ਔਰਤ-ਮਰਦ ਦੀ ਬਰਾਬਰੀ
Published : Mar 8, 2018, 2:07 am IST
Updated : Mar 7, 2018, 8:37 pm IST
SHARE ARTICLE

ਸ਼ਰਾਬ ਪੀਣ ਵਿਚ ਬਰਾਬਰੀ ਨੂੰ ਔਰਤ ਦੀ ਆਜ਼ਾਦੀ ਨਹੀਂ ਕਹਿ ਸਕਦੇ ਪਰ ਔਰਤ ਅੱਗੇ ਜ਼ਰੂਰ ਵੱਧ ਰਹੀ ਹੈ

ਸਾਡੇ ਦੇਸ਼ ਦੀ ਰਖਿਆ ਮੰਤਰੀ ਇਕ ਔਰਤ ਹੈ। ਹੁਣ ਭਾਰਤ ਦੀਆਂ ਕਈ ਵੱਡੀਆਂ ਕੰਪਨੀਆਂ ਦੀਆਂ ਮੁਖੀ ਵੀ ਔਰਤਾਂ ਹਨ। ਸਾਡੇ ਅਪਣੇ ਰੋਜ਼ਾਨਾ ਸਪੋਕਸਮੈਨ ਦੀ ਸਫ਼ਲਤਾ ਸਿਰਫ਼ ਕਲਮ ਦੀ ਤਾਕਤ ਕਰ ਕੇ ਹੀ ਸੰਭਵ ਨਹੀਂ ਹੋਈ ਸਗੋਂ ਉਸ ਦੇ ਆਰਥਕ ਢਾਂਚੇ ਨੂੰ ਸਰਕਾਰੀ ਜਬਰ ਦੇ ਵਾਰ ਸਹਿੰਦਿਆਂ ਵੀ, ਬਰਕਰਾਰ ਰੱਖਣ ਵਾਲੀ ਔਰਤ ਜਗਜੀਤ ਕੌਰ ਹੀ ਹਨ।

ਕੌਮਾਂਤਰੀ ਮਹਿਲਾ ਦਿਵਸ, ਔਰਤਾਂ ਨੂੰ ਸਲਾਮ ਕਰਦੇ ਹੋਏ, ਉਸ ਦੇ ਬਰਾਬਰੀ ਵਲ ਵਧਦੇ ਕਦਮਾਂ ਨੂੰ ਵੇਖ ਕੇ ਬੜਾ ਖ਼ੁਸ਼ ਹੋ ਰਿਹਾ ਲਗਦਾ ਹੈ। ਇਸ ਮਸਲੇ ਉਤੇ ਹਰ ਰੋਜ਼, ਹਰ ਪਲ ਧਿਆਨ ਦੇਣ ਦੀ ਜ਼ਰੂਰਤ ਹੈ। ਪਿਛਲੇ ਕੁੱਝ ਸਾਲਾਂ ਵਿਚ ਇਸ ਪਾਸੇ ਕੁੱਝ ਬਦਲਾਅ ਵੀ ਆਇਆ ਹੈ। 'ਤਿੰਨ ਤਲਾਕ' ਪ੍ਰਥਾ ਵਿਰੁਧ ਕਾਨੂੰਨ, ਮੁਸਲਮਾਨ ਔਰਤਾਂ ਵਾਸਤੇ ਵੱਡੀ ਕਾਨੂੰਨੀ ਜਿੱਤ ਬਣ ਕੇ ਆਇਆ। ਤਿੰਨ ਤਲਾਕ ਪ੍ਰਥਾ ਵਿਆਹ ਦੇ ਰਿਸ਼ਤੇ ਨਾਲ ਇਕ ਮਜ਼ਾਕ ਹੀ ਤਾਂ ਲਗਦੀ ਸੀ ਅਤੇ ਉਸ ਦਾ ਜਾਣਾ ਜ਼ਰੂਰੀ ਵੀ ਸੀ ਪਰ ਜਿਸ ਤਰੀਕੇ ਨਾਲ ਇਹ ਬਦਲਾਅ ਆਇਆ, ਉਹ ਔਰਤਾਂ ਨੂੰ ਬਰਾਬਰੀ ਦਾ ਅਸਲ ਦਰਜਾ ਨਹੀਂ ਦਿਵਾ ਸਕਦਾ।