ਅੰਨ੍ਹੀ ਭਗਤੀ ਦਾ ਚੱਕਰਵਿਊ
Published : Jan 1, 2018, 11:37 pm IST
Updated : Jan 1, 2018, 6:07 pm IST
SHARE ARTICLE

ਕੁੱਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਟੈਲੀਵਿਜ਼ਨ ਦੇ ਖ਼ਬਰਾਂ ਵਾਲੇ ਚੈਨਲ ਅਤੇ ਅਖ਼ਬਾਰ ਚੀਕ ਚੀਕ ਕੇ ਕਹਿ ਰਹੇ ਸਨ ਕਿ ਸੌਦਾ ਸਾਧ ਨੂੰ ਦਿਤੇ ਜੱਜ ਦੇ ਫ਼ੈਸਲੇ ਕਰ ਕੇ ਉਸ ਦੇ ਪੈਰੋਕਾਰਾਂ ਨੇ ਪੰਚਕੂਲਾ ਨੂੰ ਅੱਗ ਦੀਆਂ ਲਪਟਾਂ ਵਿਚ ਸਾੜ ਦਿਤਾ। ਸਾਰੇ ਪਾਸੇ ਅੱਗ ਹੀ ਅੱਗ, ਹਿੰਸਾ ਫੈਲੀ ਹੋਈ ਸੀ। ਇਹ ਸਵਾਲ ਉਠਿਆ ਕਿ ਇਹ ਬਾਬੇ ਦੇ ਕਿਹੋ ਜਿਹੇ ਪੈਰੋਕਾਰ ਹਨ ਜਿਹੜੇ ਹਿੰਸਕ ਹੋ ਗਏ? ਕੀ ਇਹ ਭਾਰਤ ਦੀ ਅਜਿਹੀ ਪਹਿਲੀ ਘਟਨਾ ਸੀ? ਕੀ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ? ਇਕ ਮਸ਼ਹੂਰ ਅਖ਼ਬਾਰ ਤੋਂ ਪਤਾ ਲੱਗਾ ਕਿ ਅਦਾਲਤਾਂ ਵਿਚ ਚੱਲ ਰਹੇ ਅਜਿਹੇ ਮੁਕੱਦਮਿਆਂ ਦੀ ਸੂਚੀ ਬਹੁਤ ਲੰਮੀ ਹੈ।ਪਿਛਲੇ ਸਾਲ ਉੱਤਰ ਪ੍ਰਦੇਸ਼ ਵਿਚ ਬਾਰਾਬੰਕੀ ਜ਼ਿਲ੍ਹੇ ਦੇ ਇਕ ਬਾਬੇ ਪਰਮਾਨੰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਔਰਤਾਂ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਉਸ ਦੇ ਵੀਡੀਉ ਸੋਸ਼ਲ ਮੀਡੀਆ ਉਤੇ ਆਏ ਸਨ। ਜੇਕਰ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਸਵਾਮੀ ਨਿਤਿਆਨੰਦ ਦੀ ਸੈਕਸ ਸੀ.ਡੀ. ਸਾਲ 2010 ਵਿਚ ਸਾਹਮਣੇ ਆਈ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਹੁੰਦੀਆਂ ਹਨ ਅਤੇ ਹਰ ਵਾਰ ਅੰਨ੍ਹਭਗਤੀ ਦੀ ਲਪੇਟ ਵਿਚ ਆਈ ਜਨਤਾ ਧੋਖੇਬਾਜ਼ੀ ਦਾ ਸ਼ਿਕਾਰ ਹੋ ਜਾਂਦੀ ਰਹੀ ਹੈ। ਇਹ ਕਿਹੋ ਜਿਹਾ ਧਰਮਾਂਧਤਾ ਹੈ? ਕੀ ਸਾਡੀ ਸੋਚਣ ਸਮਝਣ ਦੀ ਤਾਕਤ ਖ਼ਤਮ ਹੋ ਚੁੱਕੀ ਹੈ?ਜਿਹੜੀ ਉਮਰ ਵਿਚ ਬੱਚੇ ਖੇਡਦੇ ਹਨ, ਜਵਾਨ ਹੁੰਦੀਆਂ ਕੁੜੀਆਂ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਬੁਣਦੀਆਂ ਹਨ, ਉਸ ਉਮਰ ਵਿਚ ਉਨ੍ਹਾਂ ਨੂੰ ਧਾਰਮਕ ਥਾਵਾਂ ਉਤੇ ਸੇਵਾ ਦੇ ਕੰਮ ਵਿਚ ਭੇਜ ਕੇ ਕੀ ਸੱਚਮੁਚ ਪੁੰਨ ਕਮਾਇਆ ਜਾ ਸਕਦਾ ਹੈ? ਸੜਕ ਉਤੇ ਜ਼ਖ਼ਮੀ ਪਏ ਕਿਸੇ ਬੰਦੇ ਨੂੰ ਵੇਖ ਕੇ ਲੋਕ ਮੂੰਹ ਮੋੜ ਕੇ ਲੰਘ ਜਾਂਦੇ ਹਨ, ਮੁਸੀਬਤ ਵਿਚ ਪਏ ਬੰਦੇ ਤੋਂ ਕਿਨਾਰਾ ਕਰ ਲੈਂਦੇ ਹਨ ਪਰ ਕਿਸੇ ਬਾਬੇ ਉਤੇ ਆਂਚ ਆ ਜਾਵੇ ਤਾਂ ਖੱਪ ਪਾ ਦੇਂਦੇ ਹਨ। ਕੀ ਇਹੀ ਧਰਮ ਹੈ? ਕੀ ਕਾਰਨ ਹੈ ਇਸ ਧਰਮਾਂਧਤਾ ਦਾ? ਇਸ ਬਾਰੇ ਕਈ ਸੰਸਥਾਨਾਂ ਨਾਲ ਜੁੜੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਪਤਾ ਲਗਿਆ ਕਿ ਕਿਤੇ ਨਾ ਕਿਤੇ ਲੋਕ ਸ਼ਾਂਤੀ ਦੀ ਖੋਜ ਵਿਚ ਇਨ੍ਹਾਂ ਆਸ਼ਰਮਾਂ ਦਾ ਰੁਖ਼ ਕਰਦੇ ਹਨ।ਅੱਜ ਸਮਾਜ ਵਿਚ ਫੈਲੇ ਜਾਤ, ਬਿਰਾਦਰੀ, ਵਿਤਕਰੇ, ਊਚ-ਨੀਚ ਅਤੇ ਅਮੀਰੀ-ਗ਼ਰੀਬੀ ਦਾ ਫ਼ਰਕ ਕੀ ਲੋਕਾਂ ਨੂੰ ਬਾਬਿਆਂ ਦੀ ਸ਼ਰਨ ਵਿਚ ਜਾਣ ਲਈ ਮਜਬੂਰ ਨਹੀਂ ਕਰਦਾ? ਅਮੀਰ ਦਿਨੋਂ-ਦਿਨ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਅਜਿਹੀ ਹਾਲਤ ਵਿਚ ਇਨ੍ਹਾਂ ਆਸ਼ਰਮਾਂ ਤੋਂ ਜੇਕਰ ਕਿਸੇ ਗ਼ਰੀਬ ਨੂੰ ਮੁੱਠੀ ਭਰ ਅਨਾਜ ਅਤੇ ਸਰੀਰ ਢਕਣ ਨੂੰ ਕਪੜਾ ਮਿਲ ਜਾਵੇ ਤਾਂ ਇਹ ਲੋਕ ਉਸ ਨੂੰ ਅਪਣਾ ਮੰਦਰ ਸਮਝਣ ਲਗਦੇ ਹਨ ਅਤੇ ਸਮਾਜ ਤੋਂ ਕਟੇ ਹੋਏ ਦਲਿਤ, ਬਾਬੇ ਤੋਂ ਮਿਲੀ ਇੱਜ਼ਤ ਦੇ ਬਦਲੇ ਸਮਾਜ ਤੋਂ ਬਦਲਾ ਲੈਣ ਲਈ ਹਿੰਸਾ ਕਰਨ ਤੇ ਉਤਾਰੂ ਹੋ ਜਾਂਦੇ ਹਨ।ਅਮੀਰ ਅਪਣੇ ਧਨ ਨਾਲ ਕਿਸੇ ਨੂੰ ਦੋ ਗਜ਼ ਜ਼ਮੀਨ ਨਹੀਂ ਦੇਵੇਗਾ ਪਰ ਇਨ੍ਹਾਂ ਮੱਠਾਂ ਦੇ ਨਾਂ ਤੇ ਧਰਮਸ਼ਾਲਾਵਾਂ ਬਣਵਾਏਗਾ ਅਤੇ ਜ਼ਮੀਨਾਂ ਦਾਨ ਕਰ ਦੇਵੇਗਾ ਤਾਂ ਜੋ ਉਸ ਦਾ ਕਾਲਾ ਧਨ ਵੀ ਟਿਕਾਣੇ ਲੱਗ ਜਾਵੇ ਅਤੇ ਸਮਾਜ ਵਿਚ ਰੁਤਬਾ ਵੀ ਵੱਧ ਜਾਵੇ। ਇਸ ਤਰ੍ਹਾਂ ਇਥੇ ਗ਼ਰੀਬ ਅਤੇ ਅਮੀਰ ਸੱਭ ਤਰ੍ਹਾਂ ਦੇ ਅੰਨ੍ਹੇ ਭਗਤਾਂ ਦਾ ਸਵਾਗਤ ਹੁੰਦਾ ਹੈ। ਪਰ ਵਿਤਕਰਾ ਵੀ ਹੁੰਦਾ ਹੈ। ਅਮੀਰ ਝਾੜੂ ਲੈ ਕੇ ਸੇਵਾ ਦੇ ਨਾਂ ਤੇ ਸਿਰਫ਼ ਤਸਵੀਰਾਂ ਖਿਚਵਾਉਂਦੇ ਹਨ ਅਤੇ ਗ਼ਰੀਬ ਨੂੰ ਤਸਵੀਰਾਂ ਵਿਖਾ ਕੇ ਉਹੀ ਝਾੜੂ ਹਮੇਸ਼ਾ ਲਈ ਫੜਾ ਦਿਤਾ ਜਾਂਦਾ ਹੈ।
ਕੀ ਰੋਜ਼ਾਨਾ ਘਰ-ਪ੍ਰਵਾਰਾਂ ਵਿਚ ਹੋਣ ਵਾਲੀ ਹਿੰਸਾ ਔਰਤਾਂ ਅਤੇ ਬੱਚਿਆਂ ਨੂੰ ਇਸ ਅੰਧਭਗਤੀ ਵਲ ਨੂੰ ਨਹੀਂ ਖਿਚਦੀ ਹੈ? ਕਿਉਂ ਕੋਈ ਅਪਣੇ ਬੱਚੇ ਇਨ੍ਹਾਂ ਬਾਬਿਆਂ ਅਤੇ ਆਸ਼ਰਮਾਂ ਦੇ ਹਵਾਲੇ ਕਰ ਦੇਂਦਾ ਹੈ? ਕਿਉਂ ਕੋਈ ਔਰਤ ਅਪਣੇ ਪ੍ਰਵਾਰ ਨੂੰ ਹਾਸ਼ੀਏ ਤੇ ਰੱਖ ਕੇ ਇਨ੍ਹਾਂ ਬਾਬਿਆਂ ਦੇ ਮਾਇਆ ਜਾਲ ਵਿਚ ਫਸਦੀ ਚਲੀ ਜਾਂਦੀ ਹੈ? ਜੇਕਰ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਸ਼ਾਇਦ ਉਹ ਅਪਣੀ ਹੋਂਦ ਦੀ ਖੋਜ ਵਿਚ ਇਹ ਰਫ਼ਤਾਰ ਫੜ ਲੈਂਦੀ ਹੈ। ਜਿਥੇ ਪ੍ਰਵਾਰਾਂ ਵਿਚ ਔਰਤਾਂ ਨੂੰ ਇੱਜ਼ਤ ਨਹੀਂ ਮਿਲਦੀ, ਉਨ੍ਹਾਂ ਨੂੰ ਇਥੇ ਪਿਆਰ ਦੇ ਦੋ ਬੋਲ ਚੰਗੇ ਮਹਿਸੂਸ ਹੁੰਦੇ ਹਨ ਅਤੇ ਉਹ ਸਤਸੰਗ ਅਤੇ ਪ੍ਰਵਚਨਾਂ ਦੇ ਬਹਾਨੇ ਇਨ੍ਹਾਂ ਵਲ ਨੂੰ ਖਿੱਚੀਆਂ ਚਲੀਆਂ ਜਾਂਦੀਆਂ ਹਨ ਅਤੇ ਉਥੇ ਹਾਜ਼ਰੀ ਦੇਣਾ ਅਪਣਾ ਧਰਮ ਸਮਝਣ ਲਗਦੀਆਂ ਹਨ।ਕੁੱਝ ਅਜਿਹੇ ਲੋਕ ਵੀ ਹਨ ਜੋ ਇਨ੍ਹਾਂ ਆਸ਼ਰਮਾਂ ਵਿਚ ਜਾਣ ਵਾਲੇ ਉੱਚੇ ਵਰਗ ਦੇ ਭਗਤਾਂ ਦੀ ਰੀਸ ਕਰ ਕੇ ਅਜਿਹਾ ਕਰਨ ਲਗਦੇ ਹਨ ਅਤੇ ਇਨ੍ਹਾਂ ਨਾਲ ਜੁੜਦੇ ਚਲੇ ਜਾਦੇ ਹਨ। ਅਮੀਰ ਲੋਕ ਵੀ ਇਨ੍ਹਾਂ ਦੇ ਪ੍ਰੋਗਰਾਮਾਂ ਅਤੇ ਸਤਸੰਗਾਂ ਵਿਚ ਜਾਣਾ ਪਸੰਦ ਕਰਦੇ ਹਨ। ਇਹ ਠੀਕ ਹੈ ਕਿ ਇਹ ਸਮਾਜਕ ਹੋਣ ਦਾ ਇਕ ਜ਼ਰੀਆ ਜਿਹਾ ਹੈ ਅਤੇ ਬੰਦਾ ਸਜ-ਧਜ ਕੇ ਰਹਿਣਾ ਅਤੇ ਸੰਗੀਤ ਸੁਣਨਾ ਪਸੰਦ ਕਰਦਾ ਹੈ। ਇਸ ਲਈ ਇਨ੍ਹਾਂ ਸਤਸੰਗਾਂ ਵਿਚ ਪਲ ਭਰ ਖ਼ੁਸ਼ੀ ਮਿਲਦੀ ਹੈ। ਪਰ ਸੋਚਣ ਦੀ ਗੱਲ ਇਹ ਵੀ ਹੈ ਕਿ ਇਹੀ ਖ਼ੁਸ਼ੀ ਉਹ ਇਨ੍ਹਾਂ ਦੇ ਪੈਰੋਕਾਰ ਨਾ ਬਣ ਕੇ ਅਪਣੇ ਪ੍ਰਵਾਰ, ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿਚ ਵੀ ਲੱਭ ਸਕਦਾ ਹੈ? ਕੀ ਟੁਟਦੇ ਪ੍ਰਵਾਰ ਬਦਲਦਾ ਸਮਾਜਕ ਮਾਹੌਲ ਇਨ੍ਹਾਂ ਬਾਬਿਆਂ ਨੂੰ ਰਾਹ ਵਿਖਾਉਣ ਲਈ ਜ਼ਿੰਮੇਵਾਰ ਨਹੀਂ ਹੈ?
ਕਈ ਘਰਾਂ ਵਿਚ ਇਨ੍ਹਾਂ ਬਾਬਿਆਂ ਲਈ ਵਿਸ਼ੇਸ਼ ਦਰਜਾ ਹੁੰਦਾ ਹੈ। ਘਰ ਵਿਚ ਕੁੱਝ ਬੁਰਾ ਹੋਇਆ ਤਾਂ ਬਾਬੇ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ ਅਤੇ ਜੇਕਰ ਕੁੱਝ ਚੰਗਾ ਹੋਇਆ ਤਾਂ ਵੀ ਬਾਬੇ ਨੂੰ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਘਰ ਦੇ ਵੱਡੇ ਬਜ਼ੁਰਗ ਇਹ ਸੱਭ ਕਰਦੇ ਹਨ ਅਤੇ ਅਪਣੀ ਅਗਲੀ ਪੀੜ੍ਹੀ ਨੂੰ ਵੀ ਮਜਬੂਰ ਕਰਦੇ ਹਨ ਕਿ ਉਹ ਇਸ ਦਾ ਪਾਲਣ ਕਰਨ। ਅਜਿਹਾ ਆਮ ਤੌਰ ਤੇ ਅਪਣਾ ਕਾਰੋਬਾਰ ਕਰਨ ਵਾਲੇ ਪ੍ਰਵਾਰਾਂ ਵਿਚ ਹੁੰਦਾ ਹੈ ਜਿਥੇ ਅਗਲੀ ਪੀੜ੍ਹੀ ਅਪਣੇ ਬਜ਼ੁਰਗਾਂ ਤੇ ਨਿਰਭਰ ਹੁੰਦੀ ਹੈ। ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਇਸ ਅੰਨ੍ਹੀ ਭਗਤੀ ਦੇ ਚੱਕਰਵਿਊ ਵਿਚ ਫੱਸ ਜਾਂਦੀ ਹੈ ਅਤੇ ਇਨ੍ਹਾਂ ਬਾਬਿਆਂ ਦੇ ਆਸ਼ਰਮ ਵਧਦੇ ਫੁਲਦੇ ਰਹਿੰਦੇ ਹਨ।
ਅਜਕਲ ਇਨ੍ਹਾਂ ਆਸ਼ਰਮਾਂ ਵਿਚ ਦਾਨ ਅਤੇ ਚੰਦੇ ਦੇ ਨਾਂ ਤੇ ਬਹੁਤ ਪੈਸਾ ਇਕੱਠਾ ਹੁੰਦਾ ਹੈ। ਇਨ੍ਹਾਂ ਨੂੰ ਵੀ ਲੋਕਾਂ ਦੀ ਲੋੜ ਪੈਂਦੀ ਹੈ ਤਾਂ ਜੋ ਇਨ੍ਹਾਂ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਸਕੇ ਅਤੇ ਇਨ੍ਹਾਂ ਦੇ ਨਾਂ ਦੇ ਢੋਲ ਵਜਾਏ ਜਾ ਸਕਣ। ਅਜਿਹੇ ਵਿਚ ਪੜ੍ਹੀ-ਲਿਖੀ ਬੇਰੁਜ਼ਗਾਰ ਨੌਜੁਆਨ ਪੀੜ੍ਹੀ ਜਾਂ ਉਹ ਔਰਤਾਂ, ਜੋ ਕਿਸੇ ਕਾਰਨ ਨੌਕਰੀ ਨਹੀਂ ਕਰ ਰਹੀਆਂ ਹਨ, ਵੀ ਇਨ੍ਹਾਂ ਬਾਬਿਆਂ ਨਾਲ ਬਹੁਤ ਜੁੜ ਰਹੀਆਂ ਹਨ। ਜਿਹੜੀਆਂ ਔਰਤਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਆਹ ਤੋਂ ਬਾਅਦ ਉਹ ਸਿਰਫ਼ ਘਰੇਲੂ ਔਰਤ ਬਣ ਕੇ ਸਿਰਫ਼ ਬੱਚੇ ਹੀ ਪਾਲਦੀ ਰਹਿ ਜਾਵੇਗਾ, ਉਨ੍ਹਾਂ ਨੂੰ ਕੁੱਝ ਵਖਰਾ ਕਰਨ ਦੀ ਇੱਛਾ ਇਨ੍ਹਾਂ ਆਸ਼ਰਮਾਂ ਨਾਲ ਜੁੜਨ ਨੂੰ ਮਜਬੂਰ ਕਰਦੀ ਹੈ। ਅਜਿਹੀਆਂ ਔਰਤਾਂ ਵੱਡੇ ਵੱਡੇ ਸਟੇਜਾਂ ਉਤੇ ਖੜੀਆਂ ਹੋ ਕੇ ਭੀੜ ਨੂੰ ਸੰਬੋਧਨ ਕਰ ਕੇ ਅਪਣੇ ਆਪ ਨੂੰ ਉੱਚਾ ਸਮਝਣ ਦੀ ਗ਼ਲਤਫ਼ਹਿਮੀ ਵਿਚ ਇਨ੍ਹਾਂ ਨਾਲ ਜੁੜੀਆਂ ਰਹਿੰਦੀਆਂ ਹਨ ਅਤੇ ਇਸ ਅੰਨ੍ਹਭਗਤੀ ਦੇ ਚੱਕਰਵਿਊ ਵਿਚ ਫਸਦੀਆਂ ਚਲੀਆਂ ਜਾਂਦੀਆਂ ਹਨ।ਅਜਿਹੀਆਂ ਔਰਤਾਂ ਅਪਣੇ ਆਂਢ-ਗੁਆਂਢ ਦੀਆਂ ਔਰਤਾਂ ਲਈ ਉਦਾਹਰਣ ਬਣ ਜਾਂਦੀਆਂ ਹਨ ਅਤੇ ਦੇਖੋ-ਦੇਖੀ ਦੂਜੀਆਂ ਔਰਤਾਂ ਵੀ ਇਨ੍ਹਾਂ ਆਸ਼ਰਮਾਂ ਨਾਲ ਜੁੜਨ ਲਗਦੀਆਂ ਹਨ। ਜਦਕਿ ਇਨ੍ਹਾਂ ਦੇ ਅਪਣੇ ਬੱਚੇ ਦਾਸੀਆਂ ਦੇ ਭਰੋਸੇ ਪਲਦੇ ਹਨ। ਉਹ ਭੁੱਲ ਜਾਂਦੀਆਂ ਹਨ ਕਿ ਅਪਣੇ ਬੱਚੇ ਪਾਲਣ ਦਾ ਕੰਮ ਕੋਈ ਛੋਟਾ ਕੰਮ ਨਹੀਂ ਹੈ ਸਗੋਂ ਬਹੁਤ ਵੱਡੀ ਜ਼ਿੰਮੇਵਾਰੀ ਹੈ।ਕਈ ਵਾਰ ਅਪਣੇ ਕੰਮ ਵਿਚ ਵਾਰ ਵਾਰ ਅਸਫ਼ਲ ਹੋਣ ਤੇ ਵੀ ਲੋਕ ਮੱਠਾਂ-ਮੰਦਰਾਂ ਦਾ ਰੁਖ਼ ਕਰਨ ਲਗਦੇ ਹਨ। ਜਿਹੜਾ ਕੰਮ ਲਗਨ ਅਤੇ ਮਿਹਨਤ ਨਾਲ ਹੋਣਾ ਚਾਹੀਦਾ ਹੈ ਉਸ ਲਈ ਉਹ ਇਨ੍ਹਾਂ ਬਾਬਿਆਂ ਤੋਂ ਆਸ਼ੀਰਵਾਦ ਲੈਣ ਪਹੁੰਚ ਜਾਂਦੇ ਹਨ। ਉਥੇ ਆਸ਼ੀਰਵਾਦ ਦੇ ਨਾਲ ਮਨ ਨੂੰ ਬਹਿਲਾਉਣ ਵਾਲੀਆਂ ਗੱਲਾਂ ਸੁਣ ਕੇ ਕਦੇ-ਕਦਾਈਂ ਉਨ੍ਹਾਂ ਦੇ ਕੰਮ ਬਣ ਵੀ ਜਾਂਦੇ ਹਨ ਅਤੇ ਅਜਿਹੇ ਲੋਕ ਹੀ ਇਸ ਕਾਮਯਾਬੀ ਨੂੰ ਬਾਬੇ ਦਾ ਆਸ਼ੀਰਵਾਦ ਸਮਝ ਕੇ ਉਨ੍ਹਾਂ ਦੇ ਪੈਰੋਕਾਰ ਹੋ ਜਾਂਦੇ ਹਨ ਜਦਕਿ ਇਹ ਹਿੰਮਤ, ਹੌਸਲਾ ਜੇਕਰ ਉਨ੍ਹਾਂ ਦੇ ਅਪਣੇ ਪ੍ਰਵਾਰ ਤੋਂ ਮਿਲਿਆ ਹੁੰਦਾ ਤਾਂ ਉਹ ਪ੍ਰਵਾਰ ਏਕਤਾ ਦੇ ਸੂਤਰ ਵਿਚ ਜੁੜ ਜਾਂਦਾ ਅਤੇ ਪ੍ਰਵਾਰ ਦਾ ਉਹ ਜੀਅ ਬਾਬੇ ਨਾਲ ਨਾ ਜੁੜਦਾ।ਜਦੋਂ ਕਦੀ ਪ੍ਰਵਾਰ ਦੇ ਕਿਸੇ ਜੀਅ ਨੂੰ ਕੋਈ ਲੰਮੀ ਅਤੇ ਵੱਡੀ ਬਿਮਾਰੀ ਦਾ ਮੁਕਾਬਲਾ ਕਰਨਾ ਪੈਂਦਾ ਹੈ ਤਾਂ ਸਾਰਾ ਪ੍ਰਵਾਰ ਨਿਰਾਸ਼ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਜਦੋਂ ਸਾਰੇ ਦਰਵਾਜ਼ੇ ਬੰਦ ਹੋਣ ਤਾਂ ਉਹ ਇਨ੍ਹਾਂ ਬਾਬਿਆਂ ਦਾ ਦਰਵਾਜ਼ਾ ਖਟਖਟਾਉਂਦੇ ਹਨ ਅਤੇ ਪ੍ਰਵਾਰ ਦਾ ਜੀਅ ਠੀਕ ਹੋਏ ਭਾਵੇਂ ਨਾ ਉਹ ਤਾਂ ਦੂਜੀ ਗੱਲ ਹੈ ਪਰ ਉਹ ਅਪਣਾ ਸਮਾਂ ਅਤੇ ਪੈਸਾ ਇਨ੍ਹਾਂ ਆਸ਼ਰਮਾਂ ਵਿਚ ਜ਼ਰੂਰ ਲੁਟਾਉਂਦੇ ਹਨ। ਹੋ ਸਕਦਾ ਹੈ ਕਿ ਇਸ ਤੋਂ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੋਵੇ ਪਰ ਇਹ ਸ਼ਾਂਤੀ ਉਨ੍ਹਾਂ ਨੂੰ ਕਿਸੇ ਦੂਜੇ ਨੇਕ ਕੰਮ ਨੂੰ ਕਰ ਕੇ ਵੀ ਮਿਲ ਸਕਦੀ ਹੈ। ਕੁਲ ਮਿਲਾ ਕੇ ਇਕ ਬੰਦਾ ਦੂਜੇ ਬੰਦੇ ਲਈ ਮਦਦਗਾਰ ਸਾਬਤ ਹੋਵੇ ਤਾਂ ਸ਼ਾਇਦ ਇਨ੍ਹਾਂ ਬਾਬਿਆਂ, ਮਠਾਧੀਸ਼ਾਂ ਦਾ ਸਾਮਰਾਜ ਖ਼ਤਮ ਹੋ ਜਾਵੇ।
ਧਰਮ ਦੇ ਨਾਂ ਤੇ ਹੋ ਰਹੇ ਇਸ ਪਖੰਡ ਦਾ ਖ਼ਾਤਮਾ ਹੋਣਾ ਚਾਹੀਦਾ ਹੈ ਤਾਂ ਹੀ ਠੀਕ ਅਰਥ ਵਿਚ ਬੰਦਾ ਅਪਣੇ ਇਨਸਾਨੀਅਤ ਦੇ ਧਰਮ ਨੂੰ ਸਮਝ ਸਕੇਗਾ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement