ ਦੀ ਮਦਦ ਚੀਨ ਤੋਂ ਮਿਲਣੀ ਨਿਸ਼ਚਿਤ ਹੈ।ਦੂਜੇ ਪਾਸੇ ਜੇ ਪਾਕਿਸਤਾਨ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਅਮਰੀਕਾ ਨੇ ਅਪਣੀ ਅਫ਼ਗਾਨਿਸਤਾਨ ਦੀ ਲੜਾਈ ਵਿਚ ਪਾਕਿਸਤਾਨ ਨੂੰ ਦੱਬ ਕੇ ਇਸਤੇਮਾਲ ਕੀਤਾ ਹੈ। ਉਸ ਦਾ ਅਸਰ ਪਾਕਿਸਤਾਨ ਉਤੇ ਵੀ ਹੋਣੋਂ ਨਹੀਂ ਰਹਿ ਸਕਿਆ ਜੋ ਕਿ ਆਪ ਵੀ ਅਤਿਵਾਦ ਦੇ ਚੁੰਗਲ ਵਿਚ ਫੱਸ ਗਿਆ ਹੈ। ਹਾਫ਼ਿਜ਼ ਸਈਦ ਦੀ, ਪਾਕਿਸਤਾਨ ਦੀ ਸਿਆਸਤ ਵਿਚ ਚੜ੍ਹਤ, ਪਾਕਿਸਤਾਨ ਵਾਸਤੇ ਮਾੜੀ ਸਾਬਤ ਹੋਵੇਗੀ। ਪਾਕਿਸਤਾਨ ਲਈ ਚੀਨ ਦੀ ਮਦਦ ਅਤੇ ਅਮਰੀਕਾ ਤੋਂ ਦੂਰੀ ਇਕ ਵਰਦਾਨ ਸਾਬਤ ਹੋ ਸਕਦੀ ਹੈ। ਅਮਰੀਕਾ ਜਿੰਨਾ ਦੇਂਦਾ ਹੈ, ਉਸ ਤੋਂ ਵੱਧ ਲੈਣ ਦੀ ਯੋਜਨਾ ਤਿਆਰ ਰਖਦਾ ਹੈ। ਭਾਰਤ ਨੂੰ ਕਿਸੇ ਨਕਲੀ ਸੰਤੁਸ਼ਟੀ ਵਿਚ ਨਾ ਆਉਂਦੇ ਹੋਏ, ਪਾਕਿਸਤਾਨ ਨਾਲ ਅਪਣੇ ਰਿਸ਼ਤੇ ਸੁਧਾਰਨ ਵਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਰਹੱਦਾਂ ਉਤੇ ਤਣਾਅ ਦੀ ਕੀਮਤ ਦੇਸ਼ ਨੂੰ ਚੁਕਾਉਣੀ ਪੈਂਦੀ ਹੈ।  -ਨਿਮਰਤ ਕੌਰ
 
                     
                
 
	                     
	                     
	                     
	                     
     
     
     
     
     
                     
                     
                     
                     
                    