ਸ਼ਾਇਦ ਇਹੀ ਕਾਰਨ ਹੈ ਕਿ ਅੱਜ ਔਰਤ ਅਤੇ ਮਰਦ ਦੋਵੇਂ ਹੀ ਬੁਖਲਾਏ ਹੋਏ ਹਨ। ਦੋਹਾਂ ਵਿਚੋਂ ਕੋਈ ਵੀ ਅਪਣੇ ਕਿਰਦਾਰ ਨੂੰ ਸਮਝ ਨਹੀਂ ਪਾ ਰਿਹਾ। ਕੁੱਝ ਔਰਤਾਂ, ਬੀਤੇ ਵਿਚ ਹੋਈਆਂ ਜ਼ਿਆਦਤੀਆਂ ਦੀ ਰੰਜਿਸ਼ ਨੂੰ ਕੱਢਣ ਦੇ ਇਰਾਦੇ ਨਾਲ ਉਹ ਆਦਤਾਂ ਅਪਣਾ ਰਹੀਆਂ ਹਨ ਜੋ ਪਹਿਲਾਂ ਸਿਰਫ਼ ਮਰਦਾਂ ਨਾਲ ਹੀ ਜੁੜੀਆਂ ਹੁੰਦੀਆਂ ਸਨ। ਹੁਣ ਬੁਲੇਟ ਮੋਟਰ ਸਾਈਕਲ ਉਤੇ ਸਿਰਫ਼ ਮੁੰਡੇ ਹੀ ਸਵਾਰ ਹੋਏ ਨਜ਼ਰ ਨਹੀਂ ਆਉਂਦੇ, ਕੁੜੀਆਂ ਵੀ ਗੱਡੀਆਂ ਚਲਾਉਣ ਦੀ ਮੁਹਾਰਤ ਰਖਦੀਆਂ ਹਨ ਅਤੇ ਇਸ ਦੀ ਪ੍ਰਦਰਸ਼ਨੀ ਤਾਂ ਵਰਨਿਕਾ ਕੁੰਡੂ ਨੇ ਹੀ ਕਰ ਦਿਤੀ ਜਦੋਂ ਉਸ ਨੇ ਰਾਤ 12 ਵਜੇ ਅਪਣਾ ਪਿੱਛਾ ਕਰ ਰਹੇ ਹਰਿਆਣਾ ਦੇ ਇਕ ਭਾਜਪਾ ਆਗੂ ਦੇ ਮੁੰਡੇ ਨੂੰ ਮਾਤ ਦੇ ਦਿਤੀ। ਹੁਣ ਸਿਰਫ਼ ਮਰਦਾਂ ਦੀ ਕ੍ਰਿਕਟ ਟੀਮ ਹੀ ਨਹੀਂ, ਮਹਿਲਾ ਕ੍ਰਿਕਟ ਟੀਮ ਵੀ ਪਹਿਲੇ ਪੰਨੇ ਦੀਆਂ ਸੁਰਖ਼ੀਆਂ ਵਿਚ ਚਮਕਦੀ ਹੈ। ਸਾਡੇ ਦੇਸ਼ ਦੀ ਰਖਿਆ ਮੰਤਰੀ ਇਕ ਔਰਤ ਹੈ। ਹੁਣ ਭਾਰਤ ਦੀਆਂ ਕਈ ਵੱਡੀਆਂ ਕੰਪਨੀਆਂ ਦੀਆਂ ਮੁਖੀ ਵੀ ਔਰਤਾਂ ਹਨ। ਸਾਡੇ ਅਪਣੇ ਰੋਜ਼ਾਨਾ ਸਪੋਕਸਮੈਨ ਦੀ ਸਫ਼ਲਤਾ ਸਿਰਫ਼ ਕਲਮ ਦੀ ਤਾਕਤ ਕਰ ਕੇ ਹੀ ਸੰਭਵ ਨਹੀਂ ਹੋਈ ਸਗੋਂ ਉਸ ਦੇ ਆਰਥਕ ਢਾਂਚੇ ਨੂੰ ਸਰਕਾਰੀ ਜਬਰ ਦੇ ਵਾਰ ਸਹਿੰਦਿਆਂ ਹੋਇਆਂ ਵੀ, ਪਿਛਲੇ 13 ਸਾਲ ਤੋਂ ਬਰਕਰਾਰ ਰੱਖਣ ਵਾਲੀ ਔਰਤ ਜਗਜੀਤ ਕੌਰ ਹੀ ਹਨ।


ਪਰ ਅਫ਼ਸੋਸ ਜਿਥੇ ਔਰਤਾਂ ਦੇ ਕਦਮ ਚੰਗੇ ਖੇਤਰਾਂ 'ਚ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਰਹੇ ਹਨ, ਉਥੇ ਹੀ ਕੁੱਝ ਅਜਿਹੇ ਕਦਮ ਵੀ ਚੁੱਕੇ ਜਾ ਰਹੇ ਹਨ ਜਿਨ੍ਹਾਂ ਵਲ ਵੇਖ ਕੇ, ਮਰਦਾਂ ਨੂੰ ਇਕ ਕੋਮਾਂਤਰੀ ਮਰਦ ਦਿਵਸ ਦੀ ਜ਼ਰੂਰਤ ਵੀ ਮਹਿਸੂਸ ਹੋਣ ਲੱਗ ਪਈ ਹੈ। ਔਰਤਾਂ ਹੁਣ ਘੁੰਡ ਵਿਚੋਂ ਬਾਹਰ ਨਿਕਲ ਰਹੀਆਂ ਹਨ। ਪਰ ਕਈ ਔਰਤਾਂ ਇਸ ਆਜ਼ਾਦੀ ਦਾ ਸਹੀ ਫ਼ਾਇਦਾ ਨਹੀਂ ਉਠਾ ਰਹੀਆਂ। ਬਰਾਬਰੀ ਦੀ ਲੜਾਈ ਨੂੰ ਇਸ ਤਰ੍ਹਾਂ ਦੇ ਮੁੱਦੇ ਹੀ ਕਮਜ਼ੋਰ ਕਰਦੇ ਹਨ। ਜੇ ਅੱਜ ਕਈ ਮਾਂ-ਬਾਪ ਕੁੜੀਆਂ ਨੂੰ ਅਪਣੀ ਮਰਜ਼ੀ ਨਾਲ ਕਪੜੇ ਪਾਉਣ, ਦੋਸਤ ਬਣਾਉਣ, ਪੜ੍ਹਾਈ ਕਰਨ ਅਤੇ ਪਿਆਰ ਕਰਨ ਦੀ ਆਜ਼ਾਦੀ ਦਿੰਦੇ ਹਨ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਔਰਤਾਂ ਪਿਆਰ ਦੇ ਰਿਸ਼ਤੇ ਨੂੰ ਮੁੰਡਿਆਂ ਤੋਂ ਤੋਹਫ਼ੇ ਕਢਵਾਉਣ ਦਾ ਜ਼ਰੀਆ ਹੀ ਬਣਾ ਲੈਣ। ਜੇ ਵਿਆਹੁਤਾ ਔਰਤ ਨੂੰ ਅਪਣੇ ਤਰੀਕੇ ਨਾਲ ਜੀਵਨ ਜਿਊਣ ਦੀ ਆਜ਼ਾਦੀ ਹੈ ਤਾਂ ਫਿਰ ਉਹ ਵੀ ਇਸ ਆਜ਼ਾਦੀ ਨੂੰ ਸਹੁਰਾ ਘਰ ਤਬਾਹ ਕਰਨ ਲਈ ਨਾ ਵਰਤਣ। ਸ਼ਰਾਬ ਪੀਣ ਦੀ ਆਜ਼ਾਦੀ ਹੈ ਪਰ ਸ਼ਰਾਬੀ ਬਣਨ ਵਿਚ ਮਰਦ ਦੀ ਬਰਾਬਰੀ ਕਰਨ ਦਾ ਮਤਲਬ, ਘਰ ਦੀ ਤਬਾਹੀ ਬਣ ਕੇ ਸਾਹਮਣੇ ਆ ਰਿਹਾ ਹੈ।ਇਹ ਜੋ ਉਲਝਣਾਂ ਹਨ, ਇਨ੍ਹਾਂ ਵਿਚ ਕਿਤੇ ਨਾ ਕਿਤੇ ਪਿਛਲੀਆਂ ਪੀੜ੍ਹੀਆਂ ਦੀਆਂ ਗ਼ਲਤੀਆਂ ਵੀ ਝਲਕਦੀਆਂ ਹਨ ਜੋ ਅਪਣੀਆਂ ਇੱਛਾਵਾਂ ਨੂੰ ਨਵੀਂ ਪੀੜ੍ਹੀ ਦੀ ਕੁਰਬਾਨੀ ਦੇ ਕੇ ਪੂਰੀਆਂ ਕਰਨੀਆਂ ਚਾਹੁੰਦੀਆਂ ਹਨ। ਕੁੱਝ ਮਾਵਾਂ ਨੂੰ ਅਪਣੇ ਜਵਾਨੀ ਦੇ ਦਿਨਾਂ ਵਿਚ ਚੰਗੇ ਕਪੜੇ ਪਹਿਨਣ ਉਤੇ ਲਗਾਈ ਜਾਂਦੀ ਪਾਬੰਦੀ ਏਨੀ ਖਲਦੀ ਸੀ ਕਿ ਹੁਣ ਉਹ ਅਪਣੀਆਂ 5-6 ਸਾਲ ਦੀਆਂ ਬੱਚੀਆਂ ਨੂੰ ਮੇਕਅੱਪ ਕਰਵਾਉਣ ਲਈ ਪਾਰਲਰ ਜਾਣ ਦੀ ਆਦਤ ਛੋਟੀ ਉਮਰ 'ਚ ਹੀ ਪਾ ਦੇਂਦੀਆਂ ਹਨ। ਜਿਸ ਬਨਾਵਟੀ, ਓਪਰੀ ਦਿੱਖ ਵਲ ਔਰਤਾਂ ਦਾ ਧਿਆਨ ਜਾ ਰਿਹਾ ਹੈ, ਅਸਲ ਵਿਚ ਉਹ ਬਰਾਬਰੀ ਨਹੀਂ। ਇਹ ਵੀ ਇਕ ਹੋਰ ਤਰ੍ਹਾਂ ਦੀ ਗ਼ੁਲਾਮੀ ਬਣ ਰਹੀ ਹੈ। ਅੱਜ ਕੋਮਾਂਤਰੀ ਮਹਿਲਾ ਦਿਵਸ ਤੇ ਕਿੰਨੀਆਂ ਹੀ ਕੰਪਨੀਆਂ ਔਰਤਾਂ ਦੇ ਨਾਂ ਤੇ ਕਿਤੇ ਗਹਿਣਿਆਂ ਦੀਆਂ ਦੁਕਾਨਾਂ ਤੇ ਕਿਤੇ ਘਰ ਦੇ ਸਾਜ਼ੋ-ਸਮਾਨ ਜਾਂ ਰਾਸ਼ਨ ਤੇ ਖ਼ਾਸ ਛੋਟ ਦੇ ਰਹੀਆਂ ਹਨ। ਕੀ ਔਰਤਾਂ ਸਦੀਆਂ ਤੋਂ ਇਨ੍ਹਾਂ ਰਿਆਇਤਾਂ ਲਈ ਹੀ ਤਰਸਦੀਆਂ ਆ ਰਹੀਆਂ ਸਨ?


ਬਰਾਬਰੀ ਤਾਂ ਸੋਚ ਵਿਚ ਆਈ ਤਬਦੀਲੀ ਨੂੰ ਹੀ ਮੰਨਿਆ ਜਾ ਸਕਦਾ ਹੈ ਅਤੇ ਉਸ ਸੱਚ ਵਿਚ ਰੇੜਕਾ ਬਣਦੀ ਹੈ ਤਾਂ ਸਿਰਫ਼ ਸੋਚਣ ਵਾਲੇ ਦੀ ਕਾਬਲੀਅਤ। ਜੇ ਇਕ ਬੱਚੀ ਚਾਹੇ ਤਾਂ ਉਹ ਭਾਵੇਂ ਕਿਸੇ ਵੀ ਵਿਸ਼ੇ ਦੀ ਪੜ੍ਹਾਈ ਕਰਨਾ ਚਾਹੇ ਜਾਂ ਕੋਈ ਵੀ ਖੇਡ ਖੇਡਣੀ ਚਾਹੇ, ਉਸ ਨੂੰ ਉਹੀ ਸਹੂਲਤ ਅਤੇ ਆਜ਼ਾਦੀ ਮਿਲਣੀ ਚਾਹੀਦੀ ਹੈ ਜੋ ਕਿਸੇ ਮੁੰਡੇ ਨੂੰ ਦਿਤੀ ਜਾਂਦੀ ਹੈ। ਜਿਵੇਂ ਬੀ.ਸੀ.ਸੀ.ਆਈ. ਵਲੋਂ ਮਰਦਾਂ ਦੀ ਕ੍ਰਿਕਟ ਟੀਮ ਨੂੰ ਕਰੋੜਾਂ ਮਿਲਦੇ ਹਨ, ਉਸੇ ਤਰ੍ਹਾਂ ਮਹਿਲਾ ਕ੍ਰਿਕਟ ਟੀਮ ਨੂੰ ਵੀ ਮਿਲਣੇ ਚਾਹੀਦੇ ਹਨ। ਜੇ ਖੇਡ ਦਾ ਜਨੂਨ ਹੈ ਤਾਂ ਸਾਰਾ ਦੇਸ਼ ਔਰਤਾਂ ਦੇ ਮੈਚ ਵੇਖਣ ਬੈਠੇ ਅਤੇ ਉਨ੍ਹਾਂ ਨੂੰ ਇਸ ਕਦਰ ਉਤਸ਼ਾਹਤ ਕਰੇ ਕਿ ਕਿਸੇ ਦਿਨ ਹਰਮਨਪ੍ਰੀਤ ਕੌਰ ਵੀ ਇਸ਼ਤਿਹਾਰਾਂ ਵਿਚ ਨਜ਼ਰ ਆਉਣ ਲੱਗ ਪਵੇ। ਸਾਡੇ ਸਮਾਜ ਨੂੰ ਆਜ਼ਾਦੀ ਦਾ ਮਤਲਬ ਸਮਝਣ ਦੀ ਜ਼ਰੂਰਤ ਹੈ, ਨਾ ਸਿਰਫ਼ ਔਰਤਾਂ ਦੀ ਬਲਕਿ ਮਰਦਾਂ ਦੀ ਵੀ ਕਿਉਂਕਿ ਉਹ ਵੀ ਇਸ ਕਮਾਊ ਢਾਂਚੇ ਵਿਚ ਕੈਦ ਹਨ। ਜਦੋਂ ਅਸਲ ਬਰਾਬਰੀ ਆਵੇਗੀ ਤਾਂ ਮਰਦ ਅਤੇ ਔਰਤ ਦੋਵੇਂ ਹੀ ਆਜ਼ਾਦ ਅਤੇ ਹਲਕਾ ਮਹਿਸੂਸ ਕਰਨਗੇ। ਕੋਈ ਵੀ ਕਿਸੇ ਦੂਜੇ ਉਤੇ ਬੋਝ ਨਹੀਂ ਹੋਵੇਗਾ ਅਤੇ ਕੋਈ ਵੀ ਕੈਦ ਨਹੀਂ ਹੋਵੇਗਾ। ਅੱਜ ਦੀ ਬਰਾਬਰੀ ਪਹਿਲਾਂ ਨਾਲੋਂ ਕਿਤੇ ਬਿਹਤਰ ਹੈ ਪਰ ਜਦੋਂ ਇਸ ਬੁਨਿਆਦ ਦੀ ਉਲਝਣ ਸੁਲਝੇਗੀ ਤਾਂ ਚੜ੍ਹਾਈ ਦਾ ਅਸਲ ਮਜ਼ਾ ਹੀ ਹੋਰ ਹੋਵੇਗਾ।  -ਨਿਮਰਤ ਕੌਰ

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